ਵਿਗਿਆਨਕ ਖੋਜਾਂ, ਗ੍ਰੰਥ ਸ਼ਾਸਤਰ ਅਤੇ ਮਨੁੱਖ -ਗੁਰਚਰਨ ਨੂਰਪੁਰ
Posted on:- 12-09-2012
ਧਰਮ ਅਤੇ ਵਿਗਿਆਨ ਕਦੇ ਵੀ ਇੱਕ ਨਹੀਂ ਰਹੇ। ਧਰਮ ਦਾ ਸਾਰਾ ਸਾਰ 'ਵਿਸ਼ਵਾਸ' ਕਰਨ 'ਤੇ ਹੈ ਜਦਕਿ ਕਿ ਵਿਗਿਆਨ ਦਾ ਜਨਮ ਹੀ ਸ਼ੱਕ ਦੀ ਨਜ਼ਰ ਤੋਂ ਹੁੰਦਾ ਹੈ। ਧਰਮ ਨੇ ਕਿਹਾ ਜੋ ਵਿਸ਼ਵਾਸ ਕਰਨਗੇ ਉਹ ਪਰਮਅਵਸਥਾ ਵਿੱਚ ਪ੍ਰਵੇਸ਼ ਕਰਨਗੇ। ਵਿਗਿਆਨ ਨੇ ਕਿਹਾ ਕਿ ਜੇਕਰ ਕੁਝ ਨਵਾਂ ਖੋਜਣਾ ਹੈ ਸਭ ਤੋਂ ਪਹਿਲਾਂ ਵਿਸ਼ਵਾਸ ਨੂੰ ਤਿਆਗਣਾ ਪਵੇਗਾ, ਪਹਿਲਾਂ ਬਣੀਆਂ ਰੂੜੀਵਾਦੀ ਧਾਰਨਾਵਾਂ ਤੇ ਸ਼ੱਕ ਕਰਨਾ ਪਵੇਗਾ। ਮਨੁੱਖ ਨੇ ਅੱਜ ਤਕ ਜੋ ਕੁਝ ਨਵਾਂ ਖੋਜਿਆ ਹੈ ਇਹ ਇਹਦੇ ਸ਼ੱਕ ਕਰਨ ਦਾ ਨਤੀਜਾ ਹੈ। ਵਿਸ਼ਵਾਸ ਨਾ ਕਰਨ ਦਾ ਨਤੀਜਾ ਹੈ।
ਧਰਮ ਨੇ ਮਨੁੱਖ ਬਾਰੇ ਕਿਹਾ ਕਿ "ਜੰਮਣ ਤੋਂ ਪਹਿਲਾਂ ਜਦੋਂ ਤੂੰ ਮਾਂ ਦੇ ਗਰਭ ਵਿੱਚ ਸੀ ਤਾਂ ਤੇਰੇ ਮੂੰਹ ਵਿੱਚ ਗੰਦ ਮੰਦ ਜਾਂਦਾ ਸੀ। ਤੂੰ ਇਸ ਕੁੰਭੀ ਨਰਕ ਵਿੱਚ ਪੁੱਠਾ ਲਟਕਿਆ ਹੋਇਆ ਸੀ। ਤੂੰ ਅਰਦਾਸਾਂ ਬੇਨਤੀਆਂ ਕਰਦਾ ਸੈਂ ਕਿ ਭਗਵਾਨ ਮੈਨੂੰ ਇਸ ਨਰਕ ’ਚੋਂ ਬਾਹਰ ਕੱਢ। ਬਾਹਰ ਆ ਕੇ ਮੈਂ ਤੇਰਾ ਨਾਮ ਜੱਪਾਂਗਾ।ਪਰ ਤੂੰ ਜਨਮ ਲੈਣ ਤੋਂ ਬਾਅਦ ਦੁਨੀਆਂ ਦੇ ਰੰਗ ਤਮਾਸ਼ਿਆਂ ਵਿੱਚ ਗਲਤਾਨ ਹੋ ਗਿਆ।" ਵਿਗਿਆਨ ਦੇ ਚਾਨਣ ਵਿੱਚ ਅਸੀਂ ਦੇਖਿਆ ਕਿ ਮਾਂ ਦਾ ਪੇਟ ਕੁੰਭੀ ਨਰਕ ਨਹੀਂ ਹੈ। ਵਿਗਿਆਨ ਨੇ ਸਾਨੂੰ ਦਿਖਾਇਆ ਮਾਂ ਦੇ ਪੇਟ ਵਿੱਚ ਬੱਚੇ ਦੇ ਦੁਆਲੇ ਇੱਕ ਪਤਲਾ ਝਿੱਲੀਦਾਰ ਪਰਦਾ ਹੁੰਦਾ ਹੈ ਜਿਹੜਾ ਬੱਚੇ ਦੀ ਹਰ ਤਰ੍ਹਾਂ ਸੁਰੱਖਿਆ ਕਰਦਾ ਹੈ। ਉਹਦੇ ਮੂੰਹ ਵਿੱਚ ਕੋਈ ਗੰਦ ਮੰਦ ਨਹੀਂ ਜਾਂਦਾ ਉਹ ਨਾੜੂਏ ਰਾਹੀਂ ਖੁਰਾਕ ਲੈਂਦਾ ਹੈ। ਕਿਲਕਾਰੀਆਂ ਮਾਰਦਾ ਬੱਚਾ ਮਾਂ ਦੇ ਪੇਟ ਵਿੱਚ ਦੀ ਮੁਸਕਾਉਂਦਾ ਹੈ ਸੁਪਨੇ ਦੇਖਦਾ ਹੈ। ਅਸੀਂ ਉਸ ਨੂੰ ਵਿਗਿਆਨ ਦੇ ਚਾਨਣ ਸਦਕਾ ਵੇਖ ਸਕਦੇ ਹਾਂ ਉਹ ਕਿਸੇ ਭਗਵਾਨ ਦੇ ਤਰਲੇ ਨਹੀਂ ਲੈ ਰਿਹਾ ਹੁੰਦਾ, ਜਿਵੇਂ ਕਿ ਸਾਡੇ ਗ੍ਰੰਥਾਂ ਸ਼ਾਸਤਰਾਂ ਵਿੱਚ ਦਰਜ ਹੈ। ਅੱਜ ਤੋਂ ਕੁਝ ਦਹਾਕੇ ਪਹਿਲਾਂ ਜਦੋਂ ਕਿਸੇ ਕਾਰਨ ਕਰਕੇ ਬੱਚੇ ਨੇ ਨੌਂ ਮਹੀਨੇ ਤੋਂ ਪਹਿਲਾਂ ਜਨਮ ਲਿਆ ਤਾਂ ਉਹ ਮਾਸੂਮ ਕੁਝ ਦੇਰ ਸਹਿਕਿਆ ਤੇ ਮਰ ਗਿਆ। ਇਹ ਸਦੀਆਂ ਤਕ ਚਲਦਾ ਰਿਹਾ।
ਧਰਮ ਨੇ ਇੱਥੇ ਕਿਹਾ ਕਿ ਲਿਖੀ ਏਨੀ ਸੀ ਤੇ ਲਿਖੀ ਨੂੰ ਟਾਲਣ ਵਾਲਾ ਅੱਜ ਤਕ ਕੋਈ ਜੰਮਿਆ ਨਹੀਂ। ਇੱਥੇ ਜਦੋਂ ਵਿਗਿਆਨ ਹਾਜਰ ਹੋਇਆ ਤਾਂ ਉਸ ਨੇ ਮਾਂ ਦੇ ਗਰਭ ਜਿਹੀ ਵਿਵਸਥਾ ਵਾਲੀ (Inkubator) ਮਸ਼ੀਨ ਦੀ ਕਾਢ ਕੱਢੀ ਜਿਸ ਨਾਲ ਲੱਖਾਂ ਹੀ ਜਨਮ ਤੋਂ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ ਨੂੰ ਵਿਗਿਆਨ ਨੇ ਆਸਰਾ ਦੇ ਕੇ ਬਚਾ ਲਿਆ। ਜਿਸ ਅਵਸਥਾ ਨੂੰ ਧਰਮ ਨੇ ਕੁੰਭੀ ਨਰਕ ਕਿਹਾ ਸੀ। ਅੱਜ ਬੱਚਿਆਂ ਦੇ ਹਸਪਤਾਲਾਂ ਵਿੱਚ ਪਈਆਂ ਅਜਿਹੀਆਂ ਮਸ਼ੀਨਾਂ ਲੱਖਾਂ ਬੱਚਿਆਂ ਲਈ ਜੀਵਨਦਾਨ ਸਾਬਤ ਹੋਈਆਂ, ਜਦਕਿ ਧਰਮ ਦੀ ਨਿਗ੍ਹਾ ਵਿੱਚ ਇਹ ਅਵਸਥਾ ਕੁੰਭੀ ਨਰਕ ਹੈ।
ਦਰਅਸਲ ਜਿਸ ਤਰ੍ਹਾਂ ਦੀ ਦੁਨੀਆਂ ਨੂੰ ਅਸੀਂ ਅੱਜ ਦੇਖ ਰਹੇ ਹਾਂ ਇਹ ਸਦਾ ਤੋਂ ਅਜਿਹੀ ਨਹੀਂ ਸੀ। ਵਿਗਿਆਨ ਨੇ ਸਾਨੂੰ ਦੱਸਿਆ ਕਿ ਬ੍ਰਹਿਮੰਡ ਦਾ ਹਰ ਜਰ੍ਹਾ ਵਿਕਾਸ ਕਰ ਰਿਹਾ ਹੈ। ਮਨੁੱਖੀ ਸਭਿਅਤਾ ਨੇ ਵੀ ਲਗਾਤਾਰ ਲੰਬੇ ਸੰਘਰਸ਼ਾਂ ਔਕੜਾਂ ਮੁਸੀਬਤਾਂ ਨੂੰ ਪਾਰ ਕਰਦਿਆਂ ਵਿਕਾਸ ਕੀਤਾ ਅਤੇ ਕੰਪਿਊਟਰ ਅਤੇ ਸਾਇੰਸ ਦੇ ਇਸ ਯੁੱਗ ਵਿੱਚ ਪ੍ਰਵੇਸ਼ ਕੀਤਾ। ਅੱਜ ਦਾ ਮਨੁੱਖ ਪੁਲਾੜੀ ਵਾਹਨ ਅਤੇ ਹਵਾਈ ਜਹਾਜ ਵਿੱਚ ਸਫਰ ਕਰਦਾ ਹੈ। ਇਸ ਤੋਂ ਪਹਿਲਾਂ ਸਾਡੇ ਵੱਡੇ ਵਡੇਰੇ ਬੇੜੀਆਂ, ਬੈਲ ਗੱਡੀਆਂ 'ਤੇ ਸਫਰ ਕਰਦੇ ਸਨ। ਜੇਕਰ ਇਸ ਤੋਂ ਪਿੱਛੇ ਜਾਈਏ ਤਾਂ ਮਨੁੱਖ ਦੀ ਸਵਾਰੀ ਕਰਨ ਲਈ ਸਿਰਫ ਘੋੜਾ ਅਤੇ ਊਠ ਸਨ। ਕੋਈ ਸਮਾਂ ਅਜਿਹਾ ਵੀ ਸੀ ਜਦੋਂ ਮਨੁੱਖ ਨੂੰ ਇੰਨੀ ਸਮਝ ਵੀ ਨਹੀਂ ਸੀ ਕਿ ਕਿਸੇ ਜਾਨਵਰ ਨੂੰ ਪਾਲਤੂ ਬਣਾਇਆ ਜਾ ਸਕਦਾ ਹੈ। ਇਸ ਤੋਂ ਪਿੱਛੇ ਕੋਈ ਅਜਿਹਾ ਸਮਾਂ ਅਜਿਹਾ ਸੀ ਜਦੋਂ ਅਜੇ ਮਨੁੱਖ ਨੂੰ ਘਰ ਬਣਾ ਕੇ ਰਹਿਣ ਦੀ ਸਮਝ ਵੀ ਨਹੀਂ ਸੀ।
ਆਦਿ ਕਾਲ ਦਾ ਮਾਨਵ ਪਹਾੜਾਂ ਦੀਆਂ ਗੁਫਾਵਾਂ, ਖੁੰਦਰਾਂ ਵਿੱਚ ਰਹਿੰਦਾ ਸੀ। ਉਸ ਨੂੰ ਅੱਗ ਬਾਲਣ ਦੀ ਅਜੇ ਸੋਝੀ ਨਹੀਂ ਸੀ ਉਹ ਸਾਰਾ ਦਿਨ ਸ਼ਿਕਾਰ ਦੀ ਭਾਲ ਵਿੱਚ ਇਧਰ ਉਧਰ ਜੰਗਲ ਬੇਲਿਆਂ, ਨਦੀਆਂ ਦਰਿਆਵਾਂ ਦੇ ਕੰਢਿਆਂ ਦੇ ਆਸ ਪਾਸ ਭਟਕਦਾ। ਉਹ ਦੂਜੇ ਜਾਨਵਰਾਂ ਜਿਹਾ ਇੱਕ ਜਾਨਵਰ ਹੀ ਸੀ। ਇਸ ਅਵਸਥਾ ਵਿੱਚ ਉਸ ਦੇ ਹਜਾਰਾਂ ਸਾਲ ਬੀਤੇ। ਇਸ ਸਮੇਂ ਤੱਕ ਉਸ ਨੂੰ ਕਿਸੇ ਧਰਮ ਜਾਂ ਰੱਬ ਦਾ ਚਿੱਤ ਚੇਤਾ ਵੀ ਨਹੀਂ ਸੀ। ਮਨੁੱਖ ਦੀ ਸਮਝ ਵਧੀ ਉਸ ਨੇ ਵੇਖਿਆ ਕਿ ਉਸ ਦੇ ਆਲੇ ਦੁਆਲੇ ਵਾਪਰਦੇ ਕੁਦਰਤੀ ਵਰਤਾਰੇ ਉਸ ਦੀ ਸੋਚ ਨੂੰ ਹੈਰਾਨ ਕਰਦੇ। ਮਨੁੱਖ ਨੇ ਇਹਨਾਂ ਵਰਤਾਰਿਆਂ ਨੂੰ ਸੰਚਾਲਿਤ ਕਰਨ ਵਾਲੀਆਂ ਵੱਖ ਵੱਖ ਸ਼ਕਤੀਆਂ ਦੀ ਕਲਪਨਾ ਕੀਤੀ। ਜਿਹਨਾਂ ਨੂੰ ਉਸ ਨੇ ਬਾਅਦ ਵਿੱਚ ਵੱਖ ਵੱਖ ਦੇਵਤਿਆਂ ਦੀਆਂ ਉਪਾਧੀਆਂ ਦਿੱਤੀਆਂ। ਦੁਨੀਆਂ ਭਰ ਦੇ ਲੋਕਾਂ ਦੇ ਇਤਿਹਾਸ ਮਿਥਿਹਾਸ 'ਤੇ ਨਜਰ ਮਾਰਦਿਆਂ ਪਤਾ ਚਲਦਾ ਹੈ ਕਿ ਵੱਖ ਵੱਖ ਖਿੱਤਿਆਂ ਦੇ ਲੋਕਾਂ ਦੇ ਦੇਵਤੇ ਅਤੇ ਉਹਨਾਂ ਦੇ ਸੁਭਾਅ ਵੱਖ ਵੱਖ ਸਨ। ਲੋਕ ਦੇਵਤਿਆਂ ਦੀ ਕਰੋਪੀ ਤੋਂ ਬਚਣ ਅਤੇ ਇਹਨਾਂ ਦੀ ਕ੍ਰਿਪਾ ਹਾਸਲ ਕਰਨ ਲਈ ਇਹਨਾਂ ਨੂੰ ਜੀਵਾਂ ਦੀਆਂ ਬਲੀਆਂ ਦੇਂਦੇ। ਇਹਨਾਂ ਦੀ ਪੂਜਾ ਕਰਦੇ, ਇਹਨਾਂ ਨੂੰ ਵੱਸ ਚੋ ਕਰਨ ਲਈ ਮੰਤਰ ਫੁਕਦੇ। ਅਜਿਹੇ ਕਰਮਕਾਡਾਂ ਤੋਂ ਹੀ ਧਰਮ ਦਾ ਜਨਮ ਹੋਇਆ। ਧਰਮ ਕਰਮ ਨਾਲ ਸਬੰਧਤ ਕੀਤੇ ਜਾਣ ਵਾਲੇ ਅੱਜ ਦੇ ਪਾਠ, ਪੂਜਾ ਅਤੇ ਰੱਬ ਨੂੰ ਖੋਜਣ ਦੇ ਕਰਮਕਾਂਡ ਅਸਲ ਵਿੱਚ ਪੁਰਾਤਨ ਸਮੇਂ ਦੌਰਾਨ ਕੀਤੇ ਜਾਣ ਵਾਲੇ ਜੰਤਰ ਮੰਤਰ ਦਾ ਹੀ ਸੁਧਰਿਆ ਹੋਇਆ ਰੂਪ ਹਨ।
ਵਿਗਿਆਨ ਨੇ ਮਨੁੱਖੀ ਸਭੱਅਤਾ ਨੂੰ ਨਵੇਂ ਅਰਥ ਦਿੱਤੇ। ਜੇਕਰ ਅੱਜ ਮਨੁੱਖ ਗੁਫਾਵਾਂ ਚੋਂ ਨਿਕਲ ਕੰਪਿਊਟਰ ਦੇ ਯੁੱਗ ਵਿੱਚ ਪ੍ਰਵੇਸ਼ ਕਰ ਗਿਆ ਹੈ ਤਾਂ ਇਸ ਪਿੱਛੇ ਵਿਗਿਆਨ ਦਾ ਹੱਥ ਹੈ। ਵਿਗਿਆਨ ਨੇ ਮਨੁੱਖੀ ਜਿੰਦਗੀ ਦਾ ਮੂੰਹ ਮੁਹਾਂਦਰਾ ਹੀ ਬਦਲ ਦਿੱਤਾ। ਵਿਗਿਆਨ ਸੁਣੀਆਂ ਸੁਣਾਈਆਂ ਗੱਲਾਂ 'ਤੇ ਵਿਸ਼ਵਾਸ਼ ਕਰ ਲੈਣ ਦਾ ਨਾਮ ਨਹੀਂ ਬਲਕਿ ਹਰ ਇਕ ਵਰਤਾਰੇ ਦੀ ਤਹਿ ਤਕ ਜਾ ਕੇ ਉਸ ਦੇ ਕਾਰਨਾਂ ਦੀ ਥਾਹ ਪਾਉਣ ਦੀ ਪ੍ਰੀਕਿਰਿਆ ਹੈ। ਵਿਗਿਆਨ ਇੱਕ ਅਜਿਹਾ ਚਾਨਣ ਹੈ ਜਿਸ ਦੇ ਝਲਕਾਰੇ ਨਾਲ ਕੁਦਰਤ ਅਤੇ ਸਾਡੇ ਜੀਵਨ ਦੇ ਅਨੇਕਾਂ ਗੁੱਝੇ ਭੇਦ ਸਾਡੇ ਸਾਹਵੇਂ ਪ੍ਰਗਟ ਹੋ ਗਏ ਤੇ ਅਸੀਂ ਆਵਾਕ ਰਹਿ ਗਏ। ਦੂਜੇ ਪਾਸੇ ਅੰਧਵਿਸ਼ਵਾਸ਼ ਨੂੰ ਅਸੀਂ ਹਨੇਰੇ ਦਾ ਇੱਕ ਅਜਿਹਾ ਗੁਬਾਰ ਕਹਿ ਸਕਦੇ ਹਾਂ ਜੋ ਮਨੁੱਖੀ ਸੋਚ ਨੂੰ ਰੂੜੀਵਾਦੀ ਅਤੇ ਪਿਛਾਂਹ ਖਿੱਚੂ ਬਣਾਉਦਾ ਹੈ। ਇਤਿਹਾਸ ਗਵਾਹ ਹੈ ਕਿ ਜਿਵੇਂ ਜਿਵੇਂ ਮਨੁੱਖ ਦਾ ਵਿਕਾਸ ਹੁੰਦਾ ਗਿਆ ਉਹ ਨਵੇਂ ਸਾਧਨਾਂ ਦੇ ਨਾਲ ਨਾਲ ਨਵੇਂ ਵਿਚਾਰਾਂ ਨੂੰ ਵੀ ਅਪਣਾਉਂਦਾ ਰਿਹਾ ਹੈ। ਧਾਰਮਿਕ ਅਤੇ ਅੰਧਵਿਸ਼ਵਾਸ਼ੀ ਵਿਚਾਰਧਾਰਾ ਨਵੇਂ ਵਿਚਾਰਾਂ ਦਾ ਹਮੇਸ਼ਾਂ ਵਿਰੋਧ ਕਰਦੀ ਆਈ ਹੈ। ਬਰੂਨੋ, ਕਾਪਰਨੀਕਸ (ਸੰਨ 1473) , ਗਲੈਲੀਓ (ਸੰਨ 1564) ਆਦਿ ਵਿਗਿਆਨੀਆਂ ਨੇ ਧਰਤੀ, ਚੰਦ, ਸੂਰਜ ਅਤੇ ਹੋਰ ਗ੍ਰਹਾਂ ਬਾਰੇ ਨਵੀਆਂ ਜਾਣਕਾਰੀ ਨਾਲ ਭਰਭੂਰ ਖੋਜਾਂ ਕੀਤੀਆਂ ਅਤੇ ਦੱਸਿਆ ਕਿ ਸੂਰਜ ਮੰਡਲ ਦਾ ਕੇਂਦਰ ਧਰਤੀ ਨਹੀਂ ਬਲਕਿ ਸੂਰਜ ਹੈ। ਪਰ ਉਸ ਸਮੇਂ ਦੀ ਧਾਰਮਿਕ ਜਮਾਤ ਨੇ ਇਹਨਾਂ ਮਹਾਨ ਵਿਗਿਆਨੀਆਂ ਨੂੰ ਸਖਤ ਤਸੀਹੇ ਦਿੱਤੇ। ਗਲੈਲੀਓ ਨੂੰ ਸਮੇਂ ਦੀ ਅਖੌਤੀ ਧਾਰਮਿਕ ਜਮਾਤ ਨੇ ਲਗਾਤਾਰ ਲੰਬਾਂ ਸਮਾਂ ਬੰਦੀ ਬਣਾਇਆ। ਉਸ 'ਤੇ ਤਸ਼ੱਦਦ ਕੀਤਾ ਅਤੇ ਅੰਤ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅੱਜ ਦੁਨੀਆਂ ਭਰ ਦੇ ਦੇਸ਼ ਇਹ ਮੰਨਦੇ ਹਨ ਕਿ ਹੁਣ ਪਾਗਲਖਾਨਿਆਂ ਦੀ ਲੋੜ ਨਹੀਂ। ਇਹ ਬਿਮਾਰੀ ਹੁਣ ਇਲਾਜਯੋਗ ਹੈ ਪਰ ਇਸ ਦਾ ਸਿਹਰਾ ਮਨੋਵਿਗਿਆਨ ਦਾ ਮੋਢੀ ਡਾ: ਸਿਗਮੰਡ ਫਰਾਇਡ (ਸੰਨ1856) ਨੂੰ ਜਾਂਦਾ ਹੈ। ਫਰਾਇਡ ਨੂੰ ਆਪਣੀਆਂ ਖੋਜਾਂ ਕਰਕੇ ਧਾਰਮਿਕ ਜਨੂਨੀਆਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਡਾਰਵਿਨ ਚਾਰਲਸ (ਸੰਨ 1889) ਨੇ ਆਪਣੀ ਜੀਵ ਵਿਕਾਸ ਦੀ ਖੋਜ ਨਾਲ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ। ਪਰ ਉਸ ਸਮੇਂ ਦੀ ਧਾਰਮਿਕ ਜਮਾਤ ਨੇ ਇਹਨਾਂ ਮਹਾਨ ਵਿਗਿਆਨੀਆਂ ਦੀਆਂ ਲਿਖਤਾਂ ਨੂੰ ਗਲੀਆਂ, ਬਜਾਰਾਂ, ਚੌਰਾਹਿਆਂ ਵਿੱਚ ਰੱਖ ਕੇ ਸਾੜਿਆ। ਇਹਨਾਂ ਨੂੰ ਜਾਨੋ ਮਾਰਨ ਦੀ ਧਮਕੀਆਂ ਦਿੱਤੀਆਂ। ਇਹਨਾਂ ਦੇ ਪ੍ਰਕਾਸ਼ਨ ਤੇ ਪਾਬੰਦੀਆਂ ਲਗਵਾਈਆਂ। ਇਸ ਤੋਂ ਇਲਾਵਾ ਅੱਜ ਜੋ ਅਸੀਂ ਡਾਕਟਰੀ ਸਹੂਲਤਾਂ ਦਾ ਫਾਇਦਾ ਲੈ ਰਹੇ ਹਾਂ ਇਹ ਇਹਨਾਂ ਦੇ ਈਜ਼ਾਦਕਾਰਾਂ ਨੂੰ ਵੀ ਇਹਨਾਂ ਬਦਲੇ ਵੱਡੀਆਂ ਕੁਰਬਾਨੀਆਂ ਕਰਨੀਆਂ ਪਈਆਂ। ਮਨੁੱਖ ਦੇ ਸਰੀਰ ਨੂੰ ਸਮਝਣ ਲਈ ਵਿਗਿਆਨੀ ਰਾਤਾਂ ਜਾਗ ਕੇ ਮਨੁੱਖ ਦੀਆਂ ਲਾਸ਼ਾਂ ਕਬਰਾਂ ਵਿੱਚੋਂ ਚੋਰੀ ਪੁਟਦੇ ਇਹਨਾਂ 'ਤੇ ਖੋਜਾਂ ਕਰਦੇ ਤੇ ਦੁਬਾਰਾ ਦੱਬ ਕੇ ਆਉਂਦੇ ਅਜਿਹਾ ਪਤਾ ਲੱਗਣ ਤੇ ਇਹਨਾਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਂਦੀਆਂ।
ਧਰਮ ਨੇ ਮਨੁੱਖ ਬਾਰੇ ਕਿਹਾ ਕਿ ਮਨੁੱਖ ਸਭ ਜੀਵਾਂ ਤੋਂ ਉਤਮ ਜੀਵ ਹੈ। ਮਨੁੱਖਾ ਜਨਮ ਹੀ ਹੈ ਕਿ ਜਿਸ ਨਾਲ ਪ੍ਰਭੂ ਭਗਤੀ ਕੀਤੀ ਜਾ ਸਕਦੀ ਹੈ ਅਤੇ ਰੱਬ ਨੂੰ ਪਾਇਆ ਜਾ ਸਕਦਾ ਹੈ ਪਰ ਅੱਜ ਧਰਤੀ ਤੇ ਸੱਭਂ ਤੋਂ ਵੱਧ ਗੰਦ ਪਾਉਣ ਵਾਲਾ ਵੀ ਇਹੋ ਮਨੁੱਖ ਨਾਮ ਦਾ ਜੀਵ ਹੈ ਜਿਸ ਦੀ ਕਰਤੂਤਾਂ ਕਰਕੇ ਧਰਤੀ ਤੇ ਬਾਕੀ ਜੀਵਾਂ ਦਾ ਖਾਤਮਾਂ ਹੋ ਰਿਹਾ ਹੈ।
ਦੁਨੀਆਂ ਭਰ ਦੇ ਧਰਮਾਂ ਦਾ ਜੇਕਰ ਵਿਸ਼ਲੇਸ਼ਣ ਕਰੀਏ ਤਾਂ ਪਤਾ ਚਲਦਾ ਹੈ ਕਿ ਮਨੁੱਖ ਦੇ ਵਿਕਾਸ ਕਰਨ ਦੇ ਨਾਲ ਨਾਲ ਧਰਮ ਵੀ ਵਿਕਾਸ ਕਰਦੇ ਆਏ ਹਨ। ਪੁਰਾਤਨ ਧਰਮਾਂ ਦੇ ਨੇਮ ਜਿਆਦਾ ਸਖਤ ਸਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਦੁਨੀਆਂ ਦੇ ਕਈ ਅਜਿਹੇ ਧਰਮ ਵੀ ਹਨ ਜੋ ਪ੍ਰਮਾਤਮਾਂ ਦੀ ਹੋਂਦ ਤੋਂ ਮੁਨਕਰ ਹਨ। ਜਿਵੇਂ ਜਿਵੇਂ ਨਵੇਂ ਧਰਮ ਹੋਂਦ ਵਿੱਚ ਆਉਂਦੇ ਗਏ ਉਵੇਂ ਉਵੇਂ ਧਰਮਾਂ ਦੇ ਨੇਮਾਂ ਵਿੱਚ ਵੀ ਲਚਕੀਲਾਪਣ ਆਉਂਦਾ ਗਿਆ। ਇਹ ਵਰਤਾਰਾ ਅੱਜ ਵੀ ਅਸੀਂ ਵੇਖ ਸਕਦੇ ਹਾਂ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਕਿ ਅਜਿਹੇ ਧਰਮ ਵੀ ਹੋਣ ਜਿਹਨਾਂ ਵਿੱਚ ਸਿਗਰਟ ਬੀੜੀ ਸ਼ਰਾਬ ਪੀਣ ਦੀ ਮਨਾਹੀ ਵੀ ਨਾ ਹੋਵੇ।
ਮਨੁੱਖੀ ਇਤਿਹਾਸ 'ਤੇ ਨਜ਼ਰ ਮਾਰਿਆਂ ਪਤਾ ਚਲਦਾ ਹੈ ਕਿ ਵਿਗਿਆਨ ਸੋਚ ਰੱਖਣ ਵਾਲੇ ਲੋਕਾਂ ਦਾ ਇਤਿਹਾਸ ਵੀ ਧਾਰਮਿਕ ਸੋਚ ਰੱਖਣ ਵਾਲੇ ਲੋਕਾਂ ਜਿੰਨਾ ਹੀ ਪੁਰਾਣਾ ਹੈ। ਇਹ ਗੱਲ ਵੱਖਰੀ ਹੈ ਕਿ ਧਰਤੀ 'ਤੇ ਤਰਕਸ਼ੀਲ, ਵਿਚਾਰਸ਼ੀਲ, ਵਿਗਿਆਨਕ ਸੋਚ ਰੱਖਣ ਵਾਲੇ ਲੋਕਾਂ ਦੀ ਸੰਖਿਆ ਆਮ ਲੋਕਾਂ ਨਾਲੋਂ ਹਮੇਸ਼ਾ ਘੱਟ ਰਹੀ ਹੈ ਪਰ ਇਹ ਉਹ ਲੋਕ ਹਨ ਜਿਹਨਾਂ ਦੀ ਵਿਚਾਰਧਾਰਾ ਨੂੰ ਪਹਿਲਾਂ ਨਕਾਰਿਆ ਜਾਂਦਾ ਹੈ, ਉਹਨਾਂ ਤੇ ਕਈ ਤਰ੍ਹਾਂ ਦੀ ਪਾਬੰਦੀਆਂ ਲਾਈਆਂ ਜਾਂਦੀਆਂ ਹਨ, ਪੁਰਾਣੇ ਸਮੇਂ ਦੌਰਾਨ ਅਖੌਤੀ ਧਾਰਮਿਕ ਜਮਾਤਾਂ ਵੱਲੋਂ ਉਹਨਾਂ ਤੇ ਕਈ ਤਰ੍ਹਾਂ ਦੇ ਜੁਲਮ ਢਾਹੇ ਜਾਂਦੇ ਰਹੇ ਪਰ ਬਾਅਦ ਵਿੱਚ ਇਹਨਾਂ ਮਹਾਨ ਲੋਕਾਂ ਦੀ ਵਿਚਾਰਧਾਰਾ ਦੇ ਮਨੁੱਖਤਾ ਵਾਦੀ ਪੱਖਾਂ ਨੂੰ ਹੌਲੀ ਹੌਲੀ ਅਪਣਾ ਲਿਆ ਗਿਆ।
ਅਜਿਹੇ ਕਈ ਪੱਖਾਂ ਨੂੰ ਲੈ ਕੇ ਰੂੜੀਵਾਦੀ,ਧਾਰਮਿਕ ਅਤੇ ਅੰਧਵਿਸ਼ਵਾਸ਼ੀ ਲੋਕ ਵਿਗਿਆਨ ਅਤੇ ਵਿਗਿਆਨਕ ਵਿਚਾਰਧਾਰਾ ਦਾ ਵਿਰੋਧ ਕਰਦੇ ਹਨ। ਇਹ ਵਿਰੋਧ ਦੋ ਤਰਾਂ੍ਹ ਦਾ ਹੁੰਦਾ ਹੈ ਇੱਕ ਤਾਂ ਜਿਵੇਂ ਪਹਿਲਾਂ ਜਿਕਰ ਕੀਤਾ ਗਿਆ ਹੈ ਕਿ ਵਿਗਿਆਨਕ ਸਾਧਨਾਂ ਦੀ ਦੁਰਉਪਯੋਗ ਦੀ ਦ੍ਰਿਸ਼ਟੀ ਤੋਂ ਵਿਗਿਆਨਕ ਵਿਚਾਰਧਾਰਾ ਨੂੰ ਨਿੰਦਣਾ ਦੂਜਾ ਇਹ ਕਿ ਜਦੋਂ ਵੀ ਕਦੇ ਵਿਗਿਆਨੀਆਂ ਵੱਲੋਂ ਕੋਈ ਨਵੀਂ ਵਿਗਿਆਨਕ ਖੋਜ ਕੀਤੀ ਜਾਂਦੀ ਹੈ ਤਾਂ ਉਸ ਦਾ ਸਿਹਰਾ ਉਹਨਾਂ ਮਹਾਨ ਵਿਗਿਆਨੀਆਂ ਨੂੰ ਦੇਣ ਦੀ ਬਜਾਏ ਇਹ ਆਖ ਦਿਤਾ ਜਾਂਦਾ ਹੈ ਕਿ ਇਹ ਕਿਹੜੀ ਕੋਈ ਨਵੀਂ ਗੱਲ ਹੈ ਇਹ ਗੱਲਾਂ ਤਾਂ ਸੈਂਕੜੇ ਸਾਲ ਪਹਿਲਾਂ ਦੀਆਂ ਹੀ ਸਾਡੇ ਗ੍ਰੰਥਾਂ ਵਿੱਚ ਦਰਜ ਹਨ। ਇੱਕ ਪੜੇ ਲਿਖੇ ਮਿੱਤਰ ਨੇ ਇੱਕ ਵਾਰ ਮੈਨੂੰ ਕਿਹਾ ਕਿ ਅੱਜ ਵਿਗਿਆਨੀ ਜੋ ਪੁਲਾੜੀ ਵਾਹਣ ਅਤੇ ਰਾਕਟਾਂ ਦਾ ਪ੍ਰਯੋਗ ਕਰਦੇ ਹਨ ਇਹਨਾਂ ਉਡਣ ਸ਼ਾਸ਼ਤਰਾਂ ਦੀ ਵਰਤੋਂ ਤਾਂ ਮਹਾਂਭਾਰਤ ਦੇ ਸਮੇਂ ਆਮ ਹੁੰਦੀ ਸੀ। ਇਸੇ ਤਰ੍ਹਾਂ ਮੋਬਾਇਲ ਫੋਨ ਸਬੰਧੀ ਵੀ ਉਸ ਦੇ ਅਜਿਹੇ ਹੀ ਤਰਕ ਸਨ ਕਿ ਉਸ ਸਮੇਂ ਵੀ ਰਿਸ਼ੀ ਮੁਨੀ ਲੋਕ ਦੂਰ ਬੈਠਿਆਂ ਇੱਕ ਦੂਜੇ ਨਾਲ ਵਾਰਤਾਲਾਪ ਕਰ ਲੈਂਦੇ ਸਨ। ਪਰ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਵਿਗਿਆਨ ਜਦੋਂ ਕੋਈ ਖੋਜ ਕਰਦਾ ਹੈ ਤਾਂ ਉਸ ਦਾ ਫਾਇਦਾ ਦੁਨੀਆਂ ਦੇ ਬਹੁਤ ਸਾਰੇ ਲੋਕਾਂ ਨੂੰ ਹੁੰਦਾ ਹੈ ਪਰ ਧਰਮ ਗ੍ਰੰਥਾਂ ਵਿਚਲੀਆਂ ਉਹ ਗੱਲਾਂ ਜਿਹਨਾਂ ਨੂੰ ਅੱਜ ਕੁਝ ਲੋਕਾਂ ਵੱਲੋਂ ਵਿਗਿਆਨ ਦਾ ਆਧਾਰ ਮੰਨਿਆਂ ਉਹ ਉਸ ਸਮੇਂ ਜਾਂ ਉਹਨਾਂ ਲੋਕਾਂ ਤੱਕ ਹੀ ਸੀਮਤ ਕਿਉਂ ਰਹੀਆਂ? ਇਸ ਤਰ੍ਹਾਂ ਦੀ ਕੁਝ ਕੁ ਗੱਲਾਂ ਲਗਭਗ ਹਰ ਧਰਮ ਦੇ ਲੋਕ ਕਰਦੇ ਹਨ। ਉਹਨਾਂ ਦਾ ਮਨੋਰਥ ਇੱਕ ਤਰ੍ਹਾਂ ਨਾਲ ਵਿਗਿਆਨਕ ਕਾਢਾਂ ਨੂੰ ਈਜ਼ਾਦ ਕਰਨ ਵਾਲੇ ਲੋਕਾਂ ਮਿਹਨਤ ਦੀ ਖਿੱਲੀ ਉਡਾਉਣਾ ਅਤੇ ਪੁਰਾਤਨ ਗ੍ਰੰਥਾਂ ਸ਼ਾਸ਼ਤਰਾਂ ਦੀਆਂ ਪੁਰਾਤਨ ਕਾਲਪਨਿਕ ਕਹਾਣੀਆਂ ਨੂੰ ਵਡਿਆਉਣਾ ਹੀ ਹੁੰਦਾ ਹੈ। ਜਦਕਿ ਇਹ ਲੋਕ ਹਰ ਪਲ ਇਹਨਾਂ ਵਿਗਿਆਨਕ ਕਾਢਾ ਦਾ ਇਸਤੇਮਾਲ ਕਰ ਰਹੇ ਹੁੰਦੇ ਹਨ। ਬੈਜਾਮਨ ਫਰੈਂਕਲਨ ਨਾਮ ਦੇ ਵਿਗਿਆਨੀ ਨੇ ਬਿਜਲੀ ਦੀ ਕਾਢ ਕੱਢੀ ਜਿਸ ਨੇ ਮਨੁੱਖੀ ਜਿੰਦਗੀ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ। ਹੁਣ ਆਲਮ ਇਹ ਹੈ ਕਿ ਮਨੁੱਖੀ ਜਿੰਦਗੀ ਦਾ ਬਿਜਲੀ ਤੋਂ ਬਗੈਰ ਕਿਆਸ ਕਰਨਾ ਹੀ ਅਸੰਭਵ ਜਾਪਦਾ ਹੈ। ਉਹ ਲੋਕ ਜੋ ਕਹਿੰਦੇ ਹਨ ਕਿ ਵਿਗਿਆਨੀ ਜਿਹੜੀਆਂ ਖੋਜਾਂ ਅੱਜ ਕਰ ਰਹੇ ਹਨ ਇਹ ਤਾਂ ਕਈ ਸਾਲ ਪਹਿਲਾਂ ਦੀਆਂ ਹੀ ਸਾਡੇ ਸ਼ਾਸ਼ਤਰਾਂ ਵਿੱਚ ਲਿਖੀਆਂ ਹੋਈਆਂ ਹਨ ਉਹਨਾਂ ਨੂੰ ਪੁਛਣਾ ਬਣਦਾ ਹੈ ਕਿ ਬਿਜਲੀ ਦੀ ਇਹ ਕਾਢ ਕਿਸੇ ਪੁਰਾਤਨ ਗ੍ਰੰਥ ਦੇ ਕਿਹੜੇ ਪੰਨੇ ਤੇ ਲਿਖੀ ਹੋਈ? ਜਿੱਥੋ ਪਤਾ ਲਗਾਇਆ ਜਾ ਸਕਦਾ ਹੋਵੇ ਕਿ ਫਲਾਣੇ ਫਲਾਣੇ ਪੁਰਜੇ ਫਿੱਟ ਕਰਕੇ ਟ੍ਰਾਂਸਫਾਰਮਰ ਤੇ ਬਿਜਲੀ ਪੈਦਾ ਕਰਨ ਵਾਲੀਆਂ ਟਰਬਾਈਨਾਂ ਬਣਾਈਆਂ ਜਾ ਸਕਦੀਆਂ ਹਨ।
ਇਸੇ ਤਰ੍ਹਾਂ ਲੂਈਸ ਪਾਸਚਰ (ਸੰਨ 1822) ਨੇ ਸੂਖਮ ਜੀਵਾਂ ਦੀ ਖੋਜ ਕਰਕੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਕਿ ਸਾਡੇ ਆਲੇ ਦੁਆਲੇ ਸੂਖਮ ਜੀਵਾਂ ਦੀ ਇੱਕ ਦੁਨੀਆਂ ਹੈ ਜੋ ਸਾਡੀ ਜਿੰਦਗੀ ਦੇ ਨਾਲ ਨਾਲ ਸਾਡੇ ਆਲੇ ਦੁਆਲੇ ਨੂੰ ਪ੍ਰਭਾਵਿਤ ਕਰਦੀ ਹੈ। ਉਸ ਦੀ ਜਿਵਾਣੂਆਂ, ਵਿਸ਼ਾਣੂਆਂ ਅਤੇ ਕੀਟਾਣੂਆਂ ਦੀ ਖੋਜ ਤੋਂ ਬਾਅਦ ਹਰ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਨਵੇਂ ਸਿਰਿਓ ਸਮਝਿਆ ਗਿਆ ਤੇ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਜਿਹਨਾਂ ਦੇ ਕਾਰਨ ਪਹਿਲਾਂ ਕਿਸੇ ਕੁਦਰਤੀ ਕਰੋਪੀ ਜਾਂ ਕਿਸੇ ਦੇਵੀ ਦੇਵਤੇ ਦੀ ਨਰਾਜਗੀ ਮੰਨਿਆ ਜਾਂਦਾ ਸੀ 'ਤੇ ਕਾਬੂ ਪਾਉਣ ਵਿੱਚ ਸਫਲਤਾ ਹਾਸਲ ਕੀਤੀ ਜਾ ਸਕੀ। ਇਸ ਤੋਂ ਪਹਿਲਾਂ ਚਿਕਨ ਪੌਕਸ, ਹੈਜਾ, ਮਲੇਰੀਏ ਜਿਹੀਆਂ ਕਈ ਬਿਮਾਰੀਆਂ ਸਨ ਜਿਹਨਾਂ ਨਾਲ ਕਈ ਵਾਰ ਏਨੇ ਲੋਕ ਮਰਦੇ ਸਨ ਕਿ ਪਿੰਡਾਂ ਦੇ ਪਿੰਡ ਖਾਲੀ ਹੋ ਜਾਂਦੇ ਸਨ। ਅੱਜ ਜਿਹੜੇ ਲੋਕ ਇਹ ਕਹਿੰਦੇ ਕਿ ਵਿਗਿਆਨਕ ਲੱਭਤਾਂ ਗ੍ਰੰਥਾਂ ਸ਼ਾਸ਼ਤਰਾਂ ਵਿੱਚ ਪਹਿਲਾਂ ਹੀ ਮੌਜੂਦ ਹਨ ਉਹਨਾਂ ਨੂੰ ਦੱਸਣਾਂ ਚਾਹੀਦਾ ਹੈ ਕੀ ਉਦੋਂ ਇਹਨਾਂ ਬਿਮਾਰੀਆਂ ਦੇ ਬਚਾਅ ਲਈ ਇਹਨਾਂ ਗ੍ਰੰਥਾਂ ਸ਼ਾਸ਼ਤਰਾਂ ਨੂੰ ਪੜਿਆ ਨਹੀਂ ਸੀ ਜਾਂਦਾ? ਬਿਮਾਰੀਆਂ ਮਹਾਂਮਾਰੀਆਂ ਦੇ ਬਚਾਅ ਲਈ ਲੋਕ ਜੰਤਰ ਮੰਤਰ ਕਰਵਾਉਂਦੇ। ਬੇਰੀਆਂ ਤੇ ਕੱਚੀਆਂ ਲੱਸੀਆਂ ਪਾਉਂਦੇ ਪਰ ਬਿਮਾਰੀਆਂ ਹਰ ਸਾਲ ਫਿਰ ਵੀ ਫੈਲਦੀਆਂ ਰਹਿੰਦੀਆਂ ਤੇ ਲੋਕ ਮਰਦੇ ਰਹਿੰਦੇ ਸਨ। ਇਸ ਸਿਲਸਿਲਾ ਹਜਾਰਾਂ ਸਾਲਾਂ ਤੋਂ ਚੱਲਿਆ ਆ ਰਿਹਾ ਸੀ। ਧਰਮ ਇਹਨਾਂ ਬਿਮਾਰੀਆਂ ਮਹਾਂਮਾਰੀਆਂ ਅੱਗੇ ਬੇਵੱਸ ਸੀ। ਐਡਵਰਡ ਜੈਨਰ (ਸੰਨ1749) ਨਾਮ ਦੇ ਵਿਗਿਆਨੀ ਦੀ ਚੇਚਕ ਦੇ ਟੀਕੇ ਦੀ ਖੋਜ ਨੇ ਇਸ ਬਿਮਾਰੀ ਤੇ ਕਾਬੂ ਪਾ ਲਿਆ। ਇਸੇ ਤਰਾਂ ਮੈਡਮ ਮੈਰੀ ਕਿਊਰੀ (ਸੰਨ1867) ਦੀ ਐਕਸ-ਰੇ ਦੀ ਕਾਢ ਨਾਲ ਡਾਕਟਰੀ ਵਿਗਿਆਨ ਦੇ ਖੇਤਰ ਵਿੱਚ ਇੰਕਲਾਬ ਆਇਆ।
ਐਕਸ-ਰੇ ਕਿਰਨਾਂ 'ਤੇ ਲਗਾਤਾਰ ਕੰਮ ਕਰਦਿਆਂ ਇਹਨਾਂ ਕਿਰਨਾਂ ਨਾਲ ਉਹਨਾਂ ਦਾ ਸਰੀਰ ਰੋਗੀ ਹੋ ਗਿਆ। ਹੁਣ ਇਹਨਾਂ ਮਹਾਨ ਲੋਕਾਂ ਦੀ ਘਾਲਣਾ ਨੂੰ ਅਸੀਂ ਇਹ ਕਹਿ ਕੇ ਖਿੱਲੀ ਉਡਾਈਏ ਕਿ ਇਹ ਗੱਲਾਂ ਤਾਂ ਪਹਿਲਾਂ ਹੀ ਸਾਡੇ ਗ੍ਰੰਥਾਂ ਵਿੱਚ ਦਰਜ ਹਨ ਅਤੇ ਇਹਨਾਂ ਦਾ ਲਾਹਾ ਵੀ ਲੈਂਦੇ ਰਹੀਏ ਤਾਂ ਇਸ ਤੋਂ ਵੱਡੀ ਕਮੀਨਗੀ ਕੀ ਹੋ ਸਕਦੀ ਹੈ ਭਲਾ? ਇਹ ਅਫਸੋਸ ਉਦੋਂ ਜਿਆਦਾ ਹੁੰਦਾ ਹੈ ਜਦੋਂ ਪੜੇ ਲਿਖੇ ਬੁੱਧੀਜੀਵੀ ਕੈਟਾਗਿਰੀ ਦੇ ਲੋਕ ਧੱਕੇ ਨਾਲ ਹੀ ਧਰਮ ਅਤੇ ਵਿਗਿਆਨ ਨੂੰ ਰਲਗੱਡ ਕਰਨ ਦੀ ਅਸਫਲ ਕੋਸ਼ਿਸ਼ ਕਰਦੇ ਹਨ। ਮਨੁੱਖ ਜਾਤੀ ਸਾਹਮਣੇ ਅੱਜ ਵੀ ਅਨੇਕਾਂ ਸਮੱਸਿਆਵਾਂ ਹਨ ਜਿਵੇਂ ਪ੍ਰਦੂਸ਼ਣ, ਗਰੀਬੀ, ਤਾਪਮਾਨ ਦਾ ਵਾਧਾ, ਉੂਰਜਾ ਸਰੋਤਾਂ ਦਾ ਖਾਤਮਾਂ ਆਦਿ ਜੋ ਲੋਕ ਇਹ ਕਹਿੰਦੇ ਹਨ ਸਭ ਸਮੱਸਿਆਵਾਂ ਦੇ ਹੱਲ ਧਰਮ ਗ੍ਰੰਥਾਂ ਵਿੱਚ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਮਨੁੱਖ ਜਾਤੀ ਦੀਆਂ ਇਹਨਾਂ ਸਮੱਸਿਆਵਾਂ ਦਾ ਹੱਲ ਧਾਰਮਿਕ ਗ੍ਰੰਥਾਂ ਵਿੱਚੋਂ ਲੱਭ ਕੇ ਦੱਸਣੇ ਚਾਹੀਦੇ ਹਨ?
ਦੂਜੇ ਪਾਸੇ ਧਰਮ ਮਹੱਤਤਾ ਨੂੰ ਵੀ ਕਿਸੇ ਤਰ੍ਹਾਂ ਘਟਾ ਨਹੀਂ ਵੇਖਿਆ ਜਾ ਸਕਦਾ ਵੱਖ ਵੱਖ ਸਮੇਂਆਂ ਤੇ ਵੱਖ ਵੱਖ ਧਾਰਮਿਕ ਕਈ ਧਾਰਮਿਕ ਸ਼ਕਸ਼ੀਅਤਾਂ ਨੇ ਸਮਾਜ ਦੀ ਸੁਚੱਜੀ ਅਗਵਾਈ ਕੀਤੀ ਜਿਸ ਨਾਲ ਵੱਡੇ ਇੰਕਲਾਬ ਆਏ ਅਤੇ ਸਮਾਜਿਕ ਕੁਰੀਤੀਆਂ ਦੇ ਖਿਲਾਫ ਵੀ ਆਵਾਜਾਂ ਉੱਠੀਆਂ।
ਅੱਜ ਅਸੀਂ ਆਪਣੀ ਰੋਜਾਨਾ ਜਿੰਦਗੀ ਵਿੱਚ ਜਿਹਨਾਂ ਚੀਜ਼ਾਂ ਦਾ ਉਪਯੋਗ ਕਰਦੇ ਹਾਂ ਉਹਨਾਂ ’ਚੋਂ ਬਹੁਤੀਆਂ ਵਿਗਿਆਨ ਦੀਆਂ ਪੈਦਾ ਕੀਤੀਆਂ ਹੋਈਆਂ ਹਨ। ਆਪਣੀ ਜ਼ਿੰਦਗੀ ਦੀ ਗੱਡੀ ਨੂੰ ਵਧੀਆ ਅਤੇ ਸੁਖਾਲਾ ਚਲਾਉਣ ਲਈ ਅਸੀਂ ਪੈਰ ਪੈਰ ਤੇ ਇਹਨਾਂ ਸਾਧਨਾਂ ਦੀ ਮਦਦ ਲੈਂਦੇ ਹਾਂ। ਪਰ ਅਫਸੋਸ ਅਸੀਂ ਆਪਣੀ ਸੋਚ ਨੂੰ ਵਿਗਿਆਨਕ ਨਹੀਂ ਬਣਾ ਸਕੇ। ਕੀ ਕਦੇ ਉਹ ਦਿਨ ਆਏਗਾ ਜਦੋਂ ਬੈਜਾਮਨ ਫਰੈਂਕਲ ਜਿਹੇ ਮਹਾਨ ਵਿਗਿਆਨੀਆਂ ਜਿਹਨਾਂ ਨੇ ਚਮਤਕਾਰੀ ਖੋਜਾਂ ਕਰਕੇ ਮਨੁੱਖੀ ਇਤਿਹਾਸ ਵਿੱਚ ਇੰਕਲਾਬ ਲਿਆਂਦਾ ਦੀਆਂ ਤਸਵੀਰਾਂ ਵੀ ਸਾਡੇ ਘਰਾਂ ਦਾ ਸ਼ਿੰਗਾਰ ਹੋਣਗੀਆਂ?
ਸੰਪਰਕ: 98550 51099
Yogi Sharma
eh darti des punjab di, jithe vagde punj darya, ethe rehmat sach rab di, ghar guruan peeran da. ethe hundi aa ardas v bhla mang k duniya da.