ਸਾਹਿਬਾ ਨਾਲ ਹੋਈ ਇਸ ਸਬੱਬੀ ਮੁਲਾਕਾਤ ਦੀ ਗੁਫ਼ਤਗੂ ਵਿੱਚ ਉਹਦੀ ਜ਼ਿੰਦਗੀ ਦੇ ਗ਼ਮਾਂ ਦੇ ਹਰਫ਼ ਅਤੇ ਉਦਾਸੀ ਦੇ ਰੰਗ ਆਪ-ਮੁਹਾਰੇ ਉਹਦੀ ਹਰ ਇੱਕ ਗੱਲ ਵਿੱਚੋਂ ਡੁੱਲ੍ਹ-ਡੁੱਲ੍ਹ ਪੈ ਰਹੇ ਸਨ। ਅੱਜ ਤੋਂ ਕਰੀਬ ਛੱਬੀ ਕੁ ਵਰ੍ਹਿਆਂ ਪਹਿਲਾਂ ਘਰ ਦੀ ਆਰਥਿਕ ਤੰਗੀਆਂ ਦੀ ਮਾਰ ਨੂੰ ਨਾ ਝੱਲਦੇ ਹੋਏ ਸਕੂਲ ਵੱਲ ਜਾਂਦੇ ਰਾਹ ਨੂੰ ਅੱਧਵਾਏ ਹੀ ਛੱਡ ਕੇ ਉਹ ਅਮਰਜੀਤ ਤੋਂ ‘ਸਾਹਿਬਾ ਪੇਂਟਰ' ਬਣ ਗਿਆ ਸੀ।ਘਰਾਂ ਦੇ ਬੂਹੇ-ਬਾਰੀਆਂ ਰੰਗਦਾ-ਰੰਗਦਾ ਉਹ ਜਿੱਥੇ ਚਿੱਤਰਕਾਰੀ ਕਰਨ ਲੱਗਾ ਉ¥ਥੇ ਲੋਕਾਂ ਦੇ ਚਿਹਰਿਆਂ ਨੂੰ ਪੈਨਸਿਲ ਦੀ ਨੋਕ ਨਾਲ ਹੂਬਹੂ ਕਾਗ਼ਜ਼ 'ਤੇ ਵੀ ਉਤਾਰਨ ਲੱਗ ਪਿਆ।ਦਿਨ ਵਿੱਚ ਢਿੱਡ ਦੀ ਭੁੱਖ ਮਿਟਾਉਣ ਲਈ ਰੰਗਾਂ 'ਚ ਭਿੱਜੇ ਬੁਰਸ਼ ਉਹਦੇ ਹੱਥੀਂ ਹੁੰਦੇ ਤੇ ਰਾਤਾਂ ਨੂੰ ਉਹਦੇ ਹੱਥਾਂ ਦੀਆਂ ਉਂਗਲਾਂ ਵਿੱਚ ਅਜਿਹੀ ਕਲਮ ਹੁੰਦੀ, ਜੋ ਆਪਣੇ ਗ਼ਮ ਭੁਲਾ ਕੇ ਦੂਜੇ ਦੀ ਪੀੜ ਨੂੰ ਸ਼ਾਇਰੀ ਦਾ ਜਾਮਾ ਪਹਿਨਾਉਣਾ ਵਿੱਚ ਲੱਗੀ ਰਹਿੰਦੀ।
ਸਾਹਿਬਾ ਜਿਉਂ-ਜਿਉਂ ਮੇਰੇ ਨਾਲ ਆਪਣੀ ਜ਼ਿੰਦਗੀ ਦੀ ਦਾਸਤਾਨ ਦੇ ਵਰਕੇ ਫਰੋਲ ਰਿਹਾ ਸੀ, ਤਿਉਂ-ਤਿਉਂ ਉਹਦੇ ਦਿਲ ਦੀ ਪੀੜ ਅੱਖਾਂ ਥਾਣੀਂ ਟਿੱਪ-ਟਿੱਪ ਕਰ ਕੇ ਚੋ ਰਹੀ ਸੀ।ਇਨ੍ਹਾਂ ਪੀੜ ਦੀਆਂ ਬੂੰਦਾਂ ਨੂੰ ਉਹ ਆਪਣੇ ਰੰਗਾਂ 'ਚ ਲਿੱਬੜੇ ਦੋਹੇਂ ਹੱਥਾਂ ਨਾਲ ਵਾਰ-ਵਾਰ ਠੱਲ੍ਹਦਾ ਅਤੇ ਕੁਝ ਪਲ ਖ਼ਾਮੋਸ਼ ਹੋ ਕੇ ਫਿਰ ਆਪਣੇ ਬੀਤੇ ਦਿਨਾਂ ਨੂੰ ਚੇਤੇ ਕਰਨ ਲਗਦਾ।ਕੁਝ ਕੁ ਵਰ੍ਹੇ ਪਹਿਲਾਂ ਅਚਾਨਕ ਹੋਈ ਸਾਹਿਬਾ ਦੀ ਪਤਨੀ ਦੀ ਬੇਵਕਤ ਮੌਤ ਨੇ ਉਹਦੇ ਖ਼ੁਸ਼ੀਆਂ 'ਚ ਰੰਗੇ ਘਰ ਨੂੰ ਪਲਾਂ 'ਚ ਹੀ ਬੇਰੰਗ ਕਰ ਦਿੱਤਾ ਸੀ।ਅੱਖਾਂ ਸਾਹਮਣੇ ਹੋਈ ਮਾਂ ਦੀ ਮੌਤ ਦੀ ਤਸਵੀਰ ਨੇ ਉਹਦੇ ਨੰਨ੍ਹਿਆਂ ਬੱਚਿਆਂ ਦੀਆਂ ਸੱਧਰਾਂ ਨੂੰ ਝਿੰਜੋੜ ਕੇ ਰੱਖ ਦਿੱਤਾ ਸੀ।ਵਸਦਾ ਘਰ ਉ¥ਜੜ ਗਿਆ ਸੀ ਅਤੇ ਬੱਚੇ ਰੁਲ ਰਹੇ ਸਨ। ਇਹ ਗੱਲ ਕਰਦਿਆਂ ਖੋਰੇ ਕਿੱਧਰੋਂ ਇੱਕ ਹਲਕੀ ਜਿਹੀ ਮੁਸਕਾਨ ਦਾ ਝੋਂਕਾ ਸਾਹਿਬਾ ਦੇ ਚਿਹਰੇ ਕੋਲੋਂ ਦੀ ਲੰਘਿਆ ਅਤੇ ਉਹ ਅੰਗਰੇਜ਼ੀ ਵਿੱਚ ਬੋਲਿਆ, “ਆਈ ਵਾਂਟ ਟੂ ਥੈਂਕਸ ਹਰਭਜਨ ਮਾਨ ਸਾਹਿਬ! ਅਗਰ ਉਹ ਸੰਗਰੂਰ ‘ਹੀਰ-ਰਾਂਝਾ' ਫ਼ਿਲਮ ਦੀ ਸ਼ੂਟਿੰਗ ਕਰਨ ਨਾ ਆਉਂਦੇ ਤਾਂ ਮੇਰੇ ਬੱਚਿਆਂ ਦਾ ਖੋਰੇ ਕੀ ਬਣਦਾ।ਇਸ ਸ਼ੂਟਿੰਗ ਵਿੱਚ ਗੱਗੂ ਗਿੱਲ ਜੀ ਆਏ, ਉਨ੍ਹਾਂ ਮੇਰੀ ਪੇਂਟਿੰਗ ਦੇਖੀ ਸੀ ਕਿਧਰੇ।ਮੈਨੂੰ ਬੁਲਾ ਕੇ ਉਨ੍ਹਾਂ ਜਦ ਮੇਰਾ ਹਾਲ ਪੁੱਛਿਆ ਤਾਂ ਉਨ੍ਹਾਂ ਮੇਰੇ ਬੱਚਿਆਂ ਦੇ ਸਿਰ 'ਤੇ ਹੱਥ ਰੱਖਕੇ ਮੁਹਾਲੀ ਸਕੂਲ ਵਿੱਚ ਪੜ੍ਹਨੇ ਪਾ ਦਿੱਤਾ।„
ਉਹ ਗੱਲਾਂ ਸੁਣਾ ਹੀ ਰਿਹਾ ਸੀ ਕਿ ਅਚਾਨਕ ਉਹਦੇ ਮੋਬਾਈਲ ਦੀ ਘੰਟੀ ਵੱਜੀ ਤੇ ਉਹਦਾ ਬੇਟਾ ਬੋਲਿਆ, ‘ਡੈਡੀ ਸਾਡਾ ਘਰ ਕਦ ਸੋਹਣਾ ਬਣੇਗਾ?... ਡੈਡੀ ਮੈਨੂੰ ਘਰ ਬਹੁਤ ਚੇਤੇ ਆਉਂਦੈ।" ਸਾਹਿਬਾ ਨੇ ਬਿਨਾਂ ਕੁਝ ਆਖਿਆਂ ਫੋਨ ਕੱਟ ਦਿੱਤਾ।“ਸਾਡਾ ਇਹ ਸੁਫ਼ਨਾ ਵੀ ਖੋਰੇ ਕਦ ਢਹਿ ਜਾਣੈ।" ਮੈਨੂੰ ਇੰਨਾ ਆਖ ਉਹ ਕੁਰਸੀ ਤੋਂ ਇੱਕ ਦਮ ਉੱਠਿਆ ਅਤੇ ਤੁਰਦੇ-ਤੁਰਦੇ ਮੇਰੇ ਨਾਲ ਹੱਥ ਮਿਲਾਉਂਦਿਆਂ ਕੁਝ ਕੁ ਪਲ ਲਈ ਮੁਸਕੁਰਾਇਆ। ਹੱਥ ਛੱਡਦਿਆਂ ਹੀ ਉਹਦੀ ਮੁਸਕੁਰਾਹਟ ਪੁਰਜ਼ਾ-ਪੁਰਜ਼ਾ ਹੋ ਗਈ, ਜਿਵੇਂ ਉਹਨੂੰ ਆਪਣੇ ਬੱਚਿਆਂ ਦੇ ਖ਼ੁਆਬ ਮੁੜ ਆਵਾਜ਼ਾਂ ਦੇਣ ਲੱਗ ਪਏ ਹੋ, । “ਡੈਡੀ ਸਾਡਾ ਘਰ ਕਦ ਸੋਹਣਾ ਬਣੇਗਾ, ਡੈਡੀ ਮੈਨੂੰ ਘਰ ਬਹੁਤ ਚੇਤੇ ਆਉਂਦੈ...।"
ਅਮਰਜੀਤ ਸਾਹਿਬਾ ਨਾਲ ਸੰਪਰਕ ਕਰਨ ਲਈ ਨੰਬਰ:
+91 86996 02432
+91 1672 687261
DILBAG
DIL NICHOR DITEE VEER