Thu, 21 November 2024
Your Visitor Number :-   7254374
SuhisaverSuhisaver Suhisaver

ਸੋਚ ਦੀ ਸ਼ਕਤੀ - ਸੰਤੋਖ ਸਿੰਘ ਭਾਣਾ

Posted on:- 11-02-2015

suhisaver

ਹਰ ਚੀਜ਼ ਦਾ ਪ੍ਰਤੀਬਿੰਬ ਉਹਦੇ ਬਿੰਬ ਅਨੁਸਾਰ ਹੀ ਬਣਦਾ ਹੈ।ਕੋਈ ਵੀ ਵਸਤੂ ਸਾਨੂੰ ਉਸੇ ਤਰ੍ਹਾਂ ਹੀ ਦਿਸੇਗੀ, ਜਿਸ ਤਰ੍ਹਾਂ ਦਾ ਉਂਹਦੇ ਬਾਰੇ ਸਾਡਾ ਵਿਚਾਰ ਹੋਵੇਗਾ।ਭੈਅ ਛੱਡੋ ਨਿਰਭੈਅ ਬਣੋ।ਆਲਸ ਤਿਆਗੋ,ਮਿਹਨਤੀ ਬਣੋ।ਰਾਹਾਂ `ਚ ਝੁੱਲਦੇ ਝੱਖੜਾਂ ਤੋਂ ਨਾ ਡਰੋ,ਇਹ ਤਾਂ ਕੇਵਲ ਤੁਹਾਨੂੰ ਉੱਚਾ ਚੁੱਕਣ ਲਈ ਹੀ ਝੂੱਲਦੇ ਹਨ।ਸੱਚਾ ਸੁੱਖ ਪ੍ਰਾਪਤ ਕਰਨ ਲਈ ਮਨ `ਚੋਂ ਦੁੱਖਾਂ ਦਾ ਭੈਅ ਕੱਢ ਦਿੳ।ਤੁਸੀਂ ਭਾਵੇਂ ਕਿੰਨੇ ਵੀ ਗਰੀਬ ਕਿਉਂ ਨਾ ਹੋਵੇ, ਪਰ ਇਹ ਆਸ ਕਦੇ ਨਾ ਛੱਡੋ ਕਿ ਤੁਸੀਂ ਅਮੀਰ ਨਹੀਂ ਬਨ ਸਕਦੇ।

ਤਨ ਅਤੇ ਮਨ ਦਾ ਆਪਸੀ ਮੇਲ ਅਤਿ ਜ਼ਰੂਰੀ ਹੈ।ਮਨ ਦੀ ਕਲਪਨਾ ਨਾਲ ਹੀ ਸਾਰੇ ਸਰੀਰਕ ਕਾਰਜ ਸ਼ੁਰੂ ਹੁੰਦੇ ਹਨ।ਤੁਹਾਡਾ ਆਪਣਾ ਪੱਕਾ ਵਿਸਵਾਸ਼,ਤੁਹਾਡੀ ਸਫਲਤਾ ਦੇ ਬੂਹੇ ਖੋਲ੍ਹ ਦਿੰਦਾ ਹੈ।ਜ਼ਰੂਰਤ ਅਤੇ ਕਲਪਨਾ ,ਦੋਵੇ ਹੀ ਮਿਲਕੇ ਸੰਘਰਸ਼ ਨੂੰ ਜਨਮ ਦਿੰਦੇ ਹਨ।ਸੰਘਰਸ਼ ਸਫਲਤਾ ਨੂੰ ਜਨਮ ਦਿੰਦੀ ਹੈ।ਆਤਮਵਿਸ਼ਵਾਸ ਸਫਲਤਾ ਦੀ ਕੁੰਜੀ ਹੈ।

ਜੋ ਬੰਦਾ ਖੁਦ `ਤੇ ਭਰੋਸਾ ਰੱਖਦਾ ਹੈ, ਉਹ ਆਪਣੀ ਯੋਗਤਾ ਅਨੁਸਾਰ ਆਤਮਵਿਸ਼ਵਾਸੀ ਹੁੰਦਾ ਹੋਇਆ ਆਪਣੇ ਉਦੇਸ਼ ਪ੍ਰਾਪਤੀ ਬਾਰੇ ਸੋਚਦਾ ਹੈ।ਜਿਹੜੇ ਬੰਦੇ ਆਪਣੀਆਂ ਨਜ਼ਰਾਂ ਨੂੰ ਨਿਰੰਤਰ ਆਪਣੇ ਟੀਚੇ `ਤੇ ਇਕਾਗਰ ਕਰੀ ਰੱਖਦੇ ਹਨ,ਉਹੀ ਸਫਲਤਾ ਦੇ ਪੈਂਡੇ ਤਹਿ ਕਰਦੇ ਹਨ।

ਮਨ ਨੂੰ ਸਦਾ ਚੜ੍ਹਦੀਆਂ ਕਲਾਂ `ਚ ਰੱਖੋ।ਚੜ੍ਹਦੀਆਂ ਕਲਾਂ,ਉੱਚੇ ਵਿਚਾਰਾਂ ਅਤੇ ਨਿਰਮਲ ਸੋਚ ਨਾਲ ਬਣਦੀਆਂ ਹਨ।ਆਪਣੇ ਆਪ ਉੱਤੇ ਅਤੇ ਆਪਣੀ ਕਾਰਜ ਸ਼ਕਤੀ ਉੱਤੇ ਕਦੇ ਵੀ ਸ਼ੱਕ ਨਾ ਕਰੋ,ਫਿਰ ਤੁਸੀਂ ਜਿਹੜਾ ਵੀ ਕੰਮ ਕਰੋਗੇ ਉਸ `ਚ ਜ਼ਰੂਰ ਸਫਲ ਹੋਵੋਗੇ ਅਤੇ ਤੁਹਾਡੀਆਂ ਉਮੀਦਾਂ ਦੇ ਮਹਿਕਦੇ ਫੁੱਲ ਖਿੜ ਉੱਠਣਗੇ।

ਹਾਲਾਤ ਦਾ ਗੁਲਾਮ ਨਾ ਬਣੋ।ਹਾਲਾਤ ਦਾ ਮੁਕਾਬਲਾ ਕਰਨ ਦੀ ਖੁਦ `ਚ ਸ਼ਕਤੀ ਪੈਦਾ ਕਰੋ।ਬਿਨਾਂ ਵਜ੍ਹਾ ਕੋਈ ਵੀ ਕੰਮ ਨਹੀਂ ਹੁੰਦਾ ਇਹਦੀ ਮੁੱਢਲੀ ਵਜ੍ਹਾ ਮਾਨਸਿਕ ਹੀ ਹੁੰਦਾ ਹੈ।ਮਨ ਦੀ ਪ੍ਰਵਿਤਰੀ ਹੀ ਕਾਮਯਾਬੀ ਜਾਂ ਨਾ-ਕਾਮਯਾਬੀ ਦੇ ਲਈ ਵਾਤਾਵਰਣ ਦਾ ਨਿਰਮਾਣ ਕਰਦੀ ਹੈ।ਸਾਡੇ ਕੰਮਾਂ ਦਾ ਫਲ ਉਸੇ ਤਰ੍ਹਾਂ ਦਾ ਹੀ ਹੋਵੇਗਾ, ਜਿਸ ਤਰ੍ਹਾਂ ਦੀ ਸਾਡੀ ਸੋਚ ਹੋਵੇਗੀ।ਸੋਚ ਦੀ ਸ਼ਕਤੀ ਨਾਲ ਹੀ ਤਨ ਦੀ ਸ਼ਕਤੀ ਕਾਰਜ ਕਰਦੀ ਹੈ।ਸਾਡੇ ਵਿਚਾਰਾਂ ਦਾ ਪ੍ਰਭਾਵ ਸਾਡੇ ਪੂਰੇ ਸਰੀਰ ਤੇ ਜਰੂਰ ਪੈਂਦਾ ਹੈ।ਸਾਡਾ ਸੁਭਾਅ ਅਤੇ ਸਾਡੀਆਂ ਆਦਤਾਂ ਇਹ ਸੱਭ ਸਾਡੇ ਵਿਚਾਰਾਂ ਦਾ ਹੀ ਪ੍ਰਤੀਬਿੰਬ ਹੁੰਦੀਆਂ ਹਨ।ਇਨ੍ਹਾਂ ਦਾ ਸਾਡੇ ਕੰਮਾਂ `ਤੇ ਪੂਰਾ ਅਸਰ ਪੈਂਦਾ ਹੈ।ਅਸੀਂ ਜਿਹੜੇ ਕੰਮ ਨੂੰ ਕਰਨ ਦਾ ਇਰਾਦਾ ਕਰ ਲਿਆ ਹੈ ਉਹਨੂੰ ਪੂਰਾ ਕਰਨ `ਚ ਸਾਡਾ ਪੂਰਨ ਵਿਸਵਾਸ਼ ਹੋਣਾ ਚਾਹੀਦਾ ਹੈ।ਉਂਹਦੀ ਸਫਲਤਾ `ਚ ਸਾਨੂੰ ਭੋਰਾ ਵੀ ਸ਼ੱਕ ਨਹੀ ਹੋਣਾ ਚਾਹੀਦਾ ।ਇਸ ਕੰਮ ਲਈ ਤਨ ਮਨ ਲਾ ਦੇਣਾ ਹੀ ਸਾਡਾ ਕਰਤਵ ਹੈ।ਮਨ `ਚ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਮੇਰੀਆਂ ਮਾਨਸਿਕ ਸ਼ਕਤੀਆਂ ਇਸ ਕੰਮ ਨੂੰ ਨੇਪਰੇ ਚਾੜ੍ਹ ਕੇ ਹੀ ਦਮ ਲੈਣਗੀਆਂ।

ਜੇਕਰ ਸਾਡੇ ਮਨ `ਚ ਇਹ ਗੱਲ ਘਰ ਕਰ ਲੈਂਦੀ ਹੈ ਕਿ ਮੈਂ ਕੁੱਝ ਵੀ ਨਹੀ ਹਾਂ,ਮੈਂ ਤੁੱਛ ਹਾਂ,ਬਿਮਾਰ ਹਾਂ,ਮੇਰੇ `ਚ ਕੋਈ ਯੋਗਤਾ ਨਹੀਂ ਹੈ।ਬੱਸ ਫਿਰ ਕੀ ਹੈ, ਬਸ ਇਹ ਭਾਵਨਾਵਾਂ ਹੌਲੀ ਹੌਲੀ ਸਾਡੇ ਅੰਦਰ ਜੜ੍ਹ ਫੜ੍ਹਦੀਆਂ ਜਾਂਦੀਆਂ ਹਨ।ਅਜਿਹੀਆਂ ਨਿਰਾਸ਼ਵਾਦੀ ਸੋਚ `ਚੋਂ ਉਪਜੀਆਂ ਭਾਵਨਾਵਾਂ ਦਾ ਮਾਨਵ-ਮਨ `ਚ ਪੈਦਾ ਹੋਣਾ ਸਭ ਤੋਂ ਜ਼ਿਆਦਾ ਘਾਤਕ ਸਿੱਧ ਹੁੰਦਾ ਹੈ।

ਉਤਸ਼ਾਹ ,ਹੁਲਾਸ ਅਤੇ ਸ਼ਕਤੀਸ਼ਾਲੀ ਉੱਚੀਆਂ ਭਾਵਨਾਵਾ ਨਾਲ ਭਰਪੂਰ ਜ਼ਿੰਦਗੀ ਦਾ ਨਾਮ ਹੀ ਉਮੰਗਾਂ ਅਤੇ ਖੁਸ਼ੀਆਂ ਭਰਿਆ ਅਸਲੀ ਜੀਵਨ ਹੈ।ਤਰੱਕੀ ਦੀਆਂ ਮੰਜਿ਼ਲਾਂ ਤਹਿ ਕਰਨ ਲਈ ਆਤਮਵਿਸ਼ਵਾਸ ਦਾ ਸਹਾਰਾ ਲੈਣਾ ਬਹੁਤ ਜ਼ਰੂਰੀ ਹੈ।ਆਤਮਵਿਸਵਾਸ਼ੀ ਸੋਚ ਵਾਲੇ ਲੋਕ ਮੁਸ਼ਕਿਲਾ ਭਰੇ ਪੈਂਡਿਆਂ `ਚੋਂ ਵੀ ਆਪਣੇ ਰਾਹਾਂ ਨੂੰ ਲੱਭ ਲੈਂਦੇ ਹਨ।
                                    
        ਸੰਪਰਕ: +91 98152 96475

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ