7 ਫ਼ਰਵਰੀ ਤੋਂ ਪਹਿਲਾਂ... ਅਤੇ 10 ਫ਼ਰਵਰੀ ਤੋਂ ਪਿੱਛੋਂ - ਸੁਕੀਰਤ
Posted on:- 15-02-2015
7 ਫ਼ਰਵਰੀ, ਦਿੱਲੀ ਵਿਚ ਵੋਟਾਂ ਪੈਣ ਦੇ ਦਿਨ, ਮੈਂ ਆਪਣੇ ਸਾਰੇ ਦਿੱਲੀ-ਨਿਵਾਸੀ ਜਾਣੂੰਆਂ ਨੂੰ ਫ਼ੋਨ-ਸੁਨੇਹੇ ਭੇਜੇ। ਸੁਨੇਹਿਆਂ ਦੀ ਸ਼ਬਦਾਵਲੀ ਵਿਚ ਭਾਵੇਂ ਥੋੜਾ ਹੇਰ-ਫੇਰ ਸੀ ਪਰ ਤੱਤ ਸਾਰ ਸਾਰਿਆਂ ਇਕੋ ਸੀ, ਕਿ ਵੋਟ ਜ਼ਰੂਰ ਪਾਉਣ ਜਾਣਾ, ਅਤੇ ਦੇਣਾ ਵੀ ‘ਆਪ’ ਨੂੰ । ਉਦਾਹਰਣ ਲਈ ਆਪਣੇ ਇਕੋ ਇਕ ਪੱਕੇ ਭਾਜਪਾਈ ਜਾਣੂੰ ਨੂੰ ਭੇਜਿਆ ਮੇਰਾ ਸੁਨੇਹਾ ਸੀ, “ ਉਮੀਦ ਹੈ ਕਿ ਤੂੰ ਮੇਰੇ ਨਾਲ ਸਹਿਮਤ ਹੋਵੇਂਗਾ ਕਿ ਹੁਣ ਭਾਜਪਾ ਦੀ ਅੰਦਰੂਨੀ ਡੈਮੋਕ੍ਰੇਸੀ ਨੂੰ ਕਾਇਮ ਰੱਖਣ ਲਈ ਵੀ ਕਿਸੇ ਵਿਰੋਧੀ ਧਿਰ ਦੀ ਹੋਂਦ ਦੀ ਲੋੜ ਹੈ”। ਮੈਂ ਅਸਿੱਧੇ ਢੰਗ ਨਾਲ ਭਾਜਪਾ ਦੀ ਇਕ ਵੋਟ ਖਿਸਕਾਉਣ ਦੀ ਕੋਸ਼ਿਸ਼ ਕਰ ਰਿਹਾ ਸਾਂ।
ਨਾ ਤਾਂ ਫੋਨ ਰਾਹੀਂ ਸੁਨੇਹੇ ਭੇਜਦੇ ਰਹਿਣਾ ਮੇਰੇ ਸੁਭਾਅ ਦਾ ਹਿੱਸਾ ਹੈ ਤੇ ਨਾ ਹੀ ਕਿਸੇ ਪਾਰਟੀ ਲਈ ਵੋਟ ਮੰਗਣ ਦਾ। ਏਨਾ ਹੀ ਨਹੀਂ, ਨਾ ਮੈਂ ਦਿੱਲੀ ਦਾ ਵਾਸੀ ਹਾਂ ਤੇ ਨਾ ਹੀ ਆਪ ਪਾਰਟੀ ਜਾਂ ਕੇਜਰੀਵਾਲ ਦਾ ਪੈਰੋਕਾਰ। ਫੇਰ ਮੈਂ ਉਸ ਦਿਨ ਏਨਾ ਤ੍ਰਾਣ ਕਿਉਂ ਲਾ ਰਿਹਾ ਸਾਂ?
ਇਹ ਸਵਾਲ ਮੇਰੇ ਉਤੇ ਮੇਰੇ ਇਕ ਖੱਬੇ-ਪੱਖੀ ਮਿੱਤਰ ਨੇ ਦਾਗਿਆ। ਅਸੀਂ ਦੋਵੇਂ ਇਕੋ ਕੈਟਾਗਰੀ ਦੇ ਹਾਂ: ਸਿਆਸਤ ਵਿਚ ਸਰਗਰਮ ਕਦੇ ਨਹੀਂ ਰਹੇ ; ਅੰਦਰਖਾਤੇ ਖੱਬੀਆਂ ਪਾਰਟੀਆਂ ਅਤੇ ਆਗੂਆਂ ਦੇ ਗੱਲੀਂ-ਬਾਤੀਂ ਤੁਆਹੇ ਵੀ ਲਾਹ ਲੈਂਦੇ ਹਾਂ, ਪਰ ਜਨਤਕ ਤੌਰ ‘ਤੇ ਖੱਬਆਂ ਵਿਰੋਧੀ ਕੋਈ ਗੱਲ ਨਹੀਂ ਸਹਾਰਦੇ, ਝਟ ਸਿੰਗ ਅੜਾਉਣ ਨੂੰ ਤਿਆਰ ਹੋ ਜਾਂਦੇ ਹਾਂ। ਮੇਰਾ ਮਿੱਤਰ ਪੁੱਛ ਰਿਹਾ ਸੀ ਕਿ ਜਿਸ ਪਾਰਟੀ ਦੀ ਕੋਈ ਸਪਸ਼ਟ ਪਾਲਸੀ ਨਹੀਂ, ਜਿਸਦਾ ਕੋਈ ਇਤਿਹਾਸ ਨਹੀਂ, ਉਸ ਉਤੇ ਏਨੀ ਟੇਕ ਰਖਣਾ , ਉਸ ਲਈ ਏਨਾ ਟਿੱਲ ਲਾਉਣਾ ਮੂਰਖਤਾ ਨਹੀਂ ਤਾਂ ਅਲ੍ਹੜਪੁਣੇ ਦੀ ਲਖਾਇਕ ਕਿਉਂ ਨਾ ਸਮਝਿਆ ਜਾਵੇ।
ਫੋਨ ਸੁਨੇਹਿਆਂ ਰਾਹੀਂ ਲੰਮੀ ਬਹਿਸ ਜਾਰੀ ਨਹੀਂ ਰੱਖੀ ਜਾ ਸਕਦੀ, ਮੇਰਾ ਸੰਖੇਪ ਜਵਾਬ ਸੀ: “ ਮੈਨੂੰ ਆਮ ਆਦਮੀ ਪਾਰਟੀ ਬਾਰੇ ਕੋਈ ਸੁਪਨ-ਭਰਮ ਨਹੀਂ, ਪਰ ਭਾਜਪਾ ਦਾ ਬੁਲਡੋਜ਼ਰ ਰੋਕਣ ਲਈ ਮੋਦੀ-ਸ਼ਾਹ ਲਾਣੇ ਦੀ ਫੂਕ ਕੱਢਣੀ ਹੁਣ ਨਿਹਾਇਤ ਜ਼ਰੂਰੀ ਹੈ। ਅਤੇ ਦਿੱਲੀ ਦੀਆਂ ਚੋਣਾਂ ਵਿਚ ਆਪ ਨੂੰ ਵੋਟ ਦੇਣਾ ਹੀ ਇਸ ਸਮੇਂ ਸੈਕੂਲਰ ਧਿਰਾਂ ਕੋਲ ਮੌਜੂਦ ਇਕ ਮਾਤਰ ਕਾਰਗਰ ਪੈਂਤੜਾ ਹੈ”।
ਮੈਂ ਆਪਣੇ ਮਿੱਤਰ ਨੂੰ ਕਾਇਲ ਕਰ ਸਕਿਆ ਜਾਂ ਨਹੀਂ, ਪਰ ਮੈਂ ਕੁਝ ਚਿਰ ਤੋਂ ਇਸ ਗੱਲ ਤੋਂ ਪੂਰੀ ਤਰ੍ਹਾਂ ਕਾਇਲ ਹੋ ਚੁੱਕਾ ਹਾਂ ਕਿ ਮੋਦੀ-ਸ਼ਾਹ ਦੀ ਅਗਵਾਈ ਹੇਠਲੀ ਭਾਜਪਾ ਨੂੰ ਠਲ੍ਹ ਪਾਉਣਾ ਇਸ ਸਮੇਂ ਦੀ ਪਰਮੁਖ ਅਤੇ ਫੌਰੀ ਲੋੜ ਹੈ। ਪਿਛਲੇ 67 ਸਾਲਾਂ ਤੋਂ ਭਾਰਤ ਉਤੇ ਵੱਖੋ ਵਖ ਦਲਾਂ ਦਾ ਰਾਜ ਰਿਹਾ ਹੈ (ਸਮੇਤ ਭਾਜਪਾ ਦੇ) , ਸਮਾਜਕ ਅਨਿਆਂ ਅਤੇ ਘੋਰ ਪਾੜੇ ਦੇ ਮੁੱਦੇ ਉਂਜ ਦੇ ਉਂਜ ਖੜੇ ਹਨ , ਸਗੋਂ ਤਿਖੇਰੇ ਹੋਏ ਹਨ, ਪਰ ਜਿਸ ਬੇਕਿਰਕ, ਬੇਸ਼ਰਮ ਅਤੇ ਧੁੱਸ ਮਾਰੂ ਢੰਗ ਨਾਲ ਦੇਸ ਦੇ ਮੂਲ ਖਾਸੇ, ਉਸਦੇ ਸੈਕੂਲਰ ਢਾਂਚੇ, ਉਸਦੇ ਇਤਿਹਾਸ ਨੂੰ ਤੋੜਨ ਦੀ ਕੋਸ਼ਿਸ਼ ਪਿਛਲੇ ਨੌਂ ਮਹੀਨਿਆਂ ਵਿਚ ਸਾਹਮਣੇ ਆਈ ਹੈ, ਉਹ ਪਹਿਲੋਂ ਕਦੇ ਨਹੀਂ ਸੀ ਹੋਈ। ਅਤੇ ਜੇ ਮਹਾਰਾਸ਼ਟਰ, ਹਰਿਆਣੇ, ਝਾਰਖੰਡ ਵਾਲਾ ਜੇਤੂ ਦੌਰ ਜਾਰੀ ਰਿਹਾ ਤਾਂ ਸਿਰਫਿਰਿਆਂ ਦੇ ਹੌਸਲੇ ਹੋਰ ਬੁਲੰਦ ਹੋ ਜਾਣਗੇ, ਵਿਕਾਸ ਦੇ ਮੁਖੌਟਿਆਂ ਪਿੱਛੇ ਲੁਕਾਏ ਹੋਏ ਚੰਡਾਲ-ਚਿਹਰੇ ਖੁਲ੍ਹ ਕੇ ਦਿਖਾਉਣ ਦੀ ਝਿਜਕ ਤਕ ਬਾਕੀ ਨਾ ਰਹੇਗੀ। ਤੇ ਏਸੇਲਈ ਮੈਂ ਕਾਇਲ ਸਾਂ ਕਿ ਇਹੋ ਜਿਹੇ ਖਤਰਨਾਕ ਇਰਾਦਿਆਂ ਨੂੰ ਠੱਲ਼੍ਹ ਪਾਉਣ ਲਈ ਹਰ ਸੈਕੂਲਰ ਵੋਟਰ ( ਭਾਵੇਂ ਉਹ ਕਮਿਊਨਿਸਟ ਹੋਵੇ ਜਾਂ ਸੋਸ਼ਲਿਸਟ, ਕਾਂਗਰਸੀ ਹੋਵੇ ਜਾਂ ਬਹੁਜਨਸਮਾਜੀ ) ਨੂੰ ਸਿਰ ਜੋੜ ਕੇ , ਯਾਨੀ ਯਕਮਤ ਹੋ ਕੇ ਵੋਟ ਪਾਉਣ ਦੀ ਲੋੜ ਹੈ। ਕਿਉਂਕਿ ਦਿੱਲੀ ਵਿਚ ਭਾਜਪਾ ਨੂੰ ਚੁਣੌਤੀ ਦੇ ਸਕਣ ਵਾਲੀ ਕਾਂਗਰਸ ਹੁਣ ਸ਼ਵ-ਆਸਨ ਵਿਚ ਲੀਨ ਹੈ, ਅਤੇ ਇਸ ਸਮੇਂ ਆਮ ਆਦਮੀ ਪਾਰਟੀ ਹੀ ਉੱਥੇ ਇਕਮਾਤਰ ਕਾਰਗਰ ਵਿਰੋਧੀ ਸਾਬਤ ਹੋ ਸਕਦੀ ਹੈ।
ਇਸ ਲਈ 7 ਫਰਵਰੀ ਨੂੰ ਮੈਂ ਇਸ ਨਿਜੀ ਪੱਧਰ ਦੇ ਚੋਣ ਪਰਚਾਰ ਵਿਚ ਰੁੱਝਾ ਹੋਇਆ ਸਾਂ। ਉਸ ਦਿਨ ਮੈਨੂੰ ਜਾਪਦਾ ਸੀ ਕਿ ਭਾਜਪਾ ਨੂੰ ਹਰਾਉਣ ਲਈ ਇਕ ਇਕ ਵੋਟ ਜ਼ਰੂਰੀ ਹੈ। ਫਸਵੀਂ ਟੱਕਰ ਹੈ, ਕਿਤੇ ਭਾਜਪਾ ਮੁੜ ਬਾਜ਼ੀ ਨਾ ਮਾਰ ਜਾਵੇ.. ਮੈਂ ਸਾਹ ਸੂਤ ਕੇ ਬੈਠਾ ਹੋਇਆ ਸਾਂ।
ਪਰ 10 ਫਰਵਰੀ ਦੀ ਸਵੇਰ ਦੇ ਪਹਿਲੇ ਘੰਟਿਆਂ ਨੇ ਹੀ ਸਿੱਧ ਕਰ ਦਿਤਾ ਕਿ ਜਿਹੜੀ ਗੱਲ (ਸਾਰੀ ਭਾਜਪਾ- ਵਿਰੋਧੀ ਵੋਟ ਨੂੰ ਇੱਕੇ ਥਾਂ ਪਾਉਣ ਦੀ) ਮੈਂ ਅਤੇ ਮੇਰਾ ਮਿੱਤਰ ਬਹਿਸ ਰਾਹੀਂ ਸਮੇਟ ਰਹੇ ਸਾਂ, ਜਿਹੜਾ ਫੈਸਲਾ ਭਾਕਪਾ, ਭਾਕਪਾ( ਮਾਰਕਸੀ) , ਜਨਤਾ ਦਲ ( ਯੂ) ਅਤੇ ਤ੍ਰਿਣਮੂਲ ਵਰਗੀਆਂ ਪਾਰਟੀਆਂ ਨੇ ਵੀ ਚੋਣਾਂ ਤੋਂ ਦੋ ਕੁ ਦਿਨ ਪਹਿਲਾਂ ਲੈ ਲਿਆ ਸੀ, ਉਸ ਬਾਰੇ ਦਿੱਲੀ ਦਾ ਆਮ ਵੋਟਰ ਤਾਂ ਪਹਿਲੋਂ ਹੀ ਸਪਸ਼ਟ ਸੀ । 54 ਪ੍ਰਤੀਸ਼ਤ ਵੋਟਰਾਂ ਨੇ ‘ਆਪ’ ਨੂੰ ਵੋਟ ਪਾਕੇ ਮੋਦੀ ਦੇ ਭੁਕਾਨੇ ਵਿਚ ਵੱਡਾ ਸੂਆ ਮਾਰਨ ਲਈ ਕਮਰ ਕੱਸੀ ਹੋਈ ਸੀ । ਅਤੇ ਇਹ 54 ਪ੍ਰਤੀਸ਼ਤ ਵਾਲੀ ਇਾਿਹਾਸਕ ਜਿਤ ਸੰਭਵ ਨਹੀਂ ਸੀ ਜੇਕਰ ਦਿੱਲੀ ਦੀਆਂ ਗਰੀਬ ਝੁੱਗੀ-ਝੋਪੜੀ ਕਾਲੋਨੀਆਂ ਤੋਂ ਲੈ ਕੇ ਮੱਧ ਅਤੇ ਉਚ ਵਰਗੀ ਰਿਹਾਇਸ਼ਗਾਹਾਂ ਨੇ ਵੀ ‘ਆਪ’ ਦਾ ਠੋਕ ਕੇ ਸਾਥ ਨਾ ਦਿਤਾ ਹੁੰਦਾ। ਜੇ ਦਿਲੀ ਦੇ 11 ਪ੍ਰਤੀਸ਼ਤ ਮੁਸਲਮਾਨਾਂ (ਇਮਾਮ ਬੁਖਾਰੀ ਦੇ ‘ਸ਼ੱਕੀ’ ਸਮਰਥਨ ਨੂੰ ਆਪ ਵੱਲੋਂ ਫੋਰਨ ਠੁਕਰਾ ਦੇਣ ਦੀ ‘ਹਿਮਾਕਤ’ ਕਰਨ ਦੇ ਬਾਵਜੂਦ), ਜੇ ’84 ਦੇ ਘਾਣ ਨੂੰ ਸਹਿ ਚੁੱਕੇ 7 ਪ੍ਰਤੀਸ਼ਤ ਸਿੱਖਾਂ ਨੇ ( ਭਾਜਪਾ ਅਤੇ ਅਕਾਲੀ ਦਲ ਵੱਲੋਂ ਉਨ੍ਹਾਂ ਦੇ 30 ਸਾਲ ਪੁਰਾਣੇ ਜ਼ਖਮਾਂ ਨੂੰ ਉਚੇੜਨ ਅਤੇ ਉਂਨ੍ਹਾਂ ਉੱਤੇ ਵਕਤੀ ਮਲ੍ਹਮ ਲਾਉਣ ਦੇ ਖੇਖਣਾਂ ਦੇ ਬਾਵਜੂਦ) ਕੇਜਰੀਵਾਲ ਦੀ ਪਾਰਟੀ ਵਿਚ ਭਰੋਸਾ ਨਾ ਜਤਾਇਆ ਹੁੰਦਾ। 54 ਪ੍ਰਤੀਸ਼ਤ ਵੋਟਾਂ ਲੈ ਦਿੱਲੀ ਜਿੱਤਣ ਵਾਲੇ ਕੇਜਰੀਵਾਲ ਦੀ ਲਹਿਰ ਨੇ 31 ਪ੍ਰਤੀਸ਼ਤ ਵੋਟਾਂ ਦੇ ਸਿਰ ਪ੍ਰਧਾਨ ਮੰਤਰੀ ਬਣੇ ਮੋਦੀ ਦੀ ਲਹਿਰ ਦੇ ਦਾਅਵੇ ਝੂਠੇ ਸਾਬਤ ਕਰ ਦਿੱਤੇ। ਅਤੇ ਇਹ ਵੀ ਸਾਬਤ ਕਰ ਦਿਤਾ ਕਿ ਉਸਦੇ ਵੋਟਰਾਂ ਨੂੰ ਨਾ ਕਿਸੇ ਰਾਮ ਰਹੀਮ ਵਰਗੇ ਕਾਰੋਬਾਰੀ ਸੰਤ ਦੇ ਇਸ਼ਾਰਿਆਂ ਦੀ ਲੋੜ ਹੈ, ਨਾ ਬੁਖਾਰੀ ਵਰਗੇ ਕਿਸੇ ਦਲਬਦਲੂ ਇਮਾਮ ਦੇ ਫੁਰਮਾਨਾਂ ਦੀ। ਹੋਰ ਤਾਂ ਹੋਰ ਇਨ੍ਹਾਂ ਚੋਣਾਂ ਵਿਚ ਜਾਤ, ਗੋਤ, ਜਮਾਤ ਅਧਾਰਤ ਵੋਟਾਂ ਪੈਣ ਦੇ ਸਾਰੇ ਸਮੀਕਰਣ ਵੀ ਬਦਲ ਗਏ ਜਾਪਦੇ ਹਨ।
ਮੇਰਾ ਖੱਬੇ-ਪੱਖੀ ਦੋਸਤ ਮੈਨੂੰ ਕਹੇਗਾ ਕਿ ਜਜ਼ਬਾਤੀ ਨਾ ਹੋ, ਇਹ ਇਨਕਲਾਬ ਨਹੀਂ ਹੈ। ਮੇਰਾ ਸਿਆਸੀ ਟਿੱਪਣੀਕਾਰ ਦੋਸਤ ਮੈਨੂੰ ਜਤਾਵੇਗਾ ਕਿ ਦਿੱਲੀ ਬਹੁਤ ਛੋਟਾ ਜਿਹਾ ਸੂਬਾ ਹੈ, ਅਤੇ ਆਪ ਦਾ ਹੋਰ ਕਿਤੇ ਕੋਈ ਵਜੂਦ ਨਹੀਂ। ਮੇਰਾ ਭਾਜਪਾਈ ਦੋਸਤ ਮੈਨੂੰ ( ਅਤੇ ਆਪਣੇ ਆਪ ਨੂੰ ਵੀ) ਕਾਇਲ ਕਰਨ ਦੀ ਕੋਸ਼ਿਸ਼ ਕਰੇਗਾ ਸੀਟਾਂ ਭਾਵੇਂ ਤਿੰਨ ਰਹਿ ਗਈਆਂ ਹਨ ਪਰ ਭਾਜਪਾ ਦੀ ਪੱਕੀ ਵੋਟ ਵਿਚ ਕੋਈ ਖਾਸ ਫਰਕ ਨਹੀਂ ਪਿਆ। 2013 ਵਿਚ 34 % ਸੀ ਹੁਣ ਵੀ 32% ਤੋਂ ਵਧ ਹੈ।
ਤੁਹਾਡੇ ਸਭ ਨਾਲ ਮੇਰੀ ਕੋਈ ਤਕਰਾਰ ਨਹੀਂ। ਆਪੋ ਆਪਣੀ ਥਾਂ ਤੁਸੀ ਸਭ ਸੱਚੇ ਹੋ। ਪਰ ਮੈਂ ਤਾਂ ਵੀ ਦਿੱਲੀ ਦੀ ਚੋਣ ਨੂੰ ਇਤਿਹਾਸਕ ਜਿੱਤ ਹੀ ਨਹੀਂ, ਭਾਰਤ ਦੀ ਅਜੋਕੀ ਰਾਜਨੀਤੀ ਵਿਚ ਇਕ ਨਿਰਣਈ ਮੋੜ ਵੀ ਸਮਝਦਾ ਹਾਂ। ਤੁਸੀ ਦੇਖਣਾ, ਮੋਦੀ-ਸ਼ਾਹ ਨੁਮਾ ਸ਼ਹਿ ਉਤੇ ਉਠ ਰਹੇ ਦਕਿਆਨੂਸੀ ਅਤੇ ਹੋਰ-ਧਰਮ ਵਿਰੋਧੀ ਸ਼ੋਰ ਦੀਆਂ ਸੁਰਾਂ ਹੁਣ ਮੱਧਮ ਹੋਣ ਲਗਦੀਆਂ ਹਨ ਕਿ ਨਹੀਂ, ਆਰਡੀਨੈਂਸਾਂ ਰਾਹੀਂ ਕਿਰਤ ਕਾਨੂੰਨਾਂ , ਸਨਅਤਕਾਰਾਂ ਲਈ ਭੋਂ ਹਥਿਆਉਣ ਦੀਆਂ ਚਾਲਾਂ ਦੀ ਰਫ਼ਤਾਰ ਵਿਚ ਸੁਸਤੀ ਆਂਦੀ ਹੈ ਕਿ ਨਹੀਂ, ਸਾਰੀਆਂ ਸਿਆਸੀ ਪਾਰਟੀਆਂ ਸਿਰ-ਜੋੜਨ ਦੇ ਉਪਰਾਲੇ ਤੇਜ਼ ਕਰਦੀਆਂ ਹਨ ਜਾਂ ਨਹੀਂ , ਹੋਰਨਾ ਸੂਬਿਆਂ ( ਸਮੇਤ ਸਾਡੇ ਪੰਜਾਬ ਦੇ) ਵਿਚ ਲੋਕ ਇਕ ਵਿਕਲਪ ਦੀ ਭਾਲ ਵਿਚ ਨਿਕਲਦੇ ਹਨ ਜਾਂ ਨਹੀਂ... ਅਤੇ, ਕੇਜਰੀਵਾਲ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਜੇ ਆਪਣੇ ਚੋਣ ਵਾਇਦਿਆਂ ਦਾ 25% ਵੀ ਪੂਰਾ ਕਰਨ ਵਿਚ ਕਾਮਯਾਬ ਹੋ ਜਾਵੇ ਤਾਂ ਵੀ ਮੈਂ ਉਸਦੀ ਕਾਰਗੁਜ਼ਾਰੀ ਨੂੰ ਕਾਰਗਰ ਹੀ ਸਮਝਾਂਗਾ। ਆਮ ਆਦਮੀ ਪਾਰਟੀ ਦੀ ਮੁਖ ਦੇਣ ਤਾਂ ਦੇਸ ਵਿਚ ਇਕ ਨਵੇਂ ਮਾਹੌਲ ਲਈ ਜ਼ਮੀਨ ਤਿਆਰ ਕਰਨਾ ਹੈ, ... ਅੱਗੋਂ ਕੁਝ ਹੰਭਲਾ ਤੁਸੀ ਵੀ ਮਾਰੋ ਦੋਸਤੋ। ਵਰਨਾ ਭੁੱਲਿਉ ਨਾ, ਭਾਜਪਾ ਦੀ ਪੱਕੀ ਵੋਟ ਅਜੇ ਵੀ ਓਨੀ ਹੀ ਹੈ ਜੋ ਪਹਿਲਾਂ ਸੀ, ਅਤੇ ਜ਼ਿੰਦਗੀ ਹੋਵੇ ਜਾਂ ਸਿਆਸਤ, ਮੌਕੇ ਬਾਰ ਬਾਰ ਹੱਥ ਨਹੀਂ ਆਉਂਦੇ।
Rajinder kaur
right ji.....