ਲਾਸ਼ ਖੋਹੀ ਵੀਰਾ ਤੇਰੀ ਅੱਧ-ਝੁਲਸੀ - ਰਣਜੀਤ ਲਹਿਰਾ
Posted on:- 12-04-2015
21 ਜਨਵਰੀ, 1981 ਵਾਲੇ ਦਿਨ ਰੱਲਾ ਪਿੰਡ (ਹੁਣ ਜ਼ਿਲ੍ਹਾ ਮਾਨਸਾ) ਦੀ ਧਰਤੀ ’ਤੇ ਇੱਕ ਇਤਿਹਾਸ ਰਚਿਆ ਗਿਆ ਸੀ। ਇਤਿਹਾਸ ਜਿਹੜਾ ਰਣ-ਤੱਤੇ ਵਿੱਚ ਜੂਝਣ ਅਤੇ ਕੁਰਬਾਨ ਹੋਣ ਦੀ ਬਾਤ ਪਾਉਂਦਾ ਸੀ। ਵਿਦਿਆਰਥੀਆਂ ਤੇ ਨੌਜਵਾਨਾਂ ਦੀਆਂ ਜਥੇਬੰਦੀਆਂ ਦੇ ਬੱਸਾਂ ਦਾ ਪਹੀਆਂ ਜਾਮ ਕਰਨ ਦੇ ਸੱਦੇ ਦੇ ਮੱਦੇਨਜ਼ਰ ਸਰਕਾਰ ਨੇ ਪੰਜਾਬ ਭਰ ਦੀਆਂ ਵਿੱਦਿਅਕ ਸੰਸਥਾਵਾਂ ਨੂੰ ਬੰਦ ਕਰਨ ਦਾ ਅਗਾਊਂ ਹੀ ਐਲਾਨ ਕਰ ਦਿੱਤਾ ਸੀ। ਇਸ ਹਾਲਤ ਵਿੱਚ ਪਹੀਆ ਜਾਮ ਕਰਨ ਦੀ ਮੁੱਖ ਟੇਕ ਪੇਂਡੂ ਨੌਜਵਾਨਾਂ ਦੀ ਤਾਕਤ ’ਤੇ ਸੀ, ਉਸੇ ਅਨੁਸਾਰ ਵੱਖੋ-ਵੱਖ ਸੜਕਾਂ ’ਤੇ ਜਾਮ ਲਾਉਣ ਦੀ ਵਿਉਤਬੰਦੀ ਕੀਤੀ ਗਈ ਸੀ। ਮਾਨਸਾ ਇਲਾਕੇ ਦੀਆਂ ਨੌਜਵਾਨ ਭਾਰਤ ਸਭਾਵਾਂ ਦੇ ਵਰਕਰਾਂ ਨੇ ਮੁੱਖ ਰੂਪ ’ਚ ਮਾਨਸਾ-ਬਰਨਾਲਾ ਸੜਕ ਜਾਮ ਕਰਨ ਲਈ ਪਿੰਡ ਰੱਲੇ ਦੇ ਬੱਸ ਸਟੈਂਡ ’ਤੇ ਜਾਮ ਲਾਉਣ ਦਾ ਪ੍ਰੋਗਰਾਮ ਬਣਾਇਆ। ਇੱਕ ਹੋਰ ਟੀਮ ਨੇ ਗੁਰਜੰਟ ਮਾਖੇ ਹੋਰਾਂ ਦੀ ਅਗਵਾਈ ’ਚ ਝੁਨੀਰ ਵੱਲ ਮੁੱਖ ਸੜਕ ’ਤੇ ਜਾਮ ਲਾਉਣਾ ਸੀ।
ਨੌਜਵਾਨ ਭਾਰਤ ਸਭਾ ਦੇ ਆਗੂ ਮੋਦਨ ਸਿੰਘ ਦੂਲੋਵਾਲ ਅਤੇ ਪੀ. ਐਸ. ਯੂ. ਦੇ ਆਗੂ ਗੁਰਨਾਮ ਸਿੰਘ ਚਚੋਹਰ ਦੀ ਅਗਵਾਈ, ’ਚ ਸੜਕ ਜਾਮ ਕਰ ਦਿੱਤੀ ਗਈ। ਕੁੱਝ ਦੇਰ ਬਾਅਦ ਜੋਗਾ ਪੁਲਸ ਚੌਕੀ ਦੀ ਪੁਲਸ ਟਰੱਕ ’ਚ ਸਵਾਰ ਹੋ ਕੇ ਪਹੁੰਚੀ ਤੇ ਆਗੂਆਂ ਵੱਲੋਂ ਜਾਮ ਦੋ ਵਜੇ ਤੱਕ ਚੱਲਣ ਦੀ ਗੱਲ ਸੁਣ ਕੇ ਵਾਪਸ ਪਰਤ ਗਈ। ਜਾਮ ਸ਼ਾਂਤ-ਮਈ ਢੰਗ ਨਾਲ ਜਾਰੀ ਰਿਹਾ। ਕੁੱਝ ਦੇਰ ਬਾਅਦ ਉਹੋ ਪੁਲਸ ਦੁਬਾਰਾ ਆਈ ਅਤੇ ਨੌਜਵਾਨਾਂ ’ਤੇ ਲਾਠੀਚਾਰਜ ਕਰ ਦਿੱਤਾ। ਸਭਾ ਦੇ ਆਗੂ ਸੁਰਜਨ ਜੋਗੇ ਨੂੰ ਪਕੜ ਲਿਆ ਤੇ ਬਲਦੇਵ ਫੌਜੀ ਨਾਂ ਦੇ ਵਰਕਰ ਨੂੰ ਘੇਰ ਕੇ ਬੁਰੀ ਤਰ੍ਹਾਂ ਕੁੱਟਣ ਲੱਗੇ। ਮੱਚੀ ਭਗਦੜ ਨੂੰ ਸੰਭਾਲਿਆ - ਮੋਦਨ ਹੋਰਾਂ ਨੇ ਫੌਜੀ ਨੂੰ ਕੁੱਟ ਰਹੀ ਪੁਲਸ ’ਤੇ ਤਾਬੜ-ਤੋੜ ਹਮਲਾ ਕਰ ਦਿੱਤਾ।
ਹਮਲਾ ਜ਼ਬਰਦਸਤ ਸੀ ਤੇ ਸੁਰਜਨ ਅਤੇ ਫੌਜੀ ਦੋਵਾਂ ਨੂੰ ਪੁਲਸ ਤੋਂ ਛੁਡਾ ਲਿਆ। ਹੁਣ ਪੁਲਸ ਘਿਰ ਗਈ ਤੇ ਘਿਰੀ ਹੋਈ ਪੁਲਸ ਦੇ ਏ. ਐਸ. ਆਈ. ਜੋਗਿੰਦਰ ਸਿੰਘ ਨੇ ਆਪਣੇ ਰਿਵਾਲਵਰ ਨਾਲ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਗੋਲੀ ਲਾਭ ਸਿੰਘ ਮਾਨਸਾ ਦੇ ਲੱਗੀ ਤੇ ਫਿਰ ਸੁਰਜਨ ਜੋਗੇ ਦੇ ਲੱਗੀ। ਮੱਚੀ ਭਗਦੜ ਵਿੱਚ ਪੁਲਸ ਦੋਵਾਂ ਨੂੰ ਚੁੱਕ ਕੇ ਭੱਜ ਗਈ। ਆਗੂਆਂ ਨੂੰ ਇਹ ਪਤਾ ਲੱਗਣ ’ਤੇ ਕਿ ਗੋਲੀ ਦੋ ਸਾਥੀਆਂ ਦੇ ਵੱਜ ਗਈ ਹੈ ਤੇ ਪੁਲਸ ਉਨ੍ਹਾਂ ਨੂੰ ਚੁੱਕ ਕੇ ਲੈ ਗਈ ਹੈ, ਫਿਰ ਇਕੱਠੇ ਹੋ ਕੇ ਪਿੰਡ ਵਿੱਚ ਮੁਜ਼ਾਹਰਾ ਕੀਤਾ।
ਨੌਜਵਾਨ ਲਾਭ ਸਿੰਘ ਸ਼ਹੀਦ ਹੋ ਗਿਆ ਸੀ ਤੇ ਸੁਰਜਨ ਸਖ਼ਤ ਜਖ਼ਮੀ ਸੀ। ਪਰ ਪੁਲਸ ਦੋਵਾਂ ਬਾਰੇ ਕੁੱਝ ਵੀ ਦੱਸ ਨਹੀਂ ਸੀ ਰਹੀ। ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਸ ਅਧਿਕਾਰੀਆਂ ਵੱਲੋਂ 21 ਜਨਵਰੀ ਦੀ ਰਾਤ ਤੋਂ ਲੈ ਕੇ 22 ਜਨਵਰੀ ਦੀ ਰਾਤ ਤੱਕ ਮਾਨਸਾ ਦੇ ਸ਼ਹਿਰੀਆਂ, ਵਕੀਲਾਂ ਸਮੇਤ ਸਭਾ ਦੇ ਆਗੂਆਂ ਨੂੰ ਦੋਵਾਂ ਸਾਥੀਆਂ ਬਾਰੇ ਕੋਈ ਹੱਥ-ਪੱਲਾ ਨਾ ਫੜਾਇਆ। ਪ੍ਰਸ਼ਾਸਨ ਤੇ ਪੁਲਸ ਨੇ ਸ਼ਹੀਦ ਲਾਭ ਸਿੰਘ ਦਾ ਪੋਸਟਮਾਟਰਮ ਤਾਂ ਕਰਵਾ ਲਿਆ ਪਰ ਬਾਅਦ ਵਿੱਚ ਲਾਸ਼ ਨੂੰ ਖੁਰਦ-ਬੁਰਦ ਕਰ ਦੇਣ ਦੀ ਧਾਰ ਲਈ। ਕਿਸੇ ਵੀ ਸੂਰਤ ’ਚ ਪੁਲਸ ਲਾਸ਼ ਵਾਰਸਾਂ ਜਾਂ ਸਭਾ ਨੂੰ ਨਹੀਂ ਸੀ ਦੇਣਾ ਚਾਹੁੰਦੀ। ਪਰ ਪੁਲਸ ’ਤੇ ਪ੍ਰਸ਼ਾਸਨ ਦੀ ਇਹ ਨਿਹਾਇਤ ਘਟੀਆ ਚਾਲ 23 ਜਨਵਰੀ ਦੀ ਸਵੇਰ ਨੂੰ ਉਸ ਵਕਤ ਫੇਲ਼ ਹੋ ਗਈ ਜਦੋਂ ਪੁਲਸ ਸ਼ਹੀਦ ਲਾਭ ਸਿੰਘ ਦੀ ਲਾਸ਼ ਨੂੰ ਬੁਢਲਾਡਾ ਦੇ ਸਮਸ਼ਾਨ ਘਾਟ ਵਿੱਚ ਚੁੱਪ-ਚੁਪੀਤੇ ਅਗਨ ਭੇਟ ਕਰਕੇ ਭੱਜ ਰਹੀ ਸੀ।
ਹੋਇਆ ਇੰਝ ਕਿ 23 ਜਨਵਰੀ ਦੀ ਸਵੇਰ ਨੂੰ ਜਦੋਂ ਪੁਲਸ ਲਾਭ ਸਿੰਘ ਦੀ ਦੇਹ ਨੂੰ ਕਾਹਲੀ-ਕਾਹਲੀ ਪੈਟਰੋਲ ਪਾ ਕੇ ਸਾੜ ਰਹੀ ਸੀ ਤਾਂ ਇਸਦਾ ਪਤਾ ਸਾਡੇ ਪੀ. ਐਸ. ਯੂ. ਦੇ ਸਥਾਨਕ ਆਗੂ ਨਾਜਰ ਸਿੰਘ ਬਾਗ਼ੀ ਨੂੰ ਚੱਲ ਗਿਆ। ਉਸਦੇ ਨਾਲ ਨਾਜਰ ਸਿੰਘ ਨਾਂ ਦਾ ਹੀ ਇੱਕ ਹੋਰ ਸਾਥੀ ਸੀ। ਪੁਲਸ ਨੇ ਪੈਟਰੋਲ ਛਿੜਕਿਆ, ਅੱਗ ਲਗਾਈ ਤੇ ਚੋਰਾਂ ਵਾਂਗ ਫਟਾਫਟ ਦੌੜ ਗਈ। ਮੌਕਾ ਪਾ ਕੇ ਨਾਜਰ ਬਾਗ਼ੀ ਹੋਰਾਂ ਦੋਵਾਂ ਨੇ ਰੇਤ-ਮਿੱਟੀ ਤੇ ਪਾਣੀ ਵਗੈਰਾ ਪਾ ਕੇ ਅੱਗ ਬੁਝਾ ਲਈ। ਪਰ ਹੁਣ ਅਧਸੜੀ ਲਾਸ਼ ਨੂੰ ਲੈ ਕੇ ਕਿਵੇਂ ਜਾਇਆ ਜਾਵੇ, ਇਹ ਅੜਾਉਣੀ ਅੜ ਗਈ। ਸਮਸ਼ਾਨ ਘਾਟ ਨੇੜੇ ਬੱਕਰੀਆਂ ਚਾਰ ਰਹੇ ਆਜੜੀ ਨੇ ਆਪਣੇ ਉੱਪਰ ਲਿਆ ਅੱਧੋ-ਰਾਣਾ ਖੇਸ ਬਾਗ਼ੀ ਹੋਰਾਂ ਨੂੰ ਦੇ ਦਿੱਤਾ ਤੇ ਬਾਗ਼ੀ ਹੋਰੀਂ ਆਪਣੇ ਸਾਥੀ ਦੀ ਅੱਧਸੜੀ ਲਾਸ਼ ਨੂੰ ਖੇਸ ਵਿੱਚ ਬੰਨ੍ਹ ਕੇ ਖੇਤਾਂ ਵਿੱਚ ਦੀ ਆਈ. ਟੀ. ਆਈ. ਦੇ ਪਿਛਲੇ ਪਾਸੇ ਦੇ ਕਮਾਦ ਤੇ ਸਰ੍ਹੋਂ ਦੇ ਖੇਤਾਂ ਵਿੱਚ ਲੈ ਆਏ।
ਏਧਰ ਮੈਂ ਆਈ. ਟੀ. ਆਈ. ਵਿੱਚ ਆ ਪਹੁੰਚਿਆ, ਰੱਲਾ ਗੋਲੀ ਕਾਂਡ ਖਿਲਾਫ਼ ਆਈ. ਟੀ. ਆਈ. ’ਚ ਕੋਈ ਠੋਸ ਸਰਗਰਮੀ ਕਰਨ/ਕਰਵਾਉਣ ਲਈ। ਪਰ ਸਰਕਾਰ ਨੇ ਵਿੱਦਿਅਕ ਸੰਸਥਾਵਾਂ ਕਈ ਦਿਨਾਂ ਲਈ ਬੰਦ ਕਰ ਦਿੱਤੀਆਂ। ਏਸੇ ਲਈ ਵਿਦਿਆਰਥੀ ਕੋਈ ਖਾਸ ਨਹੀਂ ਸਨ ਆਏ। ਪੰਜ-ਸੱਤ ਵਿਦਿਆਰਥੀ ਕੰਟੀਨ ਵਿੱਚ ਚਾਹ ਪੀ ਰਹੇ ਸੀ ਤੇ ਮੈਂ ਵੀ। ਏਨੇ ਨੂੰ ਪੀ. ਡਬਲਯੂ. ਡੀ. ਦੇ ਬੇਲਦਾਰਾਂ ਜਿਹਾ ਲੱਗਦਾ, ਖਾਕੀ ਵਰਦੀ ਵਾਲਾ, ਇੱਕ ਬੰਦਾ ਕੰਟੀਨ ’ਚ ਆ ਵੜਿਆ। ਅੱਖਾਂ ਨੂੰ ਥੁੱਕ ਜਿਹਾ ਲਾ ਕੇ ਪੀ. ਐਸ. ਯੂ. ਦੇ ਆਗੂਆਂ ਨੂੰ ਮਿਲਣ ਬਾਰੇ ਪੁੱਛੇ। ਕਿਸੇ ਨੇ ਮੇਰੇ ਵੱਲ ਭੇਜ ਦਿੱਤਾ, ਉਹ ਮੇਰੇ ਮਗਰ ਲੱਗਿਆ ਫਿਰੇ। ਏਸੇ ਦੌਰਾਨ ਨਾਜਰ ਫਰਵਾਹੀ ਵਾਲਾ ਆਇਆ ਤੇ ਲਾਭ ਸਿੰਘ ਦੀ ਲਾਸ਼ ਕੱਢ ਲਿਆਉਣ ਬਾਰੇ ਦੱਸਿਆ। ਮੈਂ ਉਹਨੂੰ ਵਾਪਸ ਭੇਜ ਦਿੱਤਾ ਤੇ ਆਪ ਉਸ ‘ਅੱਖਾਂ ਨੂੰ ਥੁੱਕ ਲਾਈ ਫਿਰਦੇ ਬੰਦੇ ਨੂੰ ਝਕਾਨਾ ਦੇ ਕੇ ਆਈ. ਟੀ. ਆਈ. ਦੇ ਪਿਛਲੇ ਪਾਸੇ ਦੇ ਖੇਤਾਂ ਵਿੱਚ ਨਾਜਰ ਹੋਰਾਂ ਕੋਲ ਪਹੁੰਚ ਗਿਆ। ਤਿੰਨਾਂ ਨੇ ਵਾਰੋ-ਵਾਰੀ ਬੰਨ੍ਹੇ ਖੇਸ ਦੇ ਲੜਾਂ ਨੂੰ ਫੜਿਆ ਤੇ ਗੁਰਨੇ ਖੁਰਦ ਵਾਲੇ ਪਾਸੇ ਪਹੇ ਦੇ ਨੇੜਲੇ ਖੇਤਾਂ ਵਿੱਚ ਲੈ ਗਏ। ਨਾਜਰ ਹੋਰਾਂ ਨੇ ਪਤਾ ਨਹੀਂ ਕਿਸ ਰਾਹੀਂ ਜਸਵੰਤ ਹੋਰਾਂ ਨਾਲ ਸੰਪਰਕ ਸਾਧ ਲਿਆ ਹੋਇਆ ਸੀ। ਉਨ੍ਹਾਂ ਮਾਨਸਾ ਤੋਂ ਕਾਰ ਲੈ ਕੇ ਭੀਖੀ ਰੋਡ ’ਤੇ ਸਥਿਤ ਬਿਜਲੀ ਗਰਿੱਡ ਕੋਲ ਪਹੁੰਚਣਾ ਸੀ।
ਦੋਵੇਂ ਨਾਜਰ ਲਾਸ਼ ਕੋਲ ਰਹੇ। ਮੈਂ ਪੱਗ ਉਤਾਰੀ, ਸਿਰ ਉਤੋਂ ਦੀ ਆਪਣੇ ਖੇਸ ਦੀ ਬੁੱਕਲ ਮਾਰੀ ਤੇ ਪਾਲ਼ੀ ਜਿਹਾ ਬਣ ਕੇ ਗਰਿੱਡ ਦੇ ਸਾਹਮਣੇ ਚਾਹ ਦੀ ਦੁਕਾਨ ਕੋਲ ਬੈਠ ਕੇ ਜਸਵੰਤ ਹੋਰਾਂ ਦੀ ਉਡੀਕ ਕਰਨ ਲੱਗਾ। ਕੁੱਝ ਦੇਰ ਬਾਅਦ ਜਸਵੰਤ ਤੇ ਟੀ. ਐਸ. ਯੂ. ਦਾ ਆਗੂ ਮੱਖਣ ਮਾਈਸਰਖਾਨੇ ਵਾਲਾ ਅੰਬੈਸਡਰ ਕਾਰ ਵਿੱਚ ਆ ਪਹੁੰਚੇ। ਮੈਂ ਤੇ ਜਸਵੰਤ ਖੇਤਾਂ ਵੱਲ ਨੂੰ ਹੋ ਤੁਰੇ ਤੇੇ ਮੱਖਣ ਨੂੰ ਕਾਰ ਗੁਰਨੇ ਖੁਰਦ ਵਿੱਚ ਦੀ ਆਈ. ਟੀ. ਆਈ. ਦੇ ਪਿੱਛੇ ਵੱਲ ਆਉਦੇ ਪਹੇ ’ਤੇ ਲੈ ਕੇ ਆਉਣ ਲਈ ਕਿਹਾ। ਜਦੋਂ ਕਾਰ ਆ ਗਈ ਤਾਂ ਸਾਥੀ ਲਾਭ ਸਿੰਘ ਦੀ ਖੇਸ ਦੀ ਗਠੱੜੀ ’ਚ ਬੰਨ੍ਹੀ ਲਾਸ਼ ਕਾਰ ਦੀ ਡੱਗੀ ਵਿੱਚ ਰੱਖ ਦਿੱਤੀ। ਜਸਵੰਤ ਨੇ ਮੈਨੂੰ ਤੇ ਨਾਜਰ ਬਾਗੀ ਨੂੰ ਸ਼ਾਮ ਤੱਕ ਪਿੰਡ ਖਿੱਲਣ ਦੇ ਬਾਹਰਵਾਰ ਖੇਤਾਂ ਵਿੱਚ ਬਣ ਰਹੇ ਵਾਟਰ ਵਰਕਸ ਵਿੱਚ ਪਹੁੰਚਣ ਲਈ ਕਿਹਾ। ਮਾਨਸਾ ਵਿੱਚ ਮਾਹੌਲ ਬਹੁਤ ਤਣਾਅ ਪੂਰਨ ਸੀ, ਸਾਰੇ ਨਾ ਫੜੇ ਜਾਈਏ ਇਸੇ ਲਈ ਸਾਨੂੰ ਦੋਵਾਂ ਨੂੰ ਸਸਕਾਰ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਗਿਆ ਸੀ।
ਪ੍ਰਸ਼ਾਸਨ ਨੂੰ ਖ਼ਬਰ ਤਾਂ ਲੱਗ ਹੀ ਚੁੱਕੀ ਸੀ ਕਿ ਲਾਭ ਸਿੰਘ ਦੀ ਅਧਸੜੀ ਲਾਸ਼ ਨੂੰ ਪੀ. ਐਸ. ਯੂ. ਦੇ ਵਰਕਰ ਬੁਢਲਾਡੇ ਦੇ ਸਮਸ਼ਾਨ ਘਾਟ ਵਿੱਚੋਂ ਕੱਢ ਕੇ ਲੈ ਜਾਣ ਵਿੱਚ ਸਫ਼ਲ ਹੋ ਗਏ ਹਨ, ਪਰ ਲੈ ਕਿੱਧਰ ਗਏ ਹਨ ਇਸਦਾ ਉਸਨੂੰ ਪਤਾ ਨਹੀਂ ਸੀ ਲੱਗ ਰਿਹਾ। ਮਾਨਸਾ ਪੁਲਸ ਛਾਉਣੀ ਬਣਿਆ ਪਿਆ ਸੀ, ਚੈਕਿੰਗਾਂ ਜ਼ੋਰਾਂ ਦੀਆਂ ਹੋ ਰਹੀਆਂ ਸਨ ਪਰ ਫਿਰ ਵੀ ਲਾਸ਼ ਮਾਨਸਾ ਪਹੁੰਚ ਗਈ ਸੀ। ਪੁਲਸ ਫਿਰ ਲਾਸ਼ ਨੂੰ ਕਬਜ਼ੇ ’ਚ ਲੈਣ ਨੂੰ ਫਿਰਦੀ ਸੀ ਤੇ ਲੋਕਾਂ ਨੂੰ ਆਪਣੇ ਸ਼ਹੀਦ ਸਾਥੀ ਦਾ ਸਨਮਾਨ-ਪੂਰਵਕ ਸਸਕਾਰ ਨਹੀਂ ਸੀ ਕਰਨ ਦੇਣਾ ਚਾਹੁੰਦੀ। ਪਰ ਪੁਲਸ ਤੇ ਪ੍ਰਸ਼ਾਸਨ ਲੋਕਾਂ ਦੀ ਰੋਹਲੀ ਤਾਕਤ ਮੂਹਰੇ ਲਾਚਾਰ ਹੋ ਕੇ ਰਹਿ ਗਿਆ। ਸ਼ਹੀਦ ਸਾਥੀ ਲਾਭ ਸਿੰਘ ਦੇ ਘਰ ਤੋਂ ਹਜ਼ਾਰਾਂ ਨੌਜਵਾਨਾਂ ਤੇ ਲੋਕਾਂ ਦਾ ਕਾਫ਼ਲਾ ਲਾਲ ਝੰਡੇ ’ਚ ਲਿਪਟੀ ਸ਼ਹੀਦ ਦੀ ਦੇਹ ਨੂੰ ਲੈ ਕੇ ਪੂਰੀ ਸ਼ਾਨ ਨਾਲ ਨਾਅਰੇ ਗੂੰਜਾਉਦਾ ਚੱਲ ਪਿਆ। ਮਾਨਸਾ ਸ਼ਹਿਰ ਪਹਿਲਾਂ ਹੀ ਪੁਲਸ ਜਬਰ ਤੇ ਧੱਕੇ ਖਿਲਾਫ ਬੰਦ ਹੋ ਚੁੱਕਾ ਸੀ।
ਪਰ ਪੁਲਸ ਹਾਲੇ ਵੀ ਜਾਬਰ ਹੱਥਕੰਡਿਆ ਤੋਂ ਪਿੱਛੇ ਨਹੀਂ ਸੀ ਹਟ ਰਹੀ। ਹਜ਼ਾਰਾਂ ਲੋਕ ਜਦੋਂ ਸ਼ਮਸ਼ਾਨ ਘਾਟ ਵਿੱਚ ਸ਼ਹੀਦ ਸਾਥੀ ਦਾ ਸਸਕਾਰ ਕਰ ਰਹੇ ਸਨ ਤਾਂ ਪੁਲਸ ਨੇ ਸ਼ਮਸ਼ਾਨ ਘਾਟ ਨੂੰ ਚਾਰੇ ਪਾਸਿਓਂ ਘੇਰ ਲਿਆ। ਪੁਲਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਪਾੜ੍ਹਿਆਂ-ਨੌਜਵਾਨਾਂ ਦੇ ਲੋੜੀਂਦੇ ਰੂਪੋਸ਼ ਆਗੂਆਂ ਨੂੰ ਗਿ੍ਰਫ਼ਤਾਰ ਕਰੇਗੀ। ਇਸ ’ਤੇ ਮਾਹੌਲ ਇਸ ਕਦਰ ਤਣਾਅਪੂਰਨ ਹੋ ਗਿਆ ਕਿ ਪੁਲਸ ਨੇ ਬੰਦੂਕਾਂ ਸੇਧ ਲਈਆਂ ਤੇ ਲੋਕਾਂ ਨੇ ਇੱਟਾਂ-ਵੱਟੇ ਜੋ ਵੀ ਹੱਥ ਆਇਆ ਉਹ ਉਠਾ ਲਏ। ਅੰਤ ਹਾਲਤ ਵਿਗੜਦੀ ਦੇਖ ਪੁਲਸ ਮੂੰਹ ਦੀ ਖਾ ਕੇ ਪਿੱਛੇ ਹਟ ਗਈ ਅਤੇ ਲੋਕਾਂ ਦਾ ਸਮੁੰਦਰ ਆਪਣੇ ਪਾੜ੍ਹੇ-ਨੌਜਵਾਨ ਆਗੂਆਂ ਨੂੰ ਸੁਰੱਖਿਅਤ ਵਾਪਸ ਲੈ ਗਿਆ। ਸ਼ਹੀਦ ਲਾਭ ਸਿੰਘ ਦੀ ਲਾਸ਼ ਨੂੰ ਪੁਲਸੀਆਂ ਦੇ ਹੱਥਾਂ ’ਚੋਂ ਕੱਢ ਲੈ ਜਾਣਾ ਤੇ ਫਿਰ ਪੂਰੀਆਂ ਇਨਕਲਾਬੀ ਰਵਾਇਤਾਂ ਅਨੁਸਾਰ ਸਾਰੇ ਬੰਧਨ ਤੋੜ ਕੇ ਸਸਕਾਰ ਕਰਨਾ ਇਤਿਹਾਸ ਦੀ ਉਵੇਂ ਹੀ ਨਿਵੇਕਲੀ ਘਟਨਾ ਬਣ ਗਈ, ਜਿਵੇਂ ਸ਼੍ਰੀ ਗੁਰੂ ਤੇਗ ਬਹਾਦਰ ਦਾ ਸੀਸ ਲੈ ਕੇ ਭਾਈ ਜੈਤਾ ਜੀ ਨੇ ਇਤਿਹਾਸ ਰਚਿਆ ਸੀ। ਇਸੇ ਪ੍ਰਸੰਗ ਵਿੱਚ ਸਾਡੀ ਦਲੇਰਾਨਾ ਕਾਰਵਾਈ ਨੂੰ ਉਚਿਆਉਦਾ ਇੱਕ ਗੀਤ ਅਮੋਲਕ ਸਿੰਘ ਨੇ ਲਿਖਿਆ, ਜਿਹੜਾ ‘ਪਰਚੰਡ’ ਵਿੱਚ ਛਪਿਆ, ਮੈਂ ਬਠਿੰਡਾ ਜ਼ੇਲ੍ਹ ਵਿੱਚ ਪੜ੍ਹਿਆ ਤੇ ਜਿੱਥੇ ਇਸ ਗੀਤ ਦੇ ਬੋਲ ਵਾਰ-ਵਾਰ ਗਾਏ ਜਾਂਦੇ ਰਹੇ-
ਨੌਵੇਂ ਪਾਤਸ਼ਾਹ ਦਾ ਸੀਸ ਕੱਟ ਦਿੱਲੀ ਨੇ, ਵੈਰੀ ਰੱਜ ਕੇ ਜਾਮ ਸੀ ਪੀਤਾ।
ਵੈਰੀਆਂ ਤੋਂ ਸੀਸ ਰੰਘਰੇਟਿਆਂ ਨੇ, ਖੋਹ ਕੇ ਗ਼ੈਰਤ ਨੂੰ ਉੱਚਿਆਂ ਕੀਤਾ।
ਲਾਸ਼ ਤੇਰੀ ਖੋਹੀ ਵੀਰਾ ਅੱਧ-ਝੁਲਸੀ, ਛੱਡ ਭੱਜ ਗਏ ਵੈਰੀ ਹੱਤਿਆਰੇ।
ਰੱਲੇ ਦੀਏ ਮਿੱਟੀਏ ਨੀਂ ਲਹੂ ਰੱਤੀਏ, ਤੈਨੂੰ ਕਹਿਣਗੇ ਸਲਾਮਾਂ ਸਾਰੇ...
ਪੁਸਤਕ ‘ਜ਼ਿੰਦਗੀ ਦੇ ਰਾਹਾਂ ’ਤੇ’ ’ਚੋਂ
ਸੰਪਰਕ : 94175-88616
Surinder Singh Manguwal
Es din 1981 nu asi v sarian jathe bandian ne ral ke goraya busan Da chaka jam kita c te police nal aamo sahmne takra hoiya c te kayeeian de sattan lagian te police wale v fattar hoye c .