‘ਧਰਤ ਦਾ ਖ਼ਿਆਲ ਰੱਖਦਿਆਂ ਸੰਸਾਰ ਲਈ ਭੋਜਨ ਜੁਟਾਉਣਾ’ -ਜਸਪਾਲ ਸਿੰਘ ਲੋਹਾਮ
Posted on:- 16-10-2014
ਵਿਸ਼ਵ ਭਰ ਵਿੱਚ ਹਰ ਸਾਲ 1945 ਤੋਂ 16 ਅਕਤੂਬਰ ਦਾ ਦਿਨ ਵਿਸ਼ਵ ਭੋਜਨ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। 16 ਅਕਤੂਬਰ 1945 ਵਿੱਚ ਅਮਰੀਕਾ ਦੇ ਖੁਰਾਕ ਤੇ ਖੇਤੀ ਸੰਗਠਨ ਦੀ ਸਥਾਪਨਾ ਦਿਵਸ ਵਜੋਂ ਇਸ ਦੀ ਸ਼ੁਰੂਆਤ ਹੋਈ ਸੀ। 2014 ਦੇ ਭੋਜਨ ਦਿਵਸ ਦਾ ਵਿਸ਼ਾ ਹੈ-ਪਰਿਵਾਰਕ ਖੇਤੀਬਾੜੀ-‘ਧਰਤੀ ਦਾ ਖ਼ਿਆਲ ਰੱਖਦਿਆਂ ਸੰਸਾਰ ਦਾ ਢਿੱਡ ਭਰਨਾ’ ਭਾਰਤ ਵਿਚ ਇਹ ਦਿਵਸ ਸਰਕਾਰੀ, ਗੈਰਸਰਕਾਰੀ ਸੰਸਥਾਵਾਂ ਅਤੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਥਾਵਾਂ ਤੇ ਮਨਾਇਆ ਜਾਂਦਾ ਹੈ। ਭਾਰਤ ਵਿਚ ਖੇਤੀਬਾੜੀ ਮੰਤਰਾਲਾ ਵੱਲੋਂ ਮੁੱਖ ਪ੍ਰੋਗਰਾਮ ਕਰਵਾਇਆ ਜਾਂਦਾ ਹੈ। ਇਸ ਸਬੰਧੀ ਵਿਦਿਆਰਥੀਆਂ ਵੱਲੋਂ ‘‘ਦ ਯਮਨਾ’’ ਨਿਊਜ਼ ਲੈਟਰ ਕੱਢਿਆ ਗਿਆ ਸੀ। ਇਸ ਦਿਨ ਬੱਚਿਆਂ ਦੇ ਪੋਸਟਰ, ਲੇਖ, ਭਾਸ਼ਣ ਅਤੇ ਗੀਤ ਮੁਕਾਬਲੇ ਕਰਵਾਏ ਜਾਂਦੇ ਹਨ। ਸੰਸਾਰ ਵਿਚ ਦੋ ਬਿਲੀਅਨ ਲੋਕ ਭੁੱਖਮਰੀ ਦਾ ਸ਼ਿਕਾਰ ਹਨ। ਕੀਨੀਆ ਦੀ ਹਾਲਤ ਤਰਸਯੋਗ ਹੈ ਅਤੇ ਉਥੇ ਚਾਰ ਪਿੱਛੇ ਇਕ ਭੁੱਖਮਰੀ ਦਾ ਸ਼ਿਕਾਰ ਹਨ। ਭੋਜਨ, ਬਾਲਣ, ਧਨ ਅਤੇ ਮੌਸਮੀ ਤਬਦੀਲੀ ਨੇ ਸੰਕਟਮਈ ਹਾਲਾਤ ਪੈਦਾ ਕਰ ਦਿੱਤੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਇਹ ਕੌਮੀ, ਖੇਤਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ‘‘ਭੁੱਖ ਵਿਰੁੱਧ ਲੜਾਈ’’ ਹੈ ਅਤੇ ਇਹ ਉਪਰਾਲੇ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ।
ਬੀਤੇ ਸਮੇਂ ਅਮਰੀਕਾ ’ਚ 450 ਪ੍ਰਾਈਵੇਟ ਅਤੇ ਕੌਮੀ ਸਵੈਸੇਵੀ ਸੰਸਥਾਵਾਂ ਨੇ ਵਿਸ਼ਵ ਭੋਜਨ ਦਿਵਸ ਮਨਾਇਆ ਅਤੇ ਸੰਸਾਰ ਭਰ ਦੇ ਲੋਕਾਂ ਨੂੰ ਟੈਲੀਵੀਜ਼ਨ ਅਤੇ ਰੇਡਿਓ ਤੇ ਅਪੀਲ ਕੀਤੀ ਅਤੇ ਮੱਦਦ ਕਰਨ ਲਈ ਪ੍ਰੇਰਿਆ। ਗਰੀਬ ਕਿਸਾਨ ਆਰਥਿਕ ਪੱਖੋਂ ਮਾੜੇ ਹਨ ਉਨ੍ਹਾਂ ਕੋਲ ਨਾ ਪੈਸਾ, ਨਾ ਅਨਾਜ, ਨਾ ਖੇਤੀ ਸਗੋਂ ਨਾਂ ਦੇ ਹੀ ਕਿਸਾਨ ਹਨ। ਪਰ ਜੇਕਰ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਤਕੜਾ ਕੀਤਾ ਜਾਵੇ ਤਾਂ ਜੋ ਉਹ ਵਧੇਰੇ ਫ਼ਸਲ ਬੀਜ ਕੇ ਵੱਧ ਕਮਾਈ ਕਰਨ ਤੇ ਆਪਣੇ ਪਰਿਵਾਰ ਨੂੰ ਭੋਜਨ ਦੇਣ ਤੇ ਦੁਨੀਆ ਵਿੱਚ ਵੀ ਅਨਾਜ ਪੁੱਜੇ। ਸੰਸਾਰ ’ਚ ਇਸ ਸਮੇਂ ਦੋ ਅਰਬ ਲੋਕ ਲੁਕਵੀਂ ਭੁਖਮਰੀ ਦਾ ਸ਼ਿਕਾਰ ਹਨ। ਗਰੀਬੀ ਤੇ ਭੁੱਖ ਦਾ ਗੂੜਾ ਰਿਸ਼ਤਾ ਹੈ ਅਤੇ ਇਸ ਗਰੀਬੀ ਦੀ ਮਾਰ ਨੇ ਅਣਗਿਣਤ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ।
ਨੈਸ਼ਨਲ ਫੈਮਲੀ ਹੈਲਥ ਸਰਵੇਖਣ (2005-06) ਅਨੁਸਾਰ ਭਾਰਤ ’ਚ 45.1 ਪ੍ਰਤੀਸ਼ਤ ਬੱਚੇ ਲੋੜ ਨਾਲੋਂ ਘੱਟ ਭਾਰ ਦੇ ਹਨ। ਇਹ ਸੰਸਾਰ ਵਿੱਚ ਸਭ ਤੋਂ ਵੱਧ ਹਨ। ਇਸ ਤੋਂ ਛੁੱਟ 70 ਪ੍ਰਤੀਸ਼ਤ ਬੱਚਿਆਂ ’ਚ ਖੂਨ ਦੀ ਕਮੀ ਪਾਈ ਗਈ ਸੀ। ਭਾਰਤ ਆਪਣੇ ਲੋਕਾਂ ਲਈ ਕਾਫੀ ਭੋਜਨ ਪੈਦਾ ਕਰਦਾ ਹੈ ਅਤੇ ਪਰ ਫਿਰ ਵੀ ਭੋਜਨ ਅਸੁਰੱਖਿਅਤ ਹਨ। ਛੱਤੀਸਗੜ੍ਹ ਕਬਾਇਲੀ ਰਾਜ ਹੈ ਜਿਸ ਦੇ 50 ਫ਼ੀਸਦੀ ਪਿੰਡਾਂ ਦੇ ਲੋਕਾਂ ਨੂੰ ਪੌਸ਼ਟਿਕ ਖੁਰਾਕ ਨਸੀਬ ਨਹੀਂ ਹੈ। ਭਾਰਤ ਦੇ 5 ਸਾਲ ਤੋਂ ਹੇਠਾਂ ਦੇ 43 ਫ਼ੀਸਦੀ ਬੱਚਿਆਂ ਨੂੰ ਪੌਸ਼ਟਿਕ ਖੁਰਾਕ ਦੀ ਘਾਟ ਹੈ। 15-49 ਸਾਲ ਦੀਆਂ ਗਰਭਵਤੀ ਔਰਤਾਂ ਦਾ 50 ਫ਼ੀਸਦੀ ਅਨੀਮੀਆ ਨਾਲ ਪੀੜਤ ਹਨ।
ਕੀਨੀਆ ਦੀ ਹਾਲਤ ਹੋਰ ਵੀ ਮਾੜੀ ਹੈ ਜਿੱਥੇ ਇਕ-ਚੌਥਾਈ ਲੋਕ ਭੁੱਖਮਾਰੀ ਦਾ ਸ਼ਿਕਾਰ ਹਨ ਅਤੇ ਹਰ ਸਾਲ 5 ਮਿਲੀਅਨ ਬੱਚੇ ਭੁੱਖਮਰੀ ਨਾਲ ਮਰ ਜਾਂਦੇ ਹਨ। ਲੋਕਾਂ ਨੂੰ ਸਹੀ ਤਾਕਤਵਰ ਖੁਰਾਕ ਨਾ ਮਿਲਣ ਕਰਕੇ ਸਾਡੇ ਕੋਲ ਹੈਰਾਨੀ ਜਨਕ ਤੱਥ ਸਾਹਮਣੇ ਆਉਂਦੇ ਹਨ । ਬਾਲਾਂ ਦੀ ਗਿਣਤੀ ਅਤੇ ਜੱਚਾ-ਬੱਚਾ ਦਰ ਵਿਚ ਵਾਧਾ ਚਿੰਤਾ ਦਾ ਵਿਸ਼ਾ ਹੈ। ਪੌਸ਼ਟਿਕ ਖੁਰਾਕ ਦੀ ਘਾਟ ਨਾਲ ਬਚਪਨ ਦੇ ਪਹਿਲੇ ਸਮੇਂ ’ਚ ਦਿਮਾਗ ਦਾ ਵਿਕਾਸ ਘੱਟ ਹੁੰਦਾ ਹੈ ਅਤੇ ਸਿੱਖਣ ’ਚ ਅਯੋਗ ਹੁੰਦੇ ਹਨ ਤੇ ਵਿਕਾਸ ਰੁਕ ਜਾਂਦਾ ਹੈ।
ਗਰੀਬੀ ’ਚ ਰਹਿ ਰਹੀਆਂ ਭੁੱਖੀਆਂ ਮਾਵਾਂ ਭੁੱਖੇ ਬੱਚਿਆਂ ਨੂੰ ਜਨਮ ਦਿੰਦੀਆਂ ਹਨ ਅਤੇ ਇਸ ਤਰਾਂ ਗਰੀਬੀ ਚੱਕਰ ਬਣਿਆ ਰਹਿੰਦਾ ਹੈ। ਖੁਰਾਕ ਦੀ ਕਮੀ ਨਾਲ ਬੱਚਿਆਂ ’ਚ ਰੋਗ ਦੀ ਗਿਣਤੀ ਵਧਦੀ ਹੈ ਜਿਸ ਨਾਲ ਸਿੱਧਾ ਅਸਰ ਜਨਤਕ ਸਿਹਤ ਪ੍ਰਬੰਧਾਂ ’ਤੇ ਪੈਂਦਾ ਹੈ। ਤਾਕਤਵਰ ਖੁਰਾਕ ਦੀ ਕਮੀ ਅਤੇ ਅਨਪੜ੍ਹਤਾ ਕਰਕੇ ਟੀ.ਬੀ., ਮਲੇਰੀਆ, ਐਚ.ਆਈ.ਵੀ. ਅਤੇ ਏਡਜ਼ ਫੈਲਦੀ ਹੈ। ਸਰਕਾਰੀ ਸਹੂਲਤਾਂ ਮਿਲਣ ਦੇ ਬਾਵਜੂਦ ਵੀ ਸਥਿਤੀ ’ਚ ਤਬਦੀਲੀ ਨਹੀਂ ਹੋ ਰਹੀ।
ਰੱਜਿਆਂ ਨੂੰ ਸਾਰੀ ਦੁਨੀਆ ਰੱਜੀ ਦਿਸਦੀ ਹੈ ਪਰ ਭੁੱਖ ਦੇ ਸਤਾਏ ਕਿਧਰੇ ਵੀ ਨਹੀਂ ਦਿਸਦੇ ਆਸੇ ਪਾਸੇ ਕਿਤੇ ਵੀ ਨਿਗਾ ਘੁਮਾਕੇ ਦੇਖੋ ਅਤੇ ਗਰੀਬ ਘਰਾਂ ’ਚ ਜਾਉ ਤਾਂ ਤਸਵੀਰ ਸਾਫ ਦਿਸੇਗੀ ਕਿ ਕਈ ਘਰਾਂ ’ਚ ਕਮਾਉਣ ਵਾਲੇ ਨਹੀਂ ਹਨ, ਖਾਣ ਵਾਲੇ ਬਥੇਰੇ ਹਨ ਪਰਿਵਾਰਕ ਮੈਂਬਰ ਇਕ ਡੰਗ ਦੀ ਰੋਟੀ ਨੂੰ ਤਰਸਦੇ ਹਨ ਅਤੇ ਅਗਲੇ ਡੰਗ ਦੀ ਰੋਟੀ ਦੀ ਚਿੰਤਾ ਲੱਗ ਜਾਂਦੀ ਹੈ। ਮਾਣਯੋਗ ਅਦਾਲਤਾਂ ਨੇ ਵੀ ਸਮੇਂ ਦੀਆਂ ਸਰਕਾਰਾਂ ਨੂੰ ਕਈ ਵਾਰ ਹਲੂਣਾ ਦਿੱਤਾ ਅਤੇ ਸੜ੍ਹ ਰਹੇ ਆਨਾਜ ਤੇ ਭੁੱਖ ਨਾਲ ਮਰ ਰਹੇ ਲੋਕਾਂ ਬਾਰੇ ਜਾਣੂੰ ਕਰਵਾਇਆ ਤੇ ਸਰਕਾਰ ਨੂੰ ਕੁੱਝ ਕਰਨ ਲਈ ਕਿਹਾ। ਸਾਰੇ ਨਾਗਰਿਕਾਂ ਕੋਲ ਇਕ ਸਮਾਨ ਘਰ, ਕੱਪੜੇ, ਖਾਧ ਪਦਾਰਥ ਹੋਣ ਤਾਂ ਹੀ ਸਮਾਜ ਵਿੱਚ ਬਰਾਬਰੀ ਆ ਸਕਦੀ ਹੈ।