ਹੌਸਲਾ ਛੱਡਣ ਵਾਲੇ ਮੰਜ਼ਲਾਂ ’ਤੇ ਨਹੀਂ ਪਹੁੰਚਦੇ ਹੁੰਦੇ - ਯਾਦਵਿੰਦਰ ਰਾਓਵਾਲੀ
Posted on:- 01-02-2015
ਸੋਚਣ ਦਾ ਨਜ਼ਰੀਆ ਇਕ ਅਜਿਹਾ ਸੰਦ (ਟੂਲ) ਹੈ, ਜਿਸ ਦੇ ਨਾਲ ਅਸੀਂ ਇਸ ਦਿਸਦੇ ਜਹਾਨ ਦੀ ਆਪੋ ਆਪਣੇ ਢੰਗ ਨਾਲ ਵਿਆਖਿਆ ਕਰ ਸਕਦੇ ਹੁੰਦੇ ਹਾਂ ਤੇ ਇਹ ਨਜ਼ਰੀਏ ਦੀ ਵਿਸ਼ਾਲਤਾ ਹੀ ਹੁੰਦੀ ਹੈ ਕਿ ਕਈ ਵਾਰ ਹਾਰੇ ਹੋਏ ਵਿਅਕਤੀ ਹਾਰ ਕੇ ਵੀ ਖ਼ੁਦ ਨੂੰ ‘ਅੱਧੇ ਜਿੱਤੇ’ ਹੋਏ ਦੱਸਦੇ ਹਨ। ਸਾਡੇ ਘਰਾਂ ਤੇ ਦਫ਼ਤਰਾਂ ਵਿਚ ਜੱਗਮੱਗ ਕਰਦੇ ਬਲਬ ਨੇ ਇਕ ਦਿਨ ਵਿਚ ਵਜੂਦ ਅਖ਼ਤਿਆਰ ਨਹੀਂ ਕੀਤਾ ਸੀ, ਬਲਬ ਦਾ ਕਾਢੂ ਸਾਇੰਸਦਾਨ 700ਵੇਂ ਤਜਰਬੇ ਵਿਚ ਵੀ ਨਾਕਾਮ ਰਿਹਾ ਸੀ ਤੇ ਇਸੇ ਦੌਰਾਨ ਆਖ਼ਰੀ ਸ਼ਾਗਿਰਦ ਵੀ ਦੌੜਣ ਲੱਗਾ। ਸ਼ਾਗਿਰਦ ਨੇ ਕਿਹਾ, ਹੁਣ ਤਾਂ ਜ਼ਿੱਦ ਛੱਡੋ ਬਲਬ ਵਰਗੀ ਕੋਈ ਸ਼ੈਅ ਜਗ ਹੀ ਨਹੀਂ ਸਕਦੀ, ਪਰ ਉਤਸ਼ਾਹ ਨਾਲ ਲਬਾਲਬ ਥੌਮਸ ਐਡੀਸਨ ਨੇ ਕਿਹਾ, ਤੂੰ ਜਾਣੈਂ ਤਾਂ ਜਾਹ, ਬਲਬ ਮੈਂ ਜਗਾ ਕੇ ਦਮ ਲਵਾਂਗਾ। ਵੇਖ ਲਓ, ਬਲਬ ਜੱਗਦੇ ਨੇ ਤੇ ਥੌਮਸ ਐਡੀਸਨ ਨੂੰ ਜਹਾਨ ਜਾਣਦਾ ਹੈ ਜਦਕਿ ਉਸ ਸ਼ਾਗਿਰਦ ਦਾ ਨਾਂ ਕਿਸੇ ਨੂੰ ਨਹੀਂ ਪਤਾ। ਐਡੀਸਨ ਨੇ ਕਿਹਾ ਸੀ ਕਿ 700ਵਾਂ ਫੇਲ੍ਹ ਤਜਰਬਾ ਦੱਸਦਾ ਹੈ ਕਿ ਸਫਲਤਾ ਨੇੜੇ ਹੀ ਹੈ ਤੇ ਇਹ 700 ਤਜਰਬੇ ਮੁੜ ਕਰਨ ਦੀ ਕੋਈ ਜ਼ਰੂਰਤ ਨਹੀਂ।
ਇਕ ਵਿਦਵਾਨ ਦਾਰਸ਼ਨਿਕ ਆਖਦਾ ਹੁੰਦਾ ਸੀ, ਉਹ ਖਵਾਹਿਸ਼ ਹੀ ਕੀ, ਜਿਹੜੀ ਪੂਰੀ ਹੋ ਜਾਵੇ..! ਇਕ ਸ਼ਾਗਿਰਦ ਨੇ ਪੁੱਛਿਆ ਕਿ ਜਨਾਬ ਏ ਆਲ੍ਹੀ, ਖਵਾਹਿਸ਼ਾਂ ਤਾਂ ਜ਼ੋਰ ਪਾ ਕੇ ਸਾਨੂੰ ਤੋਰੀ ਫਿਰਦੀਆਂ ਹਨ ਤੇ ਤੁਸੀਂ ਆਖਦੇ ਹੋ, ਖਵਾਹਿਸ਼ਾਂ ਦਾ ਅਪੂਰਨ ਰਹਿ ਜਾਣਾ ਵੀ ਕੋਈ ਗੱਲ ਨਹੀਂ, ਜਦਕਿ ਮੇਰੇ ਮੁਤਾਬਕ ਤਾਂ ਇਹ ਸਦਮਾ ਹੈ। ਦਾਰਸ਼ਨਿਕ ਨੇ ਕਿਹਾ, ਪੂਰੀ ਹੋ ਚੁੱਕੀ ਖਵਾਹਿਸ਼ ਸਿਰਫ ਮਜ਼ਾ ਦਿੰਦੀ ਹੈ ਜਦਕਿ ਅਧੂਰੀ ਖਵਾਹਿਸ਼ ਮਨ ਨੂੰ ਧੁਰ ਅੰਦਰੋਂ ਝੰਜੋੜਦੀ ਹੈ ਤੇ ਮਨੁੱਖ ਨੂੰ ਇੰਨਾ ਕਰੜਾ ਸਬਕ ਸ਼ਖ਼ਸੀਅਤ ਪੱਖੋਂ ਜਿੰਨਾ ਮੁਕੰਮਲ ਕਰਦਾ ਹੈ, ਉਹ ਜ਼ਿੰਦਗੀ ਦਾ ਕੋਈ ਹੋਰ ਪੱਖ ਨਹੀਂ ਕਰ ਸਕਦਾ। ਤੁਸੀਂ ਖ਼ੁਦ ਵੇਖ ਲਓ, ਤੁਹਾਡੀਆਂ ਸੈਂਕੜੇ ਖਵਾਹਿਸ਼ਾਂ ਹਾਲੇ ਦੂਰ ਦੇ ਦਿਸਹੱਦੇ ਵਾਂਗ ਹੋਣਗੀਆਂ ਪਰ ਫਿਰ ਵੀ ਤੁਸੀਂ ਜ਼ਿੰਦਾ ਹੋ। ਕਿਸੇ ਖਵਾਹਿਸ਼ ਦੇ ਪੂਰੇ ਹੋਣ ਜਾਂ ਅਧੂਰੇ ਰਹਿਣ ਨਾਲ ਓਨ੍ਹਾਂ ਫ਼ਰਕ ਨਹੀਂ ਪੈਂਦਾ ਜਿੰਨ੍ਹਾ ਕਿ ਮਨੁੱਖ ਆਪਣੀ ਮਨੋਚਿਤਵੀਂ ਧਾਰਨਾ ਕਾਰਨ ਖ਼ੁਦ ਪੈਦਾ ਕਰ ਲੈਂਦੇ। ਸੋ, ਦੁਬਾਰਾ ਸੋਚੋ, ਮਨ ਨੂੰ ਖੜ੍ਹੇ ਰੁਖ਼ ਕਰੋ ਤੇ ਯੋਜਨਾਵਾਂ ਦੀ ਮੁੜ ਕਾਂਟ ਛਾਂਟ ਕਰ ਕੇ ਨਿਸ਼ਾਨੇ ਵਿੰਨ੍ਹਣ ਲਈ ਤੁਰ ਪਓ। ਹਾਂ, ਇਕ ਸ਼ੈਅ ਹੈ, ਜਿਹੜੀ ਤੁਹਾਨੂੰ ਰੋਕ ਸਕਦੀ ਹੈ... ਪਤੈ ਕੌਣ ਹੈ ਉਹ? ਕੋਈ ਨਹੀਂ! ਤੁਹਾਡਾ ਆਪਣਾ ਮਨੋਚਿਤਵਿਆ ਡਰ, ਹੋਰ ਕੋਈ ਨਹੀਂ। ਇਕ ਠੰਢਾ ਬਣਾਉਣ ਵਾਲੀ ਕੰਪਨੀ ਦੇ ਇਸ਼ਤਿਹਾਰੀ ਕੰਟੈਂਟ ਲਿਖਾਰੀ ਨੇ ਕਿੰਨਾ ਸੋਹਣਾ ਨਾਅਰਾ ਦਿੱਤੈ, ‘‘ਡਰ ਕੇ ਆਗੇ ਜੀਤ ਹੈ’’। ਜੀ ਹਾਂ, ਇਹੀ ਸੱਚ ਹੈ, ਮੰਨ ਲਓ। ਮੰਨਣਾ ਹੀ ਪਵੇਗਾ।
ਸੰਪਰਕ: +91 94653 29617