Thu, 21 November 2024
Your Visitor Number :-   7255044
SuhisaverSuhisaver Suhisaver

ਹਿੰਦੀ ਸਿਨੇਮਾ ਜਗਤ ਦੇ ਪਹਿਲੇ ਸੁਪਰ ਸਟਾਰ ਦਾ ਚਲਾਣਾ – ਪ੍ਰੋ. ਐੱਚ.ਐੱਸ. ਡਿੰਪਲ

Posted on:- 22-07-2012

suhisaver

ਦਸ ਦਿਨਾਂ ਦੇ ਅੰਦਰ-ਅੰਦਰ ਪੰਜਾਬ ਦੇ ਦੋ ਅਜਿਹੇ ਕਲਾਕਾਰ ਇਸ ਫਾਨੀ ਸੰਸਾਰ ਨੂੰ ਛੱਡ ਕੇ ਕਿਸੇ ਅਣਦਿਸਦੀ ਦੁਨੀਆਂ ਵਿਚ ਜਾ ਵਸੇ ਹਨ। ਅਜੇ ਕੁਝ ਦਿਨ ਪਹਿਲਾਂ ਉੱਘੇ ਪਹਿਲਵਾਨ ਅਤੇ ਬਾੱਲੀਵੁੱਡ ਦੇ ਸੁਪ੍ਰਸਿੱਧ ਨਾਇਕ ਸ੍ਰ: ਦਾਰਾ ਸਿੰਘ ਦਾ ਵਿਛੋੜੇ ਕਰਕੇ ਸਿਨੇਮਾ-ਪ੍ਰੇਮੀਆਂ ਅਤੇ ਖੇਡ-ਆਸ਼ਕਾਂ ਦੀਆਂ ਅੱਖਾਂ ਨਮ ਹੀ ਸਨ, ਕਿ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿਖੇ 29 ਦਸੰਬਰ, 1942 ਨੂੰ ਜੰਮੇ ਸ੍ਰੀ ਰਾਕੇਸ਼ ਖੰਨਾ ਜਿਨ੍ਹਾਂ ਨੇ ਹਿੰਦੀ ਸਿਨੇ-ਜਗਤ ਨੂੰ 163 ਫ਼ਿਲਮਾਂ ਦਿੱਤੀਆਂ, ਜਿਨ੍ਹਾਂ ਵਿਚੋਂ 128 ਵਿਚ ਉਨ੍ਹਾਂ ਦੀ ਭੁਮਿਕਾ ਮੁੱਖ ਨਾਇਕ ਦੀ ਸੀ, ਕੁਝ ਦਿਨ ਬੀਮਾਰ ਰਹਿਣ ਬਾਅਦ ਕੱਲ੍ਹ ਬੁੱਧਵਾਰ ਦੇ ਦਿਨ (18 ਜੁਲਾਈ, 2012) ਗੁਰਦਾ ਫੇਲ੍ਹ ਹੋਣ ਕਰਕੇ ਅਕਾਲ ਚਲਾਣਾ ਕਰ ਗਏ।

 ਸ੍ਰੀ ਰਾਜੇਸ਼ ਖੰਨਾ ਦਾ ਬਚਪਨ ਦਾ ਨਾਮ ਜਤਿਨ ਖੰਨਾ ਸੀ। ਉਸਦੇ ਮਾਪਿਆਂ ਦੇ ਰਿਸ਼ਤੇਦਾਰਾਂ ਨੇ ਛੋਟੀ ਉਮਰੇ ਉਸ ਨੂੰ ਮੁਤਬੰਨਾ ਬਣਾ ਲਿਆ ਸੀ, ਅਤੇ ਉਹ ਗੜਗਾਉਂ ਨੇੜੇ ਠਾਕਰ-ਦੁਆਰ ਵਿਖੇ ਪਲਿਆ-ਪੜ੍ਹਿਆ। ਉਸ ਨੇ ਗੀਰਗਾਉਂ ਦੇ ਸੇਂਟ ਸਬੇਸਟੀਅਨ ਹਾਈ ਸਕੂਲ ਵਿਚ ਰਵੀ ਕਪੂਰ (ਫ਼ਿਲਮ ਅਦਾਕਾਰ ਜਿਤੇਂਦਰ) ਨਾਲ ਹੀ ਸਿੱਖਿਆ ਹਾਸਲ ਕੀਤੀ। ਦੋਵਾਂ ਦੀਆਂ ਮਾਵਾਂ ਗੂੜ੍ਹੀਆਂ ਸਹੇਲੀਆਂ ਸਨ। ਬਾਅਦ ਵਿਚ ਦੋਵੇਂ ਨਾਟਕ ਖੇਡਣ ਲੱਗੇ ਅਤੇ ਅੰਤਰ-ਕਾਲਜ ਨਾਟਕ ਮੁਕਾਬਲਿਆਂ ਵਿਚ ਆਪਣੀ ਕਲਾ ਦੇ ਜ਼ੋਹਰ ਵਿਖਾਉਣ ਲੱਗੇ। ਦੋਹਾਂ ਨੇ ਬਾਅਦ ਵਿਚ ਕਿਸ਼ਨਚੰਦ ਛੇਲਾਰਾਮ ਕਾਲਜ ਵਿਚ ਦਾਖ਼ਲਾ ਲਿਆ, ਅਤੇ ਜਤਿਨ ਨੇ ਹੀ ਰਵੀ ਨੂੰ ਕਲਾਤਮਕ ਗੁੜ੍ਹਤੀ ਦਿੱਤੀ ਅਤੇ ਫਿਰ ਮੁੰਬਈ ਵਿਚ ਜਾਣ ਦੀ ਪ੍ਰੇਰਨਾ ਦਿੱਤੀ।



 ਸਮੇਂ ਬਾਅਦ ਰਾਜੇਸ਼ ਖੰਨਾ ਵੀ ਮੁੰਬਈ ਚਲਾ ਗਿਆ। 1960-70 ਦੇ ਦੌਰ ਵਿਚ ਪਹਿਲਾਂ ਤਾਂ ਰਾਜੇਸ਼ ਫੈਸ਼ਨ ਡਿਜ਼ਾਈਨਰ ਅਤੇ ਅਦਾਕਾਰ ਅੰਜੂ ਮਹੇਂਦਰੂ ਦੇ ਪਿਆਰ ਵਿਚ ਪਾਗਲ ਹੋ ਗਿਆ, ਇਹ ਰਿਸ਼ਤਾ 7 ਸਾਲ ਚੱਲਿਆ। ਫਿਰ ਜਦੋਂ ਡਿੰਪਲ ਕਪਾਡੀਆ ਦੀ ਫ਼ਿਲਮ ਬਾੱਬੀ ਹਿੱਟ ਹੋਈ ਤਾਂ ਰਾਜੇਸ਼ ਡਿੰਪਲ ਨੂੰ ਚਾਹੁਣ ਲੱਗਾ ਅਤੇ ਦੋਹਾਂ ਦਾ ਮਾਰਚ, 1973 ਵਿਚ ਵਿਆਹ ਹੋਇਆ। ਦੋ ਲੜਕੀਆਂ ਟਵਿੰਕਲ ਅਤੇ ਰਿੰਕੀ ਖੰਨਾ ਨੇ ਜਨਮ ਲਿਆ। ਫਿਰ 1984 ਵਿਚ ਦੋਵੇਂ ਵੱਖ-ਵੱਖ ਹੋ ਗਏ, ਪਰ ਕਾਨੂੰਨੀ ਤੌਰ ਤੇ ਕੋਈ ਲਿਖਤ-ਪੜ੍ਹਤ ਨਹੀਂ ਸੀ ਹੋਈ। ਰਾਜੇਸ਼ ਦਾ ਝੁਕਾਅ ਟੀਨਾ ਮੁਨੀਮ ਵੱਲ ਹੋ ਗਿਆ। ਜਦੋਂ ਟੀਨਾ ਉਚੇਰੀ ਪੜ੍ਹਾਈ ਲਈ ਫ਼ਿਲਮ ਦੁਨੀਆਂ ਛੱਡ ਕੇ ਵਿਦੇਸ਼ ਚਲੀ ਗਈ, ਤਾਂ ਰਾਜੇਸ਼ ਤੇ ਡਿੰਪਲ ਵਿਚਕਾਰ ਸੁਲ੍ਹਾ ਹੋ ਗਈ। ਵੱਡੀ ਬੇਟੀ ਟਵਿੰਕਲ ਸਾਬਕਾ ਫ਼ਿਲਮ ਅਦਾਕਾਰ ਹੈ ਅਤੇ ਅਕਸ਼ੈ ਕੁਮਾਰ ਨਾਲ ਵਿਆਹੀ ਹੈ, ਜਦੋਂ ਕਿ ਛੋਟੀ ਰਿੰਕੀ ਵੀ ਇਕ ਅਦਾਕਾਰਾ ਰਹਿਣ ਬਾਅਦ, ਲੰਡਨ ਵਿਚ ਨਿਵੇਸ਼ਕ ਸਮੀਰ ਸਰਨ ਨਾਲ ਸ਼ਾਦੀ ਦੇ ਬੰਧਨ ਵਿਚ ਬੰਨੀ ਹੈ।

1965 ਵਿੱਚ ਸੰਯੁਤਕ ਨਿਰਮਾਤਾ ਅਤੇ ਫ਼ਿਲਮ-ਫੇਅਰ ਵਲੋਂ ਇਕ ਸਰਬ-ਭਾਰਤੀ ਹੁਨਰ-ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ 10,000 ਉਮੀਦਵਾਰਾਂ ਨੇ ਭਾਗ ਲਿਆ, ਅਤੇ ਇਨ੍ਹਾਂ ਵਿਚੋਂ 8 ਦੇ ਨਾਮ ਫਾਈਨਲ ਕੀਤੇ ਗਏ, ਜਿਨ੍ਹਾਂ ਵਿਚੋਂ ਫਿਰ ਅਦਾ ਅਤੇ ਕਲਾ ਦੇ ਜ਼ੋਰ ਤੇ ਰਾਜੇਸ਼ ਖੰਨਾ ਪਹਿਲੇ ਨੰਬਰ ਤੇ ਰਿਹਾ ਅਤੇ ਉਸਨੂੰ 1966 ਵਿਚ ਚੇਤਨ ਆਨੰਦ ਦੁਆਰਾ ਨਿਰਦੇਸ਼ਤ ਫ਼ਿਲਮ "ਆਖ਼ਰੀ ਖ਼ਤ" ਵਿਚ ਕੰਮ ਕਰਨ ਦਾ ਮੌਕਾ ਦਿੱਤਾ ਗਿਆ ਜਿਸ ਬਾਅਦ ਉਹ ਰਾਜ਼ (ਰਾਵਿੰਦਰ ਦਬੇ) ਫ਼ਿਲਮ ਮਿਲੀ। ਦੋਵੇਂ ਫ਼ਿਲਮਾਂ ਹੀ ਉਪਰੋਕਤ ਮੁਕਾਬਲੇ ਜਿੱਤਣ ਦੇ ਇਵਜ਼ ਵਿਚ ਮਿਲੀਆਂ ਸਨ। ਰਾਜੇਸ਼ ਨੇ ਆਪਣੀ ਚੋਣ ਸਹੀ ਸਾਬਤ ਕੀਤੀ ਅਤੇ ਦੋਵੇਂ ਫ਼ਿਲਮਾਂ ਹਿੱਟ ਰਹੀਆਂ। ਆਖ਼ਰੀ ਖ਼ਤ ਫ਼ਿਲਮ ਨੇ ਬਾੱਲੀਵੁੱਡ ਵਿਚ ਸਫ਼ਲਤਾ ਦੇ ਝੰਡੇ ਗੱਡ ਦਿੱਤੇ ਅਤੇ ਛੇਤੀ ਹੀ ਰਾਜੇਸ਼ ਖੰਨਾ ਸਭ ਦੀਆਂ ਅੱਖਾਂ ਦਾ ਤਾਰਾ ਅਤੇ ਮਹਿਬੂਬ ਸਿਤਾਰਾ ਬਣ ਗਿਆ। ਇਸ ਬਾਅਦ ਉਸ ਨੇ ਅਰਾਧਨਾ ਵਿੱਚ ਸ਼ਰਮੀਲਾ ਟੈਗੋਰ ਅਤੇ ਫਰੀਦਾ ਜਲਾਲ ਨਾਲ ਪਿਤਾ-ਪੁੱਤਰ ਦੀ ਦੋਹਰੀ ਭੁਮਿਕਾ ਅਦਾ ਕੀਤੀ ਅਤੇ ਹਿੰਦੀ ਸਿਨੇ-ਜਗਤ ਦੇ ਪਹਿਲੇ ਸੁਪਰ-ਸਟਾਰ ਦਾ ਰੁਤਬਾ ਹਾਸਲ ਕੀਤਾ। ਇਸ ਫ਼ਿਲਮ ਨਾਲ ਉਸਦੀ ਕਿਸ਼ੋਰ ਕੁਮਾਰ (ਗਾਇਕ ਵਜੋਂ) ਨਾਲ ਜੋੜੀ ਜੰਮੀ। 1971 ਵਿਚ ਹਾਥੀ ਮੇਰੇ ਸਾਥੀ ਸੁਪਰਹਿੱਟ ਰਹੀ। ਰਾਜੇਸ਼ ਖੰਨਾ ਨੇ ਇਸ ਫ਼ਿਲਮ ਲਈ ਸਲੀਮ ਖਾਨ (ਸਲਮਾਨ ਖਾਨ ਦਾ ਪਿਤਾ) ਅਤੇ ਜਾਵੇਦ ਅਖਤਰ ਤੋਂ ਵਾਰਤਾਲਾਪ ਲਿਖਾਏ।

 ਰਾਜੇਸ਼ ਖੰਨਾ ਨੇ ਮੁਮਤਾਜ ਨਾਲ ਅੱਠ ਸਫ਼ਲ ਫ਼ਿਲਮਾਂ ਦਿੱਤੀਆਂ। ਦੋਹਾਂ ਦੀ ਜੋੜੀ ਆਪ ਕੀ ਕਸਮ, ਰੋਟੀ ਅਤੇ ਪ੍ਰੇਮ ਕਹਾਣੀ ਵਿਚ ਖੁਬ ਪ੍ਰਸਿੱਧ ਹੋਈ। ਰਾਜੇਸ਼ ਖੰਨਾ ਦੇ ਪ੍ਰਸੰਸਕਾਂ ਦੀ ਗਿਣਤੀ ਲੱਖਾਂ ਵਿਚ ਸੀ। ਮੁਮਤਾਜ ਨੇ ਆਪਣੀ ਇਕ ਮੁਲਾਕਾਤ ਵਿਚ ਦੱਸਿਆ ਕਿ ਇਕ ਵਾਰ ਮਦਰਾਸ (ਹੁਣ ਚੇਨਈ) ਵਿਚ ਇਕ ਹੋਟਲ ਦੇ ਬਾਹਰ ਛੇ-ਸੱਤ ਸੌ ਕੁੜੀਆਂ ਰਾਜੇਸ਼ ਖੰਨਾ ਦੀ ਇਕ ਝਲਕ ਪਾਉਣ ਲਈ ਆ ਗਈਆਂ ਸਨ, ਜਦੋਂ ਉਨ੍ਹਾਂ ਨੂੰ ਉਸਦੇ ਉਥੇ ਪਹੁੰਚਣ ਬਾਰੇ ਪਤਾ ਲੱਗਾ ਸੀ। ਰਾਜੇਸ਼ ਖੰਨਾ ਨੂੰ ਆਰæਕੇæ ਜਾਂ ਕਾਕਾ ਵੀ ਆਖਿਆ ਜਾਂਦਾ ਹੈ। ਉਸਦੀ ਡਾਇਲਾਗ ਡਲੀਵਰੀ ਅਤੇ ਅਦਾਇਗੀ ਦਾ ਵਿਲੱਖਣ ਅੰਦਾਜ਼ ਕਾਮੇਡੀਅਨਾਂ ਵਲੋਂ ਅਕਸਰ ਨਕਲ ਕੀਤਾ ਜਾਂਦਾ ਹੈ। ਬੰਬੇ ਟੂ ਗੋਆ ਫ਼ਿਲਮ ਵਿਚ ਮਹਿਮੂਦ ਨੇ ਰਾਜੇਸ਼ ਅਤੇ ਖੰਨਾ ਨਾਂ ਦੇ ਬੱਸ ਡਰਾਈਵਰ ਅਤੇ ਕੰਡਕਟਰ ਰਾਹੀਂ ਮਜ਼ਾਹੀਆ ਰੂਪ ਵਿਚ ਰਾਜੇਸ਼ ਖੰਨਾ ਦੀ ਅਦਾਇਗੀ ਦੀ ਨਕਲ ਕੀਤੀ। 1976-1978 ਦੇ ਸਮੇਂ ਦੌਰਾਨ ਰਾਜੇਸ਼ ਖੰਨਾ ਨੇ 4 ਹਿੱਟ ਫ਼ਿਲਮਾਂ ਦਿੱਤੀਆਂ, ਅਤੇ 9 ਸਧਾਰਣ ਦਰਜੇ ਦੀਆਂ ਫ਼ਿਲਮਾਂ। ਇਨ੍ਹਾਂ 9 ਵਿਚੋਂ 7 ਫ਼ਿਲਮਾਂ ਨੂੰ ਬਾਅਦ ਵਿਚ ਫ਼ਿਲਮ ਆਲੋਚਕਾਂ ਨੇ ਚੋਟੀ ਦੀਆਂ ਫ਼ਿਲਮਾਂ ਆਖਿਆ। ਇਨ੍ਹਾਂ ਵਿਚ ਮਹਿਬੂਬਾ, ਬੁੰਦੇਲ ਬਾਜ਼, ਤਿਆਗ, ਪਲਕੋਂ ਕੀ ਛਾਓਂ ਮੇਂ, ਨੌਕਰੀ, ਚੱਕਰਵਿਯੂ, ਜਨਤਾ ਹਵਾਲਦਾਰ ਸ਼ਾਮਲ ਹਨ, ਜਿਨ੍ਹਾਂ ਨੂੰ ਸ਼ਕਤੀ ਸਾਮੰਤ, ਸ਼ੱਮੀ ਕਪੂਰ, ਦੀਨ ਦਿਆਲ ਸ਼ਰਮਾ, ਮੀਰਾਜ, ਰਿਸ਼ੀਕੇਸ਼ ਮੁਕਰਜੀ, ਬਾਸੂ ਚੈਟਰਜਕੀ ਅਤੇ ਮਹਿਮੂਦ ਅਲੀ ਜਿਹੇ ਮੰਝੇ ਹੋਏ ਨਿਰਦੇਸ਼ਕਾਂ ਨੇ ਨਿਰਦੇਸ਼ਤ ਕੀਤਾ ਸੀ। 1979-1991 ਦੇ ਕਾਲ ਦੌਰਾਨ ਰਾਜੇਸ਼ ਖੰਨਾ ਨੇ ਅਮਰਦੀਪ, ਫਿਰ ਵੋਹੀ ਰਾਤ, ਬੰਦਿਸ਼, ਥੋੜੀ ਸੀ ਬੇਵਫਾਈ, ਦਰਦ, ਕੁਦਰਤ, ਅਸ਼ਾਂਤੀ, ਧਨਵਾਨ, ਅਵਤਾਰ, ਸੌਤਨ, ਜਾਨਵਰ, ਆਜ ਕਾ ਐਮ ਐਲ ਏ, ਰਾਮ ਅਵਤਾਰ, ਸ਼ਤਰੂ, ਇਨਸਾਫ਼ ਮੈਂ ਕਰੂੰਗਾ, ਅਨੋਖਾ ਰਿਸ਼ਤਾ, ਨਜ਼ਰਾਨਾ, ਅੰਗਾਰੇ, ਅਧਿਕਾਰ, ਅੰਮ੍ਰਿਤ, ਅਵਾਮ, ਬਾਬੂ ਅਤੇ ਹਮ ਦੋਨੋ ਜਿਹੀਆਂ ਪ੍ਰਸਿੱਧ ਫ਼ਿਲਮਾਂ ਦਿੱਤੀਆਂ। 1992 ਬਾਦ ਉਸ ਨੇ ਲਗਭਗ 10 ਫ਼ਿਲਮਾਂ ਦਿੱਤੀਆਂ, ਜਿਨ੍ਹਾਂ ਵਿਚੋਂ ਖੁਦਾਈ (1994), ਆ ਅਬ ਲੌਟ ਚਲੇਂ (1999) ਅਤੇ ਕਿਆ ਦਿਲ ਨੇ ਕਹਾ (2002) ਨੇ ਕੁਝ ਚਰਚਾ ਹਾਸਲ ਕੀਤੀ।

 ਰਾਜੇਸ਼ ਖੰਨਾ ਨੇ ਤਿੰਨ ਵਾਰ ਫ਼ਿਲਮ ਫੇਅਰ ਦਾ ਬੈਸਟ ਅਦਾਕਾਰ ਦਾ ਐਵਾਰਡ ਹਾਸਲ ਕੀਤਾ, ਭਾਵੇਂ ਕਿ ਉਹ ਇਸ ਵੱਕਾਰੀ ਸਨਮਾਨ ਲਈ 14 ਵਾਰ ਨਾਮਜ਼ਦ ਕੀਤੇ ਗਏ। ਉਨ੍ਹਾਂ ਨੇ ਸਰਵੋਤਮ ਹਿੰਦੀ ਅਦਾਕਾਰ ਦਾ ਬਫ਼ਜਾ ਐਵਾਰ ਸਭ ਤੋਂ ਵੱਧ ਵਾਰ (ਚਾਰ) ਜਿੱਤ ਕੇ ਰਿਕਾਰਡ ਕਾਇਮ ਕੀਤਾ ਅਤੇ ਇਸ ਲਈ ਉਨ੍ਹਾਂ ਨੂੰ 25 ਨਾਮਜ਼ਦਗੀਆਂ ਹਾਸਲ ਹੋਈਆਂ। 1991 ਵਿਚ ਉਨ੍ਹਾਂ ਨੂੰ ਫ਼ਿਲਮ ਜਗਤ ਵਿਚ 25 ਸਾਲ ਪੂਰੇ ਕਰਨ ਤੇ ਫ਼ਿਲਮ ਫੇਅਰ ਵਿਸ਼ੇਸ਼ ਇਨਾਮ ਦਿੱਤਾ ਗਿਆ, ਜਦੋਂ ਕਿ 2005 ਵਿਚ ਉਨ੍ਹਾਂ ਨੂੰ ਫ਼ਿਲਮ-ਫੇਅਰ ਵਲੋਂ ਹੀ ਲਾਈਫ-ਟਾਈਮ ਅਚੀਵਮੈਂਟ ਇਨਾਮ ਨਾਲ ਸਨਮਾਨਤ ਕੀਤਾ ਗਿਆ। ਉਸਦੇ ਰਿਹਾਇਸ਼ੀ ਬੰਗਲੇ ਦਾ ਨਾਮ ਆਸ਼ੀਰਵਾਦ ਸੀ।

 ਕਿਸੇ ਜ਼ਮਾਨੇ ਨੌਜਵਾਨ ਲੜਕੀਆਂ ਦੇ ਦਿਲਾਂ ਦੀ ਧੜਕਣ ਵਜੋਂ ਜਾਣੇ ਜਾਂਦੇ ਰਾਜੇਸ਼ ਖੰਨਾ ਨੇ ਆਪਣਾ ਫ਼ਿਲਮੀ ਸਫ਼ਰ 1966 ਵਿਚ ਆਖ਼ਰੀ ਖ਼ਤ ਫ਼ਿਲਮ ਨਾਲ ਆਰੰਭ ਕੀਤਾ, ਅਤੇ ਫਿਰ ਰਾਜ਼, ਬਹਾਰੋਂ ਕੇ ਸਪਨੇ, ਇਤਫ਼ਾਕ ਅਤੇ ਅਰਾਧਨਾ ਜਿਹੀਆਂ ਅਤਿ-ਲੋਕਪ੍ਰਿਅ ਫ਼ਿਲਮਾਂ ਵਿਚ ਯਾਦਗਾਰੀ ਭੁਮਿਕਾਵਾਂ ਨਿਭਾ ਕੇ ਚਰਚਾ ਵਿਚ ਆਏ। ਉਨ੍ਹਾਂ ਵਲੋਂ ਆਨੰਦ ਫ਼ਿਲਮ ਵਿਚ ਕੈਂਸਰ ਦੇ ਸ਼ਿਕਾਰ ਇਕ ਅਜਿਹੇ ਨੌਜਵਾਨ ਦੀ ਭੁਮਿਕਾ ਅਦਾ ਕੀਤੀ ਗਈ ਹੈ, ਜਿਸ ਦਾ ਜੀਵਨ ਸਿਰਫ਼ 6 ਮਹੀਨੇ ਹੈ, ਪਰ ਇਨ੍ਹਾਂ 6 ਮਹੀਨਿਆਂ ਨੂੰ ਉਹ ਕਿਸ ਤਰ੍ਹਾਂ ਹੱਸ-ਖੇਡ ਕੇ ਗੁਜ਼ਾਰਦਾ ਹੈ, ਅਤੇ ਉਸਦਾ ਹਾਸਾ, ਮੁਸਕਰਾਹਟ ਅਤੇ ਬੋਲ ਦਰਸ਼ਕ ਦੇ ਦਿਲ-ਮਨ ਵਿਚ ਅਸ਼ਾਂਤੀ ਦਾ ਵਾਤਾਵਰਣ ਸਿਰਜਦੇ ਹਨ। ਇਹ ਫ਼ਿਲਮ ਸਦੀ ਦੀਆਂ ਗਿਣਤੀ ਦੀਆਂ ਚੋਟੀ ਦੀਆਂ ਫ਼ਿਲਮਾਂ ਵਿਚ ਸ਼ੁਮਾਰ ਹੈ।

 ਰਾਜੇਸ਼ ਖੰਨਾ ਦੇ ਵਿਅਕਤੀਤਵ ਨੂੰ ਸਮਝਣ ਲਈ ਸਾਨੂੰ ਉਨ੍ਹਾਂ ਦੇ ਜੀਵਨ ਨੂੰ ਤਿੰਨ ਭਾਗਾਂ ਵਿਚ ਵੰਡ ਸਕਦੇ ਹਾਂ - ਅਦਾਕਾਰ (1966-2012), ਫ਼ਿਲਮ ਨਿਰਮਾਤਾ (1971-1995), ਰਾਜਨੀਤੀ (1991-1996)। ਅਦਾਕਾਰ ਤਾਂ ਉਹ ਸਦਾ-ਬਹਾਰ ਸਨ, ਇਥੋਂ ਤੱਕ ਕਿ ਮਈ, 2012 ਵਿਚ ਹੀ ਪੱਖੇ ਬਣਾਉਣ ਵਾਲੀ ਹਾਵੇਲਜ਼ ਕੰਪਨੀ ਨੇ ਉਨ੍ਹਾਂ ਨੂੰ ਆਪਣੇ ਸੋਲੋ-ਇਸ਼ਤਿਹਾਰਾਂ ਵਿਚ ਬਰਾਂਡ ਐਮਬੈਸਡਰ ਵਜੋਂ ਲਿਆ।

 ਟੈਲੀਵਿਜ਼ਨ ਵੀ ਉਨ੍ਹਾਂ ਤੋਂ ਅਛੂਤਾ ਨਾ ਰਿਹਾ। ਭਾਵੇਂ ਕਿ ਉਨ੍ਹਾਂ ਦਾ ਅਤਿ-ਚਰਚਿਤ ਟੀ.ਵੀ.ਲੜੀਵਾਰ "ਰਘੂਕਲ ਰੀਤ ਸਦਾ ਚਲੀ ਆਈ" ਬੱਚੇ-ਬੱਚੇ ਦੀ ਜ਼ੁਬਾਨ ਤੇ ਹੈ, ਉਨ੍ਹਾਂ ਭਾਬੀ-ਮਾਂ, ਇਤਫ਼ਾਕ (ਜੀ.ਟੀ.ਵੀ.) ਅਤੇ ਅਪਨੇ ਪਰਾਏ (ਬੀ4ਯੂ ਅਤੇ ਡੀ.ਡੀ.ਮੈਟਰੋ) ਜਿਹੇ ਅਨੇਕਾਂ ਲੜੀਵਾਰਾਂ ਵਿਚ ਕੰਮ ਕੀਤਾ ਅਤੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ।

 ਇਕ ਫ਼ਿਲਮ ਨਿਰਮਾਤਾ ਵਜੋਂ ਉਨ੍ਹਾਂ ਅਲੱਗ-ਅਲੱਗ (1985), ਪੋਲੀਸ ਕੇ ਪੀਛੇ ਪੋਲੀਸ (1989) ਅਤੇ ਜੈ ਸ਼ਿਵ ਸੰਕਰ (1990)ਫ਼ਿਲਮਾਂ ਬਣਾਈਆਂ, ਜਦੋਂ ਕਿ ਇਕ ਸਹਿ-ਨਿਰਮਾਤਾ ਵਜੋਂ ਉਨ੍ਹਾਂ ਮਹਿਬੂਬ ਕੀ ਮਹਿੰਦੀ (1971), ਰੋਟੀ (1974) ਅਤੇ ਬਰਸਾਤ (1985) ਫ਼ਿਲਮਾਂ ਦਾ ਨਿਰਮਾਣ ਕੀਤਾ। ਇਹੀ ਨਹੀਂ ਉਨ੍ਹਾਂ ਬਹਾਰੋਂ ਕੇ ਸਪਨੇ (1967), ਸਫ਼ਰ (1970), ਸ਼ਹਿਜ਼ਾਦਾ, ਅਮਰ ਪ੍ਰੇਮ (1972), ਸੌਤਨ (1983) ਅਤੇ ਅਜਨਬੀ ਫ਼ਿਲਮਾਂ ਵਿਚ ਆਪਣੀ ਪਿਛੋਕੜ ਵਿਚ ਆਵਾਜ਼ ਵੀ ਦਿੱਤੀ। ਰਾਜਨੀਤੀ ਦੇ ਖ਼ੇਤਰ ਵਿਚ ਉਹ ਕਾਂਗਰਸ ਪਾਰਟੀ ਵਲੋਂ ਨਵੀਂ ਦਿੱਲੀ ਹਲਕੇ ਤੋਂ 1992 ਦੀ ਜ਼ਿਮਨੀ ਚੋਣ ਜਿੱਤੇ ਅਤੇ 1996 ਵਿਚ ਆਪਣੀ ਜਿੱਤ ਕਾਇਮ ਰੱਖੀ। ਆਪਣੇ ਰਾਜਸੀ ਕੈਰੀਅਰ ਦੌਰਾਨ ਉਨ੍ਹਾਂ ਅਦਾਕਾਰੀ ਤੋਂ ਪਾਸਾ ਵੱਟੀ ਰੱਖਿਆ ਅਤੇ ਬਾਅਦ ਵਿਚ ਉਹ ਮੁੜ ਮੁੰਬਈ ਨਗਰੀ ਵਿਚ ਸਰਗਰਮ ਤਾਂ ਹੋ ਗਏ, ਪਰ ਉਨ੍ਹਾਂ ਰਾਜਸੀ ਖ਼ੇਤਰ ਵਿਚ ਵੀ ਆਪਣਾ ਕੰਮ ਜਾਰੀ ਰੱਖਿਆ। ਹੁਣੇ ਹੋਈਆਂ ਵਿਧਾਨ ਸਭਾ ਚੌਣਾਂ ਦੌਰਾਨ ਉਨ੍ਹਾ ਪੰਜਾਬ ਵਿਚ ਕਾਂਗਰਸ ਦੇ ਹੱਕ ਵਿਚ ਪ੍ਰਚਾਰ ਕੀਤਾ ਸੀ।

2919, ਪਿਲਕਨ ਸਟਰੀਟ,
ਅਨਾਰਕਲੀ ਬਜ਼ਾਰ, ਜਗਰਾਉਂ (ਪੰਜਾਬ)


Comments

j.p sidhu

good g...

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ