ਡਾ. ਰਾਸ਼ਟਰਬੰਧੂ ਨਾਲ ਆਖਰੀ ਮੁਲਾਕਾਤ - ਹਰਗੁਣਪ੍ਰੀਤ ਸਿੰਘ
Posted on:- 18-03-2015
28 ਫ਼ਰਵਰੀ ਨੂੰ ਮੈਨੂੰ ਸਾਹਿਤ ਅਕਾਦਮੀ ਅਵਾਰਡੀ ਡਾ. ਦਰਸ਼ਨ ਸਿੰਘ ਆਸ਼ਟ ਵੱਲੋਂ ਭਾਸ਼ਾ ਵਿਭਾਗ ਪੰਜਾਬ ਵਿਖੇ ਬਾਲ ਸਾਹਿਤ ਅਕਾਦਮੀ ਪਟਿਆਲਾ ਅਤੇ ਭਾਰਤੀ ਕਲਿਆਣ ਸੰਸਥਾਨ ਕਾਨ੍ਹਪੁਰ ਵੱਲੋਂ ਸਾਂਝੇ ਤੌਰ ਉਤੇ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਜਿਸ ਵਿਚ ਇਹ ਜਾਣਕਾਰੀ ਵੀ ਦਿੱਤੀ ਗਈ ਸੀ ਕਿ ਇਸ ਅਵਸਰ ਉਤੇ ਮੰਨੇ ਪ੍ਰਮੰਨੇ ਬਾਲ ਸਾਹਿਤ ਲੇਖਕ ਡਾ. ਰਾਸ਼ਟਰਬੰਧੂ ਵੀ ਵਿਸ਼ੇਸ਼ ਮਹਿਮਾਨ ਵਜੋਂ ਕਾਨ੍ਹਪੁਰ ਤੋਂ ਪਹੁੰਚਣਗੇ।ਇਸ ਤੋਂ ਪਹਿਲਾਂ ਵੀ ਮੈਂ ਇਕ ਵਾਰ ਲਗਭਗ ਅੱਠ ਸਾਲ ਪਹਿਲਾਂ ਭਾਸ਼ਾ ਵਿਭਾਗ ਵਿਖੇ ਹੀ ਡਾ. ਰਾਸ਼ਟਰਬੰਧੂ ਜੀ ਨੂੰ ਮਿਲ ਚੁੱਕਾ ਸੀ ਅਤੇ ਉਨ੍ਹਾਂ ਦੇ ਪ੍ਰਭਾਵਸ਼ਾਲੀ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ।
ਇਕ ਵਾਰ ਫ਼ੇਰ ਉਨ੍ਹਾਂ ਦੀ ਸਾਹਿਤਕ ਸੰਗਤ ਕਰਨ ਦੀ
ਤੀਬਰ ਇੱਛਾ ਨੇ ਮੈਨੂੰ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਭਾਸ਼ਾ ਵਿਭਾਗ ਪਹੁੰਚਾ
ਦਿੱਤਾ।ਮੈਂ ਸਮਾਗਮ-ਹਾਲ ਦੇ ਬਾਹਰ ਖੜ੍ਹ ਕੇ ਉਨ੍ਹਾਂ ਦੀ ਉਡੀਕ ਕਰਨ ਲੱਗਾ ਅਤੇ ਕੋਈ
10-15 ਮਿੰਟਾਂ ਬਾਅਦ ਹੀ ਮੈਨੂੰ ਰਾਸ਼ਟਰਬੰਧੂ ਜੀ ਧੀਮੀ ਗਤੀ ਨਾਲ ਪਰ ਬੜੇ ਹੀ ਸਵੈ
ਵਿਸ਼ਵਾਸ ਨਾਲ ਦੂਰੋਂ ਤੁਰਦੇ ਆਉਂਦੇ ਦਿਖਾਈ ਦਿੱਤੇ।
ਭਾਵੇਂ ਉਨ੍ਹਾਂ ਦੀ ਵੱਧਦੀ ਉਮਰ ਕਾਰਨ ਮੈਨੂੰ ਉਨ੍ਹਾਂ ਦੀ ਸਿਹਤ ਉਨ੍ਹਾਂ ਦੀ ਅੱਠ ਸਾਲ ਪਹਿਲਾਂ ਦੀ ਸਿਹਤ ਦੀ ਤੁਲਨਾ ਵਿਚ ਕੁਝ ਮਾੜੀ ਲੱਗੀ ਪਰ ਉਨ੍ਹਾਂ ਦੀ ਸ਼ਖ਼ਸੀਅਤ ਵਿਚ ਉਹੀ ਜਾਦੂਈ ਸ਼ਕਤੀ ਬਰਕਰਾਰ ਸੀ ਜੋ ਸਾਰਿਆਂ ਨੂੰ ਉਨ੍ਹਾਂ ਵੱਲ ਆਕਰਸ਼ਿਤ ਕਰ ਰਹੀ ਸੀ।ਸਮਾਗਮ ਵਾਲੇ ਹਾਲ ਤੱਕ ਜਾਣ ਵਾਲੇ ਰਸਤੇ ਵਿਚ ਮੈਂ ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦਾ ਹੱਥ ਫ਼ੜ੍ਹ ਕੇ ਤੁਰਦਾ ਰਿਹਾ।ਉਹ ਭਾਸ਼ਾ ਵਿਭਾਗ ਦੀਆਂ ਕੰਧਾਂ ਉਤੇ ਪੰਜਾਬੀ ਭਾਸ਼ਾ ਵਿਚ ਦਰਜ ਮਹਾਨ ਵਿਅਕਤੀਆਂ ਦੇ ਵਿਚਾਰਾਂ ਨੂੰ ਉੱਚੀ-ਉੱਚੀ ਖੁਸ਼ ਹੋ ਕੇ ਪੜ੍ਹਦੇ ਰਹੇ ਅਤੇ ਕਹਿੰਦੇ ਰਹੇ ਕਿ ਉਹ ਵੀ ਪੰਜਾਬੀ ਚੰਗੀ ਤਰ੍ਹਾਂ ਨਾਲ ਜਾਣਦੇ ਹਨ।
ਆਪਣੇ ਲਗਭਗ ਅੱਧੇ ਘੰਟੇ ਦੇ ਭਾਵਨਾਤਮਕ ਅਤੇ ਭਾਵਪੂਰਤ ਭਾਸ਼ਣ ਵਿਚ ਵੀ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਹੀ ਪ੍ਰਸ਼ੰਸਾ ਕਰਦੇ ਰਹੇ।ਉਨ੍ਹਾਂ ਪੰਜਾਬੀ ਭਾਸ਼ਾ ਨੂੰ ਵੀ ਰਾਸ਼ਟਰ ਭਾਸ਼ਾ ਆਖ ਕੇ ਇਸ ਦਾ ਸਤਿਕਾਰ ਕਰਨ ਲਈ ਪ੍ਰੇਰਿਆ ਅਤੇ ਕਿਹਾ ਕਿ ਜਿਸ ਧਰਤੀ ਉਤੇ ਛੋਟੇ-ਛੋਟੇ ਬੱਚੇ ਧਰਮ ਅਤੇ ਸੱਚ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਸਕਦੇ ਹੋਣ ਅਤੇ ਜਿਸ ਧਰਤੀ ਤੋਂ ਇਕ ਪੁੱਤਰ ਨੇ ਆਪਣੇ ਪਿਤਾ ਨੂੰ ਸਮਾਜ ਅਤੇ ਦੇਸ਼ ਲਈ ਕੁਰਬਾਨੀ ਦੇਣ ਲਈ ਪ੍ਰੇਰਿਆ ਹੋਵੇ, ਉਹ ਪਵਿੱਤਰ ਪੰਜਾਬ ਦੀ ਧਰਤੀ ਹੀ ਬਾਲ ਸਾਹਿਤ ਦੀ ਅਸਲੀ ਤਪੋ ਭੂਮੀ ਹੈ।ਉਨ੍ਹਾਂ ਆਪਣੇ ਭਾਸ਼ਣ ਵਿਚ ਪੰਜਾਬੀ ਨਾਲ ਪੰਜਾਬੀਆਂ ਵੱਲੋਂ ਹੀ ਕੀਤੇ ਜਾ ਰਹੇ ਵਿਤਕਰੇ ਬਾਰੇ ਆਪਣਾ ਦੁਖ ਜ਼ਾਹਿਰ ਕੀਤਾ ਅਤੇ ਸਾਰਿਆਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਘੱਟੋ-ਘੱਟ ਭਾਸ਼ਾ ਵਿਭਾਗ ਦੇ ਹਾਜ਼ਰੀ ਰਜਿਸਟਰ ਵਿਚ ਜਿੱਥੇ ਸਮਾਗਮ ਵਿਚ ਪੁੱਜੇ ਸਭ ਲੋਕਾਂ ਦੁਆਰਾ ਹਾਜ਼ਰੀ ਲਗਾਈ ਜਾਂਦੀ ਹੈ ਵਿਚ ਤਾਂ ਸਭ ਪੰਜਾਬੀਆਂ ਨੂੰ ਪੰਜਾਬੀ ਵਿਚ ਆਪਣਾ ਨਾਂ ਪਤਾ ਲਿਖਣਾ ਚਾਹੀਦਾ ਹੈ।
ਸਮਾਗਮ ਤੋਂ ਬਾਅਦ ਜਦੋਂ ਮੈਂ ਦੁਪਹਿਰ ਦੇ ਖਾਣੇ ਦੌਰਾਨ ਉਨ੍ਹਾਂ ਨੂੰ ਮਿਲਿਆ ਤਾਂ ਮੈਂ ਉਨ੍ਹਾਂ ਨੂੰ ਅੱਠ ਸਾਲ ਪਹਿਲਾਂ ਹੋਈ ਮੁਲਾਕਾਤ ਚੇਤੇ ਕਰਵਾਈ।ਮੇਰੀ ਉਦੋਂ ਕੋਈ ਹੈਰਾਨੀ ਦੀ ਸੀਮਾਂ ਨਾ ਰਹੀ ਜਦੋਂ ਉਨ੍ਹਾਂ ਮੇਰਾ ਨਾਂ ਲੈ ਕੇ ਮੇਰਾ ਹਾਲ-ਚਾਲ ਪੁੱਛਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੈਂ ਉਸ ਸਮਾਗਮ ਦੌਰਾਨ ਸਟੇਜ ਉਤੇ ਆਪਣੀਆਂ ਸਾਹਿਤਕ ਅਤੇ ਅਕਾਦਮਿਕ ਖੇਤਰ ਦੀਆਂ ਉੱਚ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਸੀ ਅਤੇ ਨਾਲ ਇਹ ਵੀ ਦੱਸਿਆ ਸੀ ਕਿ ਕਿਵੇਂ ਉਸਾਰੂ ਸਾਹਿਤਕ ਰੁਚੀਆਂ ਸਦਕਾ ਮੈਂ ਬਲੱਡ ਕੈਂਸਰ ਜੈਸੀ ਭਿਆਨਕ ਬਿਮਾਰੀ ਉਤੇ ਫ਼ਤਹਿ ਪ੍ਰਾਪਤ ਕੀਤੀ ਸੀ।ਫ਼ਿਰ ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਜਿਸ ਪਵਿੱਤਰ ਧਰਤੀ ਉਤੇ ਬੱਚਿਆਂ ਦੁਆਰਾ ਦਿੱਤੀ ਲਾਸਾਨੀ ਸ਼ਹਾਦਤ ਦੀ ਗੱਲ ਉਹ ਆਪਣੇ ਭਾਸ਼ਣ ਵਿਚ ਕਰ ਰਹੇ ਸੀ ਮੈਂ ਉਸੇ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਉਤੇ ਮਾਤਾ ਗੁਜਰੀ ਕਾਲਜ ਵਿਖੇ ਅਸਿਸਟੈਂਟ ਪ੍ਰੋਫ਼ੈਸਰ ਲੱਗ ਗਿਆ ਹਾਂ ਤਾਂ ਉਨ੍ਹਾਂ ਦੀ ਖੁਸ਼ੀ ਦੀ ਕੋਈ ਸੀਮਾ ਨਾ ਰਹੀ।ਉਨ੍ਹਾਂ ਦੀ ਸੰਗਤ ਵਿਚ ਸਮਾਂ ਗੁਜ਼ਾਰਦੇ ਹੋਏ ਸਵੇਰ ਦੇ 10 ਵਜੇ ਤੋਂ ਸ਼ਾਮ ਦੇ 6 ਕਦੋਂ ਵੱਜ ਗਏ ਸਾਨੂੰ ਪਤਾ ਹੀ ਨਾ ਚੱਲਿਆ।ਆਪਣੇ ਕੈਮਰੇ ਵਿਚ ਉਨ੍ਹਾਂ ਨਾਲ ਬਿਤਾਏ ਸੁਨਹਿਰੀ ਪਲਾਂ ਦੀਆਂ ਯਾਦਾਂ ਕੈਦ ਕਰ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈ ਕੇ ਮੈਂ ਘਰ ਪਰਤ ਆਇਆ।
ਜਦੋਂ ਮੈਂ 4 ਮਾਰਚ ਨੂੰ ਅਖਬਾਰ ਵਿਚ ਉਨ੍ਹਾਂ ਦੇ ਅਚਾਨਕ ਸਵਰਗਵਾਸ ਦੀ ਖ਼ਬਰ ਪੜ੍ਹੀ ਤਾਂ ਮਨ ਨੂੰ ਬਹੁਤ ਧੱਕਾ ਲੱਗਿਆ ਅਤੇ ਖ਼ਬਰ ਬਿਲਕੁਲ ਸੱਚੀ ਨਾ ਲੱਗੀ ਕਿਉਂ ਕਿ ਸਿਰਫ਼ 4 ਦਿਨ ਪਹਿਲਾਂ ਹੀ ਮੈਂ ਉਨ੍ਹਾਂ ਦੀ ਸੰਗਤ ਦਾ ਆਨੰਦ ਮਾਣ ਰਿਹਾ ਸੀ।ਮੈਂ ਤੁਰੰਤ ਡਾ. ਦਰਸ਼ਨ ਸਿੰਘ ਆਸ਼ਟ ਹੋਰਾਂ ਤੋਂ ਇਸ ਖ਼ਬਰ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਡਾ. ਰਾਸ਼ਟਰਬੰਧੂ ਜੀ ਨੇ ਕਾਨ੍ਹਪੁਰ ਘਰ ਪਰਤਣ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਦੀ ਇੱਛਾ ਜਤਾਈ ਸੀ।ਦਰਬਾਰ ਸਾਹਿਬ ਅਤੇ ਅੰਮ੍ਰਿਤਸਰ ਦੀਆਂ ਹੋਰ ਇਤਿਹਾਸਕ ਥਾਵਾਂ ਦੇ ਦਰਸ਼ਨਾਂ ਉਪਰੰਤ ਉਹ ਬਹੁਤ ਸੰਤੁਸ਼ਟ ਅਤੇ ਪ੍ਰਸੰਨ ਨਜ਼ਰ ਆ ਰਹੇ ਸਨ।ਪਰ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਉਦੋਂ ਪਿਆ ਜਦੋਂ 3 ਮਾਰਚ ਨੂੰ ਕਾਨ੍ਹਪੁਰ ਵਾਪਸੀ ਦੇ ਸਫ਼ਰ ਦੌਰਾਨ ਹੀ ਉਹ ਅਚਾਨਕ ਵਿਛੋੜਾ ਦੇ ਗਏ।ਭਾਵੇਂ ਡਾ. ਰਾਸ਼ਟਰਬੰਧੂ ਅੱਜ ਸਾਡੇ ਵਿਚਕਾਰ ਸਰੀਰਕ ਰੂਪ ਵਿਚ ਮੌਜੂਦ ਨਹੀਂ ਹਨ ਪਰੰਤੂ ਉਹ ਆਪਣੇ ਪ੍ਰਭਾਵਸ਼ਾਲੀ ਵਿਅਕਤਿਤਵ, ਲਾਸਾਨੀ ਵਿਦਵਤਾ ਅਤੇ ਪ੍ਰੇਰਨਾਮਈ ਗੁਣਾਂ ਸਦਕਾ ਹਮੇਸ਼ਾ ਸਾਡੇ ਮਨਾਂ ਵਿਚ ਜਿਊਂਦੇ ਰਹਿਣਗੇ।
ਸੰਪਰਕ: +91 94636 19353