ਮੱਧਮ ਨਾ ਹੋਣ ਦਿਓ ਰੋਸ਼ਨੀਆਂ -ਸੰਤੋਖ ਸਿੰਘ ਭਾਣਾ
Posted on:- 30-03-2015
ਆਦਮੀ ਦੇ ਢਲਦੇ ਸਰੀਰ ਨੂੰ ਬੁਢਾਪਾ ਕਿਹਾ ਗਿਆ ਹੈ। ਲਗਾਤਾਰ ਜੀਵਨ ਜਿਉਂਦਿਆਂ ਆਦਮੀ ਦੇ ਸਰੀਰ ਦੀਆਂ ਗ੍ਰੰਥੀਆਂ ਥੱਕ ਜਾਂਦੀਆਂ ਹਨ।ਚਮੜੀ ਸੂੰਗੜਨ ਲੱਗਦੀ ਹੈ।ਅੱਖਾਂ ਦੀ ਰੋਸ਼ਨੀ ਅਤੇ ਕੰਨਾਂ ਦੀ ਸੁਣਨ ਸ਼ਕਤੀ ਘੱਟ ਜਾਂਦੀ ਹੈ।ਦੰਦ ਡਿੱਗਣ ਲੱਗ ਪੈਂਦੇ ਹਨ।ਵਾਲ ਸਫੈਦ ਹੋਣ ਲੱਗਦੇ ਹਨ।ਚੱਲਦਿਆਂ ਚੱਲਦਿਆਂ, ਜਿਵੇ ਮਸ਼ੀਨ ਘਸਣ ਲੱਗਦੀ ਹੈ, ਉਸੇ ਤਰ੍ਹਾਂ ਆਦਮੀ ਦੇ ਸਰੀਰ ਰੂਪੀ ਪੁਰਜ਼ੇ ਵੀ ਘਸਣ ਲੱਗਦੇ ਹਨ। ਏਸੇ ਦਾ ਨਾਮ ਬੁਢਾਪਾ ਹੈ।ਜਿਸ ਦਿਨ ਇਹ ਮਸ਼ੀਨ ਕੰਮ ਕਰਨਾ ਬੰਦ ਕਰ ਦਿੰਦੀ ਹੈ, ਉਹ ਛਿਣ ਮੌਤ ਕਹਾਉਂਦਾ ਹੈ।
ਆਦਮੀ ਦੀ ਮੌਤ ਵੱਲ ਵਧਦੀ ਢਲਾਨ ਦੋ ਤਰ੍ਹਾਂ ਦੀ ਹੁੰਦੀ ਹੈ।ਇੱਕ ਸ਼ਾਨਦਾਰ, ਦੂਜੀ ਘਟੀਆਂ ।ਸ਼ਾਨਦਾਰ ਢਲਾਣ ਵਾਲੇ ਬੰਦੇ ਦੇ ਚਿਹਰੇ ਉੱਤੇ ਰੌਣਕ, ਹੋਠਾਂ ਉੱਤੇ ਮੁਸਕਾਨ, ਕੰਮ ਕਰਨ `ਚ ਦਿਲਚਸਪੀ ਅਤੇ ਜਵਾਨਾਂ ਵਰਗੀ ਫੁਰਤੀ ਹੁੰਦੀ ਹੈ।ਘਟੀਆ ਢਲਾਣ ਵਾਲੇ ਬੰਦੇ, ਮੰਜੇ ਉੱਤੇ ਅੱਡੀਆਂ ਗੋਡੇ ਰਗੜ-ਰਗੜ ਕੇ ਅਤੇ ਸਿਸਕੀਆਂ ਭਰਦੇ ਹੋਏ ਦਮ ਤੋੜਦੇ ਹਨ।ਕੀ ਤੁਸੀਂ ਅਜਿਹੀ ਮੌਤ ਮਰਨਾ ਪਸੰਦ ਕਰੋਂਗੇ? ਨਹੀਂ ਨਾ * ਅਜਿਹੀ ਦਰਦਾਨਾਕ ਮੌਤ ਤੋਂ ਤਾਂ ਹੀ ਬਚਿਆ ਜਾ ਸਕਦਾ ਹੈ, ਜੇਕਰ ਤੁਹਾਡੇ ਮਨ `ਚ ਹਰ ਵੇਲੇ ਜਵਾਨ ਬਣੇ ਰਹਿਣ ਦੀ ਭਾਵਨਾ ਬਣੀ ਰਹੇ।
ਇਸ ਭਾਵਨਾ ਨੂੰ ਬਰਕਰਾਰ ਰੱਖਣਾ ਕਿਸੇ ਸਾਧਨਾਂ ਤੋਂ ਘੱਟ ਨਹੀਂ ਹੁੰਦਾ।ਚਾਲੀ ਪੰਜਾਹ ਪਾਰ ਕਰਦਿਆਂ ਹੀ ਸਾਡੇ ਲਈ ਸੰਬੋਧਨ ਬਦਲ ਜਾਂਦੇ ਹਨ।ਚਾਚਾ ਜੀ, ਤਾਇਆ ਜੀ, ਮਾਮਾ ਜੀ। ਪੈਰ-ਪੈਰ `ਤੇ ਇਹ ਸੰਬੋਧਨ ਸਾਨੂੰ ਬੁਢਾਪੇ ਦਾ ਅਹਿਸਾਸ ਕਰਾਂਉਦੇ ਰਹਿੰਦੇ ਹਨ।ਖਾਸਕਰ ਔਰਤਾਂ ਨੂੰ ਮਾਤਾਜੀ,ਤਾਈ ਜੀ ਸ਼ਬਦ ਤੋਂ ਚਿੜ ਹੁੰਦੀ ਹੈ।ਸਿਰਫ ਇੱਕ `ਭੈਣ ਜੀ` ਦਾ ਸੰਬੋਧਨ ਹੀ ਉਨ੍ਹਾਂ ਲਈ ਸੁਖਦ ਹੁੰਦਾ ਹੈ।ਆਦਮੀ ਵੀ ਇਸ ਤਰ੍ਹਾਂ ਦੇ `ਬੁੱਢਾ ` ਹੋਣ ਦੇ ਸੰਬੋਧਨ ਸੁਣ ਕੇ ਅੰਦਰੋ ਅੰਦਰੀ ਬਹੁਤ ਔਖੇ ਹੁੰਦੇ ਹਨ।ਇਸ ਅਹਿਸਾਸ ਦੇ ਹੁੰਦਿਆਂ ਆਪਣੇ ਆਪ ਨੂੰ ਸਦਾ ਜਵਾਨ ਸਮਝਣਾ ਜਾਂ ਬੁੱਢਾ ਨਾ ਸਮਝਣ ਦੀ ਭਾਵਨਾ ਨੂੰ ਮਨ `ਚ ਕਾਇਮ ਰੱਖਣਾ ਕਿਸੇ ਤਪੱਸਿਆ ਤੋਂ ਘੱਟ ਨਹੀਂ ਹੁੰਦਾ।ਕਿਉਂਕਿ ਚੁਸਤੀ-ਫੁਰਤੀ ਜਾਂ ਗੱਭਰੂਆਂ ਵਰਗੀ ਚਾਲ ਢਾਲ ਵਿਖਾਉਣਾ ਸਾਨੂੰ ਮਖੌਲ ਦਾ ਪਾਤਰ ਵੀ ਬਣਾ ਦਿੰਦੀ ਹੈ।
ਇਨ੍ਹਾਂ ਸਾਰਿਆਂ ਹਾਲਾਤਾਂ ਦੇ ਹੁੰਦਿਆਂ ਆਪਣੇ ਆਪ ਨੂੰ ਜਵਾਨ ਬਣਾਈ ਰੱਖਣਾ ਸੱਖ-ਮੁੱਚ ਈ ਔਖਾ ਕੰਮ ਹੈ ਪਰ਼ ਫਿਰ ਵੀ ਜੇਕਰ ਅਸੀਂ ਇਹ ਅਹਿਸਾਸ ਬਣਾ ਕੇ ਰੱਖਦੇ ਹਾਂ ਤਾਂ ਹੀ ਬੁਢਾਪਾ ਸਫਲ ਹੋ ਸਕਦਾ ਹੈ।ਵੈਸੇ ਵੀ ਇਹ ਸਮਝਿਆ ਜਾਂਦਾ ਹੈ ਕਿ ਸਰੀਰ ਬੁੱਢਾ ਹੋ ਜਾਦਾ ਹੈ ਪਰ ਮਨ ਸਦਾ ਜਵਾਨ ਬਣਿਆ ਰਹਿੰਦਾ ਹੈ।
ਜੇਕਰ ਤੁਸੀਂ ਆਪਣੇ ਆਪ ਨੂੰ ਸਦਾ ਤਰੋ-ਤਾਜ਼ਾ ਮਹਿਸੂਸ ਕਰਦ ਰਹੋ ਤਾਂ ਤੁਸੀਂ ਬੁਢਾਪੇ `ਚ ਵੀ ਤੰਦਰੁਸਤ ਰਹਿ ਸਕਦੇ ਹੋ।ਇਹ ਕਦੇ ਨਾ ਸੋਚੋ ਕਿ ਅਸੀ ਬੁੱਢੇ ਹੋ ਗਏ ਹਾ ਅਤੇ ਮਿਹਨਤ ਨਹੀਂ ਕਰ ਸਕਦੇ ।ਮਨ ਵਿੱਚ ਬੁਢਾਪੇ ਦਾ ਜਰਾ ਜਿੰਨਾ ਅਹਿਸਾਸ ਵੀ ਨਹੀਂ ਹੋਣ ਚਾਹੀਦਾ।ਜਿਵੇਂ ਹੀ ਤੁਸੀ ਬੁਢਾਪੇ ਦਾ ਅਹਿਸਾਸ ਕਰਨਾ ਸ਼ੁਰੂ ਕਰ ਦਿੰਦੇ ਹੋ ਉਂਦੋ ਹੀ ਤੁਹਾਡੇ ਹੱਥ ਪੈਰ ਢਿੱਲੇ ਹੋ ਜਾਂਦੇ ਹਨ। ਮਾਸਪੇਸ਼ੀਆਂ ਸੂੰਗੜ ਜਾਂਦੀਆਂ ਹਨ ਅਤੇ ਤੁਸੀ ਨਿਢਾਲ ਹੋ ਕੇ ਲੁੜਕ ਜਾਂਦੇ ਹੋ।ਤੁਹਾਡੀ ਏਸੇ ਕਮਜੋਰੀ ਦਾ ਲਾਭ ਉਠਾ ਕੇ ਹੀ ਤਰ੍ਹਾਂ ਤਰ੍ਹਾਂ ਦੀਆਂ ਬੀਮਾਰੀਆਂ ਤੁਹਾਡੇ ਉੱਤੇ ਹਮਲਾ ਕਰ ਦਿੰਦੀਆਂ ਹਨ ਅਤੇ ਤੁਸੀ ਮੰਜੇ ਨਾਲ ਮੰਜਾ ਹੋ ਜਾਂਦੇ ਹੋ।
ਬੁਢਾਪਾ ਸੋਚਣ ਨਾਲ ਆਉਦਾ ਹੈ।ਜੇਕਰ ਤੁਸੀਂ ਆਪਣੇ ਭੂਤਕਾਲ ਦੇ ਉਧੇੜ-ਬੁਣ `ਚ ਨਹੀਂ ਪੈਂਦੇ ,ਯਾਰਾਂ-ਦੋਸਤਾਂ, ਰਿਸ਼ਤੇਦਾਰ ਅਤੇ ਆਸ-ਪਾਸ ਦੇ ਲੋਕਾਂ ਨਾਲ ਮਾੜਾ ਵਤੀਰਾ ਨਹੀਂ ਕਰਦੇ, ਨਵੇਂ ਨਵੇਂ ਕੰਮ ਕਰਨ ਤੋਂ ਜੀ ਨਹੀਂ ਚੁਰਾਂਉਦੇ ਤਾਂ ਬੁਢਾਪਾ ਤੁਹਾਡੇ ਨੇੜੇ ਫਟਕ ਵੀ ਨਹੀਂ ਸਕਦਾ।ਜਿਹੜੇ ਬੰਦੇ ਸਦਾ ਨਵੀਆਂ ਨਵੀਆਂ ਗੱਲਾਂ ਸੋਚਦੇ ਰਹਿੰਦੇ ਹਨ, ਨਵੇਂ-ਨਵੇਂ ਕੰਮਾਂ `ਚ ਹਰ ਵੇਲੇ ਦਿਲਚਸਪੀ ਰੱਖਦੇ ਹਨ, ਹਰ ਵੇਲੇ ਖੁਸ਼-ਖੁਸ਼ ਅਤੇ ਚੜ੍ਹਦੀਆਂ ਕਲਾਂ `ਚ ਰਹਿੰਦੇ ਹਨ ਉਹ ਕਦੇ ਵੀ ਢਲਦੀ ਉਮਰ ਦੀ ਪ੍ਰਕ੍ਰਿਆ ਨੂੰ ਮਹਿਸੂਸ ਨਹੀਂ ਕਰਦੇ।
ਜਵਾਨੀ ਦਾ ਸੁਪਨਾ ਕਦੇ ਨਾ ਤੋੜੋ ।ਉਹ ਸਾਰੇ ਆਦਰਸ਼ ਅਤੇ ਕਲਪਨਾਵਾ ਜੋ ਤੁਹਾਨੂੰ ਪ੍ਰੇਰਨਾ ਦਿੰਦੀਆਂ ਹਨ, ਉਹ ਹੀ ਜਵਾਨੀ ਦਾ ਭੇਦ ਹਨ।ਕਲਪਨਾਵਾਂ ਅਤੇ ਰੰਗੀਨੀਆਂ ਨੂੰ ਕਦੇ ਵੀ ਮੱਧਮ ਨਾ ਹੋਣ ਦੇਵੋ, ਬੁਢਾਪਾ ਤੁਹਾਨੂੰ ਕਦੇ ਨਹੀਂ ਸਤਾਵੇਗਾ।
ਬੁਢਾਪੇ ਦੀ ਭਾਵਨਾ ਸਾਡੇ ਸਰੀਰ ਦੇ ਪੋਸ਼ਕ ਤੱਤਾਂ ਨੂੰ ਆਪਣਾ ਕੰਮ ਨਹੀਂ ਕਰਨ ਦਿੰਦੀ।ਨਾਕਾਰਾਤਮਕ ਮਾਨਸਿਕਤਾ ਦੇ ਹੁੰਦਿਆਂ , ਜੇਕਰ ਅਸੀ ਕਦੇ ਬੀਮਾਰ ਹੋ ਜਾਂਦੇ ਹਾਂ ਤਾਂ ਸਾਡਾ ਸਰੀਰ ਰੋਗਾਂ ਦਾ ਸਾਹਮਣਾ ਨਹੀਂ ਕਰ ਸਕਦਾ ਅਤੇ ਅਸੀਂ ਮੰਜਾ ਫੜ੍ਹ ਲੈਂਦੇ ਹਾਂ। ਚੰਗਾ ਭਲਾ ਆਦਮੀ ਵੀ ਆਪਣੇ ਭੈੜੇ ਸੁਪਨਿਆ ਕਰਕੇ ਬੇ-ਕਾਰ ਹੋ ਜਾਂਦਾ ਹੈ।ਭਾਵਨਾਵਾਂ ਹੀ ਸਾਨੂੰ ਨਿਰਬਲ ਜਾਂ ਬਲਵਾਨ ਬਣਾ ਕੇ ਰੱਖਦੀਆਂ ਹਨ।ਜਿਸ ਬੰਦੇ ਨੂੰ ਉਮਰ ਦੀ ਕੋਈ ਚਿੰਤਾਂ ਹੀ ਨਾ ਹੋਵੇ , ਹੋ ਬੁੱਢਾ ਕਿਵੇ ਹੋ ਸਕਦਾ ਹੈ ?
ਗੂੜ੍ਹੀ ਨੀਂਦ ਸ਼ਾਂਤ ਅਤੇ ਸਹਿਜ ਦਿਮਾਗ ਵਿੱਚ ਹੀ ਆਉਂਦੀ ਹੈ।ਜਦੋਂ ਤੱਕ ਦਿਮਾਗ ਵਿੱਚ ਹਲਚਲ ਰਹਿੰਦੀ ਹੈ, ਨੀਂਦ ਆਂਉਦੀ ਹੀ ਨਹੀਂ। ਦਿਮਾਗ `ਚ ਸੁੰਦਰ ਸੁਖਦ ਵਿਚਾਰ ਹੋਣਗੇ ਤਾਂ ਦਿਮਾਗ ਨੂੰ ਬੜਾ ਅਰਾਮ ਮਿਲਦਾ ਹੈ ਤੇ ਨੀਂਦ ਬੜੀ ਸਰਲਤਾ ਨਾਲ ਆ ਜਾਂਦੀ ਹੈ।ਇਸ ਲਈ ਚੰਗੀ ਨੀਂਦ ਲਈ ਮਨ ਇੱਕਦਮ ਹਲਕਾ ਰੱਖਣ ਦੀ ਲੋੜ ਹੈ।
ਮਨ ਦੀਆਂ ਭਾਵਨਾਵਾਂ ਆਦਮੀ ਨੂੰ ਮੌਤ ਦੇ ਆਖਰੀ ਛਿਣ ਤੱਕ ਜਵਾਨ ਬਣਾਈ ਰੱਖ ਸਕਦੀਆ ਹਨ। ਉਮਰ ਦ ਅਹਿਸਾਸ ਭੁੱਲ ਜਾਵੋ।ਕਦੇ ਵੀ ਆਪਣੀ ਉਮਰ ਨੂੰ ਨਾ ਜੋੜੇ।ਉਮਰ ਦਾ ਅਹਿਸਾਸ ਤੁਹਾਡੇ ਸਰੀਰ ਨੂੰ ਤੋੜਕੇ ਰੱਖ ਦਿੰਦਾ ਹੈ।ਇਸ ਵੱਲ ਕਦੇ ਧਿਆਨ ਹੀ ਨਾ ਦੇਵੋ।ਉਮਰ ਦਾ ਅਹਿਸਾਸ ਭੁੱਲ ਜਾਵੋਗੇ ਤਾਂ ਤੁਸੀਂ ਸਦਾ ਜਵਾਨ ਰਹੋਗੇ।
ਸੰਪਰਕ: +91 98152 96475