ਮਿਥਿਹਾਸ, ਵਿਗਿਆਨ ਅਤੇ ਸਾਡਾ ਸਮਾਜ
Posted on:- 19-11-2014
-ਵਿਕਰਮ ਸੋਨੀ
-ਰੋਮਿਲਾ ਥਾਪਰ
ਕਈ ਲੋਕ ਇਹ ਵਿਸ਼ਵਾਸ ਰੱਖਦੇ ਹਨ ਕਿ ਜੋ ਇਹ ਆਧੁਨਿਕ ਸਮੇਂ ਦੀਆਂ ਖੋਜਾਂ ਹਨ, ਇਨ੍ਹਾਂ ਨੂੰ ਪੁਰਾਤਨ ਸਮੇਂ ਦੇ ਭਾਰਤੀ ਪਹਿਲੇ ਹੀ ਜਾਣਦੇ ਸਨ। ਜੇਕਰ ਇਸ ਦੇ ਹੱਕ ਵਿੱਚ ਵਿਗਿਆਨਕ ਸਬੂਤ ਨਹੀਂ ਹਨ ਤਾਂ ਹੋ ਸਕਦਾ ਹੈ ਕਿ ਇਸ ਲਈ ਹੋਵੇ ਕਿ ਸ਼ਾਇਦ ਪੰਜ ਹਜ਼ਾਰ ਸਾਲ ਪਹਿਲਾਂ ਦੇ ਗਿਆਨ ਨੂੰ ਸਾਂਭਿਆ ਨਹੀਂ ਗਿਆ ਜਾਂ ਕਿ ਅਸੀਂ ਅਜਿਹੇ ਕਿਸੇ ਗਿਆਨ ਦੀ ਹੋਂਦ ਨੂੰ ਸਿਰੇ ਤੋਂ ਹੀ ਖਾਰਿਜ਼ ਨਹੀਂ ਕਰ ਸਕਦੇ। ਇਸ ਕਰਕੇ ਅਸੀਂ ਸੋਚਿਆ ਹੈ ਕਿ ਇਸ ਵਿਚਾਰ ਦੀ ਸਮੀਖਿਆ ਕਰਨੀ ਸ਼ਾਇਦ ਲਾਹੇਵੰਦ ਰਹੇਗੀ। ਮਿਥਿਹਾਸ ਜਾਦੂਈ ਯਥਾਰਥਵਾਦ ਹੈ ਕਿਉਂਕਿ ਇਸ ਦੇ ਤਾਣੇ ਬਾਣੇ ’ਚ ਸੱਚ ਘੱਟ ਤੇ ਜਾਦੂ ਜ਼ਿਆਦਾ ਹੁੰਦਾ ਹੈ, ਜੋ ਆਲੌਕਿਕ ਪਦਾਰਥਾਂ ਤੇ ਸ਼ਕਤੀਆਂ ਦੀਆਂ ਦੰਤ ਕਥਾਵਾਂ ਦੇ ਧਾਗਿਆਂ ਨਾਲ ਬੁਣਿਆ ਹੁੰਦਾ ਹੈ। ਮਿੱਥ ਮਨੁੱਖ ਦੇ ਸੁਭਾਅ ਦੇ ਆਖੀਰ ਨੂੰ ਅਤੇ ਉਸ ਦੀ ਦੁਬਿਧਾ, ਮਨੋਭਾਵਾਂ ਤੇ ਵਿਰੋਧਾਭਾਸ ਦੀ ਤਸਵੀਰ ਪੇਸ਼ ਕਰਦੀ ਹੈ। ਕਹਾਣੀ ਵਿੱਚੋਂ ਕਲਪਨਾ ਨੂੰ ਬਾਹਰ ਕੱਢ ਦਿਓ ਤਾਂ ਇਹ ਇਕ ਨੀਰਸ, ਅਕਾਊ ਧਰਮ ਉਪਦੇਸ਼ ਬਣ ਕੇ ਰਹਿ ਜਾਵੇਗਾ।
ਹੁਣ ਕਲਪਨਾ ਨੂੰ ਲਵੋ, ਇਸ ਦਾ ਕੋਈ ਅੰਤ ਨਹੀਂ : ਅਸੀਂ ਹਵਾਈ ਜਹਾਜ਼ਾਂ,
ਰਾਕਟਾਂ ਵਿੱਚ ਉਡਾਰੀਆਂ ਮਾਰਦੇ ਹਾਂ, ਬਹੁ-ਸਿਰੇ, ਅਣਗਿਣਤ ਬਾਹਾਂ ਵਾਲੇ ਮਰਦਾਂ, ਔਰਤਾਂ
ਦੇ ਦਰਸ਼ਨ ਕਰਦੇ ਹਾਂ, ਸਵਰਗਾਂ ਪਾਤਾਲਾਂ ਦੀ ਯਾਤਰਾ ਕਰਦੇ ਹਾਂ, ਇਸ ਸਭ ਦੀ ਰਚਨਾ
ਮਿਥਿਹਾਸਕ ਭੂਤਕਾਲ ਵਿੱਚ ਮਨੁੱਖੀ ਮਨ ਦੀ ਕਲਪਨਾ ਨੇ ਕੀਤੀ ਸੀ।
ਇਸ ਸਬੰਧ ਵਿਚ ਸਾਡਾ ਸਮਾਜ ਦੂਸਰੇ ਪੁਰਾਤਨ ਸਭਿਆਚਾਰ ਵਾਲੇ ਸਮਾਜਾਂ ਤੋਂ ਵੱਖਰਾ ਨਹੀਂ ਹੈ। ਕੀ ਅਸੀਂ ਇਸ ਆਧਾਰ ਤੇ ਦਾਅਵਾ ਕਰ ਸਕਦੇ ਹਾਂ ਕਿ ਅਧੁਨਿਕ ਯੁੱਗ ਦੀਆਂ ਖੋਜ਼ਾਂ ਪੁਰਾਤਨ ਕਾਲ ਵਿਚ ਵੀ ਉਪਲੱਬਧ ਸਨ। ਇਹ ਵਿਚਾਰ ਸਾਨੂੰ ਕਲਪਨਾ ਦੇ ਇਕ ਹੋਰ ਧਰਾਤਲ ’ਤੇ ਲੈ ਜਾਂਦਾ ਹੈ-ਕਿ ਸਾਰੀਆਂ ਕਲਪਿਤ ਵਸਤਾਂ ਅਸਲ ਵਿੱਚ ਭੂਤਕਾਲ ਦੀਆਂ ਪਦਾਰਥਕ ਖੋਜ਼ਾਂ ਵਿੱਚ ਮੌਜੂਦ ਸਨ ਅਤੇ ਜਦੋਂ ਲੋਕ ਮਿੱਥ ਵਿੱਚ ਵਿਸ਼ਵਾਸ ਕਰਨ ਲੱਗ ਜਾਂਦੇ ਹਨ ਤਾਂ ਮਿਥਿਹਾਸ ਧਰਮ ਨਾਲ ਰਲਗੱਡ ਹੋ ਜਾਂਦਾ ਹੈ।
ਨਿਰਸੰਦੇਹ, ਕਲਪਨਾ ਇਕ ਸ਼ਕਤੀਸ਼ਾਲੀ ਰਚਨਾਤਮਕ ਸ਼ਕਤੀ ਸੀ ਅਤੇ ਹੈ ਵੀ। ਕਈ ਮਿੱਥਾਂ ਹਨ ਜੋ ਅੱਜ ਵੀ ਸਾਡੀ ਵਰਤਮਾਨ ਕਾਲਪਨਿਕ ਉਡਾਰੀ ਨੂੰ ਬਲ ਬਖਸ਼ਦੀਆਂ ਹਨ। ਜ਼ੂਲਜ਼ ਵਰਨ ਜਾਂ ਆਰਥਰ ਸੀ ਕਲਾਰਕ ਨੂੰ ਪੜ੍ਹਦੇ ਹਾਂ ਤਾਂ ਅਸੀਂ ਪੁਲਾੜ ਦੇ ਅਲੌਕਿਕ ਸੰਸਾਰ ਵਿੱਚ ਚਲੇ ਜਾਂਦੇ ਹਾਂ ਭਾਵੇਂ ਪੁਲਾੜ ਵੀ ਇਕ ਨਹੀਂ ਬਹੁਤ ਹਨ। ਜੇ ਜਾਰਜ ਆਰਵਲ ਦੇ ਨਾਵਲ 1984 ਵਿੱਚ ਜਾਂਦੇ ਹਾਂ ਤਾਂ ਦੇਖਦੇ ਹਾਂ ਕਿ ਕੰਪਿਊਟਰ ਵਰਗੇ ਰੋਬੋ, ਮਸ਼ੀਨੀ ਮਨੁੱਖ ਸਾਡੇ ਤੇ ਹਕੂਮਤ ਕਰ ਰਹੇ ਹਨ। ਅਜਿਹੀ ਕਲਪਨਾ ਬਹੁਤੀ ਵਾਰ ਭਵਿੱਖਬਾਣੀ ਹੀ ਹੁੰਦੀ ਹੈ। ਪਰ ਇਥੇ ਇਕ ਠੋਸ ਅੰਤਰ ਹੈ।
ਅਜਿਹੀ ਕਲਪਨਾ ਕਈ ਵਾਰ ਵਾਸਤਵਿਕਤਾ ਨਾਲ ਜੁੜੀ ਹੁੰਦੀ ਹੈ ਜੋ ਭਵਿੱਖ ਬਾਰੇ ਭਵਿੱਖਬਾਣੀ ਕਰਦੀ ਹੈ। ਜਦ ਕਿ ਅੱਜ ਭਾਰਤ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਲਪਨਾ ਭੂਤਕਾਲ ਦੀ ਅਸਲੀਅਤ ਹੈ। ਸੋ, ਇਸ ਨੂੰ ਕਿਹੜੇ ਸਮੇਂ ਵਿੱਚ ਰਖਿਆ ਜਾਵੇ ਅਤੀਤ ’ਚ ਜਾਂ ਭਵਿੱਖ ਵਿੱਚ। ਮਿਥਿਹਾਸ ਨੂੰ ਮਿਥਿਹਾਸ ਸਮਝ ਕੇ ਹੀ ਪੜਿਆ ਜਾਣਾ ਚਾਹੀਦਾ ਹੈ, ਇਕ ਅਮੀਰ ਪਰ ਵੱਖਰੀ ਪਹਿਚਾਣ ਸਮੇਤ। ਪੁਰਾਣੇ ਮਿੱਥ ਰਚੇਤਾ ਭਾਵੇਂ ਉਹ ਯੂਨਾਨੀ, ਮਿਸਰੀ, ਭਾਰਤੀ, ਚੀਨੀ ਜਾਂ ਹੋਰ ਸਨ, ਉਹ ਮਿੱਥ ਨੂੰ ਦੇਵਤਿਆਂ ਨਾਲ, ਅਲੌਕਿਕ ਸ਼ਕਤੀਆਂ ਨਾਲ ਜੋੜ ਕੇ ਦੇਖਦੇ ਸਨ। ਇਸ ਲਈ ਸਿਆਣਪ ਇਹੀ ਹੈ ਕਿ ਇਸ ਨੂੰ ਵਿਗਿਆਨ ਜਾਂ ਇਤਿਹਾਸ ਨਾਲ ਨਾ ਜੋੜਿਆ ਜਾਵੇ। ਮਿੱਥਾਂ ਪੁਰਾਤਨ ਕਹਾਣੀਆਂ ਹਨ, ਜੋ ਵਾਪਰਿਆ ਸਮਝਿਆ ਜਾਂਦਾ ਹੈ, ਉਹ ਇਤਿਹਾਸ ਹੈ ਅਤੇ ਵਿਗਿਆਨ ਇਤਿਹਾਸ ਦਾ ਇਕ ਹਿੱਸਾ ਹੈ। ਇਤਿਹਾਸ ਦੀ ਥਾਂ ਮਿਥਿਹਾਸ ਨੂੰ ਦੇ ਦੇਣੀ ਦਰੁੱਸਤ ਨਹੀਂ ਹੈ ਸਗੋਂ ਇਸ ਨੂੰ ਕਲਪਨਾ ਦੀ ਉਡਾਰੀ ਕਿਹਾ ਜਾਵੇਗਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਹਾਲ ਹੀ ਵਿੱਚ ਬੋਲੇ ਗਏ ਪ੍ਰਵਚਨ ਇਹੀ ਦਰਸਾਉਂਦੇ ਹਨ। ਇਨ੍ਹਾਂ ਵਿੱਚ ਉਸ ਨੇ ਪੁਰਾਤਨ ਮਿਥਿਹਾਸ ਨੂੰ ਵਰਤਮਾਨ ਵਿਗਿਆਨ ਦੇ ਬਰਾਬਰ ਖੜ੍ਹਾ ਕਰ ਦਿੱਤਾ ਹੈ। ਦਾਅਵਾ ਕੀਤਾ ਹੈ ਕਿ ਵਿਗਿਆਨ ਦੀਆਂ ਅਜੋਕੀਆਂ ਖੋਜਾਂ ਅਸਲ ਵਿੱਚ ਸਾਡੇ ਪੂਰਵਜ਼ਾਂ ਨੇ ਪੁਰਾਤਨ ਅਤੀਤ ’ਚ ਪਹਿਲਾਂ ਹੀ ਲੱਭੀਆਂ ਹੋਈਆਂ ਸਨ।
ਵਿਗਿਆਨ, ਸੂਚਨਾ ਅਤੇ ਇਕੱਤਰ ਕੀਤੇ ਗਿਆਨ ’ਤੇ ਅਧਾਰਿਤ ਹੁੰਦਾ ਹੈ। ਸੂਚਨਾ ਅਤੇ ਗਿਆਨ ਦਾ ਵਿਧੀਪੂਰਨ ਅਤੇ ਤਰਕਪੂਰਨ ਢੰਗ ਨਾਲ ਅਧਿਐਨ ਕਰਨਾ ਹੁੰਦਾ ਹੈ। ਸਬੂਤ ਦੀ ਭਰੋਸੇਯੋਗਤਾ ਦੀ ਬੜੀ ਸਖ਼ਤੀ ਨਾਲ ਪਰਖ ਕਰਨੀ ਹੁੰਦੀ ਤਾਂ ਹੀ ਇਸ ਨੂੰ ਪੱਕਾ ਪਰਮਾਣ ਸਮਝਿਆ ਜਾ ਸਕਦਾ ਹੈ।
ਜਾਹਿਰ ਹੈ ਇਹ ਜਾਂਚ ਪ੍ਰਕਿਰਿਆ ਕਲਪਨਾ ’ਤੇ ਲਾਗੂ ਨਹੀਂ ਹੁੰਦੀ। ਵਿਗਿਆਨਕ ਖੋਜਾਂ ਕਲਪਨਾ ਦੀ ਉਡਾਰੀ ਨਾਲ ਹਾਸਲ ਨਹੀਂ ਹੁੰਦੀਆਂ। ਬੜੇ ਲੰਬੇ ਵਕਤ ਦੀ ਮਿਹਨਤ ਚਾਹੀਦੀ ਹੈ, ਬਹੁਤ ਪ੍ਰਯੋਗ ਕਰਨੇ ਪੈਂਦੇ ਹਨ, ਅਸਫ਼ਲਤਾਵਾਂ ਤੇ ਨਮੋਸ਼ੀਆਂ ਦੇ ਦੌਰ ਵਿੱਚੋਂ ਲੰਘ ਕੇ ਕਿਤੇ ਹਵਾਈ ਜਹਾਜ਼ ਵਰਗਾ ਯੰਤਰ ਹੋਂਦ ਵਿੱਚ ਆਉਂਦਾ ਹੈ। ਅਤੀਤ ਦੀਆਂ ਖੋਜਾਂ ਬਾਰੇ ਕੋਈ ਲ਼ਿਖਤੀ ਜਾਂ ਠੋਸ ਸਬੂਤ ਨਹੀਂ ਮਿਲਦਾ। ਇਹ ਸੱਚ ਹੈ ਕਿ ਵਿਗਿਆਨ ਤੇ ਟੈਕਨਾਲੋਜੀ ਨੇ ਮਿਥਿਹਾਸ ਦੀ ਰਚਨਾਤਮਿਕ ਕਲਪਨਾ ਤੋਂ ਕਾਫ਼ੀ ਕੁਝ ਹਾਸਲ ਕੀਤਾ ਹੈ। ਪਰ ਉਹ ਸਿਰਫ਼ ਕਲਪਨਾ ’ਤੇ ਅਧਾਰਿਤ ਨਹੀਂ ਹਨ ਨਹੀਂ ਤਾਂ ਉਹ ਸੁਪਨੇ ਹੀ ਹੁੰਦੇ ਅਸਲੀਅਤ ਨਾ ਹੁੰਦੀ। ਸਮਕਾਲੀ ਮਾਹੌਲ ਵਿੱਚ ਇਹ ਪ੍ਰਚਾਰ, ਜੋ ਹੁਣ ਸਰਕਾਰ ਵੀ ਕਰਨ ਲੱਗ ਪਈ ਹੈ, ਸਾਨੂੰ ਜਾਰਜ਼ ਬੁਸ਼ ਅਤੇ ਉਸ ਵਰਗੇ ਅਮਰੀਕਨਾਂ ਤੋਂ ਵੀ ਅੱਗੇ ਲੈ ਜਾਂਦਾ ਹੈ ਜੋ ਐਵੋਲੂਸ਼ਨ ਦੇ ਸਿਧਾਂਤ ਨੂੰ ਨਾਮਨਜ਼ੂਰ ਕਰਦੇ ਹਨ ਅਤੇ ਇਸ ਦੀ ਥਾਂ ‘ਬਹੁਤ ਸਮਝਦਾਰ ਯੋਜਨਾ’ (ਇੰਟੈਲੀਜੈਂਟ ਡੀਜ਼ਾਈਨ) ਦਾ ਸਿਧਾਂਤ ਰੱਖਦੇ ਹਨ ਜੋ ‘ਦੇਵਤਾਵਾਦ’ ਤੋਂ ਬਹੁਤਾ ਦੂਰ ਨਹੀਂ ਹੈ।
ਹੁਣ ਤਾਂ ਇਸਾਈ ਧਰਮ ਦੇ ਪੋਪ ਨੇ ਵੀ ਵਿਕਾਸ, ‘ਐਵੋਲੂਸ਼ਨ’ ਨੂੰ ਸਵੀਕਾਰ ਕਰ ਲਿਆ ਹੈ। ਲੋਕ ਅਕਸਰ ਆਪਣੀ ਆਸਥਾ ਬਾਰੇ ਅਣਜਾਨ ਹੁੰਦੇ ਹਨ ਕਿਉਂਕਿ ਕੁਦਰਤਨ ਹੀ ਆਸਥਾ ਜਾਂ ਸ਼ਰਧਾ ’ਤੇ ਕਿੰਤੂ ਨਹੀਂ ਕੀਤਾ ਜਾਂਦਾ। ਇਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣਾ ਬਹੁਤ ਆਸਾਨ ਹੁੰਦਾ ਹੈ। ਅਜਿਹੇ ਪਰਚਾਰ ਦਾ ਮਕਸਦ ਉਨ੍ਹਾਂ ਲੋਕਾਂ ਨੂੰ ਖੁਸ਼ ਕਰਨਾ ਹੈ ਜੋ ਇਨ੍ਹਾਂ ਵਿੱਚ ਵਿਸ਼ਵਾਸ ਕਰਦੇ ਹਨ-ਅੰਨੇ-ਕੌਮਵਾਦੀ, ਤਰਕਹੀਣ, ਵਿਗਿਆਨ ਵਿਰੋਧੀ ਅਤੇ ਅਤੀਤ ਦੇ ਬਾਰੇ ਇਕ ਖਾਸ ਸੋਚ ਨਾਲ ਜੁੜੇ ਹੋਏ। ਵਿਗਿਆਨ ਦੀ ਵੈਧਤਾ ਨੂੰ ਝੁਠਲਾਉਣ ਦਾ ਇਕ ਇਹ ਵੀ ਤਰੀਕਾ ਹੈ-ਇਹ ਪ੍ਰਚਾਰ ਕਰੋ ਕਿ ਇਹ ਖੋਜ ਤਾਂ ਪਹਿਲਾਂ ਹੀ, ਪੁਰਾਤਨ ਯੁੱਗ ਵਿੱਚ ਹੀ ਹੋ ਚੁਕੀ ਹੈ : ਭਾਵੇਂ ਵਿਗਿਆਨਕ ਖੋਜ ਲਈ ਜ਼ਰੂਰੀ ਸਥਿਤੀਆਂ ਦਾ ਕੋਈ ਉਲੇਖ ਹੀ ਨਾ ਹੋਵੇ। ਮਿਥਿਹਾਸ ਤੇ ਧਰਮ ਬੜੀ ਆਸਾਨੀ ਦੇ ਨਾਲ ਘੁਲਮਿਲ ਜਾਂਦੇ ਹਨ। ਹਰ ਕਿਸੇ ਨੂੰ ਮਜ਼ਹਬ ਤੇ ਸਿਆਸਤ ਦੇ ਖ਼ਤਰਨਾਕ ਮਿਲਾਪ ਉੱਪਰ ਬੜੀ ਚਿੰਤਾ ਹੋ ਰਹੀ ਹੈ। ਮਿਥਿਹਾਸ, ਵਿਗਿਆਨ, ਮਜ਼ਹਬ ਤੇ ਸਿਆਸਤ ਦੇ ਵਿਚਾਰਾਂ ਦਾ ਵਿਸਫ਼ੋਟਕ ਮਿਸ਼ਰਨ ਬਣਾ ਕੇ ਅਸੀਂ ਮੋਲੋਟੋਵ ਤੋਂ ਵੀ ਅੱਗੇ ਜਾ ਰਹੇ ਹਾਂ। ਇਹ ਉਹ ਸਥਾਨ ਨਹੀਂ ਹੈ ਜਿਥੇ ਅਸੀਂ ਜਾਣਾ ਚਾਹੁੰਦੇ ਹਾਂ।