Thu, 21 November 2024
Your Visitor Number :-   7255158
SuhisaverSuhisaver Suhisaver

ਮਾਖਿਓਂ ਮਿੱਠੜੇ ਬੋਲ -ਸੰਤੋਖ ਸਿੰਘ ਭਾਣਾ

Posted on:- 03-02-2015

suhisaver

ਸਾਡੇ ਜੀਵਨ `ਚ ਜਿੰਨਾਂ ਮਹੱਤਵ ਤੰਦਰੁਸਤੀ ਅਤੇ ਖੁਸ਼ੀ ਦਾ ਹੈ ਉਸ ਤੋਂ ਕਿਤੇ ਜ਼ਿਆਦਾ ਮਹੱਤਵ ਬੋਲ-ਵਾਣੀ ਦਾ ਹੈ। ਵਾਣੀ,ਯਾਨੀ ਕਿ ਗੱਲਬਾਤ, ਸ਼ਬਦ-ਸ਼ਕਤੀ`।ਜੀਵਨ `ਚ ਸਫਤਲਤਾ ਦੀ ਗੱਲ ਹੋਵੇ, ਲੋਕ ਵਿਉਹਾਰ ਦੀ ਜਾਂ ਇੱਜ਼ਤ ਮਾਨ ਦੀ, ਇਸ`ਚ ਬੋਲ ਵਾਣੀ ਦਾ ਬੜਾ ਮਹੱਤਵ ਹੈ। ਕੁਝ ਪਾ੍ਰਪਤ ਕਰਨ ਲਈ ਵਾਣੀ ਦੀ ਅਹਿਮ ਭੂਮਿਕਾ ਹੁੰਦੀ ਹੈ। ਇੱਜ਼ਤ-ਬਦਨਾਮੀ, ਸਫਲਤਾ-ਅਸਫਲਤਾ, ਨਫਾ-ਨੁਕਸਾਨ, ਇਹ ਸਭ ਵਾਣੀ ਨਾਲ ਹੀ ਪ੍ਰਾਪਤ ਹੁੰਦੇ ਹਨ।

ਮਾਖਿਉਂ ਮਿੱਠੀ ਵਾਣੀ, ਵਿਗੜੇ ਕੰਮ ਵੀ ਸੰਵਾਰ ਦਿੰਦੀ ਹੈ।ਸੁਚੱਜਤਾ ਅਤੇ ਚਤੁਰਾਈ ਨਾਲ ਕੀਤੀ ਗੱਲ ਬਾਤ ਨਾਲ ਵੱਡੀਆਂ ਵੱਡੀਆਂ ਸਮੱਸਿਆਵਾਂ ਅਤੇ ਗੁੰਝਲਦਾਰ ਗੁੱਥੀਆਂ ਨੂੰ ਆਦਮੀ ਪਲਾਂ`ਚ ਹੀ ਸੁਲਝਾ ਲੈਂਦਾ ਹੈ।ਬੇ-ਢੰਗੀ ਗੱਲਬਾਤ,ਰੁੱਖੇ ਅਤੇ ਕੌੜੇ ਬੋਲਾਂ ਨਾਲ, ਸਮੱਸਿਆਵਾਂ ਉਲਝ ਜਾਂਦੀਆਂ ਹਨ ਅਤੇ ਕਈ ਵੇਰ ਆਦਮੀ ਦਾ ਬਣਿਆ ਬਣਾਇਆ ਕੰਮ ਵਿਗੜ ਜਾਂਦਾ ਹੈ।ਇਸ ਲਈ ਕਿਹਾ ਜਾਂਦਾ ਹੈ ਕਿ ਆਪਣੀ ਜ਼ੁਬਾਨ ਨੂੰ ਕਾਬੂ `ਚ ਰੱਖਿਆ ਜਾਵੇ।

ਇਹ ਗੱਲ ਹਮੇਸ਼ਾਂ ਧਿਆਨ`ਚ ਰੱਖਣੀ ਚਾਹੀਦੀ ਹੈ ਕਿ ਗੱਲਬਾਤ ਕਰਨਾ ਵੀ ਇੱਕ ਕਲਾ ਹੈ।ਜਦੋ ਗੱਲਬਾਤ ਕਰਦਿਆਂ ਬੋਲਾਂ `ਚ ਤਿੱਖਾਪਣ,ਕੜਵਾਹਟ ਜਾਂ ਰੁੱਖਾਂਪਣ ਆ ਜਾਵੇ ਤਾਂ ਗੱਲ ਵਿਗੜਦਿਆਂ ਦੇਰ ਨਹੀਂ ਲੱਗਦੀ।ਗੱਲਬਾਤ `ਚ ਸ਼ਬਦਾ ਦੀ ਚੋਣ ਦਾ ਬਹੁਤ ਹੀ ਮਹੱਤਵ ਹੈ।

ਕਿਸੇ ਵੀ ਗੱਲਬਾਤ ਦੇ ਪਿੱਛੇ ਬਹੁਤ ਸਾਰੇ ਕਾਰਨ ਹੁੰਦੇ ਹਨ।ਵਿਚਾਰਾਂ ਦੇ ਅਦਾਨ ਪ੍ਰਦਾਨ ਦਾ ਵੀ ਇੱਕ ਮਹੌਲ ਹੁੰਦਾ ਹੈ।ਗੱਲਬਾਤ ਦੇ ਕਈ ਮੁੱਦੇ ਵੀ ਹੋ ਸਕਦੇ ਹਨ।ਇਸ ਲਈ ਗੱਲ ਕਿਵੇਂ ਕਰਨੀ ਹੈ। ਬਸ ਗੱਲ ਕਰਦਿਆਂ ਕਿਹੜੇ ਵੇਲੇ ਕੀ ਸ਼ਬਦ ਬੋਲਣੇ ਹਨ, ਇਹ ਵਿਚਾਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।

ਦਰਅਸਲ ਗੱਲਬਾਤ ਲਈ ਕੋਈ ਨਿਰਧਾਰਤ ਨਿਯਮ ਨਹੀਂ ਹੁੰਦੇ ਪਰ ਇਹ ਸੋਚਣਾ ਜਰੂਰੀ ਹੁੰਦਾ ਹੈ ਕਿ ਬੋਲਣ ਵੇਲੇ ਸ਼ਬਦ ਪ੍ਰਭਾਵਸ਼ਾਲੀ ਅਤੇ ਵਜਨਦਾਰ ਹੋਣ।ਇਹ ਖਿਆਲ ਰੱਖਣਾ ਵੀ ਜਰੂਰੀ ਹੁੰਦਾ ਹੈ ਕਿ ਸਾਡੀ ਗੱਲਬਾਤ ਗੈਰ-ਜ਼ਰੂਰੀ ,ਅਕਾਊ ਅਤੇ ਜ਼ਿਆਦਾ  ਲੰਮੀ ਚੌੜੀ ਤਾਂ ਨਹੀਂ। ਵੱਡੀ ਤੋ ਵੱਡੀ ਗੱਲ ਵੀ ਘੱਟ ਤੋ ਘੱਟ ਸ਼ਬਦਾ`ਚ ਕੀਤੀ ਜਾਵੇ ਤਾਂ ਉਸਦਾ ਡੂੰਘਾ ਪ੍ਰਭਾਵ ਪੈਂਦਾ ਹੈ।

ਕੁਝ ਲੋਕਾਂ ਨੂੰ ਖਰੀਆਂ ਗੱਲਾਂ ਕਰਨ ਦਾ ਜ਼ਿਆਦਾ  ਸ਼ੌਕ ਹੁੰਦਾ ਹੈ।ਉਹ ਹਰ ਵੇਲੇ ਖਰੀ ਅਤੇ ਸੱਚੀ ਗੱਲ ਕਰਨ ਦਾ ਦਮ ਭਰਦੇ ਹਨ ਪਰ ਖਰੀ ਗੱਲ ਵੀ ਮੌਕਾ ਵੇਖ ਕੇ ਕਰਨੀ ਚਾਹੀਦੀ ਹੈ,ਨਹੀਂ ਤਾਂ ਇਹ ਨੁਕਸਾਨ ਦਾਇੱਕ ਸਿੱਧ ਹੁੰਦੀ ਹੈ।ਬਿਨਾਂ ਪੁੱਛੇ ਕਦੇ ਵੀ ਆਪਣੀ ਰਾਏ ਪੇਸ਼ ਨਹੀਂ ਕਰਨੀ ਚਾਹੀਦੀ ।ਕੋਈ ਦੋ ਜਣੇ ਜੇਕਰ ਗੱਲਬਾਤ ਕਰ ਰਹੇ ਹੋਣ ਤਾਂ ਵਿਚਕਾਰ ਜਾਕੇ ਬੋਲਣ ਨਾਲ ਤੁਹਾਡੀ ਸ਼ਾਨ`ਚ ਫਰਕ ਪੈ ਸਕਦਾ ਹੈ।ਗੱਲ ਉਹੀ ਠੀਕ ਹੈ ਜੋ ਸੁਣਨ ਵਾਲੇ ਨੂੰ ਚੰਗੀ ਲੱਗੇ।ਜੀਵਨ ਨੂੰ ਖੁਸ਼ਹਾਲ ਬਨਾਉਣ ਲਈ ਆਪਣੀ ਜੁਬਾਨ ਨੂੰ ਕਾਬੂ `ਚ ਰੱਖੋ।ਆਪਣੀ ਗੱਲ ਕਰੋ ਪਰ ਦੂਸਰਿਆਂ ਦੀ ਗੱਲ ਵੀ ਗੰਭੀਰਤਾ ਨਾਲ ਸੁਣੋ।ਜੇਕਰ ਕਿਸੇ ਦੀ ਸਮੱਸਿਆ ਦਾ ਕੋਈ ਸਹੀ ਹੱਲ ਤੁਹਾਡੇ ਕੋਲ ਹੈ ਤਾ ਦੱਸੋ ਨਹੀਂ ਤਾਂ ਚੁੱਪ ਰਹੋ।ਆਪਣੀ ਬੋਲ ਵਾਣੀ ਨਾਲ ਦੂਸਰਿਆਂ ਨੂੰ ਅਜਿਹਾ ਹੀ ਸਤਿਕਾਰ ਦਿਓ,ਜਿਹੋ ਜਿਹਾ ਤੁਸੀ ਆਪਣੇ ਲਈ ਚਾਹੁੰਦੇ ਹੋ।

ਸਾਡੇ ਬਜ਼ੁਰਗਾਂ ਨੇ ਬੜਾ ਸੋਚ ਸਮਝ ਕੇ ਇੱਕ ਕਹਾਵਤ ਨੂੰ ਜਨਮ ਦਿੱਤਾ ਸੀ-`ਪਹਿਲਾਂ ਤੋਲੋ ਫਿਰ ਬੋਲੋ` ਇਹ ਸੱਚ ਹੈ।ਇਨਸਾਨ ਨੂੰ ਬੋਲਣ ਤੋ ਪਹਿਲਾਂ ਪੰਜਾਹ ਵਾਰ ਸੋਚਣਾ ਚਾਹੀਦਾ ਹੈ ਕਿ ਕੀ ਬੋਲਣਾ ਚਾਹੀਦਾ ਹੈ? ਕਿਉਂ ਬੋਲਣਾ ਚਾਹੀਦਾ ਹੈ? ਉਹਦੀ ਇਸ ਗੱਲ ਦਾ ਸਾਹਮਣੇ ਵਾਲੇ ਉੱਤੇ ਜਾਂ ਮਹੌਲ ਉੱਤੇ ਕੀ ਪ੍ਰਭਾਵ ਪਵੇਗਾ? ਕਿਤੇ ਉਹ ਅਜਿਹਾ ਤਾਂ ਨਹੀਂ ਬੋਲ ਰਿਹਾ ਜਿਸ ਨਾਲ ਸਾਹਮਣੇ ਵਾਲੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ? ਭਾਵ, ਜੋ ਕੁਝ ਵੀ ਬੋਲਣਾ ਹੈ, ਸੋਚ ਸਮਝ ਕੇ ਬੋਲਣਾ ਚਾਹੀਦਾ ਹੈ।ਕਿਉਂਕਿ ਕਮਾਨ `ਚੋਂ ਨਿਕਲਿਆ ਤੀਰ ਅਤੇ ਜ਼ੁਬਾਨੋਂ ਨਿਕਲੇ ਬੋਲ ਵਾਪਸ ਨਹੀਂ ਮੁੜਦੇ।ਜੇਕਰ ਅਸੀ ਪੁਰਾਣੀਆਂ ਮਾਨਤਾਵਾਂ ਅਤੇ ਆਪਣੇ ਬਜੁਰਗਾਂ ਦੇ ਬਣਾਏ ਨਿਯਮਾਂ ਦਾ ਪਾਲਣ ਕਰਾਂਗੇ ਤਾ ਜੀਵਨ `ਚ ਕੜਵਾਹਟ ਵਿਵਾਦ ਅਤੇ ਮਾਨਸਿਕ ਕਲੇਸ਼ ਪੈਦਾ ਈ ਨਹੀਂ ਹੋਣਗੇ ਅਤੇ ਜੇਕਰ ਇਹ ਨਹੀਂ ਹੋਣਗੇ ਤਾਂ ਕੋਈ ਕਾਰਨ ਨਹੀਂ ਕਿ ਜੀਵਨ ਖੁਸ਼ਹਾਲ ਨਾ ਹੋਵੇ।ਹੱਸਦਿਆਂ ਖੇਡਦਿਆਂ ਅਤੇ ਧਮਾਲਾਂ ਪਾਉਂਦਿਆਂ ਜੀਵਨ ਗੁਜ਼ਾਰਨਾ ਹੈ ਤਾਂ ਇਨ੍ਹਾਂ ਬਰੀਕੀਆਂ ਉੱਤੇ ਜ਼ਰੂਰ ਅਮਲ ਕਰਨਾ ਪਵੇਗਾ।
                    
ਸੰਪਰਕ: +91 98152 96475

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ