ਪਰਦੇਸੀਂ ਵੱਸਦੇ ਅਧੇੜ ਪੰਜਾਬੀ -ਅਵਤਾਰ ਸਿੰਘ ਬਿਲਿੰਗ
Posted on:- 15-10-2014
ਪੰਜ ਸਾਲ ਪਹਿਲਾਂ ਮੇਰੇ ਇੱਕ ਬਹੱਤਰ ਸਾਲਾ ਅਧਿਆਪਕ ਨੂੰ ਪੰਜਾਬ ਦੀ ਮਿੰਨੀ ਬੱਸ ਦੇ ਕਿਸੇ ਕੰਡਕਟਰ ਨੇ ‘ਬਾਬਾ’ ਆਖ ਦਿੱਤਾ ਸੀ ਤਾਂ ਉਨ੍ਹਾਂ ਬਹੁਤ ਬੁਰਾ ਮਨਾਇਆ ਸੀ। ਉਹ ਸਾਰੇ ਰਾਹ ਕੰਡਕਟਰ ਵੱਲ ਕੌੜੀਆਂ ਨਜ਼ਰਾਂ ਨਾਲ ਦੇਖਦੇ ਰਹੇ ਸਨ। ਮਾਝੇ ਵਿੱਚ ਅੱਜ ਵੀ ਕਿਸੇ ਨੱਬੇ ਸਾਲਾ ਬਜ਼ੁਰਗ ਨੂੰ ‘ਬਾਬਾ’ ਕਹਿ ਦੇਈਏ ਤਾਂ ਉਹ ਵੀ ਘੂਰਦਾ ਹੈ ਪਰ ‘ਬਾਪੂ’ ਅਖਵਾ ਕੇ ਆਨੰਦ-ਪ੍ਰਸੰਨ ਹੋ ਜਾਂਦਾ ਹੈ। ਸਾਡੇ ਉਸ ਇਲਾਕੇ ਦੇ ਲੋਕ ਕਿਸੇ ਨੌਜਵਾਨ ਔਰਤ ਨੂੰ ਜਾਂਦੀ ਦੇਖ ਕੇ ‘ਬੁੱਢੀ ਤੁਰੀ ਜਾ ਰਹੀ’ ਬੇਸ਼ੱਕ ਆਖਦੇ ਹਨ। ਇਹ ਸ਼ਾਇਦ ਸਿੱਖ ਸੱਭਿਆਚਾਰ ਦਾ ਪ੍ਰਭਾਵ ਹੈ ਤਾਂ ਕਿ ਮੰਦਭਾਵਨਾ ਮਨ ਵਿੱਚ ਨਾ ਉਪਜੇ ਪਰ ਅਮਰੀਕਾ ਦੇ ਕੈਲੇਫੋਰਨੀਆ ਵਿੱਚ ਮੈਂ ਅਜੀਬ ਵਰਤਾਰਾ ਦੇਖਿਆ। ਉੱਥੇ ਦੇ ਅਧੇੜ ਉਮਰ ਮਰਦ-ਔਰਤਾਂ ਹੀ ਆਪਣੇ ਆਪ ਨੂੰ ਬੁੜ੍ਹੇ-ਬੁੜ੍ਹੀਆਂ ਕਹਿੰਦੇ ਸੁਣੇ ਹਨ। ਆਮ ਲੋਕਾਂ ਨੇ ਤਾਂ ਕਹਿਣਾ ਹੀ ਹੋਇਆ।
ਜਦੋਂ ਮੈਨੂੰ ਕਿਸੇ ਲਿਹਾਜ਼ੀ ਨੇ ਇਹ ਆਖਿਆ ਕਿ ਗੁਰਦੁਆਰੇ ਜਾ ਕੇ ਤੂੰ ਬੁੜ੍ਹਿਆਂ ਵਿੱਚ ਜਾ ਬੈਠੀਂ ਤਾਂ ਮੈਂ ਤੁਰੰਤ ਪੁੱਛਿਆ, ‘‘ਕੈਲੇਫੋਰਨੀਆ ਵਿੱਚ ਕੀ ਸਿਰਫ਼ ਨੌਜਵਾਨ ਅਤੇ ਬੁੜ੍ਹੇ ਹੀ ਬਾਕੀ ਰਹਿ ਗਏ? ਅਧੇੜ ਉਮਰ ਮਰਦ-ਔਰਤਾਂ ਤੁਸੀਂ ਕਿਧਰ ਤੋਰ ਦਿੱਤੇ?’’
ਅਸਲ ਵਿੱਚ ਸਰਕਾਰ ਵੱਲੋਂ ਇੱਥੇ ਅੱਧੀ ਉਮਰ ਟੱਪੇ ਸੀਨੀਅਰ ਲੋਕਾਂ ਲਈ ਬਹੁਤ ਸਹੂਲਤਾਂ ਹਨ। ਭਾਵੇਂ ਇਹ ਕੈਨੇਡਾ ਜਿੰਨੀਆਂ ਨਹੀਂ ਤਾਂ ਵੀ ਭਾਰਤ ਨਾਲੋਂ ਕਿਤੇ ਬਿਹਤਰ ਹਨ। ਗੁਜ਼ਾਰੇ ਜੋਗੀ ਬੁਢਾਪਾ ਪੈਨਸ਼ਨ, ਖਾਧ-ਖੁਰਾਕ ਅਤੇ ਮੁਫ਼ਤ ਇਲਾਜ ਮਿਲਦਾ ਹੈ। ਛੋਟੇ ਕਸਬਿਆਂ ਵਿੱਚ ਵੀ ਸੀਨੀਅਰ ਸਿਟੀਜ਼ਨ ਹੋਮ ਬਣੇ ਹਨ ਜਿੱਥੇ ਸਰਦ-ਗਰਮ ਹਾਲ ਕਮਰਾ, ਕਸਰਤ ਕਰਨ ਲਈ ਜਿਮ, ਖੇਡ ਕਮਰਾ, ਨਾਚ ਘਰ, ਪੜ੍ਹਨ ਲਈ ਲਾਇਬ੍ਰੇਰੀ ਦੇ ਨਾਲ ਮੁਫ਼ਤ ਚਾਹ-ਕੌਫੀ, ਜੂਸ ਅਤੇ ਬਿਸਕੁਟ, ਡੁਨਟ, ਬਰੈੱਡ ਆਦਿ ਮਿਲਦੇ ਹਨ।
ਜੇ ਕਿਸੇ ਨੇ ਦੁਪਹਿਰ ਦਾ ਭੋਜਨ ਖਾਣਾ ਹੋਵੇ ਤਾਂ ਇੱਕ ਡਾਲਰ ਦੇਣਾ ਪੈਂਦਾ ਹੈ। ਦਿਨ ਵੇਲੇ ਇਹ ਵਿਹਲਾ ਵਕਤ ਗੁਜ਼ਾਰਨ ਲਈ ਚੰਗੀ ਥਾਂ ਹੈ। ਇੱਥੇ ਆਉਣ ਵਾਲੇ ਗੋਰੇ-ਗੋਰੀਆਂ ਨੱਚ-ਟੱਪ, ਗਾ-ਵਜਾ ਜਾਂ ਪੁਸਤਕਾਂ ਪੜ੍ਹ ਕੇ ਵਧੀਆ ਦਿਨ ਲੰਘਾਉਂਦੇ ਹਨ। ਪੰਜਾਬੀਆਂ ਦੀ ਚੋਖੀ ਗਿਣਤੀ ਹੋਣ ਦੇ ਬਾਵਜੂਦ ਇੱਥੇ ਪੰਜਾਬੀ ਪੁਸਤਕਾਂ ਦਾ ਕੋਈ ਪ੍ਰਬੰਧ ਨਹੀਂ ਜਦੋਂਕਿ ਕੈਨੇਡਾ ਵਿੱਚ ਪੰਜਾਬੀ ਕਿਤਾਬਾਂ ਵੀ ਕਾਫ਼ੀ ਮਿਲ ਜਾਂਦੀਆਂ ਹਨ। ਸਾਡੇ ਬੰਦੇ ਦੋ ਟੋਲਿਆਂ ਵਿੱਚ ਬੈਠਦੇ ਹਨ। ਪੜ੍ਹੇ ਲਿਖੇ, ਪੰਜਾਬ ਵਿੱਚੋਂ ਮੁਲਾਜ਼ਮਤਾਂ ਕਰਦੇ ਆਏ ਸ਼ੌਕੀਨ ਆਦਮੀ ਕਮਰੇ ਅੰਦਰ ਮੇਜ਼-ਕੁਰਸੀਆਂ ਮੱਲ ਕੇ ਗਿਆਨ ਚਰਚਾ ਕਰਦੇ ਹਨ ਜਦੋਂਕਿ ਘੱਟ-ਪੜ੍ਹੇ ਲਿਖੇ ਬਾਹਰਲੇ ਬੈਂਚਾਂ ਉਪਰ ਹਵਾ ਹਾਰੇ ਬੈਠ ਕੇ ਆਮ ਜੀਵਨ ਵਿੱਚੋਂ ਦੁੱਖ-ਸੁੱਖ ਫੋਲਦੇ ਹਨ। ਅੰਦਰ ਸਜੇ ਪੰਜਾਬੀ ਆਪਣੇ ਭਾਰਤ ਬਾਰੇ ਪੜ੍ਹੀਆਂ ਖ਼ਬਰਾਂ ਦਾ ਤਬਸਰਾ ਕਰਦੇ ਹਨ। ਪੰਜਾਬ ਜਾਂ ਭਾਰਤ ਦੇ ਹਾਲਾਤ ਸਮਾਜਿਕ-ਆਰਥਿਕ ਹਾਲਾਤ ਆਦਿ ਬਾਰੇ ਖ਼ੂਬ ਬਹਿਸ ਭਖਦੀ ਹੈ। ਦਸ-ਪੰਦਰਾਂ ਜਾਂ ਵੀਹ-ਪੱਚੀ ਸਾਲ ਪਹਿਲਾਂ ਇਧਰ ਪੱਕੇ ਆ ਵੱਸੇ ਇਨ੍ਹਾਂ ਪੰਜਾਬੀਆਂ ਦੀਆਂ ਦਸ ਵਿੱਚੋਂ ਨੌਂ ਖ਼ਬਰਾਂ ਪੰਜਾਬ ਜਾਂ ਭਾਰਤ ਬਾਰੇ ਹੁੰਦੀਆਂ ਹਨ। ਭਾਵੇਂ ਔਲਾਦ ਦੇ ਮੋਹ ਵੱਸ ਇਹ ਵਿਦੇਸ਼ ਵਿੱਚ ਆ ਬੈਠੇ ਹਨ ਪਰ ਇਨ੍ਹਾਂ ਦੀ ਅੰਤਰ ਆਤਮਾ ਸਦਾ ਭਾਰਤ ਵਿੱਚ ਵੱਸਦੀ ਹੈ। ਸੁਫ਼ਨੇ ਹਮੇਸ਼ਾਂ ਭਾਰਤ ਦੇ ਆਉਂਦੇ ਹਨ। ਔਰਤਾਂ ਇੱਥੇ ਨਹੀਂ ਆਉਂਦੀਆਂ ਪਰ ਹਰ ਵਾਰਡ ਵਿੱਚ ਬਣੀ ਮੀਲ ਸਵਾ ਮੀਲ ਗੋਲ ਘੇਰੇ ਵਾਲੀ ਪਾਰਕ ਵਿੱਚ ਸੈਰ ਕਰਦੀਆਂ ਹਨ। ਆਦਮੀ ਇੱਥੇ ਤਾਸ਼ ਖੇਡਦੇ ਜਾਂ ਗੱਪ-ਸ਼ੱਪ ਮਾਰਦੇ ਹਨ ਤੇ ਬੀਬੀਆਂ ਅਲੱਗ ਟੋਲੀਆਂ ਵਿੱਚ ਬਹਿ ਕੇ ਪਰਿਵਾਰ ਚਰਚਾ ਕਰਦੀਆਂ, ਆਪਣੇ ਮਨ ਫੋਲਦੀਆਂ ਜਾਂ ਤੀਜੀ ਪੀੜ੍ਹੀ ਦੇ ਬੱਚਿਆਂ ਨੂੰ ਖਿਡਾਉਂਦੀਆਂ ਹਨ।
ਇਨ੍ਹਾਂ ਵਿੱਚੋਂ ਬਹੁਗਿਣਤੀ ਆਪਣੇ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਨੂੰ ਖਿਡਾਉਣ-ਪਾਲਣ ਲਈ ਸੱਦੀ ਜਾਂਦੀ ਹੈ ਕਿਉਂਕਿ ਕੰਮ ਉੱਤੇ ਜਾਣ ਵਾਲੇ ਧੀਆਂ-ਪੁੱਤਰਾਂ ਕੋਲੋਂ ਜੁਆਕਾਂ ਦੀ ਸੰਭਾਲ ਨਹੀਂ ਕੀਤੀ ਜਾ ਸਕਦੀ। ਅਜਿਹੇ ਵਿਅਕਤੀਆਂ ਦੀ ਭਾਰਤੀ ਭਾਸ਼ਾ ਅਤੇ ਸੱਭਿਆਚਾਰ ਦੇ ਇੱਥੇ ਪਨਪਣ ਵਿੱਚ ਵਿਸ਼ੇਸ਼ ਦੇਣ ਹੈ। ਇਨ੍ਹਾਂ ਅਧੇੜ ਉਮਰ ਲੋਕਾਂ ਕਾਰਨ ਹੀ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਮਰਿਆਦਾ ਇੱਥੇ ਸਲਾਮਤ ਹੈ ਅਤੇ ਤੀਜੀ ਪੀੜ੍ਹੀ ਤੱਕ ਸੰਚਾਰ ਕਰਦੀ ਹੈ। ਇਸ ਕਾਰਨ ਬਹੁਗਿਣਤੀ ਪੰਜਾਬੀ ਖ਼ੁਸ਼ ਹਨ ਅਤੇ ਪੰਜਾਬੀ ਸਿੱਖਦੇ ਜੁਆਕਾਂ ਉੱਤੇ ਮਾਣ ਮਹਿਸੂਸ ਕਰਦੇ ਹਨ ਕਿਉਂਕਿ ਜਿਹੜਾ ਵਿਅਕਤੀ ਆਪਣੀ ਬੋਲੀ ਅਤੇ ਸੱਭਿਆਚਾਰ ਭੁੱਲ ਜਾਂਦਾ ਹੈ, ਉਹ ਕਈ ਪੀੜ੍ਹੀਆਂ ਤੋਂ ਬਣੀ ਆਪਣੀ ਹੋਂਦ ਗਵਾ ਬੈਠਦਾ ਹੈ। ਆਪਣੇ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਵਿੱਚੋਂ ਆਪਣੀ ਪਛਾਣ ਤਲਾਸ਼ਦੇ ਭਾਰਤੀ ਲੋਕ ਆਪਣੀ ਔਲਾਦ ਲਈ ਜਿਉਂਦੇ ਹਨ। ਔਲਾਦ ਹੀ ਇਨ੍ਹਾਂ ਦੀ ਅਸਲੀ ਜਾਇਦਾਦ ਹੁੰਦੀ ਹੈ ਜਦੋਂਕਿ ਪੱਛਮੀ ਸੱਭਿਅਤਾ ਨੂੰ ਪਰਨਾਏ ਲੋਕ ਆਪਣੇ ਆਪ ਲਈ ਜਿਉਂਦੇ, ‘ਖਾਉ-ਪੀਉ-ਐਸ਼ ਕਰੋ’ ਦੇ ਫ਼ਲਸਫ਼ੇ ਦੇ ਧਾਰਨੀ ਬਣੇ, ਸਿਰਫ਼ ਪਸ਼ੂ ਬਿਰਤੀਆਂ ਦੀ ਸੰਤੁਸ਼ਟੀ ਤਕ ਸੀਮਿਤ ਹਨ। ਅਮਰੀਕਾ ਵਿੱਚ ਵੱਸਦੇ ਚੀਨੀ, ਮੈਕਸੀਕਨ, ਕੰਮਬੋਡੀਅਨ, ਥਾਈ ਜ਼ਰੂਰ ਆਪਣੀ ਮਾਂ ਬੋਲੀ ਅਤੇ ਸੱਭਿਆਚਾਰ ਲਈ ਸਾਡੇ ਨਾਲੋਂ ਜ਼ਿਆਦਾ ਗੰਭੀਰ ਹਨ। ਕਈ ਦਹਾਕੇ ਪਹਿਲਾਂ ਆਪਣੀ ਮਾਤ ਭੂਮੀ ਛੱਡ ਚੁੱਕੇ ਇਹ ਲੋਕ ਆਪਣੇ ਦਸਤਖ਼ਤ ਮਾਤ ਭਾਸ਼ਾ ਵਿੱਚ ਕਰਦੇ ਅਤੇ ਆਪਣੇ ਬੱਚਿਆਂ ਨਾਲ ਆਪਣੀ ਮਾਂ ਬੋਲੀ ਬੋਲਦੇ ਹਨ।
ਪਰਿਵਾਰਕ ਜੀਵਨ ਨੂੰ ਤਨੋਂ, ਮਨੋਂ ਅਤੇ ਧਨੋਂ ਪਰਨਾਏ ਸਾਡੇ ਵੱਡੀ ਉਮਰ ਦੇ ਬਹੁਗਿਣਤੀ ਮਾਪਿਆਂ ਦਾ ਪੰਜਾਬ ਵਿਚਲਾ ਜੀਵਨ ਵੀ ਬੜੇ ਦੁੱਖਾਂ, ਹੌਕਿਆਂ-ਹਾਵਿਆਂ ਤੇ ਪਛਤਾਵਿਆਂ ਭਰਿਆ ਹੈ। ਅਖ਼ਬਾਰ ਵਿੱਚ ਕਈ ਸਾਲ ਪਹਿਲਾਂ ਪੰਜਾਬ ਅਤੇ ਹਰਿਆਣਾ ਦੀਆਂ ਨੂੰਹਾਂ ਬਾਰੇ ਇੱਕ ਸਰਵੇਖਣ ਛਪਿਆ ਸੀ। ਇਸ ਮੁਤਾਬਕ ਪੰਜਾਬ ਦੀਆਂ ਨੂੰਹਾਂ ਜ਼ਿਆਦਾ ਆਪਹੁਦਰੀਆਂ, ਮੂੰਹ ਜ਼ੋਰ, ਇਕਹਿਰੇ ਪਰਿਵਾਰ ਵਸਾਉਣ ਦੀਆਂ ਇਛੁੱਕ ਅਤੇ ਵੱਡਿਆਂ ਦੀ ਘੱਟ ਸ਼ਰਮ-ਹਯਾ ਮੰਨਣ ਵਾਲੀਆਂ ਹਨ ਜਦੋਂਕਿ ਹਰਿਆਣੇ ਦੀਆਂ ਨੂੰਹਾਂ ਦੇ ਦਿਲਾਂ ਵਿੱਚ ਮਾਪਿਆਂ ਦਾ ਆਦਰ ਸਤਿਕਾਰ, ਸਾਂਝੇ ਪਰਿਵਾਰ ਵਿੱਚ ਰਹਿਣ ਦੀ ਤਾਂਘ ਅਤੇ ਸੁਸ਼ੀਲ ਸੁਭਾਅ ਹਾਲੇ ਬਰਕਰਾਰ ਹੈ। ਪੰਜਾਬ ਵਿੱਚ ਅਜਿਹੀਆਂ ਨੂੰਹਾਂ ਵੀ ਹਨ ਜੋ ਆਮ ਖ਼ਰਚੇ ਜੋਗੇ ਪੈਸੇ ਵੀ ਵਡੇਰੇ ਦੀ ਜੇਬ ਵਿੱਚ ਨਹੀਂ ਛੱਡਦੀਆਂ। ਅਜਿਹੇ ਪੁੱਤਰ ਵੀ ਹਨ ਜੋ ਮਾਪਿਆਂ ਨੂੰ ਕਿਸ਼ਤਾਂ ਵਿੱਚ ਵੰਡ ਕੇ ਇੱਕ-ਦੂਜੇ ਵੱਲ ਦੇਖਣ ਵੀ ਨਹੀਂ ਦਿੰਦੇ। ਜੇ ਅੱਜ ਅਜਿਹਾ ਸਰਵੇਖਣ ਪਰਦੇਸੀਂ ਵੱਸਦੇ ਪੰਜਾਬ, ਖ਼ਾਸ ਕਰਕੇ ਅਮਰੀਕਾ-ਕੈਨੇਡਾ ਵਿੱਚ ਕਰਵਾਇਆ ਜਾਵੇ ਤਾਂ ਇਸ ਤੋਂ ਕਾਲੀ ਤਸਵੀਰ ਸਾਹਮਣੇ ਆਵੇਗੀ। ਇਹ ਅੱਧਖੜ ਉਮਰ ਮਰਦ-ਔਰਤਾਂ ਪਹਿਲਾਂ ਸੰਤਾਨ ਦੀ ਬਿਹਤਰੀ ਲਈ ਆਪਣਾ ਖ਼ੂਨ ਪਸੀਨਾ ਭਾਰਤ ਜਾਂ ਵਿਦੇਸ਼ ਵਿੱਚ ਵਹਾਉਂਦੇ ਰਹੇ ਹਨ। ਬਾਕੀ ਬਚਦਾ ਚੁਸਤੀ-ਫੁਰਤੀ ਵਾਲਾ ਜੀਵਨ ਪੋਤੇ-ਦੋਹਤਿਆਂ ਦੇ ਪਾਲਣ-ਪੋਸ਼ਣ ਵਿੱਚ ਬੀਤ ਜਾਂਦਾ ਹੈ ਪਰ ਇਨ੍ਹਾਂ ਨੂੰ ਮਿਲਦੀ ਥੋੜ੍ਹੀ ਪੈਨਸ਼ਨ ਨੂੰ ਵੀ ਔਲਾਦ ਖੋਹ ਲੈਂਦੀ ਹੈ। ਕੈਨੇਡਾ ਵਿੱਚ ਧੀ ਦੇ ਘਰ ਵੱਸਦੀ ਇੱਕ ਮਾਂ ਕੋਲੋਂ ਮਾਇਕ ਪੱਖੋਂ ਸਮਰੱਥ ਧੀ ਮਾਸਿਕ ਕਿਰਾਇਆ ਅਤੇ ਗਰੌਸਰੀ ਖ਼ਰਚਾ ਲੈਂਦੀ ਸੀ। ਉਹੀ ਧੀ ਉਸੇ ਘਰ ਵਿੱਚ ਰਹਿੰਦੀ ਆਪਣੀ ਸੱਸ ਦੀ ਸਾਰੀ ਬੁਢਾਪਾ ਪੈਨਸ਼ਨ ਆਉਂਦੇ ਸਾਰ ਏ.ਟੀ.ਐਮ. ਰਾਹੀਂ ਹਥਿਆ ਲੈਂਦੀ। ਅਮਰੀਕਾ ਵਿੱਚ ਇਹ ਵਰਤਾਰਾ ਆਮ ਹੈ। ਚੰਗੇ ਕਾਰੋਬਾਰਾਂ ਵਾਲੀਆਂ ਨੂੰਹਾਂ-ਧੀਆਂ ਇਸ ਪੱਖ ਤੋਂ ਨੰਗ-ਭੁੱਖ ਨਾਲ ਖੇਡਦੀਆਂ ਹਨ।
ਉਂਜ ਕਈ ਸੱਜਣਾਂ ਦੇ ਬੱਚਿਆਂ ਦਾ ਇਨ੍ਹਾਂ ਦੋਵਾਂ ਦੇਸ਼ਾਂ ਅਤੇ ਇੰਗਲੈਂਡ ਵਿੱਚ ਵੀ ਮਾਪਿਆਂ ਨਾਲ ਵਰਤਾਉ ਅਤੇ ਸਹਿਚਾਰ ਸਲਾਹੁਣਯੋਗ ਹੈ। ਭਾਰਤ ਵਿੱਚ ਇਹ ਪਰਵਾਸੀ ਬਣਾਈਆਂ ਜਾਇਦਾਦਾਂ, ਪੱਕੇ ਛੱਤੇ ਮਹਿਲਨੁਮਾ ਮਕਾਨਾਂ ਅਤੇ ਕੀਤੀਆਂ ਸਰਦਾਰੀਆਂ ਦੀ ਭਬਕ ਮਾਰ ਸਕਦੇ ਸਨ ਪਰ ਇੱਥੇ ਕਿਸੇ ਧਰੋਹਰ ਸਦਕਾ ਬੜ੍ਹਕ ਮਾਰਨ ਜੋਗੇ ਨਹੀਂ। ਕੋਈ ਤਰੜ੍ਹ ਰੱਖਦਾ ਵਿਰਲਾ ਟਾਵਾਂ ਇਸ ਕਾਰਨ ਪੰਜਾਬ ਵੱਲ ਵੀ ਪਰਤ ਜਾਂਦਾ ਹੈ। ਜਦੋਂਕਿ ਇੱਥੋਂ ਦੀਆਂ ਸਹੂਲਤਾਂ ਨੂੰ ਪਰਨਾਈ, ਮੋਹ ਮਮਤਾ ਦੀ ਸਤਾਈ ਬਹੁਗਿਣਤੀ ਪਿੱਛੇ ਮੁੜ ਨਹੀਂ ਸਕਦੀ। ਕੈਲੇਫੋਰਨੀਆ ਦਾ ਪੌਣ-ਪਾਣੀ ਚਾਹੇ ਪੰਜਾਬ ਨਾਲ ਮਿਲਦਾ-ਜੁਲਦਾ ਹੈ ਪਰ ਇੱਥੇ ਵੀ ਸਰਦ ਕੈਨੇਡਾ ਵਾਂਗ ‘ਸਰਵਣ ਪੁੱਤ ਲੇਖਾ ਮੰਗਦੇ ਅਤੇ ਧੀਆਂ ਮੰਗਣ ਹਿਸਾਬ’। ਬੇਸ਼ੱਕ ਦੇਸੀ ਅਤੇ ਵਿਦੇਸ਼ੀ ਪੰਜਾਬ ਵਿੱਚ ਆਗਿਆਕਾਰੀ ਅਤੇ ਸੁਲੱਖਣੇ ਬੱਚਿਆਂ ਦੀ ਵੀ ਘਾਟ ਨਹੀਂ ਹੈ।