ਨਿਯਮ ਤੋੜਨ ਵਾਲੇ ਲੋਕ ਜ਼ਿੰਦਗੀ ਦੀ ਜੰਗ ਹਾਰ ਜਾਂਦੇ ਨੇ ! -ਮਿੰਟੂ ਗੁਰੂਸਰੀਆ
Posted on:- 25-03-2015
ਨਿਯਮ ਇਨਸਾਨਾਂ ਦੇ ਬਣਾਏ ਹੋਏ ਨੇ, ਪਰ ਸਫ਼ਲ ਇਨਸਾਨਾਂ ਨੂੰ ਨਿਯਮਾਂ ਨੇ ਬਣਾਇਆ ਹੈ। ਮਨੁੱਖ ’ਤੇ ਸਭ ਤੋਂ ਜ਼ਿਆਦਾ ਨਿਯਮ ਲਾਗੂ ਹੁੰਦੇ ਹਨ, ਪਰ ਸਭ ਤੋਂ ਜ਼ਿਆਦਾ ਨਿਯਮ ਤੋੜਦਾ ਵੀ ਮਨੁੱਖ ਹੈ, ਫਿਰ ਚਾਹੇ ਉਹ ਕੁਦਰਤ ਦੇ ਨਿਯਮ ਹੋਣ ਚਾਹੇ ਕਾਨੂੰਨ ਅਤੇ ਚਾਹੇ ਸਮਾਜ ਦੇ। ਪਰ ਇੰਝ ਕਰਕੇ ਮਨੁੱਖ ਸਿਰਫ਼ ਕੁਦਰਤ, ਕਾਨੂੰਨ ਅਤੇ ਸਮਾਜ ਨਾਲ ਹੀ ਖ਼ਿਲਵਾੜ ਨਹੀਂ ਕਰਦਾ ਬਲਕਿ ਉਹ ਆਪਣੇ-ਆਪ ਦਾ ਗ਼ੁਨਾਹਗਾਰ ਵੀ ਬਣਦਾ ਹੈ ਕਿਉਂਕਿ ਨਿਯਮਾਂ ਤੋਂ ਟੁੱਟੇ ਇਨਸਾਨ ਦਾ ਹਾਲ ਉਸ ਪਤੰਗ ਵਰਗਾ ਹੋ ਜਾਂਦਾ ਹੈ, ਜਿਸ ਦੀ ਡੋਰ ਕੱਟੀ ਜਾਵੇ।
ਨਿਯਮ ਕੀ ਹਨ? ਸਮਾਜ ਵਿੱਚ ਸਥਿਰਤਾ ਰੱਖਣ ਲਈ ਕੁਝ ਬੰਦਸ਼ਾਂ ਲਾਗੂ ਹੁੰਦੀਆਂ ਹਨ। ਇਹ ਬੰਦਸ਼ਾਂ ਕਾਨੂੰਨ, ਸਮਾਜ ਅਤੇ ਧਰਮ ਵੱਖ-ਵੱਖ ਰੂਪਾਂ ’ਚ ਲਾਗੂ ਕਰਦੇ ਹਨ ਤਾਂ ਜੋ ਮਨੁੱਖੀ ਅਧਿਕਾਰ ਅਤੇ ਧਰਮ ਦੀ ਮਰਿਆਦਾ ਕਾਇਮ ਰਹਿ ਸਕਣ। ਜਦੋਂ ਵੀ ਇਨਸਾਨ ਨਿਯਮ ਤੋੜੇਗਾ ਕੁਕਰਮ ਹੋਵੇਗਾ। ਨਿਯਮਾਂ ਤੋਂ ਬਾਹਰ ਹੋਇਆ ਮਨੁੱਖ ਮਨੁੱਖਾਂ ਦੀ ਭੀੜ ’ਚ ਪਾਗ਼ਲ ਹਾਥੀ ਹੈ। ਨਿਯਮਾਂ ਤੋਂ ਬਾਹਰ ਹੋਇਆ ਬਾਗ਼ੀ ਵੀ ਹੱਕ ਨਹੀਂ ਲੈ ਸਕਦਾ ਕਿਉਂਕਿ ਬਗ਼ਾਵਤਾਂ ਵੀ ਨਿਯਮਾਂ ’ਚ ਰਹਿ ਕੇ ਹੀ ਕਾਮਯਾਬ ਹੁੰਦੀਆਂ ਹਨ। ਨਿਯਮ ਜ਼ਿੰਦਗੀ ਦੀਆਂ ਅੱਖਾਂ ਹਨ। ਅੱਖਾਂ ਵਿਹੂਣਾ ਇਨਸਾਨ ਜਿੰਨਾ ਮਰਜ਼ੀ ਤੇਜ਼ ਦੌੜੇ ਮੰਜ਼ਿਲ ’ਤੇ ਨਹੀਂ ਪੁੱਜ ਸਕਦਾ। ਪਰ ਅਫ਼ਸੋਸ ਅੱਜ ਬਹੁਤੇ ਅੰਨ੍ਹੇ ਹੀ ਦੌੜ ਰਹੇ ਹਨ। ਅਸੀਂ ਅਜ਼ਾਦੀ ਹਾਸਲ ਕਰ ਲਈ ਪਰ ਨਿਯਮਾਂ ਪ੍ਰਤੀ ਚੇਤੰਨਤਾ ਨਹੀਂ, ਅਸੀਂ ਪੜ੍ਹਾਈਆਂ ਵੀ ਬਹੁਤ ਕੀਤੀਆਂ ਪਰ ਨਿਯਮਬੱਧ ਹੋਣਾ ਨਾ ਸਿੱਖਿਆ।
ਅਸੀਂ ਧਰਮ ਦੇ ਨਿਯਮਾਂ ਪ੍ਰਤੀ ਸਭ ਤੋਂ ਵਧੇਰੇ ਵਚਨਬੱਧ ਰਹਿੰਨੇ ਹਾਂ। ਪਰ ਇਹ ਸੰਜੀਦਗੀ ਧਾਰਮਿਕ ਸਥਾਨਾਂ ਤੋਂ ਬਾਹਰ ਨਹੀਂ ਰਹਿੰਦੀ। ਗੁਰਦੁਆਰੇ-ਮੰਦਰ ਜਾਣ ਸਮੇਂ ਅਸੀਂ ਇਹ ਖ਼ਿਆਲ ਰੱਖਦੇ ਆਂ ਕਿ ਇੱਥੋਂ ਦੀ ਮਰਿਆਦਾ ਨਾ ਟੁੱਟੇ, ਇੱਥੋਂ ਦੇ ਨਿਯਮਾਂ ਦੀ ਪਾਲਣਾ ਹੋਵੇ। ਇਸ ਲਈ ਅਸੀਂ ਜਾਂਦੇ ਵੀ ਸਮੇਂ ਸਿਰ ਹਾਂ ਤੇ ਜਾਂਦੇ ਵੀ ਸਲੀਕੇ ਨਾਲ ਹਾਂ; ਨੰਗੇ ਪੈਰ ਜਾ ਕੇ ਕਈ ਵਾਰ ਮੱਥਾ ਟੇਕਣ ਲਈ ਅਸੀਂ ਘੰਟਿਆਂਬੱਧੀ ਕਤਾਰਾਂ ’ਚ ਲੱਗਦੇ ਹਾਂ ਪ੍ਰੰਤੂ ਜਿਵੇਂ ਹੀ ਅਸੀਂ ਧਾਰਮਿਕ ਸਥਾਨ ਤੋਂ ਬਾਹਰ ਨਿਕਲਦੇ ਆਂ ਸਾਡੇ ਅੰਦਰਲਾ ਮਰਅਿਾਦਾ ਪ੍ਰਸ਼ੋਤਮ ਦਮ ਤੋੜ ਜਾਂਦਾ ਹੈ ਤੇ ਅਸੀਂ ਹਰ ਅਮਲ ਵਿਸਾਰ ਦਿੰਦੇ ਹਾਂ। ਗੁਰਦੁਆਰੇ-ਮੰਦਰ ਜਾਣ ਲਈ ਅਸੀਂ ਅਮਿ੍ਰਤ ਵੇਲਾ ਜਾਂ ਸੰਧਿਆ ਨਹੀਂ ਖੁੰਝਾਉਂਦੇ। ਪਰ ਜਦੋਂ ਕੰਮ ’ਤੇ ਜਾਣ ਦਾ ਵੇਲਾ ਹੋਵੇ ਅਸੀਂ ਵੱਧ ਤੋਂ ਵੱਧ ਲੇਟ ਹੋਣਾ ਲੋਚਦੇ ਆਂ। ਧਾਰਮਿਕ ਸਥਾਨਾਂ ਪ੍ਰਤੀ ਅਸੀਂ ਮਰਿਆਦਕ ਵੀ ਆਂ ਤੇ ਪਾਬੰਦ ਵੀ ਪਰ ਉਸ ਕਿਰਤ ਪ੍ਰਤੀ ਵਫ਼ਾਦਾਰ ਨਹੀਂ ਜਿਸ ਨੂੰ ਨਾਨਕ ਜਿਹੇ ਅਵਤਾਰਾਂ ਨੇ ਵੀ ਸਭ ਤੋਂ ਮਹਾਨ ਦੱਸਿਆ ਹੈ। ਧਾਰਮਿਕ ਸਥਾਨਾਂ ’ਤੇ ਅਸੀਂ ਘੰਟਿਆਂਬੱਧੀ ਕਤਾਰਾਂ ’ਚ ਖੜ੍ਹਨ ਵਾਲੇ ਕਿਸੇ ਅਦਾਰੇ ਦੀ ਖਿੜ੍ਹਕੀ ਅੱਗੇ ਪੰਜ ਮਿੰਟ ਨਹੀਂ ਖੜ੍ਹ ਸਕਦੇ ਤੇ ਉਸ ਖੜ੍ਹਨ ਤੋਂ ਬਚਣ ਲਈ ਨਿਯਮ ਤੋੜ ਕੇ ਰਿਸ਼ਵਤ ਦਿੰਦੇ ਹਾਂ ਜਾਂ ਕਿਸੇ ਤੋਂ ਸਿਫ਼ਾਰਸ਼ੀ ਫੋਨ ਕਰਵਾਉਂਦੇ ਹਾਂ। ਅਸੀਂ ਸੜਕ ’ਤੇ ਉਤਰ ਕੇ ਨਿਯਮਬੱਧ ਕਿਉਂ ਨਹੀਂ ਰਹਿੰਦੇ, ਕੀ ਗੱਲ ਉੱਥੇ ਸਾਨੂੰ ‘ਭਗਵਾਨ’ ਨਹੀਂ ਵੇਖਦਾ? ਪੱਛਮੀ ਦੇਸ਼ਾਂ ਦੀ ਕਾਮਯਾਬੀ ਦਾ ਰਾਜ਼ ਨਿਯਮਬੱਧਤਾ ਹੈ। ਉਹ ਧਰਮ ਪ੍ਰਤੀ ਬੇਸ਼ੱਕ ਘੱਟ ਸੰਜੀਦਾ ਹੋਣ ਪਰ ਆਮ ਜ਼ਿੰਦਗੀ ਵਿੱਚ ਉਹ ਫ਼ਰਜ਼ਾਂ ਪ੍ਰਤੀ ਨਿਯਮਬੱਧ ਹਨ। ਪੰਜ ਮਿੰਟ ਦੀ ਦੇਰੀ ਉੱਥੇ ਗ਼ੁਨਾਹ ਸਮਝੀ ਜਾਂਦੀ ਹੈ ਜਦਕਿ ਇੱਥੇ 50 ਮਿੰਟ ਦੀ ਦੇਰੀ ਨੂੰ ਵੀ ਵੱਢਪਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕੌਮਾਂ ਉਹ ਤਰੱਕੀ ਕਰਦੀਆਂ ਹਨ ਜਿਨ੍ਹਾਂ ਨੂੰ ਸਮੇਂ ਦੀ ਕੀਮਤ ਅਤੇ ਹਾਲਾਤਾਂ ਦਾ ਜਲਦ ਅੰਦਾਜ਼ਾ ਹੋ ਜਾਂਦਾ ਹੈ।
ਨਿਯਮਾਂ ਤੋਂ ਬਾਹਰ ਹੋਈ ਜ਼ਿੰਦਗੀ ਮੁਸ਼ਕਲਾਂ ਪੈਦਾ ਕਰਦੀ ਹੈ ਜਦਕਿ ਨਿਯਮਬੱਧ ਜ਼ਿੰਦਗੀ ਹਰ ਮੁਸ਼ਕਲ ਦਾ ਹੱਲ ਕੱਢ ਲੈਂਦੀ ਹੈ। ਨਿਯਮਾਂ ਦੀ ਵਲਗ਼ਣ ਤਰੱਕੀ ਦੇ ਖ਼ਜਾਨੇ ਨੂੰ ਸਾਂਭੀ ਰੱਖਦੀ ਹੈ। ਇੱਕ ਪਿਤਾ ਜੇਕਰ ਨਿਯਮਬੱਧ ਹੋ ਕੇ ਵਿਚਰੇ ਤਾਂ ਉਸ ਦਾ ਬੱਚਾ ਸਕੂਲ ’ਚ ਨਿਯਮਬੱਧ ਰਹੇਗਾ, ਜੇਕਰ ਪਿਤਾ ਨਿਯਮਬੱਧ ਨਾ ਹੋ ਕੇ ਦੋਗਲੇ ਕਿਰਦਾਰ ਤਹਿਤ ਬੱਚੇ ਨੂੰ ਨਿਯਮਬੱਧ ਰਹਿਣ ਦੇ ਸਬਕ ਦੇਵੇ ਤਾਂ ਉਹ ਆਪਣੇ ਸਮੇਂ ਦੀ ਬਰਬਾਦੀ ਕਰੇਗਾ। ਇੱਕ ਪਿਤਾ ਮੇਜ ’ਤੇ ਬੋਤਲ ਖੋਲ੍ਹ ਕੇ ਬੱਚੇ ਨੂੰ ਇਹ ਨਹੀਂ ਆਖ ਸਕਦਾ ਕਿ ਸ਼ਰਾਬ ਤੋਂ ਦੂਰ ਰਹਿ ਇਹ ਹਾਨੀਕਾਰਕ ਹੈ। ਇੱਕ ਮਾਂ ਸਾਰਾ ਦਿਨ ਸਹੇਲੀਆਂ ’ਚ ਗੱਪਬਾਜ਼ੀ ਕਰਕੇ ਸ਼ਾਮ ਨੂੰ ਧੀ ਨੂੰ ਇਹ ਉਪਦੇਸ਼ ਨਹੀਂ ਦੇ ਸਕਦੀ ਕਿ ਧੀਏ ! ਸਮੇਂ ਦੀ ਕਦਰ ਕਰਿਆ ਕਰ। ਉਸੇ ਗੁਰੂੁ ਦਾ ਚੇਲਾ ਨਿਯਮਾਂ ਦੀ ਮਰਿਆਦਾ ਪਾਲ਼ਦਾ ਹੈ ਜੋ ਖ਼ੁਦ ਨਿਯਮਬੱਧ ਹੋ ਕੇ ਵਿਖਾਉਂਦਾ ਹੈ। ਕਾਨੂੰਨ ਦਾ ਡਰ ਸਿਰਫ਼ ਸੁਚੇਤ ਕਰਦਾ ਹੈ ਪਰ ਨਿਯਮਬੱਧ ਹੋਣ ਦੇ ਉਹ ਲਾਭ ਨਹੀਂ ਦੱਸਦਾ ਜੋ ਜੇਲ੍ਹ ਦੀ ਸਜ਼ਾ ਜਾਂ ਜ਼ੁਰਮਾਨੇ ਤੋਂ ਵੱਖਰੇ ਹਨ। ਨਿਯਮਬੱਧ ਹੋਣ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਕਾਨੂੰਨ ਅਤੇ ਸਮਾਜ ਦੀ ਨਜ਼ਰ ’ਚ ਤਾਂ ਤੁਸੀਂ ਜਿੰਮੇਵਾਰ ਇਨਸਾਨ ਬਣ ਜਾਂਦੇ ਹੋ ਪਰ ਇਸ ਦਾ ਇਸ ਤੋਂ ਵੀ ਵੱਡਾ ਫ਼ਾਇਦਾ ਇਹ ਹੈ ਕਿ ਨਿਯਮਬੱਧ ਹੋ ਕੇ ਤੁਸੀਂ ਆਪਣੀਆਂ ਨਜ਼ਰਾਂ ’ਚ ਵੀ ਵੱਡੇ ਹੋ ਜਾਂਦੇ ਹੋ ਕਿਉਂਕਿ ਜਿੱਥੇ ਨਿਯਮ ਤੋੜਨ ਵਾਲਿਆਂ ਦੀ ਭੀੜ ਹੋਵੇ ਉੱਥੇ ਨਿਯਮਬੱਧ ਹੋਣਾ ਸਵੈ-ਮਾਨ ਅਤੇ ਪ੍ਰੇਰਣਾਦਾਇਕ ਗੱਲ ਹੈ।
ਨਿਯਮ ਸਖ਼ਤੀ ਨਾਲ ਲਾਗੂ ਕਰਵਾਏ ਜਾ ਸਕਦੇ ਹਨ ਪਰ ਡਾਂਗ ਨਾਲ ਲੋਕਾਂ ਨੂੰ ਨਿਯਮਬੱਧ ਨਹੀਂ ਬਣਾਇਆ ਜਾ ਸਕਦਾ। ਚੋਰਾਂ ਦੇ ਹੱਥ ਕੱਟਣ ਵਾਲੇ ਦੇਸ਼ ਵੀ ਚੋਰੀਆਂ ਤੋਂ ਮੁਕਤ ਨਹੀਂ ਹੋ ਸਕੇ। ਮਾਸਟਰਾਂ ਦੇ ਡੰਡੇ ਵੀ ਸਕੂਲਾਂ ਨੂੰ ਅਨੁਸ਼ਾਸਨਬੱਧ ਨਹੀਂ ਕਰ ਸਕਦੇ। ਪਰ ਇਕ ਵਧੀਆ ਮੈਨੇਜ਼ਰ ਆਪਣੇ ਬੋਲਾਂ ਨਾਲ ਆਪਣੀ ਕੰਪਨੀ ’ਚ ਹਜ਼ਾਰਾਂ ਕਰਮਚਾਰੀਆਂ ਨੂੰ ਨਿਯਬੱਧ ਬਣਾ ਦਿੰਦਾ ਹੈ। ਉਹ ਅਚੇਤ ਤੇ ਲਾਪਰਵਾਹ ਲੋਕਾਂ ਨੂੰ ਇਹ ਗੱਲ ਸਮਝਾਉਣ ’ਚ ਸਫ਼ਲ ਰਹਿੰਦਾ ਹੈ ਕਿ ਤੁਹਾਡੀ ਤੇ ਤੁਹਾਡੀ ਕੰਪਨੀ ਦਾ ਭਵਿੱਖ ਤੁਹਾਡੀ ਨਿਯਮਬੱਧਤਾ ਵਿੱਚ ਹੈ। ਨਿਯਮਬੱਧਤਾ ਹਰ ਸ਼ੈਅ ’ਚ ਹੋਣੀ ਚਾਹੀਦੀ ਹੈ। ਲੀੜਿਆਂ ਤੋਂ ਲੈ ਕੇ ਕੰਮ ਤੱਕ। ਇੱਕ ਅਨੁਸ਼ਾਸਨਹੀਣਤਾ ਰੁਤਬੇ ਨੂੰ ਮਿੱਟੀ ਕਰ ਦਿੰਦੀ ਹੈ। ਅਸੂਲਾਂ ਨਾਲ ਜੀਣ ਵਾਲੇ ਅਸੂਲ ਬਣ ਜਾਂਦੇ ਹਨ ਜਦਕਿ ਬੇਅਸੂਲੇ ਸੂਲ ਵਰਗੇ ਹੰੁਦੇ ਨੇ। ਨਿਯਮਬੱਧ ਸਮੇਂ ਨੂੰ ਆਪਣਾ ਗ਼ੁਲਾਮ ਬਣਾ ਲੈਂਦੇ ਹਨ ਕਿਉਂਕਿ ਉਹ ਸਮੇਂ ਦੀ ਸਾਰਥਕ ਵਰਤੋਂ ਕਰਦੇ ਹਨ। ਜਦਕਿ ਦੂਜੇ ਆਪਣਾ ਸਮਾਂ ਦੂਜਿਆਂ ਦੀ ਗੱਲਾਂ ਕਰਕੇ ਗਵਾ ਬਹਿੰਦੇ ਹਨ। ਪੰਜਾਬ ਦੀ ਇੱਕ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਆਪਣੇ ਵਿਦਿਆਰਥੀਆਂ ਨੂੰ ਇੱਕ ਮਹੀਨੇ ਦੀ ਡਾਇਰੀ ਲਿਖਣ ਲਈ ਕਿਹਾ। ਇਸ ਡਾਇਰੀ ’ਚ ਦਿਨਚਰੀਆ ਦੇ ਕੰਮਾਂ ਦੇ ਵੱਖੋ-ਵੱਖਰੇ ਖਾਨੇ ਬਣਾ ਦਿੱਤੇ ਗਏ। ਪ੍ਰੋਫੈਸਰ ਹੈਰਾਨ ਰਹਿ ਗਿਆ ਜਦੋਂ ਉਸ ਨੇ ਮਹੀਨੇ ਬਾਅਦ ਵਿਦਿਆਰਥੀਆਂ ਦੀਆਂ ਡਾਇਰੀਆਂ ਵੇਖੀਆਂ। ਹਰ ਵਿਦਿਆਰਥੀ ਨੇ ਇੱਕ ਦਿਨ ’ਚ ਘੱਟੋ-ਘੱਟ ਤਿੰਨ ਘੰਟੇ ਚੁਗਲੀ ਅਤੇ ਗੱਪਬਾਜ਼ੀ ’ਚ ਖ਼ਰਾਬ ਕੀਤੇ ਹੋਏ ਸਨ। ਇਹ ਸਾਡੀ ਕਮਜ਼ੋਰੀ ਹੈ ਅਸੀਂ ਓਨਾ ਆਪਣੇ ਬਾਰੇ ਨਹੀਂ ਸੋਚਦੇ ਜਿੰਨਾ ਦੂਜਿਆਂ ਬਾਰੇ ਸੋਚਦੇ ਆਂ। ਅਸੀਂ ਆਪਣੀਆਂ ਕਮੀਆਂ ਦਾ ਕਦੇ ਵਿਸ਼ਲੇਸ਼ਣ ਨਹੀਂ ਕਰਦੇ ਪਰ ਗਵਾਂਢੀਆਂ ਦੇ ਕੱਟੇ ਬਾਰੇ ਵੀ ਸਾਨੂੰ ਪਤਾ ਹੁੰਦਾ ਹੈ ਕਿ ਉਹ ਲੂਲਾ ਹੈ ਜਾਂ ਕਾਣਾ। ਇਹ ਸਾਡੇ ਨਿਯਮਬੱਧ ਨਾ ਹੋਣ ਦੀ ਨਿਸ਼ਾਨੀ ਹੈ। ਨਿਯਮਬੱਧ ਲੋਕ ਹਰ ਪਲ, ਹਰ ਲਮਹੇ ਦੀ ਕਦਰ ਜਾਣਦੇ ਹਨ, ਉਹ ਤਾਂ ਮਰਨ ਦੀ ਵੀ ਕਦਰ ਜਾਣਦੇ ਹਨ।
ਕੌਮਾਂ ਦੀ ਪਹਿਚਾਨ ਲੋਹੇ ਦੇ ਟੈਂਕਾਂ ਤੋਂ ਨਹੀਂ ਉਨ੍ਹਾਂ ਦੇ ਸਲੀਕੇ ਤੋਂ ਹੰੁਦੀ ਹੈ। ਸਲੀਕਾ ਨਿਯਮਾਂ ਦੀ ਫ਼ੈਕਟਰੀ ’ਚ ਘੜਿਆ ਜਾਂਦਾ ਹੈ। ਪੱਛਮ ਦੇਸ਼ਾਂ ਨੂੰ ਉਨ੍ਹਾਂ ਦੀ ਨਿਯਮਬੱਧਤਾ ਅੱਗੇ ਲੈ ਗਈ ਤੇ ਸਾਡੀ ਲਾਪਰਵਾਹ ਜੀਵਨ-ਸ਼ੈਲੀ ਸਾਡੇ ਕੋਲ ਸਭ ਕੁਝ ਹੁੰਦਿਆਂ ਵੀ ਪੱਛੜਿਆਂ ਦੀ ਬੇੜ੍ਹੀ ’ਚ ਜਕੜੀ ਬੈਠੀ ਹੈ। ਅੱਗੇ ਵੱਧਣ ਲਈ ਤੁਹਾਨੂੰ ਨਿਯਮਬੱਧ ਹੋਣ ਦਾ ਧਰਮ ਪਾਲ਼ਣਾ ਪਵੇਗਾ। ਘਰ ਦੇ ਆਂਗਣ ਤੋਂ ਲੈ ਸੰਸਦ ਤੱਕ ਨਿਯਮ ਨਿਭਾਉਣ ਵਾਲੇ ਹੀ ਦੁਨੀਆਂ ’ਤੇ ਰਾਜ ਕਰਦੇ ਹਨ। ਸਾਨੂੰ ਸਿੱਖਣਾ ਪਵੇਗਾ ਨਿਯਮਬੱਧ ਹੋਣਾ ਉਨ੍ਹਾਂ ਮੁਲਖ਼ਾਂ ਕੋਲੋਂ ਜਿੰਨ੍ਹਾਂ ਦੇ ਰਾਸ਼ਟਰਪਤੀ ਵੀ ਲਾਲ ਬੱਤੀ ’ਤੇ ਇੰਤਜ਼ਾਰ ਕਰਦੇ ਹਨ; ਸਾਨੂੰ ਸਿੱਖਣਾ ਪਵੇਗਾ ਉਨ੍ਹਾਂ ਲੋਕਾਂ ਤੋਂ ਜਿਹੜੇ 37 ਕਿਲੋਮੀਟਰ ਤੱਕ ਪੈਦਲ ਚੱਲ ਕੇ ਵੀ ਦਫ਼ਤਰ ਸਮੇਂ ’ਤੇ ਪਹੰੁਚਦੇ ਹਨ। ਪਰ ਅਫ਼ਸੋੋਸ ਅਸੀਂ ਇਨ੍ਹਾਂ ਲੋਕਾਂ ਤੋਂ ਚੰਗੇ ਗੁਣ ਨਹੀਂ ਸਿੱਖ ਰਹੇ, ਹਾਂ ਅਸੀਂ ਇੰਨ੍ਹਾਂ ਦੇ ਪਹਿਰਾਵੇ ਨੂੰ ਅਪਨਾਅ ਲਿਆ, ਅਸੀਂ ਇੰਨ੍ਹਾਂ ਦਾ ਸੰਗੀਤ ਅਤੇ ਭਾਸ਼ਾ ਨੂੰ ਸਿੱਖ ਲਿਆ, ਨਹੀਂ ਸਿੱਖਿਆ ਤਾਂ ਉਹ ਹੈ ਨਿਯਮਬੱਧ ਹੋ ਕੇ ਜੀਣ ਦਾ ਸਲੀਕਾ। ਨਿਯਮਾਂ ਪ੍ਰਤੀ ਗ਼ੈਰ-ਸੰਜੀਦਗੀ ਸਾਡੀ ਮਾਨਸਿਕਤਾ ’ਚ ਇਸ ਕਦਰ ਘਰ ਕਰ ਗਈ ਹੈ ਕਿ ਵਿਦੇਸ਼ਾਂ ’ਚ ਉੱਚੀ ਸਾਹ ਨਾ ਕੱਢਣ ਵਾਲੇ ਦਿੱਲੀ ਨੂੰ ਆਉਂਦੇ ਜਹਾਜ਼ ’ਚ ਬਹਿੰਦਿਆਂ ਹੀ ਪੈੱਗ ਲਾ ਕੇ ਬੜ੍ਹਕਾਂ ਮਾਰਨ ਲੱਗ ਪੈਂਦੇ ਹਨ। ਯਾਅਨੀ ਨਿਯਮਾਂ ਦੀ ਪਾਠਸ਼ਾਲਾ ’ਚ ਸਾਲਾਂਬੱਧੀ ਪੜ੍ਹ ਕੇ ਵੀ ਕੋਰੇ ਅਨਪੜ੍ਹ ਮੁੜ ਆਉਂਦੇ ਹਨ ਸਾਡੇ ਲੋਕ।
ਕਈ ਵਾਰ ਖੇਡ ਦੇ ਮੈਦਾਨ ’ਚ ਤਗੜੀ ਟੀਮ ਇਸ ਲਈ ਹਾਰ ਜਾਂਦੀ ਹੈ ਕਿਉਂਕਿ ਰੈਫ਼ਰੀ ਉਸ ਦੀ ਅਨੁਸ਼ਾਸਨਹੀਣਤਾ ਕਾਰਨ ਉਸ ਨੂੰ ਅਯੋਗ ਕਰਾਰ ਦੇ ਦਿੰਦਾ ਹੈ। ਜ਼ਿੰਦਗੀ ਦੇ ਮੈਦਾਨ ’ਚ ਉਹ ਲੋਕ ਹਾਰ ਜਾਂਦੇ ਹਨ ਜਿਹੜੇ ਨਿਯਮਾਂ ਨੂੰ ਤੋੜਨ ਦਾ ਵਾਰ-ਵਾਰ ਫ਼ਾੳੂਲ ਕਰਦੇ ਹਨ। ਨਿਯਮ ਸਿਰਫ਼ ਕਾਨੂੰਨ ਅਤੇ ਧਰਮ ਦੇ ਹੀ ਨਹੀਂ ਪਾਲ਼ਣੇ ਚਾਹੀਦੇ ਬਲਕਿ ਇਨਸਾਨ ਨੂੰ ਆਪਣੇ ਹਾਲਾਤਾਂ ਅਨੁਸਾਰ ਖ਼ੁਦ ਨਿਯਮ ਬਣਾ ਕੇ ਉਨ੍ਹਾਂ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ। ਹਰ ਥਾਂ ਕਾਨੂੰਨ ਤੁਹਾਨੂੰ ਨਹੀਂ ਵੇਖ ਰਿਹਾ ਹੁੰਦਾ ਪਰ ਹਰ ਥਾਂ ਤੁਸੀਂ ਖ਼ੁਦ ਨੂੰ ਵੇਖ ਰਹੇ ਹੰੁਦੇ ਹੋ। ਜਿੰਨਾ ਚਿਰ ਤੁਸੀਂ ਖ਼ੁਦ ਤੋਂ ਸ਼ਰਮ ਮਹਿਸੂਸ ਕਰਨੀ ਜਾਂ ਖ਼ੌਫ਼ ਖਾਣਾ ਨਹੀਂ ਸਿੱਖਦੇ ਓਨੀ ਦੇਰ ਤੱਕ ਤੁਸੀਂ ਨਿਯਮਬੱਧ ਹੋ ਹੀ ਨਹੀਂ ਸਕਦੇ; ਓਨੀ ਦੇਰ ਤੁਸੀਂ ਕਾਮਯਾਬ ਵੀ ਨਹੀਂ ਹੋ ਸਕਦੇ ਜਿੰਨਾ ਚਿਰ ਤੱਕ ਤੁਸੀਂ ਨਿਯਮਬੱਧ ਨਹੀਂ ਹੰੁਦੇ। ਸਫ਼ਲ ਇਨਸਾਨ ਉਹ ਨਹੀਂ ਹੰੁਦੇ ਜੋ ਅਮੀਰ ਹੋਣ, ਸਫ਼ਲ ਇਨਸਾਨ ਉਹ ਹੰੁਦੇ ਨੇ ਜੋ ਜਿੰਮੇਵਾਰੀਆਂ ਨਿਭਾਉਣ ’ਚ ਗ਼ਰੀਬ ਨਾ ਹੋਣ। ਸਫ਼ਲ ਇਨਸਾਨ ਬਨਣ ਲਈ ਤੁਹਾਨੂੰ ਸਮੇਂ ਦਾ ਪਾਬੰਦ ਹੋਣਾ ਪਵੇਗਾ; ਅੱਖ ਖੁੱਲਣ (ਉੱਠਣ) ਤੋਂ ਲੈ ਕੇ ਅੱਖ ਮੀਚਣ (ਸੌਂਣ) ਤੱਕ ਨਿਯਮਬੱਧ ਮਰਿਆਦਾ ਨਿਭਾਉਣੀ ਪਵੇਗੀ। ਜਿੰਨਾ ਚਿਰ ਅਸੀਂ ਇਹ ਮਰਿਆਦਾ ਨਿਭਾਉਣੀ ਨਹੀਂ ਸਿੱਖਦੇ ਅਸੀਂ ਪੂਰਨ ਇਨਸਾਨ ਨਹੀਂ ਬਣ ਸਕਦੇ ਤੇ ਉਹ ਦੇਸ਼ ਓਨੀ ਦੇਰ ਤੱਕ ਖ਼ੁਸ਼ਹਾਲ ਮੁਲਖ਼ ਨਹੀਂ ਬਣਦੇ ਜਦੋਂ ਤੱਕ ਉਨ੍ਹਾਂ ਦੇ ਨਾਗਰਿਕ ਨਿਯਮਬੱਧ ਇਨਸਾਨ ਨਹੀਂ ਬਣਦੇ।
ਸੰਪਰਕ: +91 95921 56307