ਬਹੁੜੀਂ ਵੇ ਤਬੀਬਾ… -ਗੁਰਪ੍ਰੀਤ ਸਿੰਘ ਤੂਰ
Posted on:- 23-07-2010
ਬਹੁੜੀਂ ਵੇ ਤਬੀਬਾ ਨਹੀਂ ਤਾਂ ਮੈਂ ਮਰ ਗਈ ਆਂ’, ਇਹ ਦੁਹਾਈ ਪੰਜਾਬ ਦੀ ਹੈ। ਛੱਬੀ ਜੂਨ ਨੂੰ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਇੱਕ ਨਾਟਕ ਕਰਾਇਆ ਗਿਆ ਸੀ। ਇਸ ਨਾਟਕ ਦੇ ਅੰਤ ਵਿੱਚ, ਆਖਰ ਮਾਪੇ ਆਪਣੇ ਨਸ਼ੱਈ ਪੁੱਤਰ ਨੂੰ ਨਸ਼ਾ ਛੁਡਾਊੂ ਕੇਂਦਰ ਵਿੱਚ ਦਾਖਲ ਕਰਾਉਣ ‘ਚ ਕਾਮਯਾਬ ਹੋ ਜਾਂਦੇ ਹਨ। ਮਾਂ ਸੁੱਖਾਂ ਸੁੱਖਦੀ ਹਸਪਤਾਲ ਵਿੱਚ ਉਸ ਦੇ ਸਿਰਹਾਣੇ ਬੈਠੀ ਰਹਿੰਦੀ ਹੈ। ਲੇਕਿਨ ਇੱਕ ਦਿਨ ਅਚਾਨਕ ਗੋਲਡੀ ਉਸ ਕੇਂਦਰ ਵਿੱਚੋਂ ਭੱਜ ਜਾਂਦਾ ਹੈ। ਮਾਂ ਦੀ ਹਾਲਤ ਨੀਮ ਪਾਗਲਾਂ ਵਾਲੀ ਹੋ ਜਾਂਦੀ ਹੈ। ਉਹ ਘਰ ਨਹੀਂ ਜਾਂਦੀ, ਹਸਪਤਾਲ ਵਿੱਚ ਆਪਣੇ ਪੁੱਤ ਦੇ ਮੰਜੇ ਕੋਲ ਹੀ ਬੈਠੀ ਰਹਿੰਦੀ ਹੈ। ਡਾਕਟਰ ਨੂੰ ਪੁੱਛਦੀ ਹੈ, ਕੀ ਮੈਂ ਇਸ ਮੰਜੇ ‘ਤੇ ਪੈ ਕੇ ਵੇਖ ਸਕਦੀ ਹਾਂ। ਜਦ ਉਸ ਨੂੰ ਘਰ ਚੱਲਣ ਲਈ ਮਨਾਇਆ ਜਾ ਰਿਹਾ ਹੁੰਦਾ ਹੈ ਤਾਂ ਬਾਹਰੋਂ ਆ ਕੇ ਕੋਈ ਸੁਨੇਹਾ ਦਿੰਦਾ ਹੈ। ਪਿੰਡ ਦੇ ਬਾਹਰ ਇੱਕ ਲਾਸ਼ ਮਿਲੀ ਹੈ। ਕੁਰਲਾਹਟ ਮਚ ਜਾਂਦੀ ਹੈ। ਪਰਦੇ ਪਿੱਛੇ ਸੰਗੀਤ ਗੂੰਜਦਾ ਹੈ, ‘ਇਹ ਮਾਵਾਂ ਮਮਤਾ ਦੀਆਂ ਛਾਵਾਂ, ਪੁੱਤਾਂ ਤੋਂ ਵਾਰੀਆਂ ਜਾਣ, ਦਿਲ ਦੀਆਂ ਸੱਧਰਾਂ ਦਿਲ ਵਿੱਚ ਲੈ ਕੇ, ਦੱਸ ਕਿਧਰ ਨੂੰ ਜਾਣ।’ ਦੂਜੇ ਦਿਨ ਦੀ ਹੀ ਗੱਲ ਹੈ, ਦਫਤਰ ਵਿੱਚ ਮਿਲਦੇ ਲੋਕਾਂ ਵਿੱਚੋਂ ਇੱਕ ਔਰਤ ਨੇ ਹਸਪਤਾਲ ਦੀ ਅਧੂਰੇ ਇਲਾਜ ਦੀ ਫਾਈਲ ਦਿਖਾਉਂਦਿਆਂ ਵਾਸਤਾ ਪਾਇਆ ਕਿ, ਉਸ ਦਾ ਪੁੱਤ ਨਸ਼ਾ ਛੁਡਾਊ ਕੇਂਦਰ ਵਿੱਚੋਂ ਭੱਜ ਗਿਆ ਹੈ।
ਇੱਕ ਕਾਗਜ਼ ਦੇ ਟੁਕੜੇ ਉਤੇ ਉਸ ਦਾ ਤੇ ਉਸ ਦੇ ਸਾਥੀਆਂ ਦੇ ਮੋਬਾਈਲ ਫੋਨ ਲਿਖ ਕੇ ਉਸ ਨੇ ਪੁੱਤ ਨੂੰ ਲੱਭਣ ਦਾ ਵਾਸਤਾ ਪਾਇਆ। ਅਰਜ਼ੀ ਲਿਖੀ ਆ ਕੋਈ, ਮੈਂ ਪੁੱਛਿਆ, ਪਰ ਉਸ ਦੇ ਹੱਥ ਵਿੱਚ ਫੜੇ ਪੌਲੀਥੀਨ ਦੇ ਲਿਫਾਫੇ ਵਿੱਚ ਤਾਂ ਤਿੰਨ-ਚਾਰ ਦਵਾਈ ਵਾਲੀਆਂ ਸ਼ੀਸ਼ੀਆਂ ਹੀ ਸਨ। ਇਹ ਦਵਾਈ ਨਸ਼ਾ ਛੁਡਾਊ ਕੇਂਦਰ ਵੱਲੋਂ ਦਿੱਤੀ ਗਈ ਸੀ। ਸਵੇਰੇ ਦੋ ਗੋਲੀਆਂ, ਦੁਪਹਿਰ ਦੇ ਖਾਣੇ ਤੋਂ ਬਾਅਦ ਇੱਕ ਅਤੇ ਰਾਤ ਨੂੰ ਦੋ ਗੋਲੀਆਂ, ਪਰਚੀਆਂ ‘ਤੇ ਲਿਖ ਕੇ ਚਿਪਕਾਇਆ ਹੋਇਆ ਸੀ। ਪੁੱਤ ਦੀ ਦਵਾਈ ਆ, ਮੈਂ ਪੁੱਛਿਆ, ਹੰਝੂਆਂ ਨੇ ਹੀ ਉਤਰ ਦਿੱਤਾ, ਕੱਲ੍ਹ ਵਾਲੇ ਨਾਟਕ ਦੀ ਉਹੀ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜਣ ਲੱਗੀ, ‘ਇਹ ਮਾਵਾਂ ਮਮਤਾ ਦੀਆਂ ਛਾਂਵਾਂ, ਦੱਸ ਕਿੱਧਰ ਨੂੰ ਜਾਣ।’ ਲੱਭ ਜਾਊ, ਥੋੜ੍ਹੀ ਦੇਰ ਬਾਅਦ ਹੰਝੂਆਂ ਤੋਂ ਉਪਰ ਉਠ ਕੇ ਉਸ ਨੇ ਪੁੱਛਿਆ। ਇਸ ਲੇਖ ਵਿੱਚ ਅਜਿਹੇ ਨੌਜਵਾਨਾਂ ਨੂੰ ਹੀ ਲੱਭਣ ਦਾ ਯਤਨ ਕੀਤਾ ਜਾ ਰਿਹਾ ਹੈ।
ਨਸ਼ਿਆਂ ਦੀ ਰੋਕਥਾਮ ਦੇ ਤਿੰਨ ਮੂਲ ਸਿਧਾਂਤ ਹਨ, ਸਪਲਾਈ ਨੂੰ ਰੋਕਿਆ ਜਾਵੇ, ਨਸ਼ੱਈ ਵਿਅਕਤੀਆਂ ਦਾ ਇਲਾਜ ਕਰਵਾਇਆ ਜਾਵੇ ਤੇ ਲੋਕਾਂ ਵਿੱਚ ਨਸ਼ਿਆਂ ਵਿਰੁੱਧ ਜਾਗ੍ਰਿਤੀ ਪੈਦਾ ਕੀਤੀ ਜਾਵੇ। ਹਰੀ ਕ੍ਰਾਂਤੀ ਸਮੇਂ ਕਾਮਿਆਂ ਵਿੱਚ ਪੋਸਤ ਤੇ ਅਫੀਮ ਦੇ ਨਸ਼ੇ ਪੈਰ ਪਸਾਰ ਰਹੇ ਸਨ, ਪਰ ਅੱਜ ਸਮੈਕ, ਹੈਰੋਇਨ ਤੇ ਕੈਮੀਕਲ ਨਸ਼ੇ ਨੌਜਵਾਨ ਪੀੜ੍ਹੀ ਦਾ ਘਾਣ ਕਰ ਰਹੇ ਹਨ। ਅਪਰਾਧੀਆਂ ਨੂੰ ਸਿਖਰ ਦੀ ਸਜ਼ਾ ਦੇ ਕੇ ਚੀਨ ਨੇ ਅਫੀਮ ਵਿਰੁੱਧ ਲੜਾਈ ਜਿੱਤੀ ਸੀ, ਪਰ ਸਾਡੇ ਹਾਲਾਤ ਅਜਿਹੇ ਨਹੀਂ ਹਨ। ਇੱਕ ਪਾਸੇ ਨਸ਼ੇ ਕਰਨ ਵਾਲਿਆਂ ਦੀ ਗਿਣਤੀ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ ਤੇ ਦੂਸਰੇ ਪਾਸੇ ਨਸ਼ੇ ਵੇਚਣ ਵਾਲਿਆਂ ਦੀਆਂ ਬਹੁ-ਪਰਤਾਂ ਸਮਾਜ ਵਿੱਚ ਪੈਦਾ ਹੋ ਚੁੱਕੀਆਂ ਹਨ। ਸਮੱਗਲਰਾਂ ਤੋਂ ਇਲਾਵਾ ਬੱਚਿਆਂ ਤੋਂ ਬੁੱਢਿਆਂ ਤੱਕ ਅਤੇ ਔਰਤਾਂ ਤੋਂ ਅਪਾਹਜ ਵਿਅਕਤੀਆਂ ਤੱਕ ਬਹੁਤ ਲੋਕ ਨਸ਼ਿਆਂ ਦੀ ਸਪਲਾਈ ਨੂੰ ਧੰਦਾ ਬਣਾ ਬੈਠੇ ਹਨ। ਇਸੇ ਮਹੀਨੇ ਦੀ ਗੱਲ ਹੈ, ਚੌਵੀ ਵਰ੍ਹਿਆਂ ਦੇ ਇੱਕ ਨੌਜਵਾਨ ਨੂੰ ਸਮੈਕ ਪੀਣ ਦਾ ਆਦੀ ਹੋ ਜਾਣ ਅਤੇ ਮਾਪਿਆਂ ਵੱਲੋਂ ਹੀ ਸ਼ਿਕਾਇਤ ਕਰਨ ‘ਤੇ ਪੁਲੀਸ ਵੱਲੋਂ ਬੁਲਾਇਆ ਗਿਆ ਸੀ। ਇੱਕ ਕਾਪੀ ਤੇ ਪੈੱਨ ਦੇ ਕੇ ਮੈਂ ਉਸ ਨੂੰ ਆਖਿਆ ਕਿ ਉਹ ਪਿੰਡ ਦੇ ਆਪਣੇ ਵਰਗੇ ਸਮੈਕ ਪੀਣ ਵਾਲੇ ਨੌਜਵਾਨਾਂ ਦੇ ਨਾਮ ਲਿਖ ਕੇ ਦੇਵੇ। ਉਸ ਨੇ ਛੱਬੀ ਵਿਅਕਤੀਆਂ ਦੀ ਲਿਸਟ ਬਣਾ ਕੇ ਦਿੱਤੀ। ਮੈਂ ਆਖਿਆ, ਇਨ੍ਹਾਂ ਵਿੱਚੋਂ ਉਨ੍ਹਾਂ ਲੜੀ ਨੰਬਰਾਂ ਅੱਗੇ ਗੋਲ ਚੱਕਰ ਲਾ, ਜਿਹੜੇ ਸਮੈਕ ਪੀਂਦੇ ਅਤੇ ਵੇਚਦੇ ਨੇ, ਛੱਬੀਆਂ ਵਿੱਚੋ ਉਸ ਨੇ ਨੌਂ ਨਾਵਾਂ ਨੂੰ ਸਰਕਲ ਕਰ ਦਿੱਤਾ ਸੀ। ਉਸੇ ਸ਼ਾਮ ਉਸੇ ਪਿੰਡ ਦਾ ਇੱਕ ਹੋਰ ਵਿਅਕਤੀ ਖੰਘ ਵਾਲੀ ਦਵਾਈ ਦੀਆਂ ਸ਼ੀਸ਼ੀਆਂ ਤੇ ਕੈਪਸੂਲ-ਗੋਲੀਆਂ ਵੇਚਦਾ ਫੜਿਆ ਗਿਆ। ਉਸ ਨੇ ਪਿੰਡ ਦੇ ਬੱਤੀ ਵਿਅਕਤੀਆਂ ਦੀ ਲਿਸਟ ਬਣਾ ਕੇ ਪੰਜ ਨਾਵਾਂ ਨੂੰ ਸਰਕਲ ਕਰ ਦਿੱਤਾ ਸੀ। ਨਸ਼ੱਈ ਵਿਅਕਤੀ ਹੋਰਾਂ ਨੂੰ ਨਸ਼ਾ ਕਰਨ ਲਾਉਂਦੇ ਹਨ ਅਤੇ ਉਨ੍ਹਾਂ ਕੋਲੋਂ ਝੱਟ-ਪੱਟ ਆਪਣਾ ਖਰਚਾ ਕੱਢਣਾ ਸ਼ੁਰੂ ਕਰ ਦਿੰਦੇ ਹਨ।
ਲੋਕ ਅਕਸਰ ਸਵਾਲ ਕਰਦੇ ਹਨ, ਸਰਕਾਰਾਂ ਚਾਹੁਣ ਤਾਂ ਨਸ਼ੇ ਆਥਣ ਨੂੰ ਬੰਦ ਹੋ ਸਕਦੇ ਹਨ। ਸਰਕਾਰ ਆਦੇਸ਼ ਦੇ ਕੇ ਨਸ਼ਿਆਂ ਵਿਰੁੱਧ ਤਕੜੀ ਭਾਵਨਾ ਮੁਹੱਈਆ ਕਰਵਾ ਸਕਦੀ ਹੈ। ਇਸ ਸਮੇਂ ਇਹ ਭਾਵਨਾ ਸਿਖਰ ‘ਤੇ ਹੈ। ਪਰ ਜੇ ਅਸੀਂ ਖੰਘ ਵਾਲੀ ਦਵਾਈ ਨੂੰ ਹੀ ਨਸ਼ਾ ਸਮਝ ਕੇ ਪੀ ਰਹੇ ਹਾਂ, ਸ਼ੀਸ਼ੀਆਂ ਤੇ ਕੈਪਸੂਲ ਵੇਚ ਕੇ ਰੋਜ਼ਾਨਾ ਦੋ ਸੌ ਤੋਂ ਤਿੰਨ ਸੌ ਰੁਪਏ ਤੱਕ ਦਿਹਾੜੀ ਕਮਾ ਰਹੇ ਹਾਂ, ਤਾਂ ਕੀ ਕੀਤਾ ਜਾ ਸਕਦਾ ਹੈ। ਨਸ਼ੇ ਇੱਕ ਪੇਚੀਦਾ ਤੇ ਗੁੰਝਲਦਾਰ ਸਮਾਜਿਕ ਸਮੱਸਿਆ ਹੈ। ਪਿਛਲੇ ਵਰ੍ਹੇ ਦੀ ਗੱਲ ਹੈ, ਨਸ਼ੇ ਵੇਚਣ ਦੀਆਂ ਕਈ ਸ਼ਿਕਾਇਤਾਂ ਮਿਲਣ ‘ਤੇ ਬਰਨਾਲੇ ਸ਼ਹਿਰ ਦੀ ਇੱਕ ਕਲੋਨੀ ਉਤੇ ਪੂਰੀ ਸਖਤੀ ਕੀਤੀ ਗਈ। ਇੱਕ ਮਹੀਨੇ ਬਾਅਦ ਹੀ ਸ਼ਹਿਰ ਦੇ ਦੂਜੇ ਕੋਨੇ ਵਿੱਚ ਨਸ਼ਿਆਂ ਦੀ ਸਪਲਾਈ ਲਾਈਨ ਚਾਲੂ ਹੋ ਗਈ ਸੀ। ਇਸੇ ਮਹੀਨੇ ਦੀ ਗੱਲ ਹੈ, ਕਤਲ ਦੇ ਦੋਸ਼ ਅਧੀਨ ਜੇਲ੍ਹ ਵਿੱਚ ਬੰਦ ਇੱਕ ਨੌਜਵਾਨ ਪੰਦਰਾਂ ਦਿਨ ਦੀ ਛੁੱਟੀ ਆਇਆ। ਉਦੋਂ ਉਸ ਨੌਜਵਾਨ ਦੇ ਘਰ ਬਾਈ ਵਰ੍ਹਿਆਂ ਦਾ ਇੱਕ ਮਿਸਤਰੀ ਮੁੰਡਾ ਨਵੇਂ ਬਣੇ ਕਮਰੇ ਨੂੰ ਦਰਵਾਜ਼ੇ ਲਾ ਰਿਹਾ ਸੀ। ਪੱਲਿਆਂ ‘ਤੇ ਰੰਦਾ ਫੇਰਦੇ ਮੁੰਡੇ ਦੇ ਮੋਢੇ ‘ਤੇ ਹੱਥ ਰੱਖ ਕੇ ਜੇਲ੍ਹ ‘ਚੋਂ ਆਏ ਨੌਜਵਾਨ ਨੇ ਪੁੱਛਿਆ, ਕਿੰਨੀ ਦਿਹਾੜੀ ਪੈ ਜਾਂਦੀ ਹੈ, ਹੋਰ ਵਧੀਆ ਕੰਮ ਲੱਭਿਆ ਜਾਵੇ ਤੇਰੇ ਲਈ, ਸਮੈਕ ਦਾ ਸੂਟਾ ਲਾਉਂਦਿਆਂ ਉਸ ਨੇ ਇੱਕ ਸੁਝਾਅ ਦਿੱਤਾ। ਪਹਿਲੇ ਦਿਨ ਉਸ ਨੇ ਮਿਸਤਰੀ ਮੁੰਡੇ ਨੂੰ ਇੱਕ ਸੂਟਾ ਲਵਾਇਆ ਤੇ ਫੇਰ ਤਿੰਨ-ਚਾਰ ਦਿਨ ਦੋ-ਦੋ ਸੂਟੇ ਲਵਾਉਂਦਾ ਰਿਹਾ। ਜੇਲ੍ਹ ਵਾਪਸ ਜਾਂਦਿਆਂ ਉਸ ਨੇ ਆਪਣਾ ਮੋਬਾਈਲ ਉਸ ਨੂੰ ਫੜਾਇਆ, ਇੱਕ ਪਰਚੀ ‘ਤੇ ਸਮੈਕ ਪੀਣ ਤੇ ਖਰੀਦਣ ਵਾਲਿਆਂ ਦੇ ਅੱਠ-ਨੌਂ ਫੋਨ ਨੰਬਰ ਲਿਖ ਕੇ ਦਿੱਤੇ, ਸਮੈਕ ਕਿੱਥੋਂ ਪ੍ਰਾਪਤ ਕਰਨੀ ਹੈ ਤੇ ਕਿਵੇਂ ਵੇਚਣੀ ਹੈ ਉਸ ਨੇ ਸਭ ਕੁਝ ਸਮਝਾ ਦਿੱਤਾ। ਉਸ ਨੇ ਨਸ਼ਾ ਵੇਚਣ ਦੀ ਰਿਹਰਸਲ ਵੀ ਕਰ ਕੇ ਵਿਖਾਈ। ਇਹ ਫੋਨ ਸ਼ਾਮ ਨੂੰ ਸਿਰਫ ਪੰਜ ਤੋਂ ਅੱਠ ਵਜੇ ਤੱਕ ਖੋਲ੍ਹਣਾ ਹੈ। ਫੋਨ ਆਵੇਗਾ ਤਾਂ ਉਸ ਨੂੰ ਦਾਣਾ-ਮੰਡੀ ਵਿੱਚ ਬਾਥਰੂਮਾਂ ਦੇ ਪਿੱਛੇ ਆਉਣ ਦਾ ਸਮਾਂ ਦੇਣਾ। ਆਪ ਜਾਣਾ ਨਹੀਂ, ਕੋਠੇ ਚੜ੍ਹ ਕੇ ਉਸ ਨੂੰ ਵੇਖਣਾ ਹੈ ਫੇਰ ਅੱਧੇ ਘੰਟੇ ਬਾਅਦ ਮੂੰਹ-ਹਨੇਰਾ ਹੋਣ ‘ਤੇ ਛੱਪੜ ‘ਤੇ ਆਉਣ ਦਾ ਸਮਾਂ ਦੇਣਾ। ਪਰ ਉਹ ਕਿਰਤੀ ਮੁੰਡਾ ਪਹਿਲੇ ਹਫ਼ਤੇ ਹੀ ਫੜਿਆ ਗਿਆ। ਹਾਲਾਤ ਅਜਿਹੇ ਹਨ ਕਿ ਭਾਈ ਲਾਲੋ ਦਾ ਵਾਰਿਸ ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਸਮੈਕ ਪੀਣ ਤੋਂ ਵੇਚਣ ਤੱਕ ਦਾ ਸਫਰ ਤੈਅ ਕਰ ਚੁੱਕਾ ਸੀ।ਨਸ਼ਿਆਂ ਦੀ ਰੋਕਥਾਮ ਲਈ ਨਸ਼ੱਈਆਂ ਦਾ ਇਲਾਜ ਮਹੱਤਵਪੂਰਨ ਕੜੀ ਹੈ ਕਿਉਂਕਿ ਪੱਕੇ ਨਸ਼ੱਈ, ਨਸ਼ਿਆਂ ਦੀ ਸਪਲਾਈ ਲਾਈਨ ਟੁੱਟਣ ਨਹੀਂ ਦਿੰਦੇ। ਦੂਸਰਾ ਇਹ ਹਾਲਾਤ ਕਈ ਲੋਕਾਂ ਦੀ ਕਮਾਈ ਦਾ ਸੌਖਾ ਤੇ ਵੱਡਾ ਸਾਧਨ ਬਣੇ ਰਹਿੰਦੇ ਹਨ। ਨਸ਼ੱਈ ਵਿਅਕਤੀ ਦੀ ਕੌਂਸਲਿੰਗ, ਡਾਕਟਰੀ ਇਲਾਜ ਤੇ ਮੁੜ ਵਸੇਬਾ, ਇਸ ਕਿਰਿਆ ਦੇ ਤਿੰਨ ਪੜਾਅ ਹਨ। ਇਸ ਸਮੇਂ ਇਹ ਤਿੰਨੋ ਪੱਖ ਇੱਕ ਦੂਜੇ ਨਾਲੋਂ ਵਧ ਕੇ ਕਮਜ਼ੋਰ ਹਨ। ਨਸ਼ਾ ਛੱਡਣਾ ਇੱਕ ਵੱਡੀ ਘਾਲਣਾ ਹੈ। ਬਹੁਤ ਨੌਜਵਾਨ ਇਹ ਕੋਸ਼ਿਸ਼ ਕਰਕੇ ਫੇਰ ਵਾਪਸ ਮੁੜ ਜਾਂਦੇ ਵੇਖੇ ਗਏ ਹਨ। ਜਦ ਕੋਈ ਨੌਜਵਾਨ ਸਮੈਕ ਪੀਂਦੇ ਫੜੇ ਜਾਂਦੇ ਹਨ ਤਾਂ ਉਨ੍ਹਾਂ ਤੋਂ ਪੁੱਛਿਆ ਜਾਂਦਾ ਹੈ ਕਿ ਹੋਰ ਕਿੰਨੇ ਨੌਜਵਾਨ ਸਮੈਕ ਪੀਂਦੇ ਹਨ ਤਾਂ ਉਹ ਦਸ ਤੋਂ ਵੀਹ ਨੌਜਵਾਨਾਂ ਦੇ ਨਾਮ ਲਿਖਾ ਦਿੰਦੇ ਹਨ, ਥੱਲੇ ਬੈਠੇ, ਉਹ ਕੰਧ ਨਾਲ ਸਿਰ ਲਾ ਕੇ ਇਲਾਜ ਕਰਾਉਣ ਲਈ ਲੇਲ੍ਹੜੀਆਂ ਕੱਢਣ ਲੱਗਦੇ। ਪਿਛਲੇ ਮਹੀਨੇ ਦੌਰਾਨ ਮੇਰੇ ਦਫਤਰ ਵੀਹ ਤੋਂ ਵੱਧ ਨੌਜਵਾਨਾਂ ਨੇ ਇਲਾਜ ਕਰਾਉਣ ਲਈ ਵਾਸਤਾ ਪਾਇਆ, ਪਰ ਸਿਸਟਮ ਤੇ ਸਮਾਜ ਦੀ ਡਾਢੀ ਅਸਮਰੱਥਾ ਮਹਿਸੂਸ ਕੀਤੀ ਗਈ।ਇੱਕ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਲੋੜ ਅਨੁਸਾਰ ਪਰਿਵਾਰ ਦਾ ਇੱਕ ਮੈਂਬਰ ਹਸਪਤਾਲ ਰਹਿਣਾ ਜ਼ਰੂਰੀ ਸੀ, ਪਰ ਉਸ ਪਰਿਵਾਰ ਦੇ ਹਾਲਾਤ ਅਜਿਹੇ ਨਹੀਂ ਸਨ। ਇਸ ਖੇਤਰ ਵਿੱਚ ਬਹੁਤ ਕੰਮ ਕਰਨ ਦੀ ਲੋੜ ਹੈ। ਮਨੁੱਖੀ ਸੇਵਾ ਲਈ ਸਿਰੜ ਦੀ ਭਾਵਨਾ ਰੱਖਣ ਵਾਲੀ ਕਿਸੇ ਗੈਰ-ਸਰਕਾਰੀ ਸੰਸਥਾ ਨੂੰ ਲੰਬਾ ਸਫ਼ਰ ਤਹਿ ਕਰਨਾ ਹੋਵੇਗਾ।ਨਸ਼ਿਆਂ ਵਿਰੁੱਧ ਜਾਗ੍ਰਿਤੀ ਪੈਦਾ ਕਰਨਾ, ਸਭ ਤੋਂ ਵੱਧ ਧਿਆਨ ਦੀ ਮੰਗ ਕਰਦਾ ਹੈ। ਹਰ ਹੀਲਾ ਵਰਤ ਕੇ ਨਵੀਂ ਪੀੜ੍ਹੀ ਨੂੰ ਰੋਕਿਆ ਜਾਵੇ, ਇਹੋ ਪ੍ਰਭਾਵਸ਼ਾਲੀ ਆਧਾਰ ਹੈ। ਨੌਜਵਾਨਾਂ ਨੂੰ ਸਮੈਕ ਦਾ ਪਹਿਲਾ ਸੂਟਾ ਲਾਉਣ ਤੋਂ ਬਚਾ ਲੈਣਾ ਸਮੇਂ ਦੀ ਵੱਡੀ ਲੋੜ ਹੈ। ਖੇਡ ਕਬੱਡੀ, ਜਿੰਮ ਕਲਚਰ, ਡੀ.ਜੇ. ਸਿਸਟਮ ਤੇ ਕਾਲਜ ਬਾਥਰੂਮ ਅਤੀ ਨਾਜ਼ੁਕ ਥਾਵਾਂ ਹਨ। ਪਿਛਲੇ ਢਾਈ ਮਹੀਨਿਆਂ ‘ਚੋਂ ਸਮੈਕ ਪੀਣ ਵਾਲੇ ਪੰਜਾਹ ਤੋਂ ਵੱਧ ਨੌਜਵਾਨਾਂ ਨਾਲ ਰੂ-ਬ-ਰੂ ਹੋਣ ‘ਤੇ ਪਤਾ ਲੱਗਾ ਕਿ ਹਰ ਇੱਕ ਦੀਆਂ ਬਾਂਹਾਂ, ਧੌਣ ਤੇ ਸਰੀਰ ‘ਤੇ ਟੈਟੂ ਉਕਰਾਏ ਹੋਏ ਸਨ। ਸਿਰ ਦੇ ਵਾਲਾਂ ਨੂੰ ਰੰਗ, ਕੰਨਾਂ ਵਿੱਚ ਵਾਲੀਆਂ, ਟੈਟੂ, ਵੱਧ ਭਾਰ, ਟੀ-ਸ਼ਰਟ ਤੇ ਜੀਨਜ਼ ਅਤੇ ਮੋਟਰ ਬਾਈਕ ਨਸ਼ਿਆਂ ਵੱਲ ਸਫਰ ਦੇ ਪੱਕੇ ਸੰਕੇਤ ਹਨ। ਮਾਪਿਆਂ, ਅਧਿਆਪਕਾਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਅਤੇ ਯੂਥ ਕਲੱਬਾਂ ਨੂੰ ਸਾਂਝਾ ਉਪਰਾਲਾ ਕਰਨਾ ਚਾਹੀਦਾ ਹੈ। ਇਸ ਸਮੇਂ ਨਸ਼ਾ ਵੇਚਣ ਵਾਲਿਆਂ ‘ਤੇ ਕੋਈ ਸਮਾਜਿਕ ਦਬਾਓ ਨਹੀਂ ਹੈ। ਪੰਚਾਇਤਾਂ ਤੇ ਮੋਹਤਬਰ ਵਿਅਕਤੀਆਂ ਦੀ ਵੱਡੀ ਜ਼ਿੰਮੇਵਾਰੀ ਹੈ। ਦੀਵਾਲੀ ਤੇ ਗੁਰਪੁਰਬ ਸਾਡੇ ਸਾਂਝੇ ਤਿਉਹਾਰ ਹਨ। ਇਨ੍ਹਾਂ ਵੀਹ ਦਿਨਾਂ ‘ਚ ਨਸ਼ਿਆਂ ਦੀ ਰੋਕਥਾਮ ਵਿਰੁੱਧ ਵਿਸ਼ੇਸ਼ ਯਤਨ ਕਰਨੇ ਚਾਹੀਦੇ ਹਨ। ਦੇਸੀ ਮਹੀਨਿਆਂ ਦਾ ਹਰ ਪਹਿਲਾ ਦਿਨ ਨੌਜਵਾਨਾਂ ਦੀ ਸਾਂਭ-ਸੰਭਾਲ ਨੂੰ ਸਮਰਪਿਤ ਹੋਣਾ ਚਾਹੀਦਾ ਹੈ।ਸਮਾਜਿਕ ਹਾਲਾਤ ਵੀ ਨਸ਼ਿਆਂ ਦਾ ਕਾਰਨ ਬਣਦੇ ਹਨ। ਪ੍ਰਾਈਵੇਟ ਵਿਦਿਆ ਦੇ ਨਿੱਜੀ ਉਦੇਸ਼ਾਂ ਦੀ ਬਹੁਤਾਤ ਤੇ ਅੰਗਰੇਜ਼ੀ ਮਾਧਿਅਮ ਦੇ ਦਬਾਉ ਨੇ ਨੌਜਵਾਨਾਂ ਨੂੰ ਵਿਰਸੇ ਨਾਲੋਂ ਪਿਛਾਂਹ ਖਿੱਚ ਲਿਆ ਹੈ। ਜ਼ਿੰਦਗੀ ਦੇ ਹਰ ਪਹਿਲੂ ਦਾ ਵਪਾਰੀਕਰਨ ਹੋਣ ਲੱਗਾ ਹੈ। ਕਿਰਤ ਤੇ ਸਭਿਆਚਾਰ ਦਾ ਰਸ ਨੌਜਵਾਨਾਂ ਦੇ ਜੀਵਨ ਵਿੱਚੋਂ ਮਨਫੀ ਹੋ ਰਿਹਾ ਹੈ। ਸ਼ਰਾਬ ਦੀ ਬਹੁਤੀ ਵਰਤੋਂ, ਵਿਆਹਾਂ ‘ਤੇ ਫਜ਼ੂਲ ਖਰਚੇ ਪਰਦੇ ਪਿੱਛੇ ਨਸ਼ਿਆਂ ਦਾ ਧਰਾਤਲ ਸਿਰਜ ਰਹੇ ਹਨ। ਮੈਂ ਨੌਜਵਾਨਾਂ ਨੂੰ ਅਕਸਰ ਇਹ ਸਵਾਲ ਪੁੱਛਦਾ ਹਾਂ, ਤੁਸੀਂ ਕੀ ਕੰਮ ਕਰਦੇ ਹੋ, ਕਿਹੜੀ ਖੇਡ ਖੇਡਦੇ ਹੋ, ਕਿਹੜੀ ਕਿਤਾਬ ਪੜ੍ਹਦੇ ਹੋ, ਟੈਲੀਵਿਜ਼ਨ ਦਾ ਕਿਹੜਾ ਪ੍ਰੋਗਰਾਮ ਤੁਹਾਨੂੰ ਪਸੰਦ ਹੈ ਤੇ ਤੁਹਾਡਾ ਰੋਲ ਮਾਡਲ ਕੌਣ ਹੈ। ਉਹ ਹਰ ਪ੍ਰਸ਼ਨ ਨੂੰ ਖਾਲੀ ਛੱਡ ਜਾਂਦੇ ਹਨ। ਅਸੀਂ ਨੌਜਵਾਨਾਂ ਨੂੰ ਯੋਗ ਅਗਵਾਈ ਦੇਣ ਵਿੱਚ ਅਸਫਲ ਹੋਏ ਹਾਂ। ਨੌਜਵਾਨਾਂ ਕੋਲ ਹਾਣ ਦਾ ਰੁਜ਼ਗਾਰ ਨਹੀਂ ਹੈ ਤੇ ਅਸੀਂ ਉਨ੍ਹਾਂ ਨੂੰ ਰੁਜ਼ਗਾਰ ਦੇ ਹਾਣ ਦੇ ਨਹੀਂ ਬਣਾ ਪਾ ਰਹੇ ਹਾਂ। ਪ੍ਰਾਈਵੇਟ ਨੌਕਰੀਆਂ ਕਾਮਿਆਂ ਨੂੰ ਪਾਣੀ ਵਿੱਚ ਡੁਬੋ-ਡੁਬੋ ਕੇ ਵੇਖਦੀਆਂ ਹਨ। ਅਮੀਰ ਲੋਕਾਂ ਦੀ ਪੈਸੇ ਪ੍ਰਤੀ ਲਾਲਸਾ ਨੇ ਆਮ ਬੰਦੇ ਦਾ ਜੀਣਾਂ ਦੁੱਭਰ ਕਰ ਦਿੱਤਾ ਹੈ। ਇਸ ਪੜਾਅ ‘ਤੇ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਨਸ਼ੇ ਕਾਰਨ, ਪੰਜ ਵਰ੍ਹਿਆਂ ਬਾਅਦ ਹੀ ਪਤੀ-ਪਤਨੀ ਦਾ ਇੱਕ ਝਗੜਾ ਪੁਲੀਸ ਵਿਮੈਨ ਸੈੱਲ ਤੱਕ ਆ ਪਹੁੰਚਿਆ। ਪੁੱਛਣ ‘ਤੇ ਉਸ ਨੌਜਵਾਨ ਨੇ ਦੱਸਿਆ ਕਿ ਉਹ ਪ੍ਰਾਈਵੇਟ ਨੌਕਰੀ ਕਰਦਾ ਹੈ। ਉਸ ਦੀ ਤਨਖਾਹ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ ਤੇ ਘਰ ਤੋਂ ਉਸ ਦਾ ਆਉਣ-ਜਾਣ ਦਾ ਕਿਰਾਇਆ ਸੱਠ ਰੁਪਏ ਪ੍ਰਤੀ ਦਿਨ ਹੈ। ਉਸ ਨੌਜਵਾਨ ਦੀ ਵਿਦਿਅਕ ਯੋਗਤਾ, ਰੁਜ਼ਗਾਰ ਦੀ ਕਿਸਮ, ਵੇਤਨ ਦਰ ਅਤੇ ਇਸ ਕਮਾਈ ਦੇ ਬਾਜ਼ਾਰ ਅਤੇ ਸਮਾਜ ਵਿੱਚ ਮੁੱਲ ਨੇ ਉਸ ਨੌਜਵਾਨ ਨੂੰ ਨਿਵਾਣ ਵੱਲ ਮੋੜ ਦਿੱਤਾ ਸੀ। ਸਿਸਟਮ ਨੇ ਨੌਜਵਾਨਾਂ ਨਾਲ ਮੋਤੀਏ ਤੇ ਧਰੇਕ ਦੇ ਫੁੱਲਾਂ ਨੂੰ ਪੈਣ ਤੋਂ ਪਹਿਲਾਂ ਹੀ ਮਰੁੰਡ ਲੈਣ ਵਰਗਾ ਵਰਤਾਉ ਕੀਤਾ ਹੈ। ਅਸੀਂ ਸਾਧਾਰਨ ਹੋਣ ਦਾ ਮਾਣ ਤੇ ਸਹਿਜ ਜ਼ਿੰਦਗੀ ਜੀਣ ਦਾ ਸਲੀਕਾ ਵੀ ਗੁਆ ਚੁੱਕੇ ਹਾਂ। ਇਸ ਦੀ ਲਿਸ਼ਕੋਰ ਜਦ ਨੌਜਵਾਨਾਂ ਦੇ ਚਿਹਰੇ ‘ਤੇ ਪੈਂਦੀ ਹੈ ਤਾਂ ਉਹ ਸ਼ੀਸ਼ੇ ਵਾਂਗ ਤਿੜਕ ਜਾਂਦੇ ਹਨ।ਖੇਤਾਂ ਵਿੱਚ ਕੰਮ ਕਰਦੇ ਕਾਮਿਆਂ ਦੀ ਜੇ ਗਿਣਤੀ ਕਰਾਈ ਜਾਵੇ ਤਾਂ ਪੰਜਾਬੀਆਂ ਅਤੇ ਪੰਜਾਬੀ ਨੌਜਵਾਨਾਂ ਦੀ ਗਿਣਤੀ ਬਹੁਤ ਘਟ ਚੁੱਕੀ ਹੈ। ਇਹ ਗਿਣਤੀ ਸਿਫਰ ਵੱਲ ਵਧ ਰਹੀ ਹੈ। ਨੌਜਵਾਨਾਂ ਨੂੰ ਹਰ ਹੀਲੇ ਹੱਥੀਂ ਕੰਮ ਕਰਨਾ ਚਾਹੀਦਾ ਹੈ,ਮਿਹਨਤ ਹੀ ਮਤਾਬੀ ਰੰਗ ਪੈਦਾ ਕਰ ਸਕਦੀ ਹੈ। ਪੁਰਾਣੀ ਗੱਲ ਹੈ, ਉਦੋਂ ਲੁਧਿਆਣੇ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਟਿੱਬੇ ਹੁੰਦੇ ਸਨ। ਪਿੰਡ ਤੋਂ ਢਾਈ-ਤਿੰਨ ਮੀਲ ਦੂਰ, ਕਾਮੇ ਜਦ ਮੂੰਗਫਲੀ ਪੁੱਟ ਕੇ ਖੇਤਾਂ ਵਿੱਚੋਂ ਵਾਪਸ ਮੁੜਨ ਲੱਗਦੇ ਤਾਂ ਅੱਗ ਬਾਲ ਕੇ ਮੂੰਗਫਲੀ ਦੇ ਤਿੰਨ-ਚਾਰ ਥੱਬੇ ਲੱਟ-ਲੱਟ ਮੱਚਦੀ ਅੱਗ ‘ਤੇ ਸੁੱਟ ਦਿੰਦੇ। ਮੂੰਗਫਲੀਆਂ ਚੁੱਗ ਕੇ ਜੇਬਾਂ ਭਰ ਲੈਂਦੇ। ਇੱਕ ਸਿਆਣੀ ਉਮਰ ਦਾ ਬੰਦਾ ਨੌਜਵਾਨਾਂ ਨੂੰ ਗੁੜ ਦੀ ਇੱਕ-ਇੱਕ ਰੋੜੀ ਵੰਡ ਦਿੰਦਾ। ਮੁੜਦੇ ਹੋਏ ਉਹ ਸਾਈਕਲਾਂ ‘ਤੇ ਚੜ੍ਹਦੇ ਨਹੀਂ ਸਨ, ਹੀਰ ਵਾਰਿਸ ਗਾਉਂਦੇ ਤੁਰੇ ਜਾਂਦੇ। ਰੇਤ ‘ਤੇ ਪਈਆਂ ਕਾਮਿਆਂ ਦੀਆਂ ਪੈੜਾਂ, ਭੁੱਜਦੀ ਮੂੰਗਫਲੀ ਦੀ ਖੁਸ਼ਬੋ, ਆਲ੍ਹਣਿਆਂ ਨੂੰ ਮੁੜਦੇ ਪੰਛੀਆਂ ਦੀਆਂ ਡਾਰਾਂ, ਹੁਣ ਕਦੇ ਕਾਨਿਆਂ ਵਿੱਚ ਦੀ ਹੋ ਕੇ ਸੂਰਜ ਉਂਝ ਛਿਪਿਆ ਵੀ ਨਹੀਂ। ਕੰਮਕਾਰ ਵਿੱਚ ਰੁੱਝਿਆ ਬੰਦਾ ਆਰਥਿਕ, ਸਮਾਜਿਕ, ਸਭਿਆਚਾਰਕ ਤੇ ਰੂਹਾਨੀਅਤ ਜੀਵਨ ਦਾ ਉਤਮ ਨਮੂਨਾ ਹੁੰਦਾ ਹੈ, ਜਦੋਂਕਿ ਨਸ਼ੇ, ਜੁਰਮ, ਗੈਰ-ਸਬੰਧ, ਮੋਟਾਪਾ ਤੇ ਬਿਮਾਰੀਆਂ ਵਿਹਲੇ ਬੰਦੇ ਦੇ ਲੱਛਣ ਹਨ। ਵਿਹਲਾ ਤੇ ਬੇਕਾਰ ਬੰਦਾ ਸਮਾਜਿਕ ਰਿਸ਼ਤਿਆਂ ਦੀ ਬੁੱਕਲ ਤੇ ਸਭਿਆਚਾਰਕ ਨਿੱਘ ਤੋਂ ਵੀ ਵਾਂਝਾ ਰਹਿ ਜਾਂਦਾ ਹੈ। ਡੀ.ਜੇ. ‘ਤੇ ਵੱਜਦੇ ਗਾਣੇ, ਖੁਸ਼ੀਆਂ ਦੇ ਰੰਗਾਂ ਨੂੰ ਫਿੱਕਾ ਤੇ ਰਿਸ਼ਤਿਆਂ ਦੀਆਂ ਤੰਦਾਂ ਨੂੰ ਬੋਦਾ ਕਰੀ ਜਾ ਰਹੇ ਹਨ। ਇੱਕ ਸਮਾਂ ਸੀ ਜਦ ਵਿਆਹ-ਸ਼ਾਦੀ ਸਮੇਂ ਪਿੰਡਾਂ ਦੇ ਬਨੇਰਿਆਂ ‘ਤੇ ਅਜਿਹੇ ਗੀਤ ਗੂੰਜਦੇ ਸਨ: ਸ਼ੁੱਭ ਕਾਜ ਤੇਰਾ ਹੋ ਰਿਹਾ, ਪੁੱਤਰ ਤੂੰ ਕਿਹੜੀ ਕੁੱਖ ਦਾ, ਪੱਤੇ ਵਜਾਵਣ ਤਾਲੀਆਂ, ਹਰ ਡਾਹਣ ਝੂੰਮੇ ਰੁੱਖ ਦਾ। ਪੱਛਮ ਦੇ ਇਕ ਵਿਦਵਾਨ ਅਨੁਸਾਰ, ਤੁਹਾਡੇ ਨੌਜਵਾਨਾਂ ਦੇ ਬੁੱਲ੍ਹਾਂ ‘ਤੇ ਕਿਹੜੇ ਗੀਤ ਨੇ, ਇਹ ਬੋਲ ਸੁਣ ਕੇ ਮੈਂ ਦਸ ਸਕਦਾ ਹਾਂ ਤੁਹਾਡਾ ਭਵਿੱਖ ਕੀ ਹੋਵੇਗਾ।ਨਸ਼ਿਆਂ ਦੇ ਮਨਹੂਸ ਪਰਛਾਵੇਂ, ਲੇਖ ਪੜ੍ਹ ਕੇ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਵਿਅਕਤੀ ਨੇ ਮੈਨੂੰ ਚਿੱਠੀ ਲਿਖੀ, ਮੈਂ ਦਿਨ-ਰਾਤ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਰਹਿੰਦਾਂ। ਠੇਕਾ ਖੁੱਲ੍ਹਦਿਆਂ ਹੀ ਠੇਕੇ ਅੱਗੇ ਖੜ੍ਹਾ ਹੁੰਦਾ। ਪਤਨੀ ਦੋ ਵਾਰ ਰੁੱਸ ਕੇ ਪੇਕੇ ਚਲੀ ਗਈ, ਪਰ ਧੀਆਂ ਦੀ ਮਮਤਾ ਵਸ ਫੇਰ ਵਾਪਸ ਆ ਜਾਂਦੀ। ਅੱਧਿਓਂ ਵੱਧ ਜਾਇਦਾਦ ਮੈਂ ਵੇਚ ਚੁੱਕਾ ਸੀ, ਜਿਗਰ ਦੀ ਬੀਮਾਰੀ ਕਾਰਨ ਮਹੀਨਾ ਸ਼ਹਿਰ ਦੇ ਵੱਡੇ ਹਸਪਤਾਲ ਵਿੱਚ ਦਾਖਲ ਰਿਹਾਂ। ਪੰਦਰਾਂ ਵਰ੍ਹੇ ਪਹਿਲਾਂ ਸਿਆਲਾਂ ਦੀ ਇੱਕ ਸਵੇਰ ਦੀ ਗੱਲ ਹੈ, ਧੁੰਦ ਹਾਲੇ ਲੱਥੀ ਨਹੀਂ ਸੀ। ਮੈਂ ਠੇਕੇ ਗਿਆ ਤਾਂ ਉਨ੍ਹਾਂ ਉਧਾਰ ਬੋਤਲ ਦੇਣ ਤੋਂ ਨਾਂਹ ਕਰ ਦਿੱਤੀ। ਮੈਂ ਵਾਪਸ ਮੁੜਿਆ ਤਾਂ ਦੂਜੇ ਪਾਸਿਓਂ ਮੇਰੀ ਪ੍ਰਾਇਮਰੀ ਸਕੂਲ ‘ਚ ਪੜ੍ਹਦੀ ਧੀ ਵਾਪਸ ਆ ਰਹੀ ਸੀ। ਕੁੱਛ ਦੁੱਖਦਾ, ਤਾਪ ਚੜ੍ਹਿਆ, ਪਰ ਉਹ ਮੂੰਹੋਂ ਕੁਝ ਬੋਲੀ ਨਾ, ਗੋਡਿਆਂ ਭਾਰ ਹੋ ਕੇ ਆਪਣਾ ਚਿਹਰਾ ਉਸ ਦੇ ਚਿਹਰੇ ਦੇ ਬਰਾਬਰ ਕਰਕੇ ਮੈਂ ਪੁੱਛਿਆ, ਪੜ੍ਹਨ ਨੂੰ ਮਨ ਨਹੀਂ ਕਰਦਾ। ਮੈਂ ਉਸ ਦੇ ਸਿਰ ‘ਤੇ ਹੱਥ ਫੇਰਿਆ, ਕਿਤਾਬਾਂ ਨਹੀਂ, ਫੀਸ ਨਹੀਂ, ਸਿਸਕੀਆਂ ਲੈਂਦਿਆਂ ਉਸ ਨੇ ਕਿਹਾ ਸਕੂਲੋਂ ਨਾਮ ਕੱਟਿਆ ਗਿਆ। ਉਸ ਦੀਆਂ ਅੱਖਾਂ ‘ਚੋਂ ਦੋ ਧਤੀਰਾਂ ਫੁੱਟੀਆਂ ਤੇ ਚਿਹਰੇ ਦਾ ਸਫਰ ਤਹਿ ਕਰਕੇ ਚਿੱਟੀਆਂ ਤੇ ਅਸਮਾਨੀ ਰੰਗ ਦੀਆਂ ਛੋਟੀਆਂ-ਛੋਟੀਆਂ ਡੱਬੀਆਂ ਵਾਲੀ ਕਮੀਜ਼ ਨੂੰ ਗਿੱਲਾ ਕਰਨ ਲੱਗੀਆਂ। ਉਹਦਾ ਗਲਾ ਇੰਝ ਗਿੱਲਾ ਹੋ ਗਿਆ ਜਿਵੇਂ ਪਾਣੀ ਦਾ ਅੱਧਾ ਗਿਲਾਸ ਡੋਲਿ੍ਹਆ ਹੋਵੇ। ਮੈਂ ਗਰਦਨ ‘ਤੇ ਹੱਥ ਰੱਖ ਕੇ ਵੇਖਿਆ ਉਸ ਦਾ ਸਰੀਰ ਠੰਢਾ ਸੀਤ ਹੋ ਗਿਆ ਸੀ। ਘਰ ਆ ਕੇ ਮੈਂ ਧੀ ਦੇ ਵਰਦੀ ਵਾਲੇ ਕਮੀਜ਼ ਨੂੰ ਸ਼ਰਾਬ ਛੱਡਣ ਲਈ ਸਿਰੜ ਦਾ ਪ੍ਰਤੀਕ ਮੰਨ ਲਿਆ। ਉਸ ਨੂੰ ਬੈਠਕ ‘ਚੋਂ ਆਪਣੇ ਮੰਜੇ ਸਾਹਮਣੇ ਕਿੱਲੀ ‘ਤੇ ਟੰਗ ਲਿਆ। ਸਰੀਰ ਟੁੱਟਦਾ ਰਿਹਾ, ਟੱਟੀਆਂ ਉਲਟੀਆਂ ਲੱਗੀਆਂ, ਬੁਖਾਰ ਚੜ੍ਹਿਆ, ਉਸ ਕਮੀਜ਼ ਨੂੰ ਮੈਂ ਕਦੇ ਗੁੱਟ ‘ਤੇ ਲਪੇਟ ਲੈਂਦਾ, ਸਿਰ ਦੁੱਖਦਾ ਤਾਂ ਉਸੇ ਨਾਲ ਘੁੱਟ ਕੇ ਮੱਥਾ ਬੰਨ੍ਹ ਲੈਂਦਾ। ਤਰੇਲੀਆਂ ਆਉਂਦੀਆਂ ਮੱਥਾ ਮੁੜ੍ਹਕੇ ਨਾਲ ਭਿੱਜ ਜਾਂਦਾ। ਮੈਂ ਉਸ ਕਮੀਜ਼ ਨਾਲ ਭਾਫ਼ ਦੇਣ ਵਾਂਗ, ਮੱਥਾ ਪੋਲਾ-ਪੋਲਾ ਨੱਪਦਾ ਰਹਿੰਦਾ, ਤਹਿ ਲਾ ਕੇ ਛਾਤੀ ‘ਤੇ ਰੱਖਦਾ ਤਾਂ ਨੀਂਦ ਆ ਜਾਂਦੀ। ਮੇਰੀ ਪਤਨੀ ਨੇ ਮੇਰਾ ਇਲਾਜ ਕਰਾਇਆ। ਉਸ ਦੀ ਧੀ ਅੱਜ ਕਾਲਜ ਵਿਦਿਆਰਥਣ ਹੈ, ਉਸ ਦਾ ਕਮੀਜ਼ ਉਸ ਦੇ ਬਾਬਲ ਲਈ ਅੱਜ ਵੀ ਮਾਰਗ ਦਰਸ਼ਕ ਹੈ। ਉਸ ਦੇ ਬਾਬਲ ਦਾ ਹੰਝੂਆਂ ਭਿੱਜਿਆ ਖਤ ਮੇਰੇ ਲਈ ਮਾਰਗ ਦਰਸ਼ਨ ਹੈ। ਦੁੱਖ ਦੀ ਚੋਟ ‘ਤੇ ਧੀਆਂ ਦਾ ਪਿਆਰ, ਨਸ਼ਿਆਂ ਦੇ ਬਿਖੜੇ ਪੈਂਡਿਆਂ ਤੋਂ ਵਾਪਸ ਮੁੜ ਆਉਣ ਲਈ ਵੱਡੀ ਸੰਭਾਵਨਾ ਰੱਖਦੇ ਹਨ।(ਸੀਨੀਅਰ ਜ਼ਿਲ੍ਹਾ ਪੁਲਿਸ ਕਪਤਾਨ ਲੁਧਿਆਣਾ (ਦਿਹਾਤੀ)।)ਸੰਪਰਕ: 98158 00405
Shagan Kataria
ਸ਼ਿਵ ਇੰਦਰ ਜੀ! ਤੂਰ ਸਾਹਿਬ ਨੂੰ ਮੈਂ ਦੋ ਦਫ਼ਾ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ 'ਸੱਜਰੀ ਸਵੇਰ' ਵਿਚ ਨਸ਼ਿਆਂ ਦੇ ਵਿਸ਼ੇ ਬਾਰੇ ਗੱਲਬਾਤ ਕਰਦਿਆਂ ਵੇਖਿਆ ਹੈ। ਇਸ ਵਿਸ਼ੇ ਬਾਰੇ ਇਨ੍ਹਾਂ ਨੂੰ ਬੜੀ ਡੂੰਘੀ ਜਾਣਕਾਰੀ ਤੇ ਗੱਲ ਕਰਨ ਬਾਰੇ ਕਮਾਲ ਦੀ ਮੁਹਾਰਤ ਹਾਸਿਲ ਹੈ। (ਆਮ ਤੌਰ 'ਤੇ ਬਹੁਤ ਘੱਟ ਪੁਲਿਸ ਅਧਿਕਾਰੀ/ਕਰਮਚਾਰੀ ਵੇਖਣ 'ਚ ਆਉਂਦੇ ਨੇ..ਜਿਨ੍ਹਾਂ ਦੀ ਕਿਸੇ ਵਿਸ਼ੇ 'ਤੇ ਅਜਿਹੀ ਗਹਿਰੀ ਪਕੜ ਹੋਵੇ)। ਇਹ ਲੇਖ ਵੀ ਬਹੁਤ ਜਾਣਕਾਰੀ ਤੇ ਖੋਜ ਭਰਪੂਰ ਹੈ। ਸੱਚ ਜਾਣੋ, ਤੂਰ ਸਾਹਿਬ 'ਉਏ', 'ਉਏ' ਤੇ 'ਡੰਡਾ ਖੜਕਾਉਣ' ਵਾਲੇ ਪੁਲਿਸ ਅਧਿਕਾਰੀਆਂ ਦੀ ਕਤਾਰ ਵਿਚ ਨਹੀਂ ਆਉਂਦੇ। ਇਨ੍ਹਾਂ ਕੋਲ ਗੱਲ ਕਹਿਣ ਤੇ ਸੁਣਨ ਦਾ ਸਲੀਕਾ ਹੈ, ਜੋ ਵੇਖਣ/ਸੁਣਨ ਵਾਲੇ ਨੂੰ ਮੋਹ ਲੈਂਦਾ ਹੈ। ਮੇਰੀ ਸਮਝ ਹੈ ਕਿ ਜੇ ਸਾਰੇ ਹੀ ਪੁਲਿਸ ਅਫ਼ਸਰ ਤੂਰ ਸਾਹਿਬ ਵਰਗੇ ਹੋਣ ਤਾਂ ਨਸ਼ਿਆਂ ਦੇ ਸੌਦਾਗਰ ਉਂਝ ਹੀ ਪੰਜਾਬ 'ਚੋਂ ਪੱਤਰੇ ਵਾਚ ਜਾਣਗੇ।