ਡਾਕਟਰ ਦੀ ਹੌਂਸਲਾ ਅਫਜ਼ਾਈ ਦਾ ਕਮਾਲ - ਹਰਗੁਣਪ੍ਰੀਤ ਸਿੰਘ
Posted on:- 31-01-2015
ਕਿਸੇ ਦੁਆਰਾ ਕਹੇ ਗਏ ਕੁਝ ਪ੍ਰੇਰਨਾਮਈ ਅਤੇ ਹੌਂਸਲਾ-ਅਫਜ਼ਾਈ ਨਾਲ ਭਰਪੂਰ ਸ਼ਬਦ ਸਾਡੀ ਜ਼ਿੰਦਗੀ ਵਿਚ ਚਮਤਕਾਰੀ ਬਦਲਾਅ ਲਿਆ ਸਕਦੇ ਹਨ।ਦਸੰਬਰ 2002 ਵਿਚ ਨੌਵੀਂ ਦੇ ਇਮਤਿਹਾਨ ਦਿੰਦਿਆਂ ਮੈਨੂੰ ਇਹ ਅਹਿਸਾਸ ਹੋਇਆ ਕਿ ਮੇਰੀ ਗਰਦਨ ‘ਤੇ ਕੁਝ ਗੱਠਾਂ ਬਣਦੀਆਂ ਜਾ ਰਹੀਆਂ ਹਨ, ਜੋ ਦਿਨੋ ਦਿਨ ਵੱਡੀਆਂ ਹੋ ਰਹੀਆਂ ਹਨ।ਪਟਿਆਲਾ ਦੇ ਵੱਖ-ਵੱਖ ਡਾਕਟਰਾਂ ਨੂੰ ਮਿਲਣ ਅਤੇ ਕੁਝ ਟੈਸਟ ਕਰਾਉਣ ਉਪਰੰਤ ਉਨ੍ਹਾਂ ਪੀ.ਜੀ.ਆਈ. ਚੰਡੀਗੜ੍ਹ ਜਾਣ ਦੀ ਸਲਾਹ ਦਿੱਤੀ।ਪੀ.ਜੀ.ਆਈ ਵਿਖੇ ਸਾਰੇ ਟੈਸਟ ਦੁਬਾਰਾ ਹੋਏ ਅਤੇ ਇਕ ਮਹੀਨੇ ਬਾਅਦ ਉਨ੍ਹਾਂ ਸਪੱਸ਼ਟ ਨਤੀਜਾ ਕੱਢ ਦਿੱਤਾ ਕਿ ਮੈਨੂੰ ਬਲੱਡ ਕੈਂਸਰ ਜੈਸੀ ਭਿਆਨਕ ਬਿਮਾਰੀ ਹੈ ਅਤੇ ਏ. ਐਲ. ਐਲ. (ਐਕਿਊਟ ਲਿਮਫੋਬਲਾਸਟਿਕ ਲਿਊਕੀਮੀਆ) ਪ੍ਰੋਟੋਕੋਲ ਅਧੀਨ ਛੇ ਮਹੀਨੇ ਦਾ ਇੰਟੈਂਸਿਵ ਕੋਰਸ (ਕੈਮਿਓਥਰੈਪੀ ਅਤੇ ਰੇਡੀਓਥਰੈਪੀ) ਹੋਵੇਗਾ ਅਤੇ ਸਭ ਕੁਝ ਠੀਕ ਹੋਣ ਦੀ ਸੂਰਤ ਵਿਚ ਤਿੰਨ ਸਾਲ ਦੇ ਮੇਨਟੀਨੈਂਸ ਕੋਰਸ ਵਿਚੋਂ ਵੀ ਗੁਜ਼ਰਨਾ ਪਵੇਗਾ।
5 ਮਈ, 2003 ਨੂੰ ਮੇਰਾ ਇਲਾਜ ਆਰੰਭ ਹੋਇਆ।ਭਾਵੇਂ ਪਿਛਲੇ ਦੋ ਮਹੀਨਿਆਂ ਦੇ ਟੈਸਟਾਂ ਦੌਰਾਨ ਮੈਨੂੰ ਸੂਈਆਂ ਦੀ ਚੋਭ ਸਹਿਣ ਦੀ ਆਦਤ ਜਿਹੀ ਪੈ ਗਈ ਸੀ ਪਰੰਤੂ ਜਦੋਂ 20 ਨੰਬਰ ਦੀ ਲੰਬੀ ਤੇ ਮੋਟੀ ਸੂਈ ਅੇਲ.ਪੀ. ਨੀਡਲ ਨਾਲ ਰੀੜ ਦੀ ਹੱਡੀ ਵਿਚ ਮੀਥੋਟਰੈਕਸੇਟ ਦਵਾਈ ਦਾ ਇੰਟਰਾਥਿਕਲ ਟੀਕਾ ਲਗਾਇਆ ਗਿਆ ਤਾਂ ਅਸਹਿ ਪੀੜਾ ਨਾਲ ਦਿਨ ਵਿਚ ਤਾਰੇ ਨਜ਼ਰ ਆ ਗਏ।ਸਿਰ ਵਿਚ ਇੰਨਾ ਦਰਦ ਹੋਇਆ ਕਿ ਮੈਂ 4-5 ਦਿਨ ਤਾਂ ਮੰਜੇ ਤੋਂ ਹੀ ਨਾ ਉਠ ਸਕਿਆ।ਮੇਰੇ ਮਨ ਵਿਚ ਉਦਾਸੀ ਦੇ ਬੱਦਲ ਛਾ ਗਏ ਅਤੇ ਮੈਂ ਸੋਚਿਆ ਕਿ ਜੇ ਛੇ ਮਹੀਨੇ ਦੇ ਇਲਾਜ ਦੇ ਪਹਿਲੇ ਦਿਨ ਹੀ ਇਹ ਹਾਲ ਹੈ ਤਾਂ ਬਾਕੀ ਕੋਰਸ ਕਿਵੇਂ ਪੂਰਾ ਹੋਵੇਗਾ।ਅਗਲੇ ਹਫਤੇ ਜਦੋਂ ਮੈਂ ਇੰਟਰਨਲ ਮੈਡੀਸਨ ਦੇ ਮੁਖੀ ਡਾ. ਸੁਭਾਸ਼ ਵਰਮਾ ਨੂੰ ਮਿਲਿਆ ਤਾਂ ਉਨ੍ਹਾਂ ਮੇਰਾ ਹਾਲ ਚਾਲ ਪੁੱਛਿਆ।ਮੈਂ ਕਿਹਾ, “ਡਾ. ਸਾਹਿਬ! ਮੇਰੇ ਤੋਂ ਇਹ ਕੋਰਸ ਪੂਰਾ ਨਹੀਂ ਹੋਣਾ ਕਿਉਂਕਿ ਇਹ ਤਾਂ ਬੜਾ ਤਕਲੀਫ ਦੇਹ ਹੈ ਅਤੇ ਮੇਰੇ ਤੋਂ ਇਹ ਦਰਦ ਬਰਦਾਸ਼ਤ ਨਹੀਂ ਹੁੰਦਾ।ਜੇ ਇਕ ਦਿਨ ਟੀਕਾ ਲਗਵਾ ਲੇ ਛੇ ਦਿਨ ਮੰਜੇ ‘ਤੇ ਹੀ ਪਏ ਰਹਿਣਾ ਹੈ ਤਾਂ ਅਜਿਹੀ ਜ਼ਿੰਦਗੀ ਦਾ ਕੀ ਲਾਭ ਹੈ? ਇਹ ਕਾਹਦਾ ਜੀਣਾ ਹੋਇਆ? ਨਾਲੇ ਜੇ ਛੇ ਮਹੀਨੇ ਲਈ ਮੇਰੀ ਦਸਵੀਂ ਜਮਾਤ ਦੀ ਪੜ੍ਹਾਈ ਖਰਾਬ ਹੋ ਗਈ ਤਾਂ ਪੂਰਾ ਸਾਲ ਹੀ ਖਰਾਬ ਹੋ ਜਾਵੇਗਾ ਅਤੇ ਮੈਂ ਹੋਰ ਬੱਚਿਆਂ ਤੋਂ ਪਿੱਛੇ ਰਹਿ ਜਾਵਾਂਗਾ।ਇਸ ਲਈ ਮੈਂ ਇਹ ਟੀਕੇ ਨਹੀਂ ਲਗਵਾਉਣੇ ਅਤੇ ਇਨ੍ਹਾਂ ਦੀ ਥਾਂ ਤੇ ਕਿਰਪਾ ਕਰਕੇ ਕੋਈ ਖਾਣ ਵਾਲੀਆਂ ਗੋਲੀਆਂ ਅਤੇ ਤਾਕਤ ਦੇ ਕੈਪਸੂਲ ਹੀ ਦੇ ਦਿਓ।”
ਇਹ ਗੱਲ ਸੁਣਕੇ ਡਾ. ਵਰਮਾ ਮੇਰੇ ਮੋਢੇ ‘ਤੇ ਹੱਥ ਰੱਖ ਕੇ ਮੁਸਕਰਾਉਂਦੇ ਹੋਏ ਬੋਲੇ, “ਬੇਟਾ! ਤੇਰੇ ਵੱਲੋਂ ਅਜਿਹੀਆਂ ਨਕਾਰਾਤਮਕ ਗੱਲਾਂ ਦੀ ਮੈਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਕਿਉਂਕਿ ਤੂੰ ਮੈਨੂੰ ਬਹੁਤ ਬਹਾਦਰ, ਬੁੱਧੀਮਾਨ ਅਤੇ ਚੜ੍ਹਦੀਕਲਾ ਵਾਲਾ ਬੱਚਾ ਨਜ਼ਰ ਆਉਂਦਾ ਹੈਂ।ਤੂੰ ਆਪ ਹੀ ਦੱਸ ਕਿ ਜੇ ਕੁਝ ਮਹੀਨੇ ਦੀ ਤਕਲੀਫ ਸਹਾਰਨ ਨਾਲ ਬਾਕੀ ਸਾਰੀ ਜ਼ਿੰਦਗੀ ਸੌਖ ਨਾਲ ਲੰਘ ਜਾਵੇ ਤਾਂ ਕੀ ਲਾਭ ਵਾਲਾ ਸੌਦਾ ਨਹੀਂ ਹੈ? ਜਿੱਥੋਂ ਤੱਕ ਪੜ੍ਹਾਈ ਦਾ ਸਵਾਲ ਹੈ ਤਾਂ ਜ਼ਿੰਦਗੀ ਤੋਂ ਉੱਪਰ ਕੋਈ ਚੀਜ਼ ਨਹੀਂ। ਬਹੁਤ ਲੋਕ ਅਜਿਹੇ ਹੋਏ ਹਨ ਜਿਨ੍ਹਾਂ ਨੇ ਮਜਬੂਰੀ ਕਾਰਨ ਪੜ੍ਹਾਈ ਵਿਚ ਕਈ ਸਾਲ ਦੀ ਵਿੱਥ ਪੈਣ ਦੇ ਬਾਵਜੂਦ ਵੀ ਤਰੱਕੀ ਦੀਆਂ ਸਿਖਰਾਂ ਨੂੰ ਛੋਹ ਦਿਖਾਇਆ ਹੈ।ਜਿੱਥੋਂ ਤੱਕ ਤਾਕਤ ਦੇ ਕੈਪਸੂਲਾਂ ਦੀ ਗੱਲ ਹੈ ਤਾਂ ਤਾਕਤ ਕੈਪਸੂਲਾਂ ਜਾਂ ਗੋਲੀਆਂ ਵਿਚ ਨਹੀਂ ਹੁੰਦੀ ਬਲਕਿ ਬੰਦੇ ਦੇ ਮਨ ਵਿਚ ਹੁੰਦੀ ਹੈ।ਜੇਕਰ ਜ਼ਿੰਦਗੀ ਵਿਚ ਕੁਝ ਕਰ ਦਿਖਾਉਣਾ ਹੈ ਤਾਂ ਦਲੇਰੀ ਅਤੇ ਦ੍ਰਿੜ ਵਿਸ਼ਵਾਸ ਨਾਲ ਪੂਰਾ ਇਲਾਜ ਕਰਵਾਉਣਾ ਪਵੇਗਾ।” ਡਾਕਟਰ ਸਾਹਿਬ ਦੇ ਇਨ੍ਹਾਂ ਹੌਂਸਲਾ-ਅਫਜ਼ਾਈ ਦੇ ਸ਼ਬਦਾਂ ਨੇ ਜਿਵੇਂ ਮੇਰੇ ਵਿਚ ਨਵੀਂ ਰੂਹ ਫੂਕ ਦਿੱਤੀ ਅਤੇ ਮੈਂ ਹਿੰਮਤ-ਹੌਂਸਲੇ ਨਾਲ ਛੇ ਮਹੀਨੇ ਦਾ ਮੁਸ਼ਕਿਲ ਇਲਾਜ ਪੂਰਾ ਕਰ ਸਕਿਆ।
ਮੈਂ ਨਾ ਕੇਵਲ ‘ਬਲੱਡ ਕੈਂਸਰ’ ਜੈਸੀ ਭਿਆਨਕ ਬਿਮਾਰੀ ਨੂੰ ਮਾਤ ਦਿੱਤੀ ਬਲਕਿ +1 ਸ਼੍ਰੇਣੀ ਤੋਂ ਐਮ. ਫਿਲ. ਪੱਤਰਕਾਰੀ ਅਤੇ ਜਨਸੰਚਾਰ ਤੱਕ ਹਰੇਕ ਸ਼੍ਰੇਣੀ ਵਿਚ ਪਹਿਲਾ ਸਥਾਨ ਹਾਸਲ ਕਰਨ ਦੇ ਨਾਲ-ਨਾਲ ਰਾਜ ਅਤੇ ਰਾਸ਼ਟਰੀ ਪੱਧਰ ਦੇ ਲੇਖ, ਸੁਲੇਖ, ਚਿੱਤਰਕਲਾ, ਦਸਤਾਰ ਸਜਾਉਣ, ਗੁਰਮਤਿ ਅਤੇ ਭਗਵਦਗੀਤਾ ਸਬੰਧੀ ਲੇਖ ਮੁਕਾਬਲਿਆਂ ਵਿਚ ਵੀ ਪਹਿਲੇ ਦਰਜੇ ਦੇ 50 ਤੋਂ ਵੱਧ ਇਨਾਮ ਜਿੱਤੇ।ਇਸ ਤੋਂ ਇਲਾਵਾ ਮੈਂ ਵੱਖ-ਵੱਖ ਉੱਚ ਕੋਟੀ ਦੇ ਪੰਜਾਬੀ ਅਖ਼ਬਾਰਾਂ ਵਿਚ ਤਿੰਨ ਸੌ ਤੋਂ ਵੱਧ ਪ੍ਰੇਰਕ ਰਚਨਾਵਾਂ ਲਿਖਣ ਦੇ ਨਾਲ-ਨਾਲ ਫਰਵਰੀ 2008 ਵਿਚ ਇਕ ਕਿਤਾਬ ‘ਮੁਸੀਬਤਾਂ ਤੋਂ ਨਾ ਘਬਰਾਓ’ ਵੀ ਲਿਖੀ ਜਿਸਨੂੰ ਮੈਂ ਵੱਖ ਵੱਖ ਖੇਤਰਾਂ ਦੀਆਂ ਲਗਭਗ 600 ਸ਼ਖਸੀਅਤਾਂ ਨੂੰ ਭੇਂਟ ਕਰਨ ਤੋਂ ਇਲਾਵਾ ਕਈ ਕੈਂਸਰ ਦੇ ਮਰੀਜ਼ਾਂ ਨੂੰ ਵੀ ਮੁਫਤ ਭੇਂਟ ਕਰ ਚੁੱਕਾ ਹਾਂ।ਮੈਂ ਫੇਸਬੁੱਕ, ਯੂ ਟਿਊਬ, ਵਟਸਅਪ ਆਦਿ ਸੋਸ਼ਲ ਨੈਟਵਰਕਿੰਗ ਸਾਈਟਾਂ ਜਿਵੇਂ ਉਤੇ ਅਕਸਰ ਆਪਣੀਆਂ ਕੈਂਸਰ ਜਾਗਰੂਕਤਾ ਸਬੰਧੀ ਰਚਨਾਵਾਂ ਅਤੇ ਇੰਟਰਵਿਊ ਸਾਂਝੇ ਕਰਦਾ ਰਹਿੰਦਾ ਹਾਂ ਜਿਸਨੂੰ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਬੈਠਾ ਕੋਈ ਵੀ ਲੋੜਵੰਦ ਵਿਅਕਤੀ ਆਸਾਨੀ ਨਾਲ ਦੇਖ ਕੇ ਲਾਭ ਉਠਾ ਸਕਦਾ ਹੈ।
ਇਸ ਸਭ ਨਾਲ ਜਿੱਥੇ ਕੈਂਸਰ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਿਮਾਰੀ ਨਾਲ ਲੜਨ ਦਾ ਹੌਂਸਲਾ ਮਿਲਦਾ ਹੈ ਉਥੇ ਆਮ ਲੋਕਾਂ ਵਿਚ ਵੀ ਇਹ ਜਾਗਰੂਕਤਾ ਆਉਂਦੀ ਹੈ ਕਿ ਜੇਕਰ ਸਹੀ ਡਾਕਟਰੀ ਇਲਾਜ ਅਤੇ ਸਕਾਰਾਤਮਕ ਸੋਚ ਨਾਲ ਕੈਂਸਰ ਦਾ ਮੁਕਾਬਲਾ ਕੀਤਾ ਜਾਵੇ ਤਾਂ ਇਸ ਬਿਮਾਰੀ ਨੂੰ ਜ਼ਰੂਰ ਹਰਾਇਆ ਜਾ ਸਕਦਾ ਹੈ।