ਨਾ ਜਾਈਂ ਮਸਤਾਂ ਦੇ ਵਿਹੜੇ ਚਿਲਮ ਫੜਾ ਦੇਣਗੇ ਬੀਬਾ - ਕਰਨ ਬਰਾੜ ਹਰੀ ਕੇ ਕਲਾਂ
Posted on:- 19-02-2015
ਸੁਣਿਆ ਕਿ ਕੰਵਰ ਗਰੇਵਾਲ ਨੰਗੇ ਮਸਤਾਂ ਦਾ ਵਿਰੋਧ ਕਰ ਰਿਹਾ, ਜੋ ਹਮੇਸ਼ਾ ਹੀ ਨੌਜਵਾਨਾਂ ਨੂੰ ਨਸ਼ਿਆਂ ਤੇ ਲਾਕੇ ਗ਼ਲਤ ਪਾਸੇ ਲਜਾ ਰਹੇ ਹਨ ਅਤੇ ਇਹਨਾਂ ਮਸਤਾਂ ਨੂੰ ਦੇਖ ਦੇਖ ਨੌਜਵਾਨ ਹੱਥਾਂ ਵਿਚ ਵੰਗਾਂ ਕੰਨਾਂ ਵਿਚ ਮੁੰਦਰਾਂ ਤੇ ਪੈਰਾਂ ਚ ਘੁੰਗਰੂ ਪਾ ਨਚਾਰਾਂ ਵਾਂਗ ਨਸ਼ੇ ਵਿਚ ਨੱਚ ਰਹੇ ਹਨ। ਵਧੀਆ ਗੱਲ ਹੈ ਜੇ ਕੰਵਰ ਹੁਣ ਮਸਤਾਂ ਤੇ ਚਿਲਮਾਂ ਦਾ ਵਿਰੋਧ ਕਰਦਾ ਗੁਰੂਆਂ ਅਤੇ ਗੁਰੂਆਂ ਦੀ ਬਾਣੀ ਦੀ ਤਾਰੀਫ਼ ਕਰ ਰਿਹਾ ਪਤਾ ਨੀ ਇਹ ਸੱਚਮੁੱਚ ਉਸ ਵਿਚ ਬਦਲਾਵ ਹੈ। ਇਹਨਾਂ ਮਸਤਾਂ ਖ਼ਿਲਾਫ਼ ਜਾਂ ਹੋਰ ਗਵੱਈਆਂ ਵਾਂਗ ਪਬਲੀਸਿਟੀ ਹੀ ਹੈ ਇਹ ਤਾਂ ਹੁਣ ਰੱਬ ਹੀ ਜਾਣਦਾ ਪਰ ਇੱਕ ਗੱਲ ਪੱਕੀ ਆ ਕਿ ਭਾਵੇਂ ਕਈ ਨੌਜਵਾਨਾਂ ਨੇ ਪੱਥਰ ਚੱਟ ਕੇ ਵੇਖ ਲਿਆ ਅਤੇ ਸੂਝਵਾਨ ਵਰਗ ਵੱਲੋਂ ਇਹਨਾਂ ਮਸਤਾਂ ਦਾ ਲਗਾਤਾਰ ਵਿਰੋਧ ਕਰਨ ਤੇ ਬਹੁਤੇ ਲੋਕ ਪਹਿਲਾਂ ਹੀ ਜਾਗਰੂਕ ਹੋ ਗਏ ਹਨ।
ਇਸੇ ਵਿਰੋਧ ਦੇ ਚੱਲਦਿਆਂ ਇਹਨਾਂ ਮਸਤਾਂ ਦਾ ਪ੍ਰਭਾਵ ਕਾਫ਼ੀ ਹੱਦ ਤੱਕ ਘੱਟ ਰਿਹਾ ਤੇ ਹੁਣ ਇਹਨਾਂ ਦੇ ਪੱਕੇ ਚੇਲੇ ਕੰਵਰ ਵਰਗੇ ਜਿਹਨਾ ਨੂੰ ਲੋਕੀਂ ਕਾਫੀ ਸੁਣਦੇ ਹਨ ਅਤੇ ਇਹਨਾਂ ਪਿੱਛੇ ਲੱਗਦੇ ਹਨ ਜੇ ਇਹ ਵੀ ਇੱਕ ਇੱਕ ਕਰਕੇ ਸਮਝਦਾਰ ਹੋ ਇਹਨਾਂ ਮਸਤਾਂ ਦਾ ਵਿਰੋਧ ਕਰਦੇ ਚੰਗੇ ਪਾਸੇ ਤੁਰਨ ਤਾਂ ਭੋਲੇ ਭਾਲੇ ਲੋਕਾਂ ਨੂੰ ਕਾਫ਼ੀ ਹੱਦ ਤੱਕ ਇਹਨਾਂ ਚਿਲਮਾਂ ਪੀਣੇ ਮਸਤਾਂ ਤੋਂ ਬਚਾਇਆ ਜਾ ਸਕਦਾ, ਨੌਜਵਾਨਾਂ ਨੂੰ ਚਿਲਮਾਂ ਤੇ ਘੂੰਘਰੂਆਂ ਦੇ ਪ੍ਰਭਾਵ ਤੋਂ ਹਟਾਇਆ ਜਾ ਸਕਦਾ।
ਇਹਨਾਂ ਮਸਤਾਂ ਨੇ ਤਾਂ ਸੋਚੀ ਸਮਝੀ ਚਾਲ ਨਾਲ ਆਪਣਾ ਪ੍ਰਚਾਰ ਵਧਾਉਣਾ ਜਵਾਨੀ ਨੂੰ ਆਪਣੇ ਵੱਲ ਮੋੜਨਾ ਅਤੇ ਕਲਾਕਾਰਾਂ ਨੇ ਆਪਣੀਆਂ ਕੈਸਟਾਂ ਤੇ ਫ਼ਿਲਮਾਂ ਵੇਚਣੀਆਂ ਮਸ਼ਹੂਰੀ ਕਰਕੇ ਪੈਸੇ ਕਮਾਉਣੇ ਆ ਇਹਨਾਂ ਦਾ ਤਾਂ ਕੰਮ ਹੀ ਇਹੋ ਹੈ ਪਰ ਸਾਨੂੰ ਕੀ ਲੋੜ ਪਈ ਹੈ ਅਜਿਹੇ ਲੋਕਾਂ ਕੋਲ ਜਾਣ ਦੀ ਸਾਡੇ ਕੋਲ ਤਾਂ ਪਹਿਲਾਂ ਹੀ ਬਾਣੀ ਅਤੇ ਬਾਣੇ ਦੇ ਰੂਪ ਵਿਚ ਐਨਾ ਪ੍ਰਭਾਵਸ਼ਾਲੀ ਸਿੱਖ ਇਤਿਹਾਸ ਮੌਜੂਦ ਹੈ ਜੋ ਸਾਡਾ ਸਦਾ ਹੀ ਮਾਰਗ ਦਰਸ਼ਨ ਕਰਦਾ।
ਸੋਚਣ ਵਾਲੀ ਗੱਲ ਹੈ ਕਿ ਅੱਜ ਕਿਉ ਪੰਜਾਬ ਦਾ ਹਰੇਕ ਕਲਾਕਾਰ ਅੱਡੀਆਂ ਚੱਕ ਚੱਕ ਇਹਨਾਂ ਮਸਤਾਂ ਦੇ ਡੇਰਿਆਂ ਵੱਲ ਦੇਖ ਰਿਹਾ ਕਿ ਸਾਨੂੰ ਕਦੋਂ ਮੌਕਾ ਮਿਲੇਗਾ ਇਥੇ ਗਾਉਣ ਦਾ ਕਿਉਂਕਿ ਇਹਨਾਂ ਮਸਤਾਂ ਦੇ ਡੇਰਿਆਂ `ਚ ਗਾਉਣ ਨਾਲ ਪੈਸਾ ਵੀ ਮਿਲੇਗਾ ਨਾਲ ਮੁਫਤੋ ਮੁਫ਼ਤੀ ਅੰਨ੍ਹੀ ਸ਼ਰਧਾ ਵਾਲਾ ਸਰੋਤਾ ਵਰਗ ਵੀ ਮਿਲ ਜਾਵੇਗਾ। ਇਸ ਵਿਚ ਮਸਤਾਂ ਦਾ ਦੂਹਰਾ ਫ਼ਾਇਦਾ ਹੋ ਰਿਹਾ ਇੱਕ ਤਾਂ ਇਹਨਾਂ ਲਈ ਗਾਉਣ ਵਾਲੇ ਗਾਇਕ ਦੁਨੀਆ ਦੇ ਜਿਸ ਹਿੱਸੇ ਵੀ ਜਾਣਗੇ ਉੱਥੇ ਇਹਨਾਂ ਮਸਤਾਂ ਦਾ ਪ੍ਰਚਾਰ ਕਰਨਗੇ ਦੂਸਰਾ ਕਲਾਕਾਰਾਂ ਨਾਲ ਜੁੜੇ ਜਿੰਨੇ ਵੀ ਸਰੋਤੇ ਹਨ ਉਹ ਮਸਤਾਂ ਦੇ ਸੰਪਰਕ ਵਿਚ ਆ ਕੇ ਮਸਤ ਮਸਤ ਕਰਨਗੇ ਇਸ ਤਰ੍ਹਾਂ ਮਸਤਾਂ ਦੇ ਮੁਰੀਦਾਂ ਦਾ ਇੱਕ ਵੱਡਾ ਕਾਫ਼ਲਾ ਤਿਆਰ ਹੁੰਦਾ। ਪਰ ਸਵਾਲ ਪੈਦਾ ਹੁੰਦਾ ਕਿ ਇਸ ਤਰ੍ਹਾਂ ਦੇ ਮਸਤਪੁਣੇ ਦੇ ਵੱਧ ਰਹੇ ਰੁਝਾਨ ਦਾ ਪੰਜਾਬ ਤੇ ਕੀ ਅਸਰ ਹੋ ਰਿਹਾ। ਸਰਕਾਰਾਂ ਦੀ ਪਹਿਲਾਂ ਤੋਂ ਹੀ ਅਣਦੇਖੀ ਦਾ ਸ਼ਿਕਾਰ ਅਤੇ ਹਰ ਪਾਸੇ ਤੋਂ ਟੁੱਟ ਰਹੀ ਬੇਰੁਜ਼ਗਾਰ ਜਵਾਨੀ ਇਹਨਾਂ ਚਿਲਮਾਂ ਪੀਣੇ ਨੰਗੇ ਮਸਤਾਂ ਦੇ ਹੱਥ ਚੜ੍ਹ ਰਹੀ ਆ ਅਤੇ ਇਹ ਇਸ ਜਵਾਨੀ ਨੂੰ ਆਪਣੀ ਮਰਜ਼ੀ ਨਾਲ ਵਰਤਦੇ ਉਸਨੂੰ ਨਸ਼ਿਆਂ ਉੱਤੇ ਲਾਕੇ ਉਨ੍ਹਾਂ ਦੇ ਹੱਥਾਂ ਵਿਚ ਵੰਗਾਂ ਤੇ ਪੈਰਾਂ ਚ ਘੁੰਗਰੂ ਪਾ ਰਹੇ ਆ।
ਜੇ ਹੁਣ ਕੰਵਰ ਗਰੇਵਾਲ ਵਰਗੇ ਸੱਚਮੁੱਚ ਹੀ ਸੱਚੇ ਦਿਲੋਂ ਇਹਨਾਂ ਮਸਤਾਂ ਦਾ ਵਿਰੋਧ ਕਰਦੇ ਹਨ ਤਾਂ ਸਾਨੂੰ ਇਹਨਾਂ ਦੀ ਤਾਰੀਫ਼ਕਰਨੀ ਬਣਦੀ ਹੈ ਜੇ ਇਸ ਪਿੱਛੇ ਹੋਰ ਕਾਰਨ ਹੈ ਤਾਂ ਦੇਰ ਸਵੇਰ ਸੱਚ ਸਾਹਮਣੇ ਆ ਹੀ ਜਾਵੇਗਾ ਪਰ ਇੱਕ ਵਧੀਆ ਗੱਲ ਜੋ ਇਹਨਾਂ ਮਸਤਾਂ ਦੇ ਪੱਕੇ ਅਤੇ ਬਾਹਲ਼ੇ ਕੱਟੜ ਚੇਲੇ ਹਨ ਜੇ ਉਹ ਇਸਦੀਆਂ ਗੱਲਾਂ ਸੁਣਨਗੇ ਤਾਂ ਜ਼ਰੂਰ ਸੋਚਣਗੇ ਕਿ ਬਈ ਕੁਝ ਨਾ ਕੁਝ ਤਾਂ ਜ਼ਰੂਰ ਗ਼ਲਤ ਹੈ ਇਸ ਮਸਤਪੁਣੇ ਵਿੱਚ।
ਰੱਬ! ਖ਼ੈਰ ਕਰੇ ਪੰਜਾਬ ਤੇ ਜੋ ਪਹਿਲਾਂ ਹੀ ਚਾਰੇ ਪਾਸਿਉਂ ਚਿੜੀ ਵਾਂਗ ਬਾਜਾਂ ਨੇ ਘੇਰਿਆ।
ਸੰਪਰਕ: +61 430 850045