ਤਖ਼ਤੀ ਉਡੀਕ ਰਹੀ ਹੈ. . . -ਵਿਕਰਮ ਸਿੰਘ ਸੰਗਰੂਰ
Posted on:- 12-04-2015
ਸ਼ਹਿਰ ਸੰਗਰੂਰ ਦੇ ਆਸਮਾਨ ਵਿੱਚ ਸੂਰਜ ਤਾਂ ਪਹਿਲਾਂ ਵਾਂਗ ਹੀ ਚੜ੍ਹ ਰਿਹੈ, ਬਨਾਸਰ ਬਾਗ਼ ਦੇ ਫੁੱਲ ਪਹਿਲਾਂ ਵਾਂਗ ਹੀ ਖਿੜ੍ਹ ਰਹੇ ਨੇ, ਘੰਟੇ ਘਰ ਦੀ ਘੜੀ ਦੀਆਂ ਸੂਈਆਂ ਪਹਿਲਾਂ ਵਾਂਗ ਹੀ ਚੱਲ ਰਹੀਆਂ ਨੇ ਅਤੇ ਬਾਜ਼ਾਰਾਂ ਦੀਆਂ ਸੜਕਾਂ ਉੱਤੇ ਪਹਿਲਾਂ ਵਾਂਗ ਹੀ ਭੀੜ ਹੈ। ਪਰ ਕੁਝ ਦਿਨਾਂ ਤੋਂ ਇੰਝ ਲੱਗ ਰਿਹੈ, ਜਿਵੇਂ ਸੂਰਜ ਦੀ ਲਾਲੀ ਫਿੱਕੀ ਪੈਂਦੀ ਜਾ ਰਹੀ ਹੈ, ਬਨਾਸਰ ਬਾਗ਼ ਦੇ ਫੁੱਲਾਂ ਦੀ ਮਹਿਕ ਮੁੱਕਦੀ ਜਾ ਰਹੀ ਹੈ, ਘੰਟੇ ਘਰ ਵਾਲੀ ਘੜੀ ਦਾ ਸਮਾਂ ਜਿਵੇਂ ਖਲੋ ਗਿਆ ਹੈ ਅਤੇ ਬਾਜ਼ਾਰਾਂ ਦੀਆਂ ਭਰੀਆਂ ਸੜਕਾਂ ਦੀ ਰੌਣਕ ਘਟਦੀ ਜਾ ਰਹੀ ਹੈ।ਇੰਝ ਲੱਗਦੈ, ਜਿਵੇਂ ‘ਬੇਤਾਬ’ ਬਿਨਾਂ ਅੱਜ ਸੰਗਰੂਰ ਦੀ ਹਰ ਸ਼ੈਅ ਬੇਤਾਬ ਹੈ।
ਖੌਰੇ ਇਹ ਸਭ ਮੈਨੂੰ ਤਾਂ ਮਹਿਸੂਸ ਹੋ ਰਿਹਾ ਹੋਵੇ, ਕਿਉਂਕਿ ਇਹ ਮੇਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਹੋਇਆ, ਜਦੋਂ ਮੈਂ ਪਹਿਲੀ ਵਾਰ ਆਪਣੇ ਅਧਿਆਪਕ ਕ੍ਰਿਸ਼ਨ ਬੇਤਾਬ ਜੀ ਦੀ ਆਖੀ ਗੱਲ ਪੂਰੀ ਨਹੀਂ ਸੀ ਕਰ ਰਿਹਾ। ਪੂਰੀ ਵੀ ਕਿੰਝ ਕਰਦਾ? ਬੇਤਾਬ ਸਰ ਨੇ ਕੰਮ ਹੀ ਕੁਝ ਅਜਿਹਾ ਆਖ ਦਿੱਤਾ ਸੀ।
ਰੋਜ਼ ਵਾਂਗ ਅੱਜ ਫਿਰ ਮੈਂ ਸਕੂਲ ਦੇ ਬਾਹਰ ਲੱਗੀ
‘ਉਰਦੂ ਦੀਆਂ ਮੁਫਤ ਕਲਾਸਾਂ’ ਵਾਲੀ ਤਖ਼ਤੀ ਸਾਹਮਣੇ ਆਣ ਖਲੋਇਆ।ਰੋਜ਼ ਵਾਂਗ ਮੈਂ ਉਸ ਤਖ਼ਤੀ
ਨੂੰ ਕਿੰਨਾ ਹੀ ਚਿਰ ਤੱਕਦਾ ਰਿਹਾ ਅਤੇ ਆਪਣੇ ਬੇਤਾਬ ਸਰ ਨਾਲ ਜੁੜੀਆਂ ਅਣਗਿਣਤ ਯਾਦਾਂ
ਨੂੰ ਆਪਣੇ ਚੇਤਿਆਂ ਵਿੱਚ ਸਮੇਟ ਕੇ ਮੁੜ ਘਰ ਪਰਤ ਆਇਆ।
ਬੇਤਾਬ ਸਰ ਦਾ ਜਨਮ ਤਾਂ ਭਾਵੇਂ 1932 ਵਿੱਚ ਹੋਇਆ ਸੀ, ਪਰ ਉਨ੍ਹਾਂ ਦੇ ਬਿਨਾਂ ਰੰਗੇ ਕਾਲੇ ਵਾਲ, ਚਿਹਰੇ ਦੀ ਚਮਕ, ਤੰਦਰੁਸਤ ਸਰੀਰ ਅਤੇ ਇੱਤਰਾਂ ਨਾਲ ਮਹਿਕਾਉਂਦੇ ਉਨ੍ਹਾਂ ਦੇ ਕੱਪੜੇ ਦੇਖ ਇੰਝ ਲੱਗਦਾ ਸੀ ਕਿ ਜਿਵੇਂ ਵੱਧਦੀ ਉਮਰ ਨਾਲ ਉਹ ਹੋਰ ਜਵਾਨ ਹੁੰਦੇ ਜਾ ਰਹੇ ਹਨ।ਰਾਸ਼ਟਰਪਤੀ ਐਵਾਰਡ ਪ੍ਰਾਪਤ ਕਰਨ ਵਾਲੇ ਮੇਰੇ ਸਤਿਕਾਰਯੋਗ ਅਧਿਆਪਕ 90ਵਿਆਂ ਵਿੱਚ ਅਧਿਆਪਨ ਦੇ ਕਿੱਤੇ ਤੋਂ ਸੇਵਾ ਮੁਕਤ ਹੋ ਕੇ ਵੀ ਇਸ ਕਿੱਤੇ ਨਾਲ ਜੁੜੇ ਰਹੇ ਅਤੇ ਉਰਦੂ ਸਿਖਾਉਣ ਲੱਗ ਪਏ।ਉਨ੍ਹਾਂ ਉਰਦੂ, ਪੰਜਾਬੀ ਵਿੱਚ ਕਈ ਅਫ਼ਸਾਨੇ, ਨਜ਼ਮਾਂ ਅਤੇ ਗ਼ਜ਼ਲਾਂ ਲਿਖੀਆਂ ਅਤੇ ਸੰਗਰੂਰ ਦੇ ਇਤਿਹਾਸ ਨੂੰ ਕਈ ਸਾਲਾਂ ਦੀ ਸਖ਼ਤ ਮਿਹਨਤ ਨਾਲ ਇਕੱਠਾ ਕਰਕੇ ਪੰਨਿਆਂ ’ਤੇ ਉਤਾਰਿਆ।
ਬੇਤਾਬ ਸਰ ਅਨੁਸ਼ਾਸ਼ਨ ਅਤੇ ਸੱਚੀ ਮੁਹੱਬਤ ਦੇ ਦੂਜੇ ਨਾਮ ਹਨ। ਘੜੀ ਦੀਆਂ ਸੂਈਆਂ ਵਕਤ ਭੁੱਲ ਸਕਦੀਆਂ ਹਨ, ਪਰ ਬੇਤਾਬ ਸਰ ਨਹੀਂ।ਉਰਦੂ ਪੜ੍ਹਦਿਆਂ ਅਸੀਂ ਆਪਣੀਆਂ ਘੜੀਆਂ ਦਾ ਸਮਾਂ ਸੰਗਰੂਰ ਦੇ ਘੰਟੇ-ਘਰ ਦੀ ਟਨ-ਟਨ ਦੀ ਆਵਾਜ਼ ਨਾਲ ਨਹੀਂ, ਸਗੋਂ ਬੇਤਾਬ ਸਰ ਦੇ ਕਲਾਸ ਵੱਲ ਆਉਂਦੇ ਕਦਮਾਂ ਦੀ ਆਵਾਜ਼ ਨਾਲ ਸਹੀ ਕਰਿਆ ਕਰਦੇ ਸੀ।ਉਨ੍ਹਾਂ ਕੋਲ ਉਰਦੂ ਸਿਖਾਉਣ ਦਾ ਜਾਦੂ ਹੈ, ਜੋ ਅਸੀਂ ਸਾਰੇ ਕਲਾਸ ਦੇ ਵਿਦਿਆਰਥੀ 15 ਦਿਨਾਂ ਵਿੱਚ ਹੀ ਉਰਦੂ ਦੇ ਅੱਖਰ ਜੋੜਨ ਲੱਗ ਪਏ ਅਤੇ ਕੁਝ ਸਾਲਾਂ ਵਿੱਚ ਭਾਰਤ ਵਿੱਚ ਪੱਤਰ-ਵਿਹਾਰ ਰਾਹੀਂ ਉਰਦੂ ਦਾ ਡਿਪਲੋਮਾ ਕਰਵਾਉਣ ਵਾਲੀਆਂ ਤਕਰੀਬਨ ਸਾਰੀਆਂ ਅਹਿਮ ਯੂਨੀਵਰਸਿਟੀਆਂ, ਅਕਾਡਮੀਆਂ ਅਤੇ ਸੰਸਥਾਵਾਂ ਆਦਿ ਵਿੱਚ ਵੀ ਚੰਗੇ ਸਥਾਨ ਪ੍ਰਾਪਤ ਕਰਦੇ ਰਹੇ।
ਪਿਛਲੇ ਮਹੀਨੇ ਸਰ ਅਜਿਹੇ ਬਿਮਾਰ ਹੋਏ ਕਿ ਉਨ੍ਹਾਂ ਦੀ ਸਿਹਤ ਦਿਨੋਂ-ਦਿਨ ਕਮਜ਼ੋਰ ਹੁੰਦੀ ਗਈ।ਅਚਾਨਕ ਉਨ੍ਹਾਂ ਨੇ ਮੈਨੂੰ ਕਿਸੇ ਹੱਥ ਸੁਨੇਹਾ ਭੇਜ ਕੇ ਆਪਣੇ ਘਰ ਬੁਲਾਇਆ।ਬੇਤਾਬ ਸਰ ਦੀ ਬੈਠਕ, ਜੋ ਬੈਠਕ ਘੱਟ ਅਤੇ ਕੋਈ ਪੁਰਾਣਾ ਮਿਊਜ਼ੀਅਮ ਅਤੇ ਲਾਇਬ੍ਰੇਰੀ ਲੱਗ ਰਿਹਾ ਸੀ, ਉਸ ਵਿੱਚ ਚੀਜ਼ਾਂ ਹਾਲੇ ਵੀ ਪੁਰਾਣੇ ਸਲੀਕੇ ਨਾਲ ਟਿਕੀਆਂ ਹੋਈਆਂ ਸਨ ਅਤੇ ਉਹ ਬੋਰਡ ਜਿਸ ਦੀ ਤਾਰੀਖ ਸਰ ਇੱਕ ਦਿਨ ਪਹਿਲਾਂ ਸੌਣ ਲੱਗਿਆਂ ਬਦਲਦੇ ਸੀ, ਉਸੇ ਤਰ੍ਹਾਂ ਬਦਲੀ ਹੋਈ ਸੀ।ਬੈਠਕ ਨੂੰ ਦੇਖ ਕੇ ਬਿਲਕੁਲ ਵੀ ਨਹੀਂ ਸੀ ਲੱਗ ਰਿਹਾ ਕਿ ਸਰ ਬਿਮਾਰ ਹੋਏ ਹੋਣਗੇ।ਮਹਿਮਾਨ ਨਵਾਜ਼ੀ ਕਰਨ ਦੇ ਉਹੀ ਪੁਰਾਣੇ ਦਿਲਕਸ਼ ਢੰਗ ਨਾਲ ਸਰ ਨੇ ਬੈਠਕ ਵਿੱਚ ਆਉਂਦਿਆਂ ਹੀ ਮੇਰੇ ਹੱਥਾਂ ਵਿੱਚ ਇੱਕ ਕਾਗ਼ਜ਼ ਫੜ੍ਹਾ ਦਿੱਤਾ ਅਤੇ ਇਸ ਨੂੰ ਪੜ੍ਹ ਕੇ ਸੁਣਾਉਣ ਲਈ ਕਿਹਾ।ਜਿਉਂ-ਜਿਉਂ ਮੈਂ ਉਸ ਕਾਗ਼ਜ਼ ’ਤੇ ਉੱਕਰੇ ਹਰਫ ਪੜ੍ਹ ਰਿਹਾ ਸੀ, ਤਿਉਂ-ਤਿਉਂ ਮੇਰੇ ਚਿਹਰੇ ਦਾ ਰੰਗ ਉੱਡਦਾ ਜਾ ਰਿਹਾ ਸੀ ਅਤੇ ਸਰ ਦੀਆਂ ਅੱਖਾਂ ਭਰਦੀਆਂ ਜਾ ਰਹੀਆਂ ਸਨ।ਇਹ ਬੇਤਾਬ ਸਰ ਦਾ ਉਰਦੂ ਦੀਆਂ ਕਲਾਸਾਂ ਤੋਂ ਭਾਰ-ਮੁਕਤ ਹੋਣ ਦੀ ਦਰਖਾਸਤ ਸੀ।‘ਮੈਂ ਜਿੰਨਾ ਉਰਦੂ ਪੜ੍ਹਾਇਆ ਦਿਲ ਨਾਲ ਪੜ੍ਹਾਇਆ ਹੈ…’ ਸਰ ਦੇ ਖ਼ਾਮੋਸ਼ ਲਬਾਂ ਵਿੱਚੋਂ ਇਹ ਫ਼ਿੳਮਪ;ਕਰਾ ਇੰਝ ਬਾਹਰ ਨਿਕਲਿਆ, ਜਿਵੇਂ ਉਹ ਅਜਿਹੇ ਮੁਸਾਫ਼ਰ ਨੂੰ ਰੁਖ਼ਸਤ ਆਖ ਰਹੇ ਹੋਣ, ਜਿਸ ਨੂੰ ਉਨ੍ਹਾਂ ਮੁੜ ਕਦੀ ਨਹੀਂ ਮਿਲਣਾ ਹੁੰਦਾ।
‘ਮੈਂ ਕੱਲ੍ਹ ਆਪਣੇ ਬੇਟੇ ਕੋਲ ਦਿੱਲੀ ਇਲਾਜ ਕਰਵਾਉਣ ਲਈ ਜਾਣਾ ਹੈ, ਇਹ ਕਾਗ਼ਜ਼ ਕੱਲ੍ਹ ਤੁਸੀ ਦਫ਼ੳਮਪ;ਤਰ ਪਕੜਾ ਦੇਨਾ…’ ਸਰ ਇੰਨਾ ਆਖ ਕੇ ਭਰੇ ਮਨ ਨਾਲ ਆਪਣੇ ਕਮਰੇ ਵੱਲ ਤੁਰ ਪਏ।ਖੌਰੇ ਉਨ੍ਹਾਂ ਦੇ ਦਿਲ ਵਿੱਚ ਕੀ ਆਇਆ ਕਿ ਉਹ ਇੱਕ ਦਮ ਪਿੱਛੇ ਪਰਤੇ ਅਤੇ ਆਖਣ ਲੱਗੇ, ‘ਸਕੂਲ ਦੇ ਬਾਹਰ ਜੋ ਉਰਦੂ ਸਿਖਾਉਣ ਵਾਲੀਆਂ ਕਲਾਸਾਂ ਦੀ ਜੋ ਤਖਤੀ ਹੈ, ਉਹ ਜ਼ਰੂਰ ਉਤਰਵਾ ਦੇਣਾ ਜਲਦੀ।’
ਸਰ ਦੀ ਇਸ ਗੱਲ ਨੂੰ ਸੁਣ ਕੇ ਮੇਰੇ ਕੰਨਾਂ ਨੂੰ ਕੁਝ ਕੁ ਪਲਾਂ ਵਾਸਤੇ ਜਿਵੇਂ ਸੁਣਨਾ ਭੁੱਲ ਗਿਆ।ਭਾਰ-ਮੁਕਤੀ ਦੀ ਦਰਖ਼ਾਸਤ ਤਾਂ ਮੈਂ ਦਿਲ ’ਤੇ ਪੱਧਰ ਰੱਖ ਕੇ ਦਫ਼ਤਰ ਪਹੁੰਚਾ ਦਿੱਤੀ, ਪਰ ਉਹ ਤਖ਼ਤੀ?
ਮੈਂ ਰੋਜ਼ ਸ਼ਾਮ ਨੂੰ ਸਰ ਦੀ ਆਖੀ ਗੱਲ ਨੂੰ ਪੂਰਾ ਕਰਨ ਲਈ ਉਸ ਤਖਤੀ ਕੋਲ ਤਾਂ ਆ ਜਾਂਦਾ ਹਾਂ, ਪਰ ਉਸ ਤਖ਼ਤੀ ਨੂੰ ਉਤਾਰਨ ਲਈ ਜਦੋਂ ਵੀ ਹੱਥ ਉੱਚਾ ਚੁੱਕਦਾ ਹਾਂ ਤਾਂ ਇੰਝ ਲੱਗਦੈ, ਜਿਵੇਂ ਮੈਂ ਇਸ ਤਖ਼ਤੀ ਨੂੰ ਨਹੀਂ, ਸਗੋਂ ਸੰਗਰੂਰ ਸ਼ਹਿਰ ਵਿੱਚੋਂ ਉਰਦੂ ਨੂੰ ਪੁੱਟ ਰਿਹਾ ਹੋਵਾਂ।ਇਉਂ ਲੱਗਦੈ, ਜਿਵੇਂ ਉਹ ਤਖ਼ਤੀ ਆਖ ਰਹੀ ਹੋਵੇ ਕਿ ਮੈਨੂੰ ਉਡੀਕ ਹੈ ਕਿ ਬੇਤਾਬ ਸਾਬ੍ਹ ਤੁਹਾਡੇ ਆਉਣ ਦੀ ਕਿ ਤੁਸੀ ਤੰਦਰੁਸਤ ਹੋ ਕੇ ਦਿੱਲੀ ਤੋਂ ਜਲਦੀ ਸੰਗਰੂਰ ਪਰਤੋਗੇ ਅਤੇ ਇਸ ਸਕੂਲ ਦੀਆਂ ਫ਼ਿਜ਼ਾਵਾਂ ਵਿੱਚ ਉਰਦੂ ਦੇ ਅਲਫ, ਬੇ, ਪੇ ਸਿਖਾਉਣ ਵਾਲੀ ਤੁਹਾਡੀ ਮਿੱਠੀ ਆਵਾਜ਼ ਫਿਰ ਤੋਂ ਗੂੰਜੇਗੀ।ਸੰਗਰੂਰ ਦੇ ਸੂਰਜ ਦੀ ਲਾਲੀ ਫਿਰ ਤੋਂ ਪਰਤੇਗੀ, ਬਨਾਸਰ ਬਾਗ਼ ਦੇ ਫੁੱਲ ਫਿਰ ਤੋਂ ਮਹਿਕਣਗੇ, ਘੰਟੇ ਘਰ ਦੀ ਘੜੀ ਦਾ ਸਮਾਂ ਫਿਰ ਤੋਂ ਚੱਲੇਗਾ ਅਤੇ ਬਾਜ਼ਾਰਾਂ ਵਿੱਚ ਰੌਣਕ ਫਿਰ ਤੋਂ ਮੁੜ ਆਵੇਗੀ।
ਸੰਪਰਕ: +91 98884 13836
kulwant
bhoot khoob