ਲੋਕੋ ਸੜਕ 'ਤੇ ਟ੍ਰੈਫ਼ਿਕ ਨਿਯਮਾਂ, ਕਾਨੂੰਨ ਦੇ ਪਾਬੰਦ ਰਹੋ –ਡਾ. ਅਮਰਜੀਤ ਟਾਂਡਾ
Posted on:- 20-01-2015
ਸੜਕਾਂ ਰਾਹ ਮਿਲਾਪ ਲਈ ਹੁੰਦੇ ਨੇ ਨਾ ਕਿ ਵਿਛੋੜੇ ਲਈ। ਕਿਸੇ ਦੀ ਉਡੀਕ ਲਿਖੀ ਹੁੰਦੀ ਹੈ ਸੜਕਾਂ ਤੇ। ਕੋਈ ਰਾਹ ਦੇਖ ਰਿਹਾ ਹੁੰਦਾ ਹੈ, ਕਿਸੇ ਦੇ ਆਉਣ ਦਾ। ਕਿੰਨੀ ਖੁਸ਼ੀ ਹੁੰਦੀ ਹੈ, ਜਦੋਂ ਕਿਸੇ ਨੇ ਆਉਣਾ ਹੋਵੇ ਤੇ ਕਿੰਨੇ ਜਹਾਨ ਰੁੜ੍ਹ ਜਾਂਦੇ ਹਨ, ਜਦੋਂ ਕੋਈ ਆਪਣਾ ਦੋਸਤ ਮਿੱਤਰ ਰਸਤੇ ਚ ਹੀ ਰਹਿ ਜਾਂਦਾ ਹੈ-ਕਦੇ ਸੋਚਿਓ। ਹਰ ਸਾਲ ਸੜਕ ਹਾਦਸਿਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਦੇਸ ਵਿੱਚ ਵਿੱਚ ਲਗਾਤਾਰ ਵਧ ਰਹੀ ਹੈ। ਜ਼ਿੰਦਗੀਆਂ ਅਣਆਈ ਮੌਤ ਜਾ ਰਹੀਆਂ ਹਨ। ਜੋ ਭਿਆਨਕ ਸੜਕ ਹਾਦਸਿਆਂ ਵਿੱਚ ਮਾਰੇ ਜਾਂਦੇ ਹਨ, ਉਹਨਾਂ ਦੇ ਪਿਛਲੇ ਸਾਰੀ ਉਮਰ ਇੱਕ ਗਹਿਰੀ ਲੰਬੀ ਚੀਸ ਸੀਨੇ ਚ ਪਾਲਦੇ ਹਨ। ਗੰਭੀਰ ਸੱਟਾਂ ਵਾਲੇ ਕਈ-ਕਈ ਮਹੀਨੇ ਹਸਪਤਾਲਾਂ ਵਿੱਚ ਤਕਲੀਫ਼ ਸਹਿ ਕੇ ਸਾਰੀ ਉਮਰ ਲਈ ਅਪਾਹਜ ਹੋ ਮੰਜੇ ਜੋਗੇ ਰਹਿ ਜਾਂਦੇ ਹਨ।
ਹਾਦਸਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ, ਪਰ
ਇਨ੍ਹਾਂ ਦੇ ਹੱਲ ਲੱਭਣ ਦੀ ਕੋਈ ਵੀ ਠੋਸ ਕੋਸ਼ਿਸ਼ ਨਹੀਂ ਕਰ ਰਿਹਾ। ਪੰਜਾਬ ਵਿੱਚ ਸੜਕ
ਹਾਦਸਿਆਂ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਸਾਲ 2012 ਅਤੇ 2013 ਵਿੱਚ ਪੰਜਾਬ 5253
ਅਤੇ 5426 ਸੜਕ ਹਾਦਸੇ ਹੋਏ ਜਿਨ੍ਹਾਂ ਵਿੱਚ 3320 ਅਤੇ 3357 ਲੋਕ ਮੌਤ ਦਾ ਸ਼ਿਕਾਰ ਹੋ
ਗਏ। ਇਕੱਲੇ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਵਿੱਚ ਸੜਕ ਹਾਦਸਿਆਂ ਕਾਰਨ ਮਰਨ
ਵਾਲਿਆਂ ਦੀ ਗਿਣਤੀ ਦੇ ਅੰਕੜੇ ਤੇਜ਼ੀ ਨਾਲ ਵਧ ਰਹੇ ਹਨ।
ਹਾਦਸੇ ਏਨੇ ਵਧ ਗਏ ਹਨ ਕਿ ਬਹੁਤੇ ਲੋਕ ਸੜਕਾਂ ਨੂੰ ਖੂਨੀ ਸੜਕਾਂ ਆਖਣ ਲੱਗ ਪਏ ਹਨ। ਇਸੇ ਹੀ ਤਰ੍ਹਾਂ ਕੁਝ ਮੋੜ ਤੇ ਚੌਰਾਹੇ ਖੂਨੀ ਅਖਵਾਉਣ ਲੱਗ ਪਏ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਟਿੱਪਣੀ ਤੋਂ ਬਾਅਦ ਸ਼ਾਇਦ ਟ੍ਰੈਫਿਕ ਸਬੰਧੀ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਗੰਭੀਰ ਹੋਣ ਅਤੇ ਇਸ ਤਰ੍ਹਾਂ ਕੁਝ ਜਾਨਾਂ ਬਚ ਜਾਣਗੀਆਂ।
ਬੰਦਾ ਕਰੇ ਵੀ ਕੀ-ਬਿਨਾਂ ਟੈਸਟ,ਯੋਗਤਾ ਤੋਂ ਡਰਾਈਵਿੰਗ ਲਾਇਸੈਂਸ ਘਰ ਬੈਠੇ ਜਾਰੀ ਹੋ ਰਹੇ ਹਨ, ਸੜਕਾਂ ਦੀ ਹਾਲਤ ਠੀਕ ਕਰਨ ਦੀ ਪ੍ਰਸ਼ਾਸਨ ਨੂੰ ਚਿੰਤਾ ਨਹੀਂ ਹੈ ਤੇ ਨਾ ਹੀ ਕੋਈ ਕਾਨੂੰਨ ਵਿਵਸਥਾ ਹੈ ਕਿ ਕੋਈ ਸੜਕ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ। ਸੜਕ ਹਾਦਸੇ ਟੁੱਟੀਆਂ ਸੜਕਾਂ ਕਾਰਨ ਤਾਂ ਵਾਪਰਦੇ ਹੀ ਹਨ, ਪਰ ਸਾਡੇ ਡਰਾਈਵਰਾਂ ਦੀ ਨਾਟਰੇਨਿੰਗ, ਲਾਪ੍ਰਵਾਹੀ, ਤੇਜ਼ ਰਫ਼ਤਾਰ, ਅਗਿਆਨਤਾ, ਨਸ਼ਿਆਂ ਤੇ ਸੜਕੀ ਨਿਯਮਾਂ ਦੀ ਉਲੰਘਣਾ ਦਾ ਕਾਰਨ ਵੀ ਮੁੱਖ ਹੈ। ਉਨੀਂਦਰਾ ਅਤੇ ਭੀੜ ਦੀ ਸਮੱਸਿਆ ਵੀ ਇਨ੍ਹਾਂ ਸੜਕ ਹਾਦਸਿਆਂ ਦੇ ਕਾਰਨ ਹਨ। ਸਰਕਾਰ ਤੇ ਪ੍ਰਸ਼ਾਸਨ ਨੂੰ ਵੀ ਇਸ ਲਈ ਮੁਆਫ਼ ਨਹੀਂ ਕੀਤਾ ਜਾ ਸਕਦਾ। ਸਰਕਾਰ ਨੇ ਸੜਕਾਂ 'ਤੇ ਸ਼ਰਾਬ ਦੇ ਠੇਕੇ ਤਾਂ ਖੋਲ੍ਹੇ ਹਨ ਪਰ ਸੜਕ ਦੀ ਹਾਲਤ ਦਾ ਕੋਈ ਖਿਆਲ ਨਹੀਂ ਹੈ। ਇਹ ਕੋਈ ਨਹੀਂ ਜਾਣਦਾ ਕਿ ਇਨ੍ਹਾਂ ਹਾਦਸਿਆਂ ਨੇ ਕਿੰਨੇ ਘਰਾਂ ਦੀ ਦਸ਼ਾ ਅਤੇ ਦਿਸ਼ਾ ਬਦਲ ਕੇ ਰੱਖ ਦਿੱਤੀ ਹੈ। ਇਨ੍ਹਾਂ ਸੜਕ ਹਾਦਸਿਆਂ ਦੇ ਮੁੱਖ ਦੋਸ਼ੀ ਡਰਾਈਵਰ, ਜਨਤਾ ਅਤੇ ਅਸੀਂ ਸਾਰੇ ਹਾਂ ਸਰਕਾਰ ਤੋਂ ਇਲਾਵਾ।
ਇਹਨਾਂ ਹੀ ਸੜਕ ਹਾਦਸਿਆਂ ਵਿੱਚ ਸਾਧਾਰਨ ਰਾਹਗੀਰਾਂ ਤੋਂ ਇਲਾਵਾ ਦੇਸ਼ ਦੇ ਸਾਬਕਾ ਰਾਸ਼ਟਰਪਤੀ, ਚੋਟੀ ਦੇ ਖਿਡਾਰੀ, ਕਲਾਕਾਰ, ਵਿਗਿਆਨੀ, ਡਾਕਟਰ ਕਈ ਕੈਬਨਿਟ ਮੰਤਰੀ, ਅਤੇ ਹੋਰ ਕਈ ਵੱਡੇ-ਵੱਡੇ ਅਧਿਕਾਰੀ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਕਈ ਤਾਂ ਵਿਚਾਰੇ ਪੂਰੇ ਪਰਿਵਾਰਾਂ ਸਮੇਤ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ।
ਵੱਡੇ ਅਤੇ ਭਿਆਨਕ ਹਾਦਸਿਆਂ ਪਿੱਛੋਂ ਅਸੀਂ ਵਿਦੇਸ਼ਾਂ ਵਿੱਚ ਅਜਿਹੇ ਹਾਦਸੇ ਨਾ ਹੋਣ ਦੀ ਤੇ ਉੱਥੋਂ ਦੇ ਵਧੀਆ ਟ੍ਰੈਫ਼ਿਕ ਸਿਸਟਮ ਦੀ ਤਾਰੀਫ਼ ਕਰਨ ਲੱਗ ਜਾਂਦੇ ਹਾਂ ਤੇ ਇੰਡੀਆ ਦੇ ਸਿਸਟਮ ਅਤੇ ਟ੍ਰੈਫ਼ਿਕ ਨਿਯਮਾਂ 'ਤੇ ਕਿੰਤੂ ਕਰਨ ਲੱਗ ਜਾਂਦੇ ਹਾਂ। ਤੁਸੀਂ ਕਦੇ ਇਹ ਵੀ ਸੋਚਿਆ ਕਰੋ ਕਿ ਅਸੀਂ ਲੋਕ ਨਿਯਮ, ਕਾਨੂੰਨ ਤੇ ਟ੍ਰੈਫ਼ਿਕ ਨਿਯਮਾਂ ਦੇ ਕਿੰਨੇ ਪਾਬੰਦ ਹਾਂ, ਇਹ ਕਿਤੇ ਆ ਕੇ ਦੇਖਣਾ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਕਿੰਝ ਡਰਾਈਵਿੰਗ ਲਾਇਸੈਂਸ ਲਿਆ ਸੀ ਤੇ ਹਾਂ ਇਹ ਮਿਲਣਾ ਵੀ ਏਦਾਂ ਹੀ ਚਾਹੀਦਾ। ਬਾਹਰਲੇ ਦੇਸਾਂ ਚ ਡਰਾਈਵਿੰਗ ਲਾਇਸੈਂਸ ਹਾਸਲ ਕਰਨ ਨਾਲੋਂ ਹਥਿਆਰ ਰੱਖਣ ਦਾ ਲਾਇਸੈਂਸ ਲੈਣਾ ਸੌਖਾ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਹਥਿਆਰ ਦੀ ਗ਼ਲਤ ਵਰਤੋਂ ਇੱਕ ਵਿਅਕਤੀ ਮਾਰ ਸਕਦੀ ਹੈ, ਪਰ ਇੱਕ ਅਸੁਰੱਖਿਅਤ ਅਣਟਰੇਂਡ ਡਰਾਈਵਰ ਹਰ ਵੇਲੇ ਕਿਸੇ ਨਾ ਕਿਸੇ ਦੀ ਜਾਨ ਲੈ ਸਕਦਾ ਹੈ।
ਲੋਕ ਧਾਰਮਿਕ ਸਥਾਨਾਂ ਦੀ ਯਾਤਰਾ 'ਤੇ ਸਾਮਾਨ ਢੋਣ ਵਾਲੇ ਵਾਹਨਾਂ ਵਿੱਚ ਸਵਾਰੀਆਂ ਭਰ ਕੇ ਲੈ ਕੇ ਜਾਂਦੇ ਹਨ। ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਕੇ ਤੇ ਖ਼ਤਰਿਆਂ ਭਰਿਆ ਕੰਮ ਕਰ ਕੇ ਕਈਆਂ ਨੇ ਤਾਂ ਵਾਹਨਾਂ ਵਿੱਚ ਡਬਲ ਛੱਤ ਬਣਾਈ ਹੁੰਦੀ ਹੈ, ਤੇ ਹਾਂ ਕਈ ਰਸਤੇ ਚ ਖ਼ਤਾ ਵੀ ਖਾ ਜਾਂਦੇ ਹਨ। ਤੂੜੀ, ਗੰਨੇ ਅਤੇ ਲੱਕੜਾਂ ਨਾਲ ਭਰੀਆਂ ਟਰਾਲੀਆਂ ਸੜਕਾਂ 'ਤੇ ਫਿਰਦੇ ਅਵਾਰਾ ਪਸ਼ੂ, ਤੇ ਇਨ੍ਹਾਂ ਉੱਤੇ ਅਕਸਰ ਰਿਫਲੈਕਟਰ ਵੀ ਨਹੀਂ ਲੱਗੇ ਹੁੰਦੇ ਜੋ ਅਕਸਰ ਹੀ ਹਾਦਸਿਆਂ ਦੇ ਕਾਰਨ ਬਣਦੇ ਹਨ। ਸੜਕ 'ਤੇ ਖੜ੍ਹੇ ਟ੍ਰੈਫ਼ਿਕ ਪੁਲੀਸ ਵਾਲਿਆਂ ਨੂੰ ਵੀ ਅਸੀਂ ਹੀ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਸੰਗੀਤ ਦਾ ਸ਼ੋਰ ਤੇ ਮੋਬਾਈਲ ਫ਼ੋਨ 'ਤੇ ਗੱਲਾਂ ਕਰਨ ਦੀ ਆਦਤ ਗੱਡੀਆਂ ਵਿੱਚ ਖ਼ਤਰਨਾਕ ਹੈ।ਫ਼ੋਨ ਦੀ ਅਚਾਨਕ ਵੱਜੀ ਘੰਟੀ ਇੱਕੋ ਵੇਲੇ ਦਿਲ, ਦਿਮਾਗ ਤੇ ਨਜ਼ਰ ਤਿੰਨਾਂ ਨੂੰ ਭਟਕਾ ਦਿੰਦੀ ਹੈ ਤੇ ਇੱਕ ਪਲ ਦੀ ਲਾਪ੍ਰਵਾਹੀ ਹੀ ਜਾਨ ਲੈ ਬਹਿੰਦੀ ਹੈ, ਅਸਟ੍ਰੇਲੀਆ ਵਿਚ ਫ਼ੋਨ ਸੁਣਨ ਦੀ ਮਨਾਹੀ ਹੈ ਤੇ ਨਾਲ ਵੱਡਾ ਜ਼ੁਰਮਾਨਾ ਵੀ ਹੈ। ਸਕੂਲਾਂ ਵਿੱਚ ਬੱਚਿਆਂ ਨੂੰ ਲੈ ਕੇ ਆਉਣ ਤੇ ਜਾਣ ਵਾਲੇ ਵਾਹਨਾਂ ਵਿੱਚ ਸਮਰੱਥਾ ਤੋਂ ਵੱਧ ਬੱਚੇ ਬਿਠਾਏ ਜਾਂਦੇ ਹਨ। ਇਨ੍ਹਾਂ ਨੂੰ ਲੈ ਕੇ ਆਉਣ ਵਾਲੇ ਬੱਚੇ 18 ਸਾਲ ਤੋਂ ਘੱਟ ਉਮਰ ਦੇ ਅਤੇ ਬਿਨਾਂ ਲਾਇਸੈਂਸ ਵਾਲੇ ਹੁੰਦੇ ਹਨ।
ਸਾਨੂੰ ਆਪਣੇ ਵਿੱਚ ਸੁਧਾਰ ਕਰਨ ਦੀ ਲੋੜ ਹੈ। ਸਫ਼ਰ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਗਏ ਹਨ ਪਰ ਅਸੀਂ ਸੜਕ 'ਤੇ ਚਲਦੇ ਪ੍ਰਵਾਹ ਨਹੀਂ ਕਰਦੇ। ਸਰਕਾਰ ਨੂੰ ਨਹਿਰਾਂ 'ਤੇ ਬਣੇ ਪੁਲਾਂ ਉੱਤੇ ਰੋਸ਼ਨੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤੇ ਪੁਲ ਸ਼ੁਰੂ ਹੋਣ ਤੋਂ ਪਹਿਲਾਂ ਸਪੀਡ ਬ੍ਰੇਕਰ ਬਣਾਉਣੇ ਚਾਹੀਦੇ ਹਨ। ਸਾਨੂੰ ਆਪਣੇ ਫ਼ਰਜ਼ ਗੰਭੀਰਤਾ ਨਾਲ ਨਿਭਾਉਣੇ ਚਾਹੀਦੇ ਹਨ ਤੇ ਸੜਕੀ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ।
ਸਰਕਾਰ ਦੇ 'ਸੜਕ ਸੁਰੱਖਿਆ ਅਭਿਆਨ'ਸੱਭ ਫ਼ੇਲ ਹਨ। ਇਹਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਨਿਯਮ ਤੋੜਨ ਵਾਲਿਆਂ ਦੇ ਚਲਾਨ ਕਰ ਕੇ ਜੁਰਮਾਨੇ ਕਰਨੇ ਚਾਹੀਦੇ ਹਨ ਤੇ ਵਾਰ-ਵਾਰ ਦੁਰਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਲਾਇਸੈਂਸ ਰੱਦ ਕਰਨੇ ਚਾਹੀਦੇ ਹਨ। ਸੜਕ ਸੁਰੱਖਿਆ ਦੇ ਵਿਸ਼ੇ ਨੂੰ ਸਕੂਲਾਂ ਵਿੱਚ ਲਾਜ਼ਮੀ ਕਰਨ ਦੀ ਜ਼ਰੂਰਤ ਹੈ।
ਹਰ ਗੱਲ 'ਚ ਲਾਪਰਵਾਹੀ ਵਰਤੀ ਜਾਂਦੀ ਹੈ ਡਰਾਈਵਿੰਗ ਲਾਇਸੰਸ ਬਣਾਉਣ ਤੋਂ ਲੈ ਕੇ ਛੋਟੇ-ਮੋਟੇ ਵਾਹਨਾਂ ਤੱਕ। ਕੋਈ ਪਰਵਾਹ ਨਹੀਂ ਕਰਦਾ ਕਿਸ ਥਾਂ 'ਤੇ ਕਿੰਨਾ ਤੇਜ਼ ਵਾਹਨ ਚਲਾਉਣਾ ਹੈ। ਟ੍ਰੈਫਿਕ ਪੁਲਿਸ ਦੇ ਸਮੁੱਚੇ ਵਿੰਗ ਦਾ ਨਿਕੰਮਾਪਨ ਸਾਬਤ ਹੁੰਦਾ ਹੈ। ਆਵਾਜਾਈ ਸਬੰਧੀ ਸਰਕਾਰਾਂ ਵੱਲੋਂ ਪੁਲਿਸ ਦੇ ਵੱਖਰੇ ਵਿੰਗ ਬਣਾਏ ਗਏ ਹਨ। ਇਹ ਵਿੰਗ ਕੀ ਕਰਦੇ ਹਨ? ਸੜਕਾਂ 'ਤੇ ਆਮ ਤੌਰ 'ਤੇ ਜਾਮ ਲੱਗੇ ਰਹਿੰਦੇ ਹਨ-ਹੈਰਾਨੀ ਦੀ ਗੱਲ ਹੈ। ਆਪੋਧਾਪੀ 'ਚ ਵੱਖ-ਵੱਖ ਤਰ੍ਹਾਂ ਦੇ ਵਾਹਨ ਜਿਧਰ ਰਾਹ ਮਿਲੇ, ਤੇਜ਼ੀ ਨਾਲ ਤੁਰੇ ਫਿਰਦੇ ਹਨ। ਚੌਕਾਂ-ਚੌਰਾਹਿਆਂ 'ਚ ਹਰੀਆਂ, ਲਾਲ ਤੇ ਪੀਲੀਆਂ ਲਾਈਟਾਂ ਲੱਗੀਆਂ ਹੋਈਆਂ ਹਨ ਪਰ ਉਨ੍ਹਾਂ ਦੀ ਪਰਵਾਹ ਕੋਈ ਵੀ ਨਹੀਂ ਕਰਦਾ? ਕਿਤੇ ਕੋਈ ਪੁਲਿਸ ਕਰਮੀ ਖੜ੍ਹਾ ਹੋਵੇ ਤਾਂ ਕੁਝ ਚੌਰਾਹਿਆਂ 'ਤੇ ਕੁਝ ਜ਼ਾਬਤਾ ਬਣਿਆ ਦਿਖਾਈ ਦਿੰਦਾ ਹੈ ਨਹੀਂ ਤਾਂ ਚਲੋ-ਚੱਲ ਦਿਖਾਈ ਦਿੰਦੀ ਹੈ।
ਆਪਣੇ ਫ਼ਰਜ਼ਾਂ ਦੀ ਪਾਲਣਾ ਪ੍ਰਤੀ ਸਰਕਾਰਾਂ ਤੇ ਪ੍ਰਸ਼ਾਸਨ ਗੰਭੀਰ ਨਹੀਂ ਹਨ। ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਨਾ ਕੀਤੇ ਜਾਣ ਕਾਰਨ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਨਿੱਤ ਵਾਪਰਦੇ ਵੱਡੇ ਦੁਖਾਂਤਾਂ ਤੋਂ ਬਚਣ ਲਈ ਸਰਕਾਰਾਂ ਨੂੰ ਹਰ ਹੀਲੇ ਆਪਣੇ ਫ਼ਰਜ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਸਮੁੱਚੇ ਰੂਪ 'ਚ ਸਮਾਜ 'ਚ ਇਕ ਮੋੜ, ਪਰੀਵਰਤਨ ਤੇ ਫ਼ਰਜ਼ ਲਿਆਵੇ।
ਹਾਈਟੈਕ ਸੇਫਟੀ ਫੀਚਰਜ਼ 'ਤੇ ਕੰਮ ਹੋ ਰਿਹਾ ਹੈ ਤਾਂ ਕਿ ਇਨ੍ਹਾਂ ਹਾਦਸਿਆਂ ਦੀ ਗਿਣਤੀ ਨੂੰ ਘੱਟ ਕੀਤਾ ਜਾ ਸਕੇ। ਖਾਸ ਡਿਵਾਈਸ ਲੱਗੀਆਂ ਕਾਰਾਂ ਅੱਗੇ ਅਤੇ ਪਿੱਛੇ ਚੱਲਣ ਵਾਲੇ ਵਾਹਨਾਂ ਦੀ ਸਪੀਡ ਜਾਂ ਬ੍ਰੈਕਿੰਗ ਦੀ ਜਾਣਕਾਰੀ ਦੇਣਗੀਆਂ। ਤਿੱਖੇ ਮੌੜਾਂ 'ਤੇ ਅੱਗੋਂ ਆ ਰਹੇ ਵਾਹਨ ਬਾਰੇ ਜਾਣਕਾਰੀ ਮਿਲੇਗੀ। ਪੈਦਲ ਜਾ ਰਹੇ ਵਿਅਕਤੀ 'ਤੇ ਨਜ਼ਰ ਅਤੇ ਸੰਭਾਵਿਤ ਟੱਕਰ ਦਾ ਅਲਰਟ ਦੇਣਗੀਆਂ। ਇਸ ਦਾ ਨਿਰੀਖਣ ਮਿਸ਼ੀਗਨ 'ਚ 3000 ਵਾਹਨਾਂ 'ਤੇ ਚੱਲ ਰਿਹਾ ਹੈ ਅਤੇ ਇਹ ਸਿਸਟਮ 2017 'ਚ ਲਾਗੂ ਹੋ ਸਕਦਾ ਹੈ। ਬਲੈਕ ਬਾਕਸ ਡਿਵਾਈਸ ਰਹੇਗੀ, ਜਿਸ ਨਾਲ ਸਪੀਡ, ਬ੍ਰੈਕਿੰਗ, ਟਕੱਰ ਦੀ ਸਪੀਡ ਦੀ ਜਾਣਕਾਰੀ ਦਰਜ ਹੋਵੇਗੀ। ਇਨ੍ਹਾਂ 'ਚ ਕਾਰਾਂ ਦੇ ਬਾਹਰ ਲੱਗਣ ਵਾਲੇ ਏਅਰ ਬੈਗਸ ਤੋਂ ਲੈ ਕੇ ਐਲਕੋਹਲ ਸੈਂਸਰ ਅਤੇ ਕਾਰ ਦੇ ਬਲੈਕ ਬਾਕਸ ਸ਼ਾਮਲ ਹਨ। ਇਹ ਨਵੇਂ ਸੇਫਟੀ ਫੀਚਰ ਅਗਲੇ 3 ਤੋਂ 5 ਸਾਲ ਦੇ ਅੰਦਰ ਹਕੀਕਤ ਬਣ ਜਾਣਗੇ। ਸਟੇਅਰਿੰਗ ਗਿਅਰ ਲੀਵਰ 'ਤੇ ਸੈਂਸਰ ਹੋਣਗੇ। ਹੱਥ ਦੇ ਪਸੀਨੇ ਨਾਲ ਅਲਕੋਹਲ ਲੈਵਲ ਪਤਾ ਚੱਲੇਗਾ। ਲਹਿਰਾਉਂਦੇ ਹੋਏ ਕਾਰ ਚਲਾਉਣ 'ਤੇ ਕਾਰ ਅਲਾਰਮ ਵਜਾਏਗੀ, ਜਿਸ ਨਾਲ ਸਪੀਡ ਆਪਣੇ ਆਪ ਘੱਟ ਹੋ ਜਾਵੇਗੀ। ਸਾਹਮਣੇ ਤੋਂ ਨਜ਼ਰ ਹਟਣ ਅਤੇ ਅੱਖ ਲੱਗਣ 'ਤੇ ਵੀ ਅਲਾਰਮ ਵੱਜੇਗਾ। ਡਰਾਈਵਿੰਗ ਸੀਟ ਦੇ ਸਾਹਮਣੇ ਆਈ ਸੈਂਸਰ ਲਗਣਗੇ, ਜੋ ਅੱਖਾਂ ਦੀ ਮੂਵਮੈਂਟ 'ਤੇ ਨਜ਼ਰ ਰੱਖਣਗੇ।
ਕਾਰਾਂ 'ਚ ਸਫੇਦ ਲਾਈਟ ਮਿਲੇਗੀ, ਜਿਸ ਨਾਲ 600 ਮੀਟਰ ਤਕ ਸਾਫ ਦੇਖਿਆ ਜਾ ਸਕੇਗਾ, ਜੋ ਲੇਜ਼ਰ ਬੀਮ ਸੈਂਸਰ ਨਾਲ ਮਿਲ ਕੇ ਅੱਗੇ ਦੀ ਜਾਣਕਾਰੀ ਵੀ ਦੇਵੇਗੀ। ਤੇਜ਼ ਰੌਸ਼ਨੀ ਤੋਂ ਸਾਹਮਣੇ ਤੋਂ ਆਉਣ ਵਾਲੇ ਕਾਰ ਡਰਾਈਵਰ ਨੂੰ ਪ੍ਰੇਸ਼ਾਨੀ ਨਹੀਂ ਹੋਵੇਗੀ। ਪਰ ਹੋ ਸਕਦਾ ਹੈ ਕਿ ਸਾਡੇ ਭਾਰਤ ਮਹਾਨ ਚ ਇਹ ਵੀ ਸਭ ਕੁਝ ਫ਼ੇਲ ਹੋ ਜਾਵੇ, ਕਿਉਂਕਿ ਅਸੀਂ ਛੇਤੀ ਕੀਤੇ ਕੁਝ ਮੰਨਣ ਵਾਲੇ ਨਹੀਂ ਹਾਂ, ਨੁਕਸਾਨ ਜਿੰਨਾ ਮਰਜ਼ੀ ਹੋ ਜਾਵੇ।
ਦੋਸਤੋ ਇੱਕ ਨਿੱਕੀ ਜੇਹੀ ਸਲਾਹ ਹੈ ਕਿ ਸਾਨੂੰ ਸੜਕ ਤੇ ਚੜ੍ਹਣ ਵੇਲੇ ਤੇ ਕਾਰ ਗੱਡੀ ਡਰਾਈਵ ਕਰਨ ਵੇਲੇ ਸੌ ਵਾਰ ਸੋਚਣਾ ਚਾਹੀਦਾ ਹੈ। ਸਾਨੂੰ ਤੇ ਹੋਰਨਾਂ ਨੂੰ ਵੀ ਕਿਤੇ ਕੋਈ ਮਾਂ ਭੈਣ ਬੱਚੇ ਤੇ ਚੂੜੇ ਵਾਲੀ ਉਡੀਕ ਰਹੀ ਹੈ। ਨਿੱਤ ਸੇਫ਼ ਗੱਡੀ ਚਲਾਇਆ ਕਰੋ, ਜੇ ਨੀਂਦ ਆਉਂਦੀ ਹੋਵੇ ਤਾਂ ਸੌਂ ਜਾਣਾ ਤੇ ਲੇਟ ਜਾਣਾ ਜ਼ਿਆਦਾ ਜ਼ਰੂਰੀ ਹੈ। ਇੰਝ ਕਦੇ ਵਿਛੋੜੇ ਨਹੀਂ ਹੋਣਗੇ, ਮਿਲਾਪ ਤੇ ਖੇੜ੍ਹੇ ਉਡੀਕਾਂ ਨੂੰ ਉਲੰਘਦੇ ਦਰਾਂ ਘਰਾਂ 'ਚ ਨੱਚਣਗੇ, ਇਹ ਸੱਭ ਸਾਡੇ ਹੀ ਹੱਥ 'ਚ ਹੈ।