ਛੂਟਤੀ ਨਹੀਂ ਕਾਫ਼ਿਰ ਮੂੰਹ ਕੋ ਲਗੀ ਹੂਈ - ਤਰਸੇਮ ਬਸ਼ਰ
Posted on:- 05-04-2015
ਸਰਕਾਰ ਨਸ਼ਿਆਂ ਦੇ ਮੁੱਦੇ ’ਤੇ ਬਹੁਤ ਗੰਭੀਰ ਹੈ, ਪਰ ਨਸ਼ੇ ਕਰਨ ਵਾਲੇ ਨਸ਼ਿਆਂ ਲਈ ਕਿੰਨੇ ਗੰਭੀਰ ਹਨ, ਇਸ ਨੂੰ ਜਾਣਨ ਦਾ ਕੋਈ ਪੈਮਾਨਾ ਨਹੀਂ ਬਣਾ ਸਕੀ ਉਹ ।ਦੂਜੇ ਨਸ਼ਿਆਂ ਨੂੰ ਇੱਕ ਪਾਸੇ ਰੱਖੋ , ਇੱਥੇ ਸਿਰਫ ਸ਼ਰਾਬੀਆਂ ਦੀ ਗੱਲ ਕਰਦੇ ਹਾਂ । ਇਹ ਅੰਗੂਰ ਦਾ ਬਣਿਆ ਪਾਣੀ ਵੀ ਅਜੀਬ ਸ਼ੈਅ ਹੈ, ਇਹ ਸਰੂਰ ਇੱਕ ਵਾਰ ਜ਼ਿੰਦਗੀ ਵਿੱਚ ਦਾਖਲ ਹੋ ਗਿਆ ਤਾਂ ਜਾਣ ਦਾ ਨਾਂ ਨਹੀਂ ਲੈਂਦਾ । ਜਾਨ ਜਾਵੇ ਤਾਂ ਜਾਵੇ । ਚਾਚਾ ਗ਼ਾਲਿਬ ਨੇ ਵੀ ਫਰਮਾਇਆ ਹੈ ਕਿ ‘‘ਛੂਟਤੀ ਨਹੀਂ ਕਾਫ਼ਿਰ ਮੂੰਹ ਕੋ ਲਗੀ ਹੂਈ ।’’ ਜੇ ਖੁਸ਼ੀ ਹੋਈ ਤਾਂ ਸਭ ਤੋਂ ਸ਼ਾਨਦਾਰ ਸਾਥੀ ਜੇ ਕੋਈ ਗ਼ਮ ਹੋਵੇ ਤਾਂ ਸਭ ਤੋਂ ਵੱਡੀ ਗ਼ਮਖਾਰ । ਮੇਰੇ ਇੱਕ ਦੋਸਤ ਨੇ ਸ਼ਰਾਬ ਛੱਡਣ ਦੀ ਇੱਕ ਮਹੀਨੇ ਦੀ ਸਹੁੰ ਪਾਈ ਪਰ ਸ਼ਾਮ ਹੁੰਦਿਆਂ ਮਨ ਫਿਰ ਬੇਇਮਾਨ ਹੋ ਗਿਆ ।ਜਦੋਂ ਗਿਲਾਸੀ ਚੱਕੀ ਤਾਂ ਘਰਵਾਲੀ ਨੇ ਯਾਦ ਕਰਾਇਆ ,‘‘ਜੀ ,ਤੁਸੀਂ ਤਾਂ ਦੁਪਹਿਰੇ ਹੀ ਮਹੀਨੇ ਦੀ ਸਹੁੰ ਪਾਈ ਐ ।’’ ਤਾਂ ਦੋਸਤ ਨੇ ਆਪਣੀ ਦਲੀਲ ਦਿੱਤੀ ,‘‘ਅੱਜ ਮੌਸਮ ਥੋੜ੍ਹਾ ਜਿਹਾ ਵਧੀਆ ਐ ,ਅੱਜ ਲਾ ਲੈਨਾਂ ਇਹਦਾ ਕੀ ਮਹੀਨੇ ਚੋਂ ਪਿੱਛੋਂ ਇੱਕ ਦਿਨ ਵਧਾ ਦੇਊਂਗਾ ।’’ ਬ਼ਸ ਫਿਰ ਕੀ ਸੀ ਮਹੀਨੇ ਦੇ ਪਿਛਲੇ ਪਾਸਿਓ ਈ ਦਿਨ ਵਧਦੇ ਗਏ ,ਸਹੁੰ ਦਾ ਮਹੀਨਾ ਕਦੇ ਸ਼ੁਰੂ ਈ ਨਈ ਹੋਇਆ।
ਇਸੇ ਤਰ੍ਹਾਂ ਇੱਕ ਹੋਰ ਹਜ਼ਰਤ ਦਾ ਜਿ਼ਕਰ ਹੈ ।ਇੱਕ ਦਿਨ ਮਨ ਪਛਤਾਵਿਆਂ ਨਾਲ ਭਰਿਆ ਤਾਂ ਅਨੇਕਾਂ ਖਿਆਲ ਮਨ ਵਿੱਚ ਉਮੜ ਆਏ । ਸ਼ਰਾਬ ‘ਚ ਰੱਖਿਆ ਕੀ ਹੈ ! ਛੱਡੋ ਖਹਿੜਾ ਇਹਦਾ ।ਆਤਮਬਲ ਨੇ ਜ਼ੋਸ਼ ਮਾਰਿਆ ਤਾਂ ਖਾਲੀ ਬੋਤਲਾਂ ਨਾਲ ਵੀ ਨਫ਼ਰਤ ਹੋ ਗਈ । ਟੀ.ਵੀ ਥੱਲੇ ਪਈ ਛੋਟੀ ਜਿਹੀ ਸੰਦੂਕੜੀ ਵਿੱਚ ਪਈਆਂ ਖਾਲੀ ਬੋਤਲਾਂ ਦਾ ਖਿਆਲ ਆ ਗਿਆ । ਝੱਟ ਬੋਰੀ ਚੱਕ ਲਿਆਂਦੀ ,ਸੰਦੂਕੜੀ ‘ਚ ਹੱਥ ਮਾਰਿਆ ਤਾਂ ਖਾਲੀ ਬੋਤਲ ਹੱਥ ‘ਚ ਆ ਗਈ । ਬੜੀ ਬੇਇੱਜ਼ਤ ਕਰਕੇ ਬੋਰੀ ਦੇ ਹਵਾਲੇ ਕੀਤਾ ,ਦੂਜੀ ਵਾਰੀ ਹੱਥ ਮਾਰਿਆ ਤਾਂ ਖਾਲੀ ਅਧੀਆ ਹੱਥ ‘ਚ ਆਇਆ ,‘‘ਜ਼ਿੰਦਗੀ ਬਰਬਾਦ ਕਰਤੀ ਇਹਨਾਂ ਨੇ ।’’ ਬੋਲਦਿਆਂ ਨਫਰਤ ਨਾਲ ਉਹਨੂੰ ਵੀ ਬੋਰੀ ਦੇ ਹਵਾਲੇ ਕੀਤਾ । ਇਸੇ ਤਰ੍ਹਾਂ ਕਦੇ ਪਊਆ ,ਕਦੇ ਹਾਫ , ਕਦੇ ਬੋਤਲ ਇਸ ਘ੍ਰਿਣਾ ਦਾ ਸਿ਼ਕਾਰ ਹੋ ਕੇ ਬੋਰੀ ਦੇ ਕਾਲੇ ਹਨੇਰਿਆਂ ਹਵਾਲੇ ਹੁੰਦੀਆਂ ਰਹੀਆਂ । ਫਿਰ ਅਚਾਨਕ ਸੰਦੂਕੜੀ ‘ਚ ਹੱਥ ਮਾਰਨ ਤੇ ਪੁਰਾਣਾ ਭੁਲਿਆ ਵਿਸਰਿਆ ਭਰਿਆ ਅਧੀਆਂ ਹੱਥ ‘ਚ ਆ ਗਿਆ ਤਾਂ ਅਚਾਨਕ ਹੱਥ ਰੁਕ ਗਿਆ ।ਦਿਲ ‘ਚ ਪਤਾ ਨਹੀਂ ਕਿੱਧਰੋਂ ਵੈਰਾਗ ਤੇ ਦਇਆ ਦਾ ਚਸਮਾ ਫੁੱਟ ਪਿਆ ਸੀ ਤੇ ਹਜ਼ਰਤ ਅਧੀਏ ਨਾਲ ਮੁਖਾਤਿਬ ਹੋ ਕੇ ਕਹਿ ਰਹੇ ਸਨ ,‘‘ ਤੂੰ ਤਾਂ ਪਾਸੇ ਰਹਿ ਤੇਰਾ ਤਾਂ ਕੋਈ ਕਸੂਰ ਨਹੀਂ ।’’ ਤੇ ਅਧੀਏ ਨੂੰ ਸੰਦੂਕੜੀ ਦੇ ਅੰਦਰ ਨਰਮ ਗੋਸ਼ੇ ਤੇ ਟਿਕਾ ਦਿੱਤਾ ਸੀ ।
ਇਸੇ ਤਰ੍ਹਾਂ ਦੀ ਇੱਕ ਹੋਰ ਮਜ਼ਾਹੀਆਂ ਘਟਨਾ ਯਾਦ ਆ ਰਹੀ ਹੈ । ਇਹ ਸਾਡੇ ਪਿੰਡ ਦੀ ਹੈ । ਫੱਜੀ ਪਿੰਡ ਦਾ ਬਦਨਾਮ ਸ਼ਰਾਬੀ ਸੀ ਤੇ ਇੱਕ ਦਿਨ ਸਰਪੰਚ ਦੇ ਘਰੇ ਗਿਆ ਸਵੇਰੇ ਸਵੇਰੇ । ਹੱਥ ਜੋੜ ਕੇ ਬੇਨਤੀ ਕੀਤੀ , ‘‘ਸਰਪੰਚ ਸਾਹਿਬ , ਮੇਰੇ ਸ਼ਰਾਬ ਛੁਡਾ ਦਿਓ।’’ ਸਰਪੰਚ ਨੇਕ ਦਿਨ ਇਨਸਾਨ ਸੀ ਸੋਚਿਆ ਅਖੀਰ ਸੁਧਰ ਹੀ ਗਿਆ । ਬੋਲੇ ,‘‘ ਚੱਲ ਫਿਰ ਪਹਿਲਾਂ ਅਰਦਾਸ ਕਰ ਆਈਏ ।’’ ਤੇ ਫੱਜੀ ਉਹਨਾਂ ਦੇ ਮੂੰਹ ਵੱਲ ਹੈਰਾਨੀ ਨਾਲ ਝਾਕ ਰਿਹਾ ਸੀ। ਬੋਲਿਆ, ‘‘ਸਰਪੰਚ ਸਾਹਬ ਅਰਦਾਸ ਨਹੀਂ, ਠਾਣੇ ਆਲਿਆਂ ਨੂੰ ਬੇਨਤੀ ਕਰਨੀ ਆ ਰਾਤ ਚੱਕ ਕੇ ਲੈ ਗਏ ਸੀ ਮੇਰੀਆਂ ਬੋਤਲਾਂ।’’
ਪੀਣ ਦੇ ਮਾਮਲੇ ਵਿੱਚ ਸ਼ਰਾਬੀਆਂ ਦੀਆਂ ਦਲੀਲਾਂ ਵੱਡੇ ਵੱਡੇ ਨੇਤਾਵਾਂ ਨੂੰ ਪਿੱਛੇ ਛੱਡ ਦੇਣ । ਇੱਕ ਬੰਦੇ ਨੇ ਸ਼ਰਾਬੀ ਨੂੰ ਨਸੀਹਤ ਦੇਣੀ ਸ਼ੁਰੂ ਕੀਤੀ ,‘‘ ਕਿਉਂ ਘਰ ਉਜਾੜਦੈ ਇਹਨੂੰ ਬਣਾ ਰੰਗ ਰੋਗਨ ਕਰਾ, ਸੋਹਣਾ ਲੱਗੇ ।’’ ਤਾਂ ਅੱਗੋਂ ਸ਼ਰਾਬੀ ਦਾ ਜਵਾਬ ਸੀ ,‘‘ ਤਾਇਆ ਦੋ ਪੈਗ ਲਾਇਆ ਕਰ ਤੈਨੂੰ ਵੀ ਦੁਨੀਆ ਸੋਹਣੀ ਲੱਗੇ ।’’
ਲੇਖਕਾਂ ਦਾ ਤਾਂ ਇਸ ਮਾਮਲੇ ਵਿੱਚ ਕਹਿਣਾ ਹੀ ਕੀ ਉਹਨਾਂ ਨੇ ਤਾਂ ਆਪਣਾ ਹੱਕ ਆਪ ਰਿਜ਼ਰਵ ਕਰ ਲਿਆ ਹੈ । ਉਹ ਇਸ ਬਿਨਾਅ ਤੇ ਕਿ ਹਜ਼ਾਰਾਂ ਸੋਚਾਂ ਨੇ ਤੇ ਇਕੱਲਾ ਉਹਨਾਂ ਦਾ ਸੰਵੇਦਨਸ਼ੀਲ ਵਿਚਾਰਾ ਦਿਲ । ਇਸੇ ਸੰਬੰਧ ‘ਚ ਇੱਕ ਸਾਹਿਤਕ ਚੁਟਕਲਾ ਵੀ ਜਿ਼ਕਰਯੋਗ ਹੈ । ਕਹਿਣ ਵਾਲੇ ਕਹਿੰਦੇ ਹਨ ਕਿ ਇੱਕ ਵਾਰ ਸਿ਼ਵ ਬਟਾਲਵੀ ਆਪਣੇ ਦੋਸਤ ਨਾਲ ਇਸੇ ਤਰ੍ਹਾਂ ਦੀ ਮਹਿਫ਼ਲ ਵਿੱਚ ਸੀ ।ਪੀਣ ਪਿਲਾਉਣ ਦਾ ਦੌਰ ਇਸ ਮੁਕਾਮ ਤੱਕ ਵੀ ਪਹੁੰਚਿਆ ਕਿ ਸਿ਼ਵ ਆਪਣੇ ਦੋਸਤ ਨੂੰ ਕਹਿ ਰਿਹਾ ਸੀ ,‘‘ ਤੂੰ ਘੱਟ ਪੀਆ ਕਰ ਯਾਰ ! ਤੂੰ ਤਾਂ ਦਿਸਣੋ ਈ ਹਟਦਾ ਜਾਨੈ, ਝੌਲੈ ਜਿਹੇ ਪੈਣ ਲੱਗ ਪਏ ਤੇਰੇ ।’’
ਸਿ਼ਵ ਦਾ ਜਿ਼ਕਰ ਆਇਆ ਤਾਂ ਮੈਂ ਵੀ ਆਪਣੀ ਫ਼ਿਤਰਤ ‘ਚ ਆਉਣੋ ਨਹੀਂ ਰਹਿ ਸਕਦਾ । ਚਾਹੇ ਵਿਅੰਗ ਦੀ ਮਰਿਯਾਦਾ ਰਹੇ ਜਾਂ ਨਾਂ ਰਹੇ ,ਚਾਹੇ ਇਹ ਵਿਅੰਗ ਛਪੇ ਜਾਂ ਕਿਤੇ ਨਾ ਛਪੇ । ਇਹ ਅੰਗੂਰ ਦੀ ਬੇਟੀ ਕਹੀ ਜਾਂਦੀ ਇਹ ਸ਼ੈਅ ਵੱਡੀਆਂ ਸੋਚਾਂ ਰੱਖਣ ਵਾਲੇ ,ਵੱਡੇ ਲੋਕਾਂ ਨੂੰ ਵੀ ਹਜ਼ਮ ਕਰ ਗਈ । ਜ਼ਜ਼ਬਾਤੀ ਲੋਕ ਇਸ ਦੀ ਗੋਦ ਵਿੱਚ ਆਰਾਮ ਦੀ ਤਲਬ ਵਿੱਚ ਪਹੰੁਚਦੇ ਰਹੇ ਤੇ ਇਹ ਉਹਨਾਂ ਨੂੰ ਸਦਾ ਦੀ ਨੀਂਦ ਸੁਲਾ ਦਿੰਦੀ ਰਹੀ ।‘‘ਦਾਰੂ’’ ਸ਼ਬਦ ਸਮੇਂ ਦੇ ਨਾਲ ਨਵੇਂ ਅਰਥਾਂ ਵਿੱਚ ਸਥਾਪਿਤ ਹੋ ਗਿਆ ।ਉਹ ਦਾਰੂ ਜੋ ਲੋਕਾਂ ਨੂੰ ਠੀਕ ਕਰਦੀ ਸੀ ,ਲੋਕਾਂ ਨੂੰ ਜ਼ਿੰਦਗੀ ਦਿੰਦੀ ਸੀ ਅੱਜ ਨਵੇਂ ਅਰਥਾਂ ਨਾਲ ਸਾਡੇ ਸਾਹਮਣੇ ਹੈ ਤੇ ਇਹ ਦਾਰੂ ਰੋਗਾਂ ਨੂੰ ਭਜਾਊਂਦੀ ਨਹੀਂ ਬਲਕਿ ਬਲਾਉਂਦੀ ਹੈ ,ਜ਼ਿੰਦਗੀ ਦਿੰਦੀ ਨਹੀਂ ਬਲਕਿ ਖੋਹ ਲੈਂਦੀ ਹੈ ਤਾਂ ਸਦਕੇ ਜਾਈਏ ਮੈਖ਼ਾਨੇ ਵਾਸਤੇ ਅਕੀਦਾ ਰੱਖਣ ਵਾਲਿਆਂ ਵਾਸਤੇ ਕਿ ਹਾਲਾਤਾਂ ਦਾ ਮੁਕਾਬਲਾ ਕਰਨ ਦੀ ਥਾਂ ਤੇ ਉਹਨਾਂ ਤੋਂ ਦੂਰ ਭੱਜਣ ਵਾਲਿਆਂ ਨੇ ਸ਼ਰਾਬ ਕਹੀ ਜਾਂਦੀ ਇਸ ਚੀਜ਼ ਨੂੰ ਹੀ ਦਾਰੂ ਦਾ ਨਾਂ ਦੇ ਦਿੱਤਾ।
ਸੰਪਰਕ: +91 99156 20944