ਭਗਤ ਕਬੀਰ ਜੀ ਬਸੰਤ ਰੁੱਤ ਬਾਰੇ ਆਪਣੀ ਬਾਣੀ ਵਿਚ ਫੁਰਮਾਉਂਦੇ ਹਨ: “ਮਉਲੀ ਧਰਤੀ ਮਉਲਿਆ ਅਕਾਸੁ॥ਘਟਿ ਘਟਿ ਮਉਲਿਆ ਆਤਮ ਪ੍ਰਗਾਸੁ॥” ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਇਸ ਦਿਨ ਵਿਸ਼ੇਸ਼ ਦਰਬਾਰ ਲਗਾਉਂਦੇ ਹੁੰਦੇ ਸਨ ਜਿਸ ਵਿਚ ਦੇਸ਼ ਭਰ ਤੋਂ ਲੋਕ ਪੀਲੇ ਕੱਪੜੇ ਪਹਿਣ ਕੇ ਪਹੁੰਚਦੇ ਸਨ।ਕੂਕਾ ਲਹਿਰ ਦੇ ਮੋਢੀ ਨਾਮਧਾਰੀ ਗੁਰੂ ਰਾਮ ਸਿੰਘ ਦਾ ਜਨਮ ਫਰਵਰੀ 1816 ਨੂੰ ਪਿੰਡ ਭੈਣੀ ਰਾਈਆਂ ਜ਼ਿਲ੍ਹਾ ਲੁਧਿਆਣਾ ਵਿਖੇ ਬਸੰਤ ਪੰਚਮੀ ਵਾਲੇ ਦਿਨ ਹੀ ਹੋਇਆ ਸੀ।1735 ਨੂੰ ਵੀਰ ਹਕੀਕਤ ਰਾਏ ਨੇ ਵੀ 17 ਸਾਲਾਂ ਦੀ ਛੋਟੀ ਉਮਰ ਵਿਚ ਇਸੇ ਦਿਨ ਧਰਮ ਅਤੇ ਦੇਸ਼ ਦੀ ਖਾਤਰ ਸ਼ਹੀਦੀ ਜਾਮ ਪੀਤਾ ਸੀ।ਸੰਨ 1846 ਨੂੰ ਸਭਰਾਓਂ ਵਿਖੇ ਬਹਾਦਰ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਅੰਗ੍ਰੇਜ਼ਾਂ ਨਾਲ ਜੰਗ ਲੜਦੇ ਹੋਏ ਸ਼ਹੀਦ ਹੋ ਗਏ ਸਨ।ਬਸੰਤੀ ਰੰਗ ਦੇਸ਼ ਭਗਤੀ ਅਤੇ ਕੁਰਬਾਨੀ ਦਾ ਰੰਗ ਹੈ।ਦੇਸ਼ ਖਾਤਰ ਮਰ ਮਿਟਣ ਵਾਲੇ ਯੋਧੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਫ਼ਾਂਸੀ ਚੜ੍ਹਨ ਤੋਂ ਪਹਿਲਾਂ ‘ਮੇਰਾ ਰੰਗ ਦੇ ਬਸੰਤੀ ਚੋਲਾ’ ਗੀਤ ਗਾਇਆ ਸੀ ਜਿਸਨੇ ਦੇਸ਼ ਵਾਸੀਆਂ ਵਿਚ ਦੇਸ਼ ਖਾਤਰ ਮਰ ਮਿਟਣ ਦੀ ਭਾਵਨਾ ਪੈਦਾ ਕੀਤੀ ਸੀ।
ਭਾਵੇਂ ਕਿ ਬਸੰਤ ਪੰਚਮੀ ਪੂਰੇ ਦੇਸ਼ ਵਿਚ ਬੜੇ ਚਾਅ ਨਾਲ ਮਨਾਇਆ ਜਾਂਦਾ ਹੈ ਪਰੰਤੂ ਪੰਜਾਬ ਵਿਚ ਇਸ ਤਿਉਹਾਰ ਨੂੰ ਮਨਾਉਣ ਦਾ ਜੋਸ਼ ਹੀ ਕੁਝ ਵੱਖਰਾ ਹੁੰਦਾ ਹੈ।ਮੌਸਮ ਵਿਚ ਕੁਦਰਤੀ ਰੰਗਾਂ ਨਾਲ ਘੁਲ ਮਿਲ ਜਾਣ ਲਈ ਪੰਜਾਬੀ ਲੋਕ ਪੀਲੇ ਰੰਗ ਦੇ ਕੱਪੜੇ ਪਾਉਂਦੇ ਹਨ, ਪੀਲੀਆਂ ਦਸਤਾਰਾਂ ਸਜਾਉਂਦੇ ਹਨ ਅਤੇ ਪੰਜਾਬਣਾਂ ਪੀਲੇ ਦੁਪੱਟੇ ਲੈਂਦੀਆਂ ਹਨ।ਇਹ ਤਿਉਹਾਰ ਵਿਸ਼ੇਸ਼ ਤੌਰ ਉਤੇ ਅੰਮ੍ਰਿਤਸਰ ਦੇ ਗੁਰਦੁਆਰਾ ਛੇਹਰਟਾ ਸਾਹਿਬ ਅਤੇ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਇਸ ਦਿਨ ਲੋਕ ਆਪਣੇ ਘਰਾਂ ਦੇ ਕੋਠਿਆਂ ‘ਤੇ ਚੜ੍ਹ ਕੇ ਰੰਗ-ਬਰੰਗੇ ਪਤੰਗ ਉਡਾਉਂਦੇ ਹਨ ਅਤੇ ਉਨ੍ਹਾਂ ਦੇ ਮੁਕਾਬਲੇ ਕਰਵਾਉਂਦੇ ਹਨ।ਇਸ ਲਈ ਅਸੀਂ ਆਖ ਸਕਦੇ ਹਾਂ ਕਿ ਬਸੰਤ ਪੰਚਮੀ ਦਾ ਤਿਉਹਾਰ ਜਿੱਥੇ ਨਵੇਂ ਚਾਅ ਅਤੇ ਮਲਾਰ ਲੈ ਕੇ ਆਉਂਦਾ ਹੈ, ਉਥੇ ਆਪਸੀ ਪਿਆਰ ਅਤੇ ਭਾਈਚਾਰਕ ਏਕਤਾ ਨੂੰ ਵੀ ਪ੍ਰਫੁੱਲਤ ਕਰਦਾ ਹੈ।ਮੇਰੇ ਪੜਦਾਦਾ ਸ਼੍ਰੋਮਣੀ ਸਾਹਿਤਕਾਰ ਰਾਜ ਕਵੀ ਸ. ਬਲਵੰਤ ਸਿੰਘ ਗਜਰਾਜ ਦੀਆਂ ਬਸੰਤ ਰਿੱਤੂ ਦੀ ਖੂਬਸੂਰਤੀ ਬਾਰੇ ਬ੍ਰਜ ਭਾਸ਼ਾ ਵਿਚ ਕੁਝ ਸਤਰਾਂ ਇਸ ਪ੍ਰਕਾਰ ਹਨ:
“ਫ਼ੈਲ ਰਹੀ, ਫ਼ਲ ਰਹੀ, ਫ਼ੂਲ ਰਹੀ, ਫ਼ਬ ਰਹੀ, ਝੂਮ ਝਾਮ ਝੂਮਤੀ ਬਸੰਤ ਰਿਤੂ ਆਈ ਹੈ।
ਫ਼ੂਲ ਰਹੀ ਫ਼ੂਲਨ ਪੇ, ਝੂਲ਼ਨੇ ਝੁਲਾਤ ਰਹੀ, ਜਲ ਥਲ ਬਸੰਤ ਕੀ ਅਨੰਤ ਛਬ ਛਾਈ ਹੈ।
ਮੌਲ ਰਹੇ ਧਰਤ ਆਕਾਸ਼ ਬਨਵਾਸ ਸਭ, ਕੁਦਰਤ ਨੇ ਕੇਸਰੀ ਪੋਸ਼ਾਕ ਪਹਿਨਾਈ ਹੈ।
ਸੁੰਦਰ ਸੁਹਾਗ ਭਰੀ, ਪੀਤ ਪਟਵਾਰੇ ਪੈਣ, ‘ਗਜਰਾਜ’ ਸਪਤਮੀ ਸ਼ਿੰਗਾਰ ਕਰ ਆਈ ਹੈ।”
ਸੰਪਰਕ: +91 94636 19353