ਮੇਲੇ ਵਿਚ ਚੱਕੀਰਾਹਾ - ਪਰਮਬੀਰ ਕੌਰ
Posted on:- 04-11-2014
ਕੁਝ ਦਿਨ ਪਹਿਲਾਂ ਰਿਸ਼ਤੇਦਾਰੀ ਵਿਚ ਇਕ ਸਮਾਰੋਹ ਦੌਰਾਨ, ਇਕ ਵਾਕਫ਼ ਦੰਪਤੀ ਆਪਣੇ ਕਾਫ਼ੀ ਬਜ਼ੁਰਗ ਮਾਤਾ ਜੀ ਨੂੰ ਵੀ ਨਾਲ ਲਿਆਏ ਹੋਏ ਸਨ।ਪੁਰਾਣੇ ਸਬੰਧਾਂ ਕਾਰਨ ਬਜ਼ੁਰਗ ਆਂਟੀ ਜੀ ਬੜੀ ਅਪਣੱਤ ਨਾਲ ਮਿਲੇ।ਫਿਰ ਦੱਸਣ ਲਗੇ, “ਮੈਂ ਤਾਂ ਅੱਜ ਐਵੇਂ ਬਚਿਆਂ ਦੇ ਆਖੇ ਲਗ ਕੇ ਆ ਗਈ ਆਂ, ਬੜਾ ਔਖਾ ਏ ਬਹਿਣਾ ਇੱਥੇ! ਕਿੰਨਾ ਸ਼ੋਰ ਤੇ ਖੱਪ ਮਚੀ ਪਈ ਏ।” ਆਂਟੀ ਜੀ ਦੀ ਮਨੋ-ਦਸ਼ਾ ਅਤੇ ਉਪਰੋਕਤ ਟਿੱਪਣੀ ਨੇ ਮੈਨੂੰ ਕਾਫ਼ੀ ਸਮਾਂ ਪਹਿਲਾਂ ਪੜ੍ਹੀਆਂ ਇਹ ਕਾਵਿਕ ਸਤਰਾਂ ਚੇਤੇ ਕਰਵਾ ਦਿੱਤੀਆਂ, ਜੋ ਮੈਂ ਉਹਨਾਂ ਨਾਲ ਵੀ ਸਾਂਝੀਆਂ ਕਰ ਲਈਆਂ:
“ਇਸ ਭੀੜ ਸਜੀਲੀ ਅੰਦਰ,
ਜਿੱਥੇ ਹੈ ਨਖਰਾ ਟਖਰਾ,
ਇਹ ਸੁੱਕਾ ਢੀਂਗਰ ਬੁਢੜਾ,
ਲਗਦਾ ਹੈ ਵਖਰਾ ਵਖਰਾ!”
ਆਂਟੀ ਜੀ ਇਸ ਕਾਵਿ ਟੋਟੇ ਨੂੰ ਸੁਣ ਕੇ ਖ਼ੂਬ ਹੱਸੇ।
ਫਿਰ ਕੁਝ ਸੋਚ ਕੇ ਉਹ ਆਖਦੇ, “ਮੈਂ ਤਾਂ ਬਚੂ ਹੈਰਾਨ ਹੋ ਜਾਂਦੀ ਹਾਂ ਅੱਜਕੱਲ੍ਹ ਦੇ ਰੌਲੇ-ਰੱਪੇ ਤੋਂ।ਸਾਡੇ ਕੰਨ ਤਾਂ ਇੰਨਾ ਸਹਾਰ ਵੀ ਨਹੀਂ ਸਕਦੇ।ਕੀ ਬਣੇਗਾ ਦੁਨੀਆ ਦਾ, ਜੇ ਸਾਰਾ ਕੁਝ ਇਸੇ ਤਰ੍ਹਾਂ ਚਲਦਾ ਰਿਹਾ ਤਾਂ!” ‘ਸ਼ੋਰ’ ਅਤੇ ‘ਖੱਪ’ ਵਰਗੇ ਸ਼ਬਦਾਂ ਦੀ, ਬੜੀ ਉਚਿਤ ਭਾਸ ਰਹੀ, ਵਰਤੋਂ ਆਂਟੀ ਜੀ ਨੇ ਉੱਥੇ ਚਲ ਰਹੇ ‘ਸੰਗੀਤ’ ਤੇ ਜੈਨਰੇਟਰ ਆਦਿ ਲਈ ਕੀਤੀ ਸੀ। ਉਸ ਖ਼ਸ਼ੀ ਦੇ ਮਾਹੌਲ ਵਿਚ ਵੀ ਆਂਟੀ ਜੀ ਚਿੰਤਾ ਅਤੇ ਉਦਾਸੀ ਦੀ ਸਾਕਾਰ ਮੂਰਤ ਬਣੇ ਬੈਠੇ ਸਨ।ਅਤੇ ਇਸ ਚਿੰਤਾ ਦਾ ਸਬੱਬ ਕੋਈ ਉਹਨਾਂ ਦਾ ਨਿਜੀ ਮੁੱਦਾ ਨਹੀਂ, ਸਗੋਂ ਇਸ ਗ੍ਰਹਿ ਦੇ ਸਾਰੇ ਜੀਵਾਂ ਦੇ ਵਰਤਮਾਨ ਤੇ ਭਵਿਖ ਨਾਲ ਸਬੰਧ ਰੱਖਣ ਵਾਲਾ ਸੀ। ਜਾਪਦਾ ਸੀ ਜਿਵੇਂ ਸਾਰੇ ਜਹਾਨ ਦੀਆਂ ਫ਼ਿਕਰਾਂ ਦਾ ਬੋਝ ਉਹਨਾਂ ਨੂੰ ਢੋਣਾ ਪੈ ਰਿਹਾ ਹੋਵੇ!ਆਂਟੀ ਜੀ ਦੇ ਵਿਚਾਰ ਸੁਣ ਕੇ ਮੈਨੂੰ ਕੋਈ ਹੈਰਾਨੀ ਨਹੀਂ ਹੋਈ ਕਿਉਂਕਿ ਉਹ ਅੱਗੇ ਵੀ ਜਦੋਂ ਮਿਲਦੇ ਨੇ ਤਾਂ ਕੁਝ ਇਸੇ ਤਰ੍ਹਾਂ ਦੇ ਝੋਰਿਆਂ ਦਾ ਜ਼ਿਕਰ ਆਮ ਹੀ ਕਰਦੇ ਹਨ।ਸਾਡੇ ਦੋਹਾਂ ਦੀ ਉਮਰ ਵਿਚ ਕਾਫ਼ੀ ਅੰਤਰ ਹੋਣ ਦੇ ਬਾਵਜੂਦ, ਆਂਟੀ ਜੀ ਦੇ ਨਾਲ ਕਿਸੇ ਮਸਲੇ ਤੇ ਵਿਚਾਰ-ਵਟਾਂਦਰਾ ਕਰਦਿਆਂ ਇੰਜ ਮਹਿਸੂਸ ਹੋਣ ਲਗ ਜਾਂਦਾ ਹੈ, ਜਿਵੇਂ ਉਹਨਾਂ ਮੇਰੇ ਮਨ ਦੀ ਇੰਨਬਿੰਨ ਬੁਝ ਲਈ ਹੋਵੇ।ਉਹਨਾਂ ਦੀ ਸੰਗਤ ਮੇਰੇ ਲਈ ਸਦਾ ਮਨ ਨੂੰ ਸਕੂਨ ਪ੍ਰਦਾਨ ਕਰਨ ਦਾ ਜ਼ਰੀਆ ਹੀ ਬਣੀ ਹੈ।ਸਮਝੋ ਕਿ ਆਪਣੇ ਅੰਤਹਕਰਣ ਵਿਚ ਨਿਰੰਤਰ ਚਲਦੀ ਰਹਿੰਦੀ ਵਿਚਾਰਾਂ ਦੀ ਹਲਚਲ ਨੂੰ ਇਕ ਹੁਲਾਰਾ ਜਿਹਾ ਮਿਲ ਜਾਂਦਾ ਹੈ।
ਹੁਣ ਜਦੋਂ ਕੋਈ ‘ਕੀ ਬਣੇਗਾ…’ ਵਰਗੀ ਅਭਿਵਿਅਕਤੀ ਦੇ ਰੂਬਰੂ ਹੁੰਦਾ ਹੈ ਤਾਂ ਕਈ ਵੇਰ ਖ਼ਿਆਲਾਂ ਦਾ ਪਰਵਾਹ ਬੰਦੇ ਦਾ ਧਿਆਨ ਬੇਸ਼ੁਮਾਰ ਅਜਿਹੀਆਂ ਸਥਿਤੀਆਂ ਵੱਲ ਦਿਵਾ ਦਿੰਦਾ ਹੈ, ਜਦੋਂ ਗੱਲ ਬਸ ਇਸੇ ਫ਼ਿਕਰੇ ਤੇ ਆ ਕੇ ਮੁਕਦੀ ਹੈ ਕਿ ‘ਕੀ ਬਣੇਗਾ…!’ ਵੇਖਦਿਆਂ-ਵੇਖਦਿਆਂ ਜੀਵਨ-ਮੁੱਲਾਂ ਅਤੇ ਲੋਕਾਂ ਦੀਆਂ ਤਰਜੀਹਾਂ ਵਿਚ ਆਈਆਂ ਤਬਦੀਲੀਆਂ ਬਾਰੇ ਸੋਚ ਕੇ ਭਵਿਖ ਦੇ ਸੁਰੱਖਿਅਤ ਹੋਣ ਬਾਰੇ ਮਨ ਵਿਚ ਕਈ ਸ਼ੰਕੇ ਉਠ ਖੜ੍ਹੇ ਹੁੰਦੇ ਨੇ।ਆਖ਼ਰ ‘ਕੱਲ੍ਹ’ ਦੀ ਨੀਂਹ ਤਾਂ ‘ਅੱਜ’ ਹੀ ਰਖ ਰਿਹਾ ਹੈ ਨਾ! ਭਾਵੇਂ ਅੱਜ ਕੋਲ ਕਿੰਨੀ ਸਮਰੱਥਾ ਪਈ ਹੋਵੇ, ਪਰ ਵਿਚਾਰਾ ਉਸਾਰੀ ਤਾਂ ਉਸੇ ਮੁਤਾਬਕ ਹੀ ਕਰ ਸੱਕੇਗਾ, ਜਿਸ ਮਿਆਰ ਦੀ ਸਮੱਗਰੀ ਅਤੇ ਸਾਜ਼ੋ-ਸਮਾਨ, ਅਸੀਂ ਇਸ ਨੂੰ ਮੁਹੱਈਆ ਕਰਾਂਗੇ।
ਪਾਣੀ ਤੇ ਬਿਜਲੀ ਦੀ ਬੇਲੋੜੀ ਖਪਤ ਦਾ ਜ਼ਿਕਰ ਸਾਨੂੰ ਸੁਣਦਿਆਂ, ਪੜ੍ਹਦਿਆਂ ਤੇ ਹੁਣ ਤਾਂ ਹੰਢਾਉਦਿਆਂ ਕਿੰਨੇ ਵਰੇ੍ਹ ਲੰਘ ਗਏ ਨੇ ਪਰ ਸਾਡੇ ਵਿਹਾਰ ਵਿਚ ਇਸ ਮੁੱਦੇ ਪ੍ਰਤੀ ਕੋਈ ਤਬਦੀਲੀ ਆਈ ਹੋਵੇ, ਕਿਹਾ ਨਹੀਂ ਜਾ ਸਕਦਾ। ਜ਼ਮੀਨ ਹੇਠਲਾ ਪਾਣੀ ਘਟਦਾ ਜਾ ਰਿਹਾ ਹੈ ਤੇ ਇਕ ਦਿਨ ਇਸ ਦੇ ਮੁੱਕ ਜਾਣ ਤੱਕ ਦੀਆਂ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ; ਤੇ ਇਸੇ ਤਰ੍ਹਾਂ ਬਿਜਲੀ ਦਾ ਹਾਲ ਹੈ।ਇਸ ਦੀ ਆਏ ਦਿਨ ਵਧਦੀ ਮੰਗ ਨੂੰ ਪੂਰਾ ਕਰਨ ਲਈ, ਨਵੇਂ-ਨਵੇਂ ਤਾਪ ਅਤੇ ਪਰਮਾਣੂ ਬਿਜਲੀ ਘਰ ਲਗਾਏ ਜਾ ਰਹੇ ਹਨ ਪਰ ਪੂਰੀ ਫਿਰ ਵੀ ਨਹੀਂ ਪੈ ਰਹੀ।ਸਗੋਂ ਇਹਨਾਂ ਨਾਲ ਹਰ ਪ੍ਰਕਾਰ ਦੇ ਪਰਦੂਸ਼ਣ ਵਿਚ ਜ਼ਰੂਰ ਵਾਧਾ ਹੋ ਰਿਹਾ ਹੈ।ਅਸੀਂ ਆਪਣੀ ਜਿਊਣ ਸ਼ੈਲੀ ਵਿਚ ਕੋਈ ਅਜਿਹੀ ਜ਼ਿਕਰਯੋਗ ਤਬਦੀਲੀ ਨਹੀਂ ਕੀਤੀ ਜਿਸ ਨਾਲ ਬਿਜਲੀ ਦੀ ਹੋ ਰਹੀ ਬਰਬਾਦੀ ਨੂੰ ਠਲ੍ਹ ਪੈ ਸੱਕੇ। ਹਾਲਾਤ ਸਾਡੇ ਸਾਹਮਣੇ ਬਦ ਤੋਂ ਬਦਤਰ ਹੁੰਦੇ ਜਾ ਰਹੇ ਨੇ, ਪਰ ਅਸੀਂ ਇਸੇ ਭਰਮ ਵਿਚ ਵਿਚਰ ਰਹੇ ਹਾਂ ਕਿ ਇਹ ਸਭ ਐਵੇਂ ਵਿਖਾਵੇ ਦੀਆਂ ਗੱਲਾਂ ਨੇ।ਅਸਲ ਵਿਚ ਕੁਝ ਨਹੀਂ ਹੋਣ ਲੱਗਾ। ਅਮਲ ਭਾਵੇਂ ਸਾਡੇ ਗ਼ਲਤ ਹੋਣ ਪਰ ਨਤੀਜੇ ਸਾਨੂੰ ਭੁਗਤਣੇ ਪੈਣ, ਹੋ ਹੀ ਨਹੀਂ ਸਕਦਾ! ਇਹ ਗੱਲ ਅਸੀਂ ਉੱਕਾ ਮਨੋਂ ਵਿਸਾਰ ਚੁੱਕੇ ਹਾਂ ਕਿ ਅਸੀਂ ਆਪਣੀ ਕਾਰਜ-ਸ਼ੈਲੀ ਲਈ ਇਸ ਬ੍ਰਹਿਮੰਡ ਨੂੰ ਵੀ ਜਵਾਬਦੇਹ ਹਾਂ।
ਜੀਵਨ ਤੇ ਬਨਾਉਟੀਪੁਣੇ ਨੇ ਇਸ ਕਦਰ ਗ਼ਲਬਾ ਪਾਇਆ ਹੈ ਕਿ ਬੰਦੇ ਦਾ ਵਿਹਾਰ ਨਿਰਾ ਵਿਖਾਵਾ ਬਣ ਕੇ ਰਹਿ ਗਿਆ ਹੈ।ਬੰਦਾ, ਬੰਦੇ ਦਾ ਵਿਸ਼ਵਾਸ ਗਵਾ ਚੁੱਕਾ ਹੈ।ਆਮ ਇਨਸਾਨ ਦੀ ਸੋਚ ਨੂੰ ਪਦਾਰਥਵਾਦ ਨੇ ਐਸਾ ਰੰਗਿਆ ਹੈ ਕਿ ਕੋਈ ਇਸ ਤੋਂ ਅੱਗੇ ਸੋਚਦਾ ਹੀ ਨਹੀਂ। ਹੋਰ ਤਾਂ ਹੋਰ ਖਾਧ ਪਦਾਰਥਾਂ ਵਿਚ ਵੀ ਰੰਗਾਂ ਤੇ ਰਸਾਇਣਾ ਦੀ ਮਿਲਾਵਟ ਦਾ ਰੁਝਾਨ ਸਾਡੀ ਸਿਹਤ ਨਾਲ ਖਿਲਵਾੜ ਕਰੀ ਜਾ ਰਿਹਾ ਹੈ।ਅਖ਼ਬਾਰਾਂ ਵਿਚ ਆਮ ਹੀ ਇਸ ਨਾਲ ਸਬੰਧਤ ਖ਼ਬਰਾਂ ਪੜ੍ਹਨ ਨੂੰ ਮਿਲ ਜਾਂਦੀਆਂ ਹਨ। ਪਰ ਇਸ ਦਸਤੂਰ ਵਿਚ ਅਜੇ ਕੋਈ ਹਾਂ-ਪੱਖੀ ਤਬਦੀਲੀ ਆਈ ਨਹੀਂ। ਬੰਦਾ ਸੋਚਦਾ ਹੈ ਕਿ ਜਿਹੜਾ ਕੰਮ ਨਾ ਆਪਣੇ ਲਈ ਠੀਕ ਤੇ ਨਾ ਹੀ ਦੂਜਿਆਂ ਲਈ ਚੰਗਾ, ਉਹ ਕਰਨਾ ਹੀ ਕਿਉਂ ਹੋਇਆ! ਉਂਜ ਇਹ ਇਕ ਵਖਰਾ ਵਿਸ਼ਾ ਹੈ ਕਿ ਜੇ ਖਪਤਕਾਰ, ਸੁਚੇਤ ਹੋ ਕੇ ਅਜਿਹੀਆਂ ਵਸਤਾਂ ਨੂੰ ਲੈਣ ਤੋਂ ਇਨਕਾਰੀ ਹੋ ਜਾਵੇ ਤਾਂ ਇਹ ਅਭਿਆਸ ਸਮਾਂ ਪਾ ਕੇ ਆਪ-ਮੁਹਾਰੇ ਹੀ ਬੰਦ ਹੋ ਸਕਦਾ ਹੈ।
ਵਾਤਾਵਰਣ ਦਾ ਜੋ ਹਾਲ ਇਸ ਸਮੇਂ ਹੈ, ਖ਼ਬਰੇ ਆਉਣ ਵਾਲੇ ਸਮੇਂ ਵਿਚ ਕੀ ਰੂਪ ਅਖ਼ਤਿਆਰ ਕਰ ਲਵੇ! ਸੋਚ ਕੇ ਡਰ ਆ ਜਾਂਦਾ ਹੈ ਇਕ ਵੇਰ ਤਾਂ।ਸੜਕਾਂ ਤੇ ਚਲਦੇ ਅਣਗਿਣਤ ਵਾਹਨ, ਬੇਸ਼ੁਮਾਰ ਰੇਲਗੱਡੀਆਂ, ਘਰਾਂ, ਦਫ਼ੳਮਪ;ਤਰਾਂ, ਵੱਡੇ-ਵੱਡੇ ਬਜ਼ਾਰਾਂ ਤੇ ਹੋਰ ਅਨੇਕ ਥਾਵਾਂ ਤੇ ਲਗਾਤਾਰ ਚਲਦੇ ‘ਏਅਰਕੰਡੀਸ਼ਨਰ’ ਵਾਤਾਵਰਣਿਕ ਤਾਪਮਾਨ ਵਿਚ ਕਿੰਨਾ ਵਿਗਾੜ ਪੈਦਾ ਕਰ ਰਹੇ ਨੇ, ਇਸ ਦਾ ਕੋਈ ਹਿਸਾਬ ਨਹੀਂ।ਪਰ ਸਾਡੀ ਰਹਿਣੀ ਬਹਿਣੀ ਨੂੰ ਇਹ ਗੱਲ ਬਿਲਕੁਲ ਪ੍ਰਭਾਵਤ ਨਹੀਂ ਕਰ ਰਹੀ।ਅਸੀਂ ਤਾਂ ਬਸ ਆਪਣੇ ਆਪ ਵਿਚ ਮਗਨ ਉਸੇ ਰਫ਼ੳਮਪ;ਤਾਰ ਤੇ ਤੁਰੇ ਜਾ ਰਹੇ ਹਾਂ।‘ਕੁਝ ਨਹੀਂ ਹੋਣ ਲੱਗਾ’ ਜਾਂ ‘ਵੇਖੀ ਜਾਵੇਗੀ’ ਵਰਗਾ ਨਜ਼ਰੀਆ ਸਾਡੀ ਸੋਚ ਤੇ ਸਦਾ ਭਾਰੂ ਰਿਹਾ ਹੈ ਤੇ ਇਸੇ ਸਦਕਾ ਅਜਿਹੇ ਗੰਭੀਰ ਮੁੱਦਿਆਂ ਬਾਰੇ ਅਸੀਂ ਕਦੇ ਸੰਜੀਦਾ ਹੋਏ ਹੀ ਨਹੀਂ!
ਫਿਰ ਬੰਦਾ ਸੋਚਾਂ ਵਿਚ ਡੁਬ ਜਾਂਦਾ ਹੈ ਕਿ ਸੱਚਮੁੱਚ ਅਜਿਹੀ ਲਾਪਰਵਾਹੀ ਆਖ਼ਰ ਕਿਉਂ ਵਰਤੀ ਜਾ ਰਹੀ ਹੈ, ਅਸੀਂ ਵੇਲਾ ਲੰਘ ਜਾਣ ਤੋਂ ਪਹਿਲਾਂ ਕਿਉਂ ਨਹੀਂ ਸੁਚੇਤ ਹੋ ਰਹੇ, ਅਸੀਂ ਹਰ ਕੰਮ ਕਰਨ ਤੋਂ ਪਹਿਲਾਂ ਉਸ ਦੇ ਨਤੀਜਿਆਂ ਬਾਰੇ ਸੋਚਣ ਦੇ ਆਦੀ ਕਦੋਂ ਬਣਾਂਗੇ, ਅਸੀਂ ਵਿਕਸਿਤ ਦੇਸ਼ਾਂ ਦੇ ਤੌਰ-ਤਰੀਕਿਆਂ ਵਿੱਚੋਂ ਕੇਵਲ ਕੰਮ ਦੀਆਂ ਅਰਥਪੂਰਨ ਗੱਲਾਂ ਦੀ ਰੀਸ ਕਰਨ ਦਾ ਮੁੱਢ ਕਦੋਂ ਬੰਨ੍ਹਾਗੇ? ਇਹ ਸਾਰੇ ਅਤੇ ਹੋਰ ਅਜਿਹੇ ਹੀ ਕਿੰਨੇ ਮਸਲੇ ਬੰਦੇ ਦੇ ਮਨ ਵਿਚ ਇਕ ਵੇਰ ਤਾਂ ਉਥੱਲ-ਪੁਥੱਲ ਮਚਾ ਕੇ ਰਖ ਦੇਂਦੇ ਹਨ ਤੇ ਬਸ ਉਹੀ ਆਂਟੀ ਜੀ ਵਾਲਾ ਪ੍ਰਸ਼ਨ ਮੁੜ-ਮੁੜ ਮਨ ਵਿਚ ਫੇਰਾ ਪਾਉਂਦਾ ਹੈ ਕਿ ‘ਕੀ ਬਣੇਗਾ…’।ਪਰ ਇਸ ਸੱਚ ਤੋਂ ਵੀ ਤਾਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਮੇਲੇ ਵਿਚ ਚੱਕੀਰਾਹੇ ਦੀ ਕੌਣ ਸੁਣਦਾ ਹੈ!