ਇਹ ਕੇਹਾ ਚੇਤਰ ਆਇਆ ਨੀ ਮਾਏ ! -ਦੇਵਿੰਦਰ ਅਗਰਵਾਲ
Posted on:- 27-03-2015
ਮਾਂ, ਤੂੰ ਹੁੰਦੀ ਤਾਂ ਮੇਰੇ ਲਈ ਚੇਤਰ ਦੇ ਅਰਥ ਫੁੱਲਾਂ ,ਫਲਾਂ ਅਤੇ ਪੰਛੀਆਂ ਨਾਲ ਭਰੇ ਮਹਿਕਦੇ ਰੁੱਖ ਹੀ ਰਹਿਣੇ ਸਨ, ਤੇਰੇ ਨਾ ਹੋਣ ਨਾਲ ,ਇਹ ਸੜਦੇ ਜੰਗਲ ਵਿੱਚ ਬਦਲ ਗਏ ਹਨ । ਮਾਂਵਾਂ ਦੇ ਹੋਣ ਨਾਲ, ਛਾਂਵਾਂ , ‘ਵਾਵਾਂ , ਥਾਵਾਂ, ਰਾਹਵਾਂ ਦੇ ‘ਸਿੱਧਾਰਥੀ’ ਅਰਥ, ਮਾਵਾਂ ਦੇ ਨਾ ਹੋਣ ‘ਤੇ ਜਿਵੇਂ ‘ਬੁੱਧਾਰਥੀ’ ਅਰਥਾਂ ਵਿੱਚ ਬਦਲ ਜਾਂਦੇ ਹਨ ।
ਆਪ ਦੀ ਧੀ ਨੂੰ ਚੜ੍ਹਦੇ ਚੇਤਰ ਪ੍ਰਵਚਨ ਦਿੰਦਿਆਂ ਤੂੰ ਹੀ ਕਹਿਣਾ ਸੀ ‘ਕੁੜੇ ਚੇਤ ਦੇ ਨਰਾਤਿਆਂ ਦੇ ਵਰਤ ਨਾ ਰੱਖਿਆ ਕਰ ,ਇਹ ਚਿੰਤਾ ਵਧਾਉਦੇ ਆ ,ਏਦੂੰ ਅੱਸੂ ਦੇ ਆਸ ਬਨ੍ਹਾਉਣ ਵਾਲੇ ਨਰਾਤੇ ਰੱਖ ਲਿਆ ਕਰ’ ਅਤੇ ਹੋਲੀ ਟੱਪੀ ਤੋਂ ਆਵਦੀਆਂ ਨੂੰਹਾਂ ਨੂੰ ’ਰਸਮੋੜ’ ਹੋਈਆਂ ਗਾਜ਼ਰਾਂ ਨਾ ਧਰਨ ਦਾ ਹੁਕਮ ਤੂੰ ਹੀ ਤਾਂ ਦੇਣਾ ਸੀ ।
ਤੇਰੇ 24.02.2015 ਦੀ ਸ਼ਰਾਟਿਆਂ ਭਿੱਜੀ ਦੁਪਹਿਰ ਨੂੰ ‘ਹੈ’ ਤੋਂ ‘ਸੀ’ ਬਣਦਿਆਂ ਸਾਰ , ਮੈਂ ਸਤਵੰਜਾ ਵਰ੍ਹਿਆਂ ਦੀ ਉਮਰੇ ਹੀ ਆਪਣੇ ਆਪ ਨੂੰ ‘ਬੁੜਾ’ ਮਹਿਸੂਸ ਕਰਨ ਲੱਗ ਪਿਆ ਹਾਂ । ਪਰ ਪੰਜਾਂ ਭਾਈਆਂ ਤੇ ਭੈਣ ਦੇ ਸਿਰ ‘ਤੇ ਬਿਆਸੀ ਵਰ੍ਹਿਆਂ ਦੇ ਪਿਤਾ ਦੇ ਹੱਥ ਹੋਣ ਦੀ ਤਸੱਲੀ ਹੈ ।ਵੱਡਾ ਮੁੰਡਾ ਠੀਕ ਹੀ ਕਹਿੰਦਾ ਹੈ ‘ਜਿਨ੍ਹਾਂ ਦੇ ਸਿਰਾਂ ਤੇ ਝੁਰੜੀਆਂ ਵਾਲੇ ਹੱਥ ਰਹਿੰਦੇ ਹਨ ਉਨ੍ਹਾਂ ਦੇ ਕਦੇ ਝੁਰੜੀਆਂ ਨਹੀਂ ਪੈਂਦੀਆਂ ‘।
ਤੇਰੇ ਬਿਨ ਉਸ ‘ਸੰਵਾਦਕੀ’ ਦੀ ਸੰਪਾਦਨਾ ਕੌਣ ਕਰੇਗਾ ਜੋ ਤੇਰੇ ਤੇ ਮੇਰੇ ਵਿਚਕਾਰ ਕਦੇ ਮੱਤ-ਭੇਦ ਅਤੇ ਕਦੇ ਮਨ-ਭੇਦ ਬਣਕੇ ਨਿਰੰਤਰ ਚਲਦੀ ਰਹਿੰਦੀ ਸੀ ? ਗੱਲ ਦਲੇਰੀ ਨਾਲ ਕਿਵੇਂ ਕਹੀ-ਦੀ ਹੈ? ਇਸ ਦੀ ਜਾਚ ਭਾਵੇਂ ਮੈਂ ਤੈਥੋਂ ਸਿੱਖੀ ਸੀ ,ਪਰ ਆਪਣੀ ਵਿਗਿਆਨਕ ਦ੍ਰਿਸ਼ਟੀ ਦੇ ਘਸਮੈਲੇ ਚਾਨਣ ‘ਚ ਮੈਂ ਤੇਰੀ ਦਿਵਿਯਾ ਦ੍ਰਿਸ਼ਟੀ ਦੀ ਦੂਧੀਆ ਚੁੰਧਿਆਹਟ ਦਾ ਭਰਮਨਾਮਾਂ ਕਦੇ ਨਾ ਤੋੜ ਸਕਿਆ ।
ਪਿੰਡ ਬਾਰੇ ,ਪਿੰਡਾਂ ਵਰਗੀ ਮੰਡੀ ਬਾਰੇ,(ਜਿੱਥੇ ਰਹਿੰਦਿਆਂ ਮੈ ਅੱਧੀ ਸਦੀ ਦਾ ਸੱਚ ਹੰਢਇਆ ਹੈ),ਟ੍ਰਾਈਸਿਟੀ ਚੰਡੀਗੜ੍ਹ-ਮੋਹਾਲੀ-ਪੰਚਕੂਲਾ ਬਾਰੇ ,ਆਪਣੇ ਪਰਿਵਾਰ ਦੇ ਸਦੀਆਂ ਪੁਰਾਣੇ ਕਿਸਾਨੀ ਪਛੋਕੜ ਬਾਰੇ ਅਤੇ ਬਹੁਤ ਕੁੱਝ ਹੋਰ ਬਾਰੇ , ਲਿਖਣ ਲਈ ਮੈਨੂੰ ਪਾਤਰ /ਸਥਿਤੀਆਂ/ਘਟਨਾਵਾਂ ਤੁਣਕੇ ਮਾਰਦੇ ਰਹਿੰਦੇ ਹਨ । ਯੁੱਗ ਬੀਤ ਗਿਆ ਹੈ ,ਯੁੱਗ-ਬੋਧ ਦਾ ਚੇਤਰ ਕਦ ਆਉਣਾ ਹੈ, ਇਸਦਾ ਤੇਰੇ ਬਿਨ ਪਤਾ ਨਹੀਂ ਹੁਣ ਕੌਣ ਬੋਧ ਕਰਾਏਗਾ ।
ਮਾਂ ,ਤੇਰੇ ਮੇਰੇ ਵਰਗੇ ਸਾਧਾਰਣ ਵਿਅਕਤੀਆਂ ਦਾ ਇਤਿਹਾਸ ਨਹੀਂ ਹੁੰਦਾ ,ਇੱਕ ਕਹਾਣੀ ਹੁੰਦੀ ਹੈ ਜੋ ਆਪਣੇ ਆਪ ਨੂੰ ਕਦੇ ਨਹੀਂ ਦੁਹਰਾਉਂਦੀ ।