ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ –ਪ੍ਰਕਾਸ਼ ਮਲਹਾਰ
Posted on:- 09-02-2015
ਬਚਪਨ ਦੇਖਣ ਨੂੰ ਭਾਵੇਂ ਇੱਕ ਸਧਾਰਨ ਤੇ ਛੋਟਾ ਜਿਹਾ ਸ਼ਬਦ ਲੱਗਦਾ ਹੈ, ਪਰ ਇਸ ਨੂੰ ਮਨੁੱਖੀ ਜ਼ਿੰਦਗੀ ਦਾ ਸੁਨਹਿਰੀ ਕਾਲ ਮੰਨਿਆ ਜਾਂਦਾ ਹੈ। ਬਚਪਨ ਦੀ ਬੇਫ਼ਿਕਰੀ, ਮੌਜ-ਮਸਤੀ, ਨਾਦਾਨੀਆਂ ਸਾਰੀ ਉਮਰ ਨਹੀਂ ਭੁੱਲੀਆਂ ਜਾ ਸਕਦੀਆਂ। ਬਚਪਨ 'ਚ ਯਾਰਾਂ-ਬੇਲੀਆਂ ਨਾਲ ਖੇਡੀਆਂ ਖੇਡਾਂ ਬੁੱਢੇ ਹੁੰਦਿਆਂ ਤਾਈਂ ਸਾਡੇ ਚਿੱਤ-ਚੇਤਿਆਂ 'ਚ ਵਸੀਆਂ ਰਹਿੰਦੀਆਂ ਹਨ। ਜਦੋਂ ਅਸੀਂ ਕਿਤੇ ਬੱਚਿਆਂ ਨੂੰ ਖੇਡਦੇ-ਕੁੱਦਦੇ ਤੇ ਮੌਜ-ਮਸਤੀ ਕਰਦੇ ਦੇਖਦੇ ਹਾਂ ਤਾਂ ਸਾਨੂੰ ਆਪਣਾ ਬਚਪਨ ਮੱਲੋ-ਮੱਲੀ ਚੇਤੇ ਆ ਜਾਂਦਾ ਹੈ।
ਮੈਨੂੰ ਅੱਜ ਵੀ ਯਾਦ ਹਨ ਬਚਪਨ ਦੇ ਉਹ ਦਿਨ ਜਦੋਂ ਸਾਰੀ ਗਲ਼ੀ ਦੇ ਹਾਣੀਆਂ ਨੇ 'ਕੱਠੇ ਹੋ ਜਾਣਾ ਤੇ ਕਾਫ਼ੀ ਦੇਰ ਦੀ ਮੱਥਾ-ਫੌੜੀ ਤੋਂ ਬਾਅਦ ਸਾਰਿਆਂ ਦਾ ਕੋਈ ਇੱਕ ਖੇਡ ਖੇਡਣ ਲਈ ਸਹਿਮਤ ਹੋਣ ਜਾਣਾ। ਉਹਨਾਂ ਦਿਨਾਂ 'ਚ ਜ਼ਿਆਦਾਤਰ ਲੁਕਣ-ਮੀਟੀ ਵਰਗੀਆਂ ਖੇਡਾਂ ਖੇਡੀਆਂ ਜਾਂਦੀਆਂ ਸਨ। ਅੱਜ ਵੀ ਯਾਦ ਹੈ ਮੈਨੂੰ ਉਸ ਦਿਨ ਦੀ ਲੁਕਣ-ਮੀਟੀ ਜਦੋਂ ਅਸੀਂ ਆਥਣ ਵੇਲੇ ਸਕੂਲ 'ਚ ਲੁਕਣ-ਮੀਟੀ ਖੇਡ ਰਹੇ ਸੀ। ਖੇਡ ਦੌਰਾਨ ਮੇਰਾ ਇੱਕ ਹਾਣੀ ਰਾਜਾ ਸਕੂਲ 'ਚ ਲੱਗੇ ਹੋਏ ਏੇਰੀਅਲ ਦੇ ਦਰੱਖਤ ਤੇ ਲੁਕ ਗਿਆ ਸੀ ਤੇ ਉਸ ਦਰੱਖਤ 'ਤੇ ਭਰਿੰਡਾਂ ਦਾ ਛੱਤਾ ਲੱਗਿਆ ਸੀ, ਜਿੱਥੇ ਉਹ ਲੁਕਿਆ ਸੀ ਉਸ ਤੋਂ ਉੱਤੇ ਵਾਲੀ ਟਾਹਣੀ 'ਤੇ ਹੀ ਭਰਿੰਡਾਂ ਦਾ ਛੱਤਾ ਸੀ। ਉਸ ਦੇ ਹਿੱਲਣ ਕਰਕੇ ਕਈ ਭਰਿੰਡਾਂ ਛੱਤੇ 'ਚੋਂ ਡਿੱਗ ਕੇ ਉਸ ਦੇ ਗਲ਼ਵੇਂ (ਕਮੀਜ਼ ਦੇ ਗਲ਼ੇ 'ਚ ਪੈ ਗਈਆਂ) ਉਹ ਲੱਗਿਆ ਬਾਹਰ ਨਿੱਕਲ ਕੇ ਚੀਕਾਂ ਮਾਰਨ ਤੇ ਆਪਣਾ ਕੁੜਤਾ ਪਾੜਨ ਅਸੀਂ ਸਾਰੇ ਬਾਹਰ ਆ ਗਏ। ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕੀਤਾ ਜਾਵੇ ਸਾਰਿਆਂ ਦੇ ਚਿਹਰੇ ਰੋਣ-ਹੱਕੇ ਹੋ ਗਏ ਸਨ। ਅਚਾਨਕ ਸਕੂਲ ਦਾ ਸੇਵਾਦਾਰ ਰਾਮ ਕੁਮਾਰ,ਜਿਸ ਨੂੰ ਸਕੂਲ ਪੜ੍ਹਨ ਵਾਲੇ ਸਾਰੇ ਜਵਾਕ ਬਾਈ ਕਹਿੰਦੇ ਸਨ(ਭਾਵੇਂ ਉਹ ਸਭ ਦੇ ਤਾਏ ਜਾਂ ਚਾਚੇ ਦੀ ਥਾਂ ਲੱਗਦਾ ਸੀ) ਆ ਗਿਆ।
ਅਸੀਂ ਉਸ ਤੋਂ ਚੋਰੀਓਂ ਸਕੂਲ 'ਚ ਖੇਡਦੇ ਹੁੰਦੇ ਸੀ ਤੇ ਉਸ ਦੇ ਆਉਣ 'ਤੇ ਭੱਜ ਜਾਂਦੇ ਸੀ, ਪਰ ਉਸ ਦਿਨ ਅਸੀਂ ਉਸਨੂੰ ਦੇਖ ਕੇ ਭੱਜੇ ਨਹੀਂ ਉਹ ਰਾਜੇ ਨੂੰ ਰੋਂਦਾ ਦੇਖ ਕੇ ਸਾਡੇ ਕੋਲ ਆਇਆ ਤੇ ਉਸਦੀ ਹਾਲਤ ਦੇਖ ਕੇ ਪਹਿਲਾਂ ਉਸਨੇ ਰਾਜੇ ਦਾ ਕੁੜਤਾ ਲਾਹਿਆ ਤੇ ਫੇਰ ਛੇਤੀ-ਛੇਤੀ ਉਸ ਚੁੱਕ ਕੇ ਪਿੰਡ ਦੇ ਡਾਕਟਰ ਕੋਲ ਲੈ ਗਿਆ। ਰਾਜੇ ਨੂੰ ਕਈ ਭਰਿੰਡਾਂ ਲੜਨ ਕਰਕੇ ਚੱਕਰ ਆ ਰਹੇ ਸਨ। ਡਾਕਟਰ ਨੇ ਉਸਦੀ ਹਾਲਤ ਦੇਖ ਛੇਤੀ-ਛੇਤੀ ਉਸ ਦੇ ਟੀਕਾ ਲਾਇਆ ਤੇ ਉੱਥੇ ਹੀ ਅਰਾਮ ਕਰਨ ਲਈ ਕਹਿ ਦਿੱਤਾ, ਅਸੀਂ ਸਾਰੇ ਆਪਣੇ ਹਾਣੀ ਰਾਜੇ ਦੇ ਕੋਲ ਡਾਕਟਰ ਦੀ ਦੁਕਾਨ ਅੱਗੇ ਹੀ ਰੁਕ ਗਏ ਤਕਰੀਬਨ ਅੱਧਾ-ਪੌਣਾ ਘੰਟਾ ਬੀਤ ਜਾਣ 'ਤੇ ਡਾਕਟਰ ਨੇ ਉਸ ਦੀ ਹਾਲਤ 'ਚ ਸੁਧਾਰ ਹੋਇਆ ਦੇਖ ਕੇ ਘਰ ਜਾਣ ਲਈ ਕਹਿ ਦਿੱਤਾ। ਬਾਈ ਰਾਮ ਕੁਮਾਰ ਤੇ ਅਸੀਂ ਰਾਜੇ ਨੂੰ ਉਸ ਦੇ ਘਰ ਲੈ ਕੇ ਗਏ। ਇਸ ਘਟਨਾ ਨੂੰ ਜਾਣਨ ਪਿੱਛੋਂ ਸਾਡੀ ਸਾਰਿਆਂ ਦੀ ਰਾਮ ਕੁਮਾਰ ਬਾਰੇ ਸੋਚ ਬਦਲ ਗਈ। ਅਸੀਂ ਸਾਰਿਆਂ ਨੇ 'ਕੱਠੇ ਹੋ ਕੇ ਉਸ ਨਰਮ ਦਿਲ ਇਨਸਾਨ ਦਾ ਧੰਨਵਾਦ ਕਰਨ ਦਾ ਧੰਨਵਾਦ ਕਰਨ ਦਾ ਮਨ ਬਣਾਇਆ ਤੇ ਨਾਲੇ ਸਲਾਹ ਕੀਤੀ ਕਿ ਉਸ ਨੂੰ ਸਾਰੇ ਰਲ ਕੇ ਕਹਿ ਦੇਵਾਂਗੇ ਕਿ ਅੱਗੋਂ ਤੋਂ ਅਸੀਂ ਕਦੇ ਵੀ ਤੈਨੂੰ ਤੰਗ ਨਹੀਂ ਕਰਾਂਗੇ । ਦੂਜੇ ਦਿਨ ਮਿੱਥੇ ਸਮੇਂ 'ਤੇ ਸਾਰੇ ਸਾਥੀ 'ਕੱਠੇ ਹੋ ਗਏ ਤੇ ਮਿਲ ਉਸ ਨੇਕ ਇਨਸਾਨ ਦੇ ਕੁਆਰਟਰ ਅੱਗੇ ਪਹੁੰਚ ਗਏ ਬੂਹਾ ਖੜਕਾਇਆ ਤਾਂ ਉਸ ਦੀ ਘਰ ਵਾਲੀ ਆਂਟੀ ਸੰਤਰੋ ਦੇਵੀ ਨੇ ਬੂਹਾ ਖੋਲ੍ਹਿਆ ਸਾਰੇ ਉਸ ਨੂੰ ਦੇਖ ਭੱਜ ਲਏ ਦੂਰ ਪਿੱਪਲ ਹੇਠ 'ਕੱਠੇ ਹੋ ਕੇ ਫੇਰ ਸਲਾਹ ਕੀਤੀ ਕਿ ਆਥਣ ਵੇਲੇ ਪਿੰਡ ਸਾਡੇ ਤੋਂ ਵੱਡੀ ਉਮਰ ਦੇ ਮੁੰਡੇ, ਜੋ ਕਬੱਡੀ ਖੇਡਣ ਆਉਂਦੇ ਸਨ। ਉਨ੍ਹਾਂ ਦੇ ਆਉਣ ਵੇਲੇ ਜਦੋਂ ਬਾਈ ਰਾਮ ਕੁਮਾਰ ਘਰੋਂ ਬਾਹਰ ਸਕੂਲ 'ਚ ਆਵੇਗਾ ਤਾਂ ਉਸ ਸਮੇਂ ਉਸ ਨੂੰ ਆਪਣੇ ਦਿਲ ਦੀ ਸਾਰੀ ਗੱਲ ਕਹਿ ਦੇਵਾਂਗੇ।
ਆਥਣ ਵੇਲੇ ਬਾਈ ਨੂੰ ਮਿਲ ਕੇ ਅਸੀਂ ਸਾਰਿਆਂ ਨੇ ਉਸ ਦਾ ਧੰਨਵਾਦ ਕੀਤਾ ਤੇ ਵਾਅਦਾ ਕੀਤਾ ਕਿ ਅੱਗੋਂ ਤੋਂ ਕਦੇ ਵੀ ਉਸਨੂੰ ਤੰਗ ਨਹੀਂ ਕਰਾਂਗੇ ਬਾਈ ਸਾਡੀ ਗੱਲ ਸੁਣ ਹੱਸਿਆ ਤੇ ਕਹਿੰਦਾ ਪੜ੍ਹਿਆ ਕਰੋ,ਸ਼ਰਾਰਤਾਂ ਨਾ ਕਰਿਆ ਕਰੋ ਤੇ ਜਾਓ ਖੇਡੋ ਅਸੀਂ ਸਾਰੇ ਆਪੋ-ਆਪਣੇ ਘਰ ਚਲੇ ਗਏ।
ਦੂਜੇ ਦਿਨ ਸਾਰਿਆਂ ਨੇ ਦੁਪਹਿਰੇ ਛੱਪੜ ਕਿਨਾਰੇ ਲੱਗੇ ਪਿੱਪਲਾਂ ਥੱਲੇ ਖੇਡਣ ਦਾ ਮਨ ਬਣਾਇਆ ਖੇਡਦਿਆਂ-ਖੇਡਦਿਆਂ ਕਿਸੇ ਨੇ ਕਿਹਾ ਕਿ ਨਹਿਰ 'ਤੇ ਨਹਾਉਣ ਚੱਲੀਏ ਸਾਰੇ ਨਹਿਰ 'ਤੇ ਜੋ ਪਿੰਡ ਤੋਂ 15-20 ਕਿੱਲੇ ਦੂਰ ਹੋਵੇਗੀ। ਨਹਾਉਣ ਚਲੇ ਗਏ ਕੜਕਦੀ ਗਰਮੀ, ਸਿਖਰ ਦੁਪਹਿਰੇ ,ਠੰਢੇ ਪਾਣੀ 'ਚ ਨਹਾਉਣ ਦਾ ਬੜਾ ਸੁਆਦ ਆਉਂਦਾ ਹੈ ਤੇ ਉਸ ਤੋਂ ਵੀ ਮਜ਼ੇਦਾਰ ਚੀਜ਼ ਠੰਢੇ ਪਾਣੀ 'ਚੋਂ ਨਿੱਕਲ ਕੇ ਤੱਤੇ-ਤੱਤੇ ਰੇਤੇ 'ਚ ਲਿਟਣਾ ਕੁਝ ਦੇਰ ਤੱਤੇ 'ਤੇ ਲਿਟਣ ਤੋਂ ਬਾਅਦ ਦੁਬਾਰਾ ਫੇਰ ਠੰਢੇ ਪਾਣੀ 'ਚ ਛਾਲਾਂ ਮਾਰਨੀਆਂ। ਇਸ ਤਰ੍ਹਾਂ ਮੌਜ-ਮਸਤੀ ਕਰਦਿਆਂ ਨੂੰ ਸਾਰੀ ਦੁਨੀਆ ਹੀ ਭੁੱਲ ਜਾਂਦੀ 3-4 ਘੰਟੇ ਨਹਾਉਣ ਤੋਂ ਬਾਅਦ ਘਰ ਪਹੁੰਚੇ ਤਾਂ ਤਕਰੀਬਨ ਸਾਰਿਆਂ ਨੂੰ ਹੀ ਏਨੀ ਗਰਮੀ 'ਚ ਨਹਿਰ'ਤੇ ਜਾਣ ਕਾਰਨ ਘਰੋਂ ਝਿੜਕਾਂ ਪਈਆਂ ਤੇ ਅੱਗੇ ਤੋਂ ਅਜਿਹਾ ਨਾ ਕਰਨ ਲਈ ਵੀ ਤਾੜਿਆ ਗਿਆ। ਸਭ ਨੇ ਆਪੋ-ਆਪਣੇ ਘਰੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਵਾਅਦਾ ਕੀਤਾ ਪਰ ਵਾਅਦਿਆਂ 'ਤੇ ਪੂਰੇ ਉੱਤਰਨਾ ਬਚਪਨ ਕਦੋਂ ਜਾਣਦਾ ਹੈ, ਕਦੋਂ ਪਰਵਾਹ ਹੁੰਦੀ ਹੈ ਬਚਪਨ ਨੂੰ ਗਰਮੀ-ਸਰਦੀ , ਝਿੜਕਾਂ ਦੀ, ਤੇ ਵਾਅਦਿਆਂ ਦੀ, ਦੂਜੇ ਦਿਨ ਫੇਰ ਨਹਿਰ 'ਤੇ ਨਹਾਉਣ ਗਏ। ਘਰੋਂ ਫੇਰ ਝਿੜਕਾਂ ਪਈਆਂ,ਫੇਰ ਵਾਅਦੇ ਕੀਤੇ ਗਏ ਪਰ 'ਪਰਨਾਲਾ ਉੱਥੇ ਦਾ ਉੱਥੇ' ਹੁਣ ਨਹਿਰ 'ਤੇ ਜਾਣਾ ਰੋਜ਼ ਦਾ ਸਿਲਸਿਲਾ ਬਣ ਗਿਆ ਸੀ, ਤੇ ਝਿੜਕਾਂ ਦੀ ਥਾਂ ਹੌਲੀ-ਹੌਲੀ ਥੱਪੜ ਵੀ ਪੈਣ ਲੱਗ ਪਏ ਸਨ ਘਰਦਿਆਂ ਨੇ ਘਰੋਂ ਬਾਹਰ ਨਿੱਕਲਣਾ ਬੰਦ ਕਰ ਦਿੱਤਾ। ਸਕੂਲੋਂ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ।
ਉਨ੍ਹਾਂ ਦਿਨਾਂ 'ਚ ਪਿੰਡਾਂ 'ਚ ਅੱਜ ਵਾਂਗ ਘਰ-ਘਰ ਬਿਜਲੀ ਨਹੀਂ ਹੁੰਦੀ ਸੀ ਕਿ ਪੱਖੇ, ਕੂਲਰ ਚਲਾਏ ਤੇ ਸੌਂ ਗਏ। ਗਰਮੀ ਦੇ ਦੁਪਹਿਰਾ ਕੱਟਣ ਲਈ ਔਰਤਾਂ ਕਿਸੇ ਇੱਕ ਘਰ ਬਣੇ ਵੱਡੇ ਦਰਵਾਜੇ 'ਚ ਇਕੱਠੀਆਂ ਹੋ ਕੇ ਬੈਠ ਜਾਂਦੀਆਂ ਤੇ ਵੱਡੀ ਉਮਰ ਦੇ ਬਜ਼ਰੁਗ ਸਕੂਲ ਦੇ ਕੋਲੇ ਛੱਪੜ ਕਿਨਾਰੇ ਲੱਗੇ। ਪਿੱਪਲਾਂ ਦੇ ਦੁਆਲੇ ਬਣੇ ਥੜ੍ਹਿਆਂ 'ਤੇ ਬੈਠ ਕੇ ਤਾਸ਼ ਜਾਂ ਬਾਰਾਂ-ਡੀਟੀ ਆਦਿ ਖੇਡਦੇ ਬੱਚਿਆਂ ਦੀਆਂ ਟੋਲੀਆਂ ਵੀ ਉਹਨਾਂ ਪਿੱਪਲਾਂ ਥੱਲੇ ਖੇਡਦੀਆਂ ਰਹਿੰਦੀਆਂ। ਘਰੋ-ਘਰੀਂ ਡੱਕੇ ਬੱਚੇ ਭਲਾਂ ਕਦੋਂ ਤੱਕ ਰਹਿੰਦੇ ਗਰਮੀ 'ਚ ਝੁਲਸਦੇ ਮਾਵਾਂ ਤੋਂ ਵੀ ਕਦੋਂ ਝੱਲੇ ਜਾਂਦੇ। ਮਾਵਾਂ ਨਾਲ ਪਿੱਪਲਾਂ ਥੱਲੇ ਖੇਡਣ ਦਾ ਵਾਅਦਾ ਕਰ ਕੇ ਘਰੋਂ ਬਾਹਰ ਆ ਕੇ ਫੇਰ ਕੱਠੇ ਹੋ ਗਏੇ ਮਾਵਾਂ ਨੇ ਵੀ ਚੱਪਲਾਂ ਘਰੇ ਹੀ ਲੁਹਾ ਲਈਆਂ ਕਿ ਖੌਰੇ ਨੰਗੇ ਪੈਰੀਂ ਨਹਿਰ 'ਤੇ ਨਹਾਉਣ ਨਹੀਂ ਜਾਣਗੇ।
ਪਰ ਕਿੱਥੇ ਪਰਵਾਹ ਸੀ ਨੰਗੇ ਪੈਰਾਂ ਦੀ, ਕਿੱਥੇ ਪਰਵਾਹ ਸੀ ਤਿੱਖੜ ਦੁਪਹਿਰੇ ਤੇ ਤਪਦੀ ਧਰਤੀ ਦੀ ਤੁਰ ਪੈਣਾ ਨੰਗੇ ਪੈਰੀਂ ਹੀ ਨਹਿਰ ਵੱਲ ਜਦੋਂ ਪੈਰ ਮੱਚਣੇ ਤਾਂ ਭੱਜ ਕੇ ਕਿਸੇ ਦਰੱਖਤ ਥੱਲੇ ਹੋ ਜਾਣਾ ਕੁਝ ਦੇਰ ਰੁਕ ਕੇ ਫੇਰ ਤੁਰ ਪੈਣਾ ਪਰ ਜਦੋਂ ਕਾਫ਼ੀ ਦੂਰ ਤੱਕ ਕੋਈ ਦਰੱਖਤ ਨਾ ਆਉਂਦਾ ਦਿਖਦਾ ਤਾਂ ਰਾਹ ਦੇ ਕਿਨਾਰੇ ਲੱਗੇ ਅੱਕਾਂ ਦੇ ਪੱਤੇ ਤੋੜ ਕੇ ਪੈਰਾਂ ਥੱਲੇ ਬੰਨ੍ਹ ਲੈਣੇ ਤੇ ਗਰਮੀ ਤੇ ਤਪਦੇ ਰੇਤੇ ਨਾਲ ਜੱਦੋ-ਜਹਿਦ ਕਰਦਿਆਂ ਨੇ ਨਹਿਰ 'ਤੇ ਪਹੁੰਚ ਜਾਣਾ। ਫੇਰ ਉਹੀ ਠੰਢਾ ਪਾਣੀ ਤੇ ਤੱਤਾ ਰੇਤਾ ਤਕਰੀਬਨ 2-3 ਘੰਟੇ ਨਹਾਉਣ ਤੋਂ ਬਾਅਦ ਜਦੋਂ ਘਰ ਆਉਣਾ ਤਾਂ ਘਰਦਿਆਂ ਨੇ ਪੁੱਛਣਾ ਕਿਉਂ ਗਏ ਸੀ ਨਹਿਰ ਤੇ, ਪੈਰ ਨਹੀਂ ਮੱਚੇ ਤੁਹਾਡੇ, ਬਥੇਰਾ ਸਫ਼ਾਈਆਂ ਦੇਣੀਆਂ, ਸਹੂੰਆਂ ਖਾਣੀਆਂ ਕਿ ਨਹੀਂ ਗਏ, ਪਰ ਓਦੋਂ ਪਤਾ ਨਹੀਂ ਸੀ ਕਿ ਘਰੇ ਕਿਵੇਂ ਪਤਾ ਲੱਗ ਜਾਂਦਾ ਹੈ ਕਿ ਅਸੀਂ ਨਹਿਰ 'ਤੇ ਨਹਾ ਕੇ ਆਏ ਹਾਂ, ਫ਼ਿਰ ਘਰੇ 'ਸੇਵਾ' ਹੋਣੀ ।
ਅੱਜ ਜਦੋਂ ਇਹ ਗੱਲਾਂ ਯਾਦ ਕਰਦੇ ਹਾਂ ਤਾਂ ਹਾਸੀ ਵੀ ਆਉਂਦੀ ਹੈ। ਅਹਿਸਾਸ ਵੀ ਹੁੰਦਾ ਹੈ ਕਿ ਕਿਉਂ ਘਰ ਦੇ ਰੋਕਦੇ ਸਨ, ਕਿਵੇਂ ਘਰੇ ਪਤਾ ਲੱਗ ਜਾਂਦਾ ਸੀ ਨਹਿਰ 'ਤੇ ਨਹਾਤਿਆਂ ਦਾ ਤੇ ਜਦੋਂ ਇਹ ਗੱਲਾਂ ਬੱਚਿਆਂ ਨੂੰ ਦੱਸਦੇ ਹਾਂ ਤਾਂ ਬੱਚੇ ਸੁਣ ਕੇ ਬੜਾ ਹੱਸਦੇ ਤੇ ਝਹੇਡਾਂ ਕਰਦੇ ਹਨ। ਕਦੇ-ਕਦੇ ਤਾਂ ਬੱਚੇ ਯਕੀਨ ਵੀ ਨਹੀਂ ਕਰਦੇ , ਪਰ ਇਹ ਤਾਂ ਉਹ ਹੀ ਜਾਣਦੇ ਹਨ। ਜਿਨ੍ਹਾਂ ਇਹ ਮੌਜਾਂ ਮਾਣੀਆਂ ਹਨ ਉਹ ਗੱਲਾਂ , ਉਹ ਦਿਨ , ਉਹ ਮੌਜਾਂ ਉਹ ਬੇਫ਼ਿਕਰੀ ਤੇ ਨਾਦਾਨੀਆਂ ਚੇਤੇ ਆਉਂਦੀਆਂ ਹਨ ਤਾਂ ਦੁਬਾਰਾ ਬੱਚੇ ਬਣ ਜਾਣ ਨੂੰ ਦਿਲ ਲੋਚਦਾ ਹੈ।
ਸੰਪਰਕ: +91 94668 18545
balkar brar
very emotional malhar sahib