ਐ ਭਰਿਸਟ ਅਤੇ ਇਮਾਨਦਾਰ ਮਨੁੱਖ ਤੇਰੀ ਔਕਾਤ ਕੀ ਹੈ ? - ਗੁਰਚਰਨ ਪੱਖੋਕਲਾਂ
Posted on:- 21-01-2015
ਵਰਤਮਾਨ ਸਮੇਂ ਦੇ ਅਮੀਰ ਸ਼ਹਿਨਸ਼ਾਹਾਂ ਦੀ ਜ਼ਿੰਦਗੀ ਵੱਲ ਜਦ ਝਾਤ ਮਾਰਦੇ ਹਾਂ, ਤਦ ਉਹਨਾਂ ਦੇ ਬਚਪਨ ਵਿੱਚ ਗ਼ਰੀਬੀ ਹੰਢਾਈ ਦੇ ਦਰਸ਼ਨ ਹੁੰਦੇ ਹਨ, ਜਿਹਨਾਂ ਵਿੱਚੋਂ ਇੱਕ ਧੀਰੂ ਭਾਈ ਅੰਬਾਨੀਂ ਸੀ, ਜੋ ਵਿਦੇਸ਼ ਦੀ ਧਰਤੀ ਤੇ ਪੈਟਰੋਲ ਭਰਦਿਆਂ ਭਰਦਿਆਂ ਹਿੰਦੋਸਤਾਨ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਦਾ ਮਾਲਕ ਬਣ ਗਿਆ ਜਿਸਦਾ ਨਾਂ ਹੈ, ਰਿਲਾਇੰਸ । ਅਣਗਿਣਤ ਧਨ ਦੇ ਅੰਬਾਰ ਖੜਾ ਕਰਨ ਵਾਲਾ ਆਪਣੀ ਜ਼ਿੰਦਗੀ ਦਾ ਇੱਕ ਦਿਨ ਵੀ ਨਾ ਵਧਾ ਸਕਿਆ ਅਤੇ ਆਪਣੇ ਪੁੱਤਰਾਂ ਨੂੰ ਅਰਬਾਂ ਦੀ ਜਾਇਦਾਦ ਛੱਡ ਗਿਆ, ਜਿਸ ਨੂੰ ਵੰਡਣ ਪਿੱਛੇ ਜੁੱਤਮ-ਜੁੱਤੀ ਹੁੰਦਿਆਂ ਸਾਰੇ ਸੰਸਾਰ ਨੇ ਦੇਖਿਆ ਅਤੇ ਜਿਸ ਵਿੱਚ ਉਹਨਾਂ ਦੀ ਮਾਂ ਲੁੱਟ ਦੇ ਪੈਸੇ ਵਿੱਚੋਂ ਕਰੋੜਾਂ ਰੁਪਏ ਉਹਨਾਂ ਦੀ ਏਕਤਾ ਲਈ ਧਾਰਮਿਕ ਸਥਾਨਾਂ ਤੇ ਚੜਾਉਂਦੀ ਫਿਰਦੀ ਰਹੀ ਤੇ ਅਨੇਕਾਂ ਬਾਬਿਆਂ ਦੀ ਚਾਪਲੂਸੀ ਕੀਤੀ ਅਤੇ ਦਾਨ ਵਿੱਚ ਕਰੋੜਾਂ ਦਿੱਤੇ ਸਨ । ਇਸੇ ਤਰ੍ਹਾਂ ਦੇ ਹੀ ਇੱਕ ਪੈਸਾ ਕਮਾਊ ਬਾਬੇ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਆਮ ਲੋਕਾਂ ਦੇ ਖੂਨ ਦੀ ਕਮਾਈ ਵਿੱਚੋਂ ਲੁੱਟਕੇ ਬਣਾਏ ਪਹਾੜ ਨੂੰ ਉਹਨਾਂ ਦੀ ਮਾਂ ਨੇ ਵੰਡ ਪਵਾ ਹੀ ਦਿੱਤੀ ਤਾਂ ਕਿ ਜਗ ਹਸਾਈ ਨਾ ਹੋਵੇ, ਪਰ ਜਲੂਸ ਤਾਂ ਸਾਰੇ ਸੰਸਾਰ ਵਿੱਚ ਪਹਿਲਾਂ ਹੀ ਨਿਕਲ ਚੁੱਕਿਆ ਸੀ ।
ਇਸ ਤਰ੍ਹਾਂ ਦਾ ਕਿਸੇ ਇੱਕ ਨਾਲ ਨਹੀਂ ਹਰ ਦੁਨੀਆਂ ਦੇ ਅਰਬਪਤੀ ਨਾਲ ਹੁੰਦਾ, ਹੈ ਜਿਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਦੀ ਸਾਰੀ ਜ਼ਿੰਦਗੀ ਦੀ ਲੋੜ ਸਿਰਫ ਢਾਈ ਸੌ ਮਣ ਅਨਾਜ ਹੀ ਹੈ, ਉਹ ਵੀ ਤਾਂ ਜੇ ਉਸਨੂੰ ਸੌ ਸਾਲ ਦੀ ਉਮਰ ਮਿਲ ਜਾਵੇ । ਦੁਨੀਆਂ ਦੇ ਕਿਸੇ ਸਿਕੰਦਰ ਦੇ ਘਰ ਜਨਮੀ ਔਲਾਦ ਨੇ ਅੱਜ ਤੱਕ ਸੌ ਸਾਲ ਦੀ ਉਮਰ ਪਰਾਪਤ ਨਹੀਂ ਕੀਤੀ ਹਾਂ ਗ਼ਰੀਬ ਲੋਕ ਬਥੇਰੇ ਦਿਖਾਈ ਦੇਣਗੇ ਜੋ ਸੈਂਕੜਾ ਮਾਰਕੇ ਵੀ ਤੰਦਰੁਸਤ ਬੈਠੇ ਹੋਣਗੇ ਭਲਾ ਕਿਉ? ਅਸਲ ਵਿੱਚ ਦੁਨੀਆਂ ਦੇ ਬਹੁਤੇ ਅਰਬਾਂਪਤੀਆਂ ਦੀ ਔਲਾਦ ਤਾਂ ਅਰਧ ਉਮਰੇ ਹੀ ਚਲੀ ਜਾਂਦੀ ਹੈ ਬਹੁਤਿਆਂ ਦੇ ਤਾਂ ਹੁੰਦੀ ਹੀ ਨਹੀਂ, ਜੇ ਹੁੰਦੀ ਵੀ ਹੈ ਤਦ ਉਹ ਮਾਪਿਆਂ ਦੇ ਦੁੱਖ ਵੰਡਾਉਣ ਲਈ ਨਹੀਂ ਸਗੋਂ ਐਸ਼ਪ੍ਰਸਤੀਆਂ ਵਿੱਚ ਮਸਤ ਹੀ ਕਿਧਰੇ ਮਰ ਮੁੱਕ ਜਾਂਦੀ ਹੈ । ਦੁਨੀਆਂ ਦੀ ਕੋਈ ਸਰਵ ਸੁੰਦਰੀ ਡਾਇਨਾਂ ਜਾਂ ਕੋਈ ਹੈਂਕੜਬਾਜ ਹਿਟਲਰ ,ਚੰਗੇਜ ਖਾਨ ,ਸਿਕੰਦਰਾਂ ਦੇ ਅਨੇਕਾਂ ਕਿੱਸੇ ਇਤਿਹਾਸ ਦੇ ਪੰਨਿਆਂ ਨੂੰ ਕਾਲੇ ਕਰਦਿਆਂ ਮੌਜੂਦ ਹਨ ।
ਸਿੱਧਾ ਸਾਦਾ ਹਿਸਾਬ ਹੈ, ਸੌ ਸਾਲ ਦੀ ਉਮਰ ਜਿਉਣ ਵਾਲਾ ਮਨੁੱਖ 36500 ਦਿਨ ਧਰਤੀ ਤੇ ਜਿਉਂਦਾ ਹੈ, ਜਿਸ ਵਿੱਚੋਂ ਬਚਪਨ ਦੇ 15 ਸਾਲ ਅਤੇ ਬੁਢਾਪੇ ਦੇ 25 ਸਾਲ ਉਹ ਸੌ ਗਰਾਮ ਤੋਂ ਜ਼ਿਆਦਾ ਨਹੀਂ ਖਾ ਸਕਦਾ ਤਰਲ ਪਦਾਰਥ ਜਿੰਨਾਂ ਮਰਜ਼ੀ ਪੀ ਲਵੇ ਜੋ ਪਾਣੀ ਤੋਂ ਲੈ ਕੇ ਜੂਸ ਜਾਂ ਸ਼ਰਾਬ ਤੱਕ ਕੁਝ ਵੀ ਹੋ ਸਕਦਾ ਹੈ । ਗ਼ਰੀਬ ਮਨੁੱਖ ਪਾਣੀ ਨਾਲ ਸਾਰ ਲੈਂਦਾ ਹੈ, ਅਮੀਰ ਮਨੁੱਖ ਸਰਾਬਾਂ ਪੀਕੇ ਉਮਰ ਵੀ ਘਟਾ ਲੈਂਦਾ ਹੈ । ਸਬਜ਼ੀਆਂ ਜਾਂ ਕੱਚੇ ਫਲ ਵੀ ਤਰਲ ਪਦਾਰਥ ਹੀ ਹੁੰਦੇ ਹਨ । ਸਿਰਫ ਅਨਾਜ ਹੀ ਠੋਸ ਰੂਪ ਹੁੰਦਾਂ ਹੈ, ਜਿਸਨੂੰ ਸਿਹਤ ਜਵਾਨ ਉਮਰ ਵਿੱਚ ਵੀ ਪੰਜ ਸੌ ਗਰਾਮ ਤੋਂ ਜ਼ਿਆਦਾ ਨਹੀਂ ਲੈ ਸਕਦੀ ।
ਔਸਤ ਰੂਪ ਵਿੱਚ ਜਵਾਨ ਮਨੁੱਖ ਸਿਰਫ 350 ਗਰਾਮ ਠੋਸ ਅਨਾਜ ਹੀ ਲੈ ਸਕਦਾ ਹੈ । ਸਮੁੱਚੀ ਉਮਰ ਦੇ ਵਿੱਚ ਜੇ ਇਹ ਔਸਤ ਰੂਪ ਵਿੱਚ ਮਾਪਣਾਂ ਹੋਵੇ ਤਦ ਇਹ 250 ਗਰਾਮ ਹੀ ਰਹਿ ਜਾਂਦਾ ,ਹੈ ਜਿਸਦਾ ਭਾਵ ਹੈ ਕਿ ਮਨੁੱਖ ਦੀ 25000 ਦਿਨਾਂ ਦੀ ਲੋੜ ਸਿਰਫ 65 ਕੁ ਕਵਿੰਟਲ ਅਨਾਜ ਹੀ ਰਹਿ ਜਾਂਦੀ ਹੈ । ਸੰਸਾਰ ਦੇ ਹਰ ਵਿਅਕਤੀ ਦੀ ਔਸਤ ਉਮਰ 67 ਸਾਲ ਹੀ ਮੰਨੀ ਜਾਂਦੀ ਹੈ ਜਦਕਿ ਭਾਰਤ ਵਿੱਚ ਔਸਤ ਉਮਰ 62 ਸਾਲ ਹੀ ਮੰਨੀ ਜਾਂਦੀ ਹੈ। ਪਰ ਜੇ ਮਨੁੱਖ ਸੌ ਸਾਲ ਜਾਂ 36000 ਦਿਨ ਵੀ ਰਹਿ ਜਾਵੇ ਇਸ ਸੰਸਾਰ ਵਿੱਚ ਤਦ ਵੀ ਸੌ ਕਵੰਟਲ ਤੋਂ ਜ਼ਿਆਦਾ ਅਨਾਜ ਨਹੀਂ ਖਾ ਸਕਦਾ। ਭਰਿਸ਼ਟ ਮਨੁੱਖ ਤਾਂ ਅਨਾਜ ਬਾਰੇ ਸੋਚਣ ਦੀ ਥਾਂ ਸੋਨਾ ਚਾਂਦੀ ਅਤੇ ਕਾਗਜ਼ ਹੀ ਸਾਰੀ ਉਮਰ ਇਕੱਠਾ ਕਰਦਾ ਰਹਿੰਦਾ ਹੈ, ਜੋ ਕਦੇ ਵੀ ਉਸਦੀ ਖੁਰਾਕ ਨਹੀਂ ਬਣ ਸਕੇ ਅਤੇ ਨਾ ਹੀ ਬਣਨਗੇ। ਇਕੱਲੇ ਮਨੁੱਖ ਤੋਂ ਬਿਨਾਂ ਸੰਸਾਰ ਦਾ ਕੋਈ ਜਾਨਵਰ ਇਹ ਚੀਜ਼ਾਂ ਇਕੱਠੀਆਂ ਨਹੀਂ ਕਰਦਾ, ਪਰ ਵਿਚਾਰਾ ਮਨੁੱਖ ਸਿਆਣਾ ਅਖਵਾਉਂਦਾ ਹੈ ਅਤੇ ਭਰਿਸ਼ਟ ਬੇਈਮਾਨ ਹੋ ਕੇ ਦੂਸਰਿਆਂ ਦੇ ਮੂੰਹ ਵਿੱਚੋਂ ਰੋਟੀ ਖੋਹਕੇ ਆਪਣੇ ਘਰ ਸੋਨੇ ਨਾਲ ਭਰਨ ਲੱਗਦਾ ਹੈ ਅਤੇ ਇੱਕ ਦਿਨ ਇਸ ਲੜਾਈ ਦੇ ਘਰ ਆਪਣੇ ਵਾਰਸਾਂ ਦੇ ਗਲ ਨਫਰਤਾਂ ਦਾ ਸੰਸਾਰ ਛੱਡ ਜਾਂਦਾ ਹੈ । ਦੁਨੀਆਂ ਦੇ ਪਾਗਲ ਬੁੱਧੀਜੀਵੀ ਲੋਕ ਇਸ ਤਰ੍ਹਾਂ ਦੇ ਅਗਿਆਨੀ ਲੋਕਾਂ ਨੂੰ ਦੁਨੀਆਂ ਦੇ ਪੱਥ ਪ੍ਰਦਰਸ਼ਕ ਸਾਬਤ ਕਰਦੇ ਰਹਿੰਦੇ ਹਨ ਜਦਕਿ ਦੁਨੀਆਂ ਦੇ ਰਾਹ ਦਸੇਰੇ ਆਮ ਕਿਰਤੀ ਲੋਕ ਹੁੰਦੇ ਹਨ, ਜੋ ਸਭ ਕੁਝ ਲੁਟਾਕੇ ਵੀ ਕਿਰਤ ਦਾ ਲੜ ਨਹੀਂ ਛੱਡਦੇ ਅਤੇ ਰੱਬ ਦੀ ਰਜਾਂ ਵਿੱਚ ਰਾਜ਼ੀ ਰਹਿੰਦੇ ਹਨ ।
ਦੁਨੀਆਂ ਦੇ ਭਰਿਸ਼ਟ ਬੇਈਮਾਨ ਲੋਕ ਆਪਣੀ ਲੁੱਟ ਦੀ ਕਮਾਈ ਨੂੰ ਲੁਕਾਉਣ ਦੇ ਫਿਕਰਾਂ ਵਿੱਚ ਆਪਣੀ ਜ਼ਿੰਦਗੀ ਦਾ ਸੁਆਦ ਗੁਆ ਬੈਠਦੇ ਹਨ ਅਤੇ ਉਮਰ ਵੀ ਘਟਾ ਲੈਂਦੇ ਹਨ। ਪੈਸੇ ਦੇ ਜੋਰ ਜ਼ਿੰਦਗੀ ਦਾ ਅਨੰਦ ਕਦੇ ਖੁਸ਼ੀ ਨਹੀਂ ਪੈਦਾ ਕਰਦਾ । ਪੈਸੇ ਦੇ ਜੋਰ ਤੇ ਸਿਹਤ ਦੀ ਤੰਦਰੁਸਤੀ ਜੋ ਖੁਸ਼ੀਆਂ ਵਾਲੀ ਹੋਵੇ ਕਦੇ ਪਰਾਪਤ ਨਹੀਂ ਹੁੰਦੀ। ਬਿਮਾਰ ਜ਼ਿੰਦਗੀ ਪੈਸੇ ਦੇ ਜੋਰ ਤੇ ਦਰਦਾਂ ਨਾਲ ਭਰੀ ਹੋਈ ਜ਼ਰੂਰ ਕੁਝ ਦਿਨ ਖਰੀਦੀ ਜਾ ਸਕਦੀ ਹੈ, ਜੋ ਹੋ ਸਕਦੈ ਵੈਟੀਲੇਟਰਾਂ ਦੇ ਸਹਾਰੇ ਹੀ ਨਰਕ ਵਰਗੀ ਹੋਵੇ , ਪਰ ਅੰਤ ਨੂੰ ਮੌਤ ਮੂਹਰੇ ਹਾਰਨਾਂ ਹੀ ਪੈਂਦਾ ਹੈ। ਆਮ ਕਿਰਤੀ ਲੋਕ ਜ਼ਿੰਦਗੀ ਦੇ ਸੁਆਦ ਨੂੰ ਕਦੇ ਵੀ ਨਹੀਂ ਗੁਆੳਂਦੇ ਹੁੰਦੇ ਕਿਉਂਕਿ ਪੈਸਾ ਕਮਾਉਣ ਦੀ ਥਾਂ ਉਹ ਸਮਾਂ ਖ਼ੁਸ਼ੀਆਂ ਲਈ ਜ਼ਰੂਰ ਕੱਢ ਹੀ ਲੈਂਦੇ ਹਨ।
ਆਮ ਬੰਦੇ ਦੇ ਹਾਸੇ ਦੂਰ ਤੱਕ ਸੁਣਾਈ ਦਿੰਦੇ ਹਨ, ਪਰ ਪੈਸੇ ਦੇ ਪੁੱਤਾਂ ਨੂੰ ਤਾਂ ਹੱਸਣ ਵੇਲੇ ਵੀ ਸਮਾਜਿਕ ਮੈਨਰਜ ਨਾਂ ਦਾ ਭੂਤ ਡਰਾ ਦਿੰਦਾ ਹੈ। ਅਮੀਰਾਂ ਨੂੰ ਤਾਂ ਹੱਸਣਾ ਵੀ ਨਸੀਬ ਨਹੀਂ ਹੁੰਦਾ, ਤਦ ਉਹ ਲੋਕ ਜ਼ਿੰਦਗੀ ਦੇ ਦੂਸਰੇ ਸੁਆਦ ਕਿੱਥੋਂ ਮਾਣ ਸਕਦੇ ਹਨ। ਦੁਨੀਆਂ ਦੇ ਅਮੀਰਾਂ ਦੀਆਂ ਦੌਲਤਾਂ ਦੇ ਭੰਡਾਰ ਜਮਾਂ ਕਰਨ ਲਈ ਕਿਰਤੀ ਲੋਕਾਂ ਨੂੰ ਨੰਗਾ ਤਨ ਅਤੇ ਪੈਰਾਂ ਨੂੰ ਜੁੱਤੀ ਵੀ ਨਸੀਬ ਨਹੀਂ ਹੁੰਦੀ । ਦੁਨੀਆਂ ਦੇ ਅਮੀਰ ਲੋਕ ਗ਼ਰੀਬ ਦੀ ਜੁੱਤੀ ਦੀ ਨੋਕ ਤੇ ਹੀ ਬਸੇਰਾ ਕਰਦੇ ਹਨ, ਪਰ ਗ਼ਰੀਬ ਦੀ ਜ਼ਿੰਦਗੀ ਖੁਦਾ ਦੇ ਸਿਰ ਤੇ ਬਿਰਾਜਮਾਨ ਹੁੰਦੀ ਹੈ। ਇਹ ਹੀ ਭਰਿਸ਼ਟ ਅਤੇ ਇਮਾਨਦਾਰ ਮਨੁੱਖ ਦੀ ਔਕਾਤ ਹੁੰਦੀ ਹੈ, ਜੋ ਉਹ ਕਦੇ ਵੀ ਨਹੀਂ ਦੇਖਦਾ ਹੁੰਦਾ। ਇਸ ਨਾ ਦੇਖਣ ਕਾਰਨ ਗ਼ਰੀਬ ਗ਼ਰੀਬੀ ਤੋਂ ਦੁੱਖੀ ਹੋ ਜਾਂਦਾ ਹੈ ਅਤੇ ਅਮੀਰ ਆਪਣੀ ਅਮੀਰੀ ਤੇ ਪਛਤਾਉਂਦਾ ਤੁਰ ਜਾਂਦਾ ਹੈ।
ਸੰਪਰਕ: +91 94177 27245