53 ਵਾਂ ਕੌਮੀ ਟੂਰਨਾਮੈਂਟ 1 ਤੋਂ 7 ਫਰਵਰੀ ਤਕ
ਪ੍ਰਿੰ. ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਪਿਛਲੇ ਬਵੰਜਾਂ ਸਾਲਾਂ ਤੋਂ ਫੁਟਬਾਲ ਨੂੰ ਅਰਪਿਤ ਹੋ ਕੇ ਕਾਰਜ ਕਰ ਰਿਹਾ ਹੈ।ਸ਼ਾਇਦ ਇਹ ਪੰਜਾਬ ਦਾ ਸਭ ਤੋਂ ਪੁਰਾਣਾ ਫੁਟਬਾਲ ਕਲੱਬ ਹੈ ਜੋ ਹਰ ਸਾਲ ਸਲਾਨਾ ਟੂਰਨਾਮੈਂਟ ਤੋਂ ਇਲਾਵਾ ਲਗਭਗ ਸਾਰਾ ਸਾਲ ਫੁਟਬਾਲ ਗਤੀਵਿਧੀਆਂ ਵਿਚ ਜੁਟਿਆ ਰਹਿੰਦਾ ਹੈ।ਇਸ ਵਾਸਤੇ ਇਸਦੇ ਚੇਅਰਮੈਨ ਰਿਟਾਇਰਡ ਇੰਜਨੀਅਰ ਇੰਨ ਚੀਫ ਸ.ਹਰਬੰਸ ਸਿੰਘ ਬੈਂਸ, ਪ੍ਰਧਾਨ ਸ.ਕੁਲਵੰਤ ਸਿੰਘ ਸੰਘਾ ਅਤੇ ਬਾਕੀ ਮੈਂਬਰ ਵਧਾਈ ਦੇ ਪਾਤਰ ਹਨ ਜੋ ਦਿਨ ਰਾਤ ਇਹਨਾ ਕਾਰਜਾਂ ਨੂੰ ਸਫਲ ਬਨਾਉਣ ਵਿਚ ਜੁਟੇ ਹੋਏ ਹਨ।ਫੁਟਬਾਲ ਅਤੇ ਮਾਹਿਲਪੁਰ ਨੂੰ ਅਲੱਗ ਕਰਕੇ ਪੜ੍ਹਨਾ ਅਸੰਭਵ ਹੈ।ਪੂਰੀ ਦੁਨੀਆਂ ਵਿਚ ਮਾਹਿਲਪੁਰ ਨੂੰ ਫੁਟਬਾਲ ਦੀ ਧਰਤੀ ਵਜੋਂ ਹੀ ਜਾਣਿਆ ਜਾਂਦਾ ਹੈ।ਉੱਨੀਵੀਂ ਸਦੀ ਦੇ ਆਖਰੀ ਦਹਾਕੇ ਵਿਚ ਇਸਦੀ ਚਰਚਾ ਸ਼ੋਂਕੀ ਮੇਲੇ ਕਰਕੇ ਪੂਰੀ ਦੁਨੀਆਂ ਵਿਚ ਹੋਣ ਲੱਗ ਪਈ ਸੀ।ਅਜਕਲ ਇਥੋਂ ਛਪਦੇ ਬਾਲ ਰਸਾਲੇ ‘ਨਿੱਕੀਆਂ ਕਰੂੰਬਲਾਂ’ ਕਰਕੇ ਵੀ ਮਾਹਿਲਪੁਰ ਦਾ ਨਾਂ ਬੜੇ ਅਦਬ ਨਾਲ ਲਿਆ ਜਾਂਦਾ ਹੈ ਕਿਉਂਕਿ ਪੂਰੇ ਪੰਜਾਬ ਵਿਚੋਂ ਬਾਲਾਂ ਲਈ ਛਪਣ ਵਾਲਾ ਨਿਜੀ ਖੇਤਰ ਦਾ ਇਹ ਇਕੋ ਇਕ ਰਸਾਲਾ ਹੈ।ਖਾਲਸਾ ਕਾਲਜ ਮਾਹਿਲਪੁਰ ਦੀਆਂ ਤਾਂ ਬਾਤਾਂ ਹੀ ਕਿਆਂ ਨੇ।ਇੱਥੋਂ ਦੀ ਪੈਦਾਇਸ਼ ਨੇ ਕੁਲ ਦੁਨੀਆਂ ਵਿਚ ਸ਼ਾਨਦਾਰ ਰੁਤਬੇ ਹਾਸਿਲ ਕਰਕੇ ਇਸ ਸੰਸਥਾ ਦੇ ਮਾਣ ਵਿਚ ਵਾਧਾ ਕੀਤਾ ਹੈ। ਪ੍ਰਿੰਸੀਪਲ ਹਰਭਜਨ ਸਿੰਘ ਜੀ ਆਪਣੇ ਸਾਥੀ ਲਾਭ ਸਿੰਘ ਨਾਲ ਲਾਹੌਰ ਕਾਲਜ ਵਿਚ ਫੁਟਬਾਲ ਖੇਡਿਆ ਕਰਦੇ ਸਨ।ਇਸੇ ਪਿਆਰ ਅਤੇ ਲਗਨ ਨਾਲ ਉਹਨਾਂ ਨੇ ਇਹ ਬੂਟਾ ਮਾਹਿਲਪੁਰ ਵਿਚ ਲਾ ਦਿੱਤਾ।ਖਾਲਸਾ ਕਾਲਜ ਮਾਹਿਲਪੁਰ ਦੀ ਸਥਾਪਨਾ ਕਰਕੇ ਪ੍ਰਿ.ਹਰਭਜਨ ਸਿੰਘ ਜੀ ਲਈ ਸਿੱਖਿਆ ਅਤੇ ਖੇਡਾਂ ਲਈ ਕਾਰਜ ਕਰਨ ਲਈ ਖੇਤਰ ਬਹੁਤ ਵਿਸ਼ਾਲ ਹੋ ਗਿਆ।ਉਹਨਾ ਆਪਣਾ ਸਾਰਾ ਜੀਵਨ ਇਸ ਕਾਲਜ ਦੀ ਬਿਹਤਰੀ ਦੇ ਲੇਖੇ ਲਾ ਕੇ ਲੋਕਾਂ ਦੇ ਦਿਲਾਂ ਵਿਚ ਸਨਮਾਨਯੋਗ ਥਾਂ ਬਣਾ ਲਿਆ।ਉਹ ਸੱਚ ਮੁੱਚ ਹੀ ਇਕ ਕਰਮਯੋਗੀ ਸਨ।16 ਅਗਸਤ 1962 ਨੂੰ ਉਹਨਾਂ ਦੇ ਸਵਰਗ ਸਿਧਾਰਨ ਬਾਅਦ ਉਹਨਾਂ ਦੇ ਸ਼ਗਿਰਦਾਂ ਅਤੇ ਉਪਾਸ਼ਕਾਂ ਨੇ ਉਹਨਾਂ ਦੀ ਯਾਦ ਨੂੰ ਸਦੀਵੀ ਬਨਾਉਣ ਲਈ ਪ੍ਰਿੰ. ਹਰਭਜਨ ਸਿੰਘ ਯਾਦਗਾਰੀ ਸਪੋਰਟਿੰਗ ਕਲੱਬ ਦੀ ਸਥਾਪਨਾ ਕੀਤੀ।ਜੋ ਹਰ ਸਾਲ ਉਹਨਾਂ ਦੀ ਯਾਦ ਵਿਚ ਸਲਾਨਾ ਫੁਟਬਾਲ ਟੂਰਨਾਮੈਂਟ ਵੀ ਕਰਵਾਉਂਦਾ ਰਿਹਾ।