ਪੀੜਾਂ `ਚ ਪਰੋਏ ਹਾਸੇ - ਸੰਤੋਖ ਸਿੰਘ ਭਾਣਾ
Posted on:- 06-02-2015
ਕੋਈ ਨਾ ਕੋਈ ਤਾਂ ਗੜਬੜ ਹੈ ਕਿ ਜ਼ਿੰਦਗੀ ਦੀ ਦੋੜ `ਚ ਹਾਸੇ ਸਾਡੇ ਤੋਂ ਵਿਛੜਦੇ ਜਾ ਰਹੇ ਹਨ।ਸੋਚਣਾ ਪਵੇਗਾ ਕਿ ਅੱਜ ਕਿਉਂ ਉਹ ਛੱਤਪਾੜ ਹਾਸੇ ਕਿਸੇ ਆਦਮ ਜਨਜਾਤੀ ਵਾਂਗ ਲੁਪਤ ਹੁੰਦੇ ਜਾ ਰਹੇ ਹਨ।ਹੋਰ ਤਾਂ ਹੋਰ ਬੱਚੇ,ਜਿਹੜੇ ਕਿ ਹਾਸਿਆਂ ਦੇ ਸੱਭ ਤੋ ਵੱਡੇ ਸ਼ਹਿਨਸ਼ਾਹ ਹੁੰਦੇ ਸਨ,ਅੱਜ ਉਨ੍ਹਾਂ ਦਾ ਸਾਮਰਾਜ ਵੀ ਸੂੰਗੜ ਗਿਆ ਹੈ।ਹੁੜਦੰਗ ਮਚਾਂਉਂਦੇ,ਧੂੜ ਉੜਾਂਉਦੇ, ਖਿੜ-ਖਿੜ ਹੱਸਦੇ ਬੱਚਿਆਂ ਦੀ ਮਸਤ ਟੋਲੀ ਅੱਜ ਕਿੱਥੇ ਹੈ? ਅੱਜ ਛੋਟੇ ਵੱਡੇ ਸ਼ਹਿਰਾਂ `ਚ ਹਰ ਬੱਚਾ ਇਕੱਲਾ-ਇਕੱਲਾ ਈ ਵੀਡੀੳ ਗੇਮਾਂ ਖੇਡਦਾ,ਕਿਤਾਬਾ `ਚ ਸਿਰ ਤੁੰਨੀ ਹੋਮ ਵਰਕ ਕਰਦਾ ਜਾਂ ਟੀ.ਵੀ ਮੂਹਰੇ ਬਹਿਕੇ ਅੱਖਾਂ ਖਰਾਬ ਕਰ ਰਿਹਾ ਹੁੰਦਾ ਹੈ।ਉਨ੍ਹਾਂ ਦੇ ਚਿਹਰਿਆਂ ਉੱਤੇ ਹਾਸਾ ਉਂਦੋ ਈ ਖਿੜਦਾ ਹੈ ਜਦੋ ਉਨਾਂ ਨੂੰ ਦਫਤਰੋਂ ਮੁੜਦੀ ਮੰਮੀ ਦੀ ਇੱਕ ਝਲਕ ਪੈਂਦੀ ਹੈ।ਇਸਨੂੰ ਕੀ ਕਿਹਾ ਜਾ ਸਕਦਾ ਹੈ? ਔਰਤ ਦੀ ਅਜ਼ਾਦੀ, ਕਮਾਉਣ ਦੀ ਮਜਬੂਰੀ, ਸਾਂਝੇ ਪਰਿਵਾਰਾਂ ਦੀ ਵੰਡ ਜਾਂ ਮਨੁੱਖ ਵਿਰੋਧੀ ਸਮੇਂ ਦਾ ਮਖੌਲ।
ਹਾਸ਼ੀਏ `ਤੇ ਖੜੇ੍ਹ ਸਾਡੇ ਸਮਾਜ ਦੇ ਬੱਚਿਆਂ ਦੇ ਹਾਸੇ ਨੂੰ ਗ੍ਰਹਿਣ ਲੱਗ ਚੁੱਕਾ ਹੈ ਅੰਕੜੇ ਦੱਸਦੇ ਹਨ ਕਿ ਸਾਡੇ ਮੁਲਕ ਵਿੱਚ ਚੌਦਾਂ ਸਾਲ ਤੋ ਘੱਟ ਉਮਰ ਦੇ ਚਾਰ ਕਰੋੜ ਬੱਚੇ ਬਾਲ ਮਜ਼ਦੂਰ ਹਨ।ਜਿਨ੍ਹਾਂ ਹੱਥਾਂ ਵਿੱਚ ਖਿਡੌਣੇ ਜਾਂ ਕਿਤਾਬ ਹੋਣੀ ਚਾਹੀਦੀ ਹੈ,ਉਨ੍ਹਾਂ ਹੱਥਾਂ `ਚ ਜੇਕਰ ਚਾਹ ਦੀ ਕੇਤਲੀ ,ਝਾੜੂ ਸਾਬਣ ਦੀ ਚੱਕੀ ਜਾਂ ਭੱਠਿਆ ਦਾ ਸਖ਼ਤ ਮੁਸ਼ੱਕਤ ਭਰਿਆ ਕੰਮ ਹੋਵੇ ਅਤੇ ਫਿਰ ਵੀ ਉਹ ਬੱਚੇ ਕਦੇ ਕਦੇ ਹੱਸਦੇ ਗਾਂਉਦੇ ਦਿਸ ਪੈਣ ਤਾਂ ਹਾਸਿਆਂ ਨੂੰ ਇਨ੍ਹਾਂ ਦੇ ਅਹਿਸਾਨਮੰਦ ਹੁੰਦੇ ਹੋਏ, ਇਨ੍ਹਾਂ ਦੇ ਹੱਸਣ ਦੀ ਤਾਕਤ ਦੀ ਦਾਦ ਦੇਣੀ ਚਾਹੀਦੀ ਹੈ।
ਹਾਸਿਆਂ ਦਾ ਸਾਮਰਾਜ ਕਿਉਂ ਲਗਾਤਾਰ ਸੂੰਗੜਦਾ ਜਾ ਰਿਹਾ ਹੈ। ਕੀ ਇਨ੍ਹਾਂ ਦੇ ਤਾਰ ਸਾਡੀ ਅੱਠ ਸੌ ਸਾਲ ਦੀ ਗੁਲਾਮੀ ਵਾਲੇ ਅਤੀਤ ਨਾਲ ਜੁੜੇ ਹੋਏ ਤਾਂ ਨਹੀਂ ਹਨ। ਜਿਸਦੇ ਪ੍ਰਛਾਂਵੇਂ ਤੋਂ ਅਸੀ ਅੱਜ ਤੱਕ ਮੁਕਤ ਨਹੀਂ ਹੋ ਸਕੇ ਜਾਂ ਆਪਣੀ ਨਕਾਰਾਤਮਕ ਸੋਚ ਦੇ ਚੱਲਦਿਆਂ ਅਸੀ ਹੱਸਣ ਦੀ ਸਮਰੱਥਾ ਹੀ ਗੁਆ ਬੈਠੇ ਹਾਂ ਜਾਂ ਸਾਡਾ ਗਲਤ ਅਤੇ ਭ੍ਰਿੂਸ਼ਟ ਪ੍ਰਬੰਧ ਇਹਦੇ ਲਈ ਕਿਤੇ ਨਾ ਕਿਤੇ ਜਿੰਮੇਵਾਰ ਹੈ, ਕਿਉਂਕਿ ਜਦੋਂ ਪੈਰ `ਚ ਕੰਡਾ ਚੁਭਦਾ ਹੈ ਤਾਂ ਲੱਖ ਚਾਹੁੰਦਿਅ ਹੋਇਆ ਵੀ ਮੂੰਹ `ਚੋ `ਵਾਹ` ਨਹੀਂ `ਆਹ` ਹੀ ਨਿਕਲਦੀ ਹੈ।ਇਸ ਦਾ ਅਹਿਸਾਸ ਮੈਨੂੰ ਉਦੋਂ ਹੋਇਆ ਜਦੋਂ ਮੈਂ ਕੁਝ ਸਾਲ ਪਹਿਲਾਂ ਰਾਜ ਧਾਲੀਵਾਲ ਕੋਲ ਮੁੰਬਈ ਦੇ ਘਾਟ ਕੋਪਰ ਏਰੀਏ `ਚ ਠਹਿਰਿਆਂ ਹੋਇਆ ਸਾਂ।ਰਾਜ ਧਾਲੀਵਾਲ ਉੱਦੋ ਇੱਕ ਪੰਜਾਬੀ ਫਿਲਮ ਬਣ ਰਿਹਾ ਸੀ।ਅਸੀਂ ਇੱਕ ਗੈਸਟ ਹਾਊਸ `ਚ ਠਹਿਰੇ ਹੋਏ ਸਾਂ।ਸਾਡੇ ਉੱਪਰਲੇ ਕਮਰਿਆਂ `ਚ ਅਸਟ੍ਰੇਲੀਅਨ ਲੜਕੀਆਂ ਦਾ ਇੱਕ ਗਰੁੱਪ ਠਹਿਰਿਆ ਹੋਇਆ ਸੀ।ਰੋਜ਼ਾਨਾ ਰਾਤ ਨੂੰ ਅਚਾਨਕ ਮੇਰੀ ਨੀਂਦ ਉੱਖੜ ਜਾਂਦੀ।ਉਨ੍ਹਾਂ ਦਾ ਇੱਕਠੀਆਂ ਦਾ ਹਾਸਾ ਅੱਧੀ ਰਾਤ ਦੀ ਚੁੱਪ ਨੂੰ ਚੀਰਦਾ ਹੋਇਆ ਐਨੀ ਜ਼ੋਰ ਦੀ ਗੂੰਜਦਾ ਕਿ ਮੈਨੂੰ ਸੌਣਾ ਮੁਸ਼ਕਿਲ ਹੋ ਜਾਂਦਾ।ਦਿਨ ਵੇਲੇ ਵੀ ਉਹ ਗੱਲ ਗੱਲ `ਤੇ ਖਿੜ ਖਿੜਾ ਕੇ ਹੱਸਦੀਆਂ।ਅਜਿਹਾ ਵੀ ਨਹੀਂ ਸੀ ਕਿ ਉਨ੍ਹਾਂ ਦੀ ਜ਼ਿੰਦਗੀ `ਚ ਮੌਤ,ਬਿਮਾਰੀ,ਦੁੱਖ,ਇਕੱਲਪਣ ਜਾਂ ਹੰਝੂ ਨਹੀ ਸਨ।ਸਭ ਕੁਝ ਸੀ ਪਰ ਫਿਰ ਵੀ ਉਹ ਸਾਰਾ ਦਿਨ ਖਿੜ ਖਿੜ ਹੱਸਦੀਆ ਕਿਉਂ ਸ਼ਾਇਦ ਇਸ ਲਈ ਕਿ ਉਹ ਅਜਿਹੇ ਦੇਸ਼ ਦੀਆਂ ਨਾਗਰਿਕ ਸਨ ਜਿੱਥੇ ਅਸੁਰੱਖਿਆ,ਭੁੱਖਮਰੀ,ਬੱਚਿਆਂ ਦੀ ਪੜ੍ਹਾਈ,ਬੀਮਾਰੀ ਦਾ ਲੰਮਾ ਖਰਚਾ ,ਲੜਕੀਆਂ ਦੀ ਸ਼ਾਦੀ,ਅਤਮ-ਹੱਤਿਆ ਲਈ ਮਜਬੂਰ ਕਰ ਦੇਣ ਵਾਲੀਆਂ ਮੋਟੀਆ ਵਿਆਜ ਦਰਾਂ ਵਰਗੀਆਂ ਚਿੰਤਾਵਾਂ ਮੁੱਢੋਂ ਈ ਗਾਇਬ ਸਨ।ਉਹ ਖੁੱਲੁਕੇ ਹੱਸਦੀਆਂ ਸਨ,ਦਿਲੋਂ ਹੱਸਦੀਆਂ ਸਨ।ਖੁੱਲ੍ਹਕੇ ਜਿਊਦੀਆਂ ,ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਨਾ ਸਿਰਫ ਉਨ੍ਹਾਂ ਦਾ ਭਵਿੱਖ ਸਗੋਂ ਉਨ੍ਹਾਂ ਦਾ ਬੁਢਾਪਾ ਵੀ ਸੁਰੱਖਿਅਤ ਹੈ। ਹਰੇਕ ਗਾਇਬ ਹੁੰਦੇ ਹਾਸੇ ਮਗਰ ਕੋਈ ਨਾ ਕੋਈ ਖਤਰਨਾਕ ਮਾਰੂ ਕਾਰਨ ਜ਼ਰੂਰ ਹੁੰਦਾ ਹੈ।ਕਿਸਾਨਾਂ ਦੇ ਹਾਸੇ ਉਧਰ ਈ ਤੁਰੇ ਜਾ ਰਹੇ ਹਨ ਜਿਧੱਰ ਜਾ ਰਹੀਆਂ ਹਨ ਇਨ੍ਹਾਂ ਦੀਆਂ ਜਮੀਨਾਂ ,ਜਲ,ਜੰਗਲ, ਲੋਕ ਗੀਤ ਅਤੇ ਵਿਰਸਾ ।ਮਜ਼ਦੂਰਾਂ ਦਾ ਹਾਸਾ ਪੂੰਜੀ ਪਤੀਆਂ ਦੇ ਨਿਰਦਈ ਹੱਥਾਂ ਨੇ ਖੋਹ ਲਿਆ ਹੈ।ਫੌਜੀ ਜੁਆਨਾਂ ਦਾ ਹਾਸਾ ਅਸੰਵੇਦਨਸ਼ੀਲ ਸਰਕਾਰਾਂ ਨੇ ਖੋਹ ਲਿਆ ਹੈ,ਜਿਹੜੀਆਂ ਇਨ੍ਹਾਂ ਦੀ ਸਹਾਦਤ ਨੂੰ ਵੀ ਸਨਮਾਨਿਤ ਨਹੀਂ ਕਰ ਸਕਦੀਆ ।ਦੇਸ਼ ਦੀਆ ਧੀਆਂ ਦੇ ਹਾਸੇ ਪਿਤਾ-ਪ੍ਰਧਾਨ ਸਮਾਜ ਦੀ ਮਰਦਾਵੀਂ ਸੋਚ ਨੇ ਖੋਹ ਲਏ ਹਨ ਜੋ ਅੱਜ ਵੀ ਔਰਤ ਦੇ ਦਿਮਾਗ ਨੂੰ ਨਹੀਂ ਦੇਹ ਵੱਲ ਹੀ ਵੇਖਦੇ ਹਨ।ਆਮ ਆਦਮੀ ਦੇ ਹਾਸੇ ਕਮਰ-ਤੋੜ ਮਹਿਗਾਈ ਨੇ ਖੋਹ ਲਏ ਹਨ।ਵਿਦਿਆਰਥੀਆਂ ਦੇ ਹਾਸੇ, ਸਰਕਾਰਾਂ ਵੱਲੋਂ ਕੀਤੇ ਜਾਂਦੇ ਇਨ੍ਹਾਂ ਬਾਰੇ ਸ਼ੱਕੀ ਫੈਸਲਿਆਂ ਨੇ ਖੋਹ ਲਏ ਹਨ। ਫਿਰ ਵੀ ਜੇਕਰ ਇਨ੍ਹਾਂ ਦੁੱਖਾਂ,ਹੰਝੂਆਂ,ਗਰੀਬੀ ਆਦਿ ਪੀੜਾਂ `ਚੋ ਵੀ ਕੋਈ ਹੱਸਦਾ ਹੈ ਤਾਂ ਸਮਝੇ ਉਹ ਸਧਾਰਨ ਇਨਸਾਨ ਨਹੀਂ ਹੈ।ਸ਼ਾਮ ਢਲਣ ਤੱਕ ਮੁਰਝਾ ਜਾਣ ਵਾਲੀ ਕਲੀ ਵੀ ਤਾਂ ਹੱਸਕੇ ਇਹੀ ਕਹਿੰਦੀ ਹੈ- ` ਖੁਸ਼ ਰਹੋ`। ਸੰਪਰਕ: +91 98152 96475