ਉਸ ਨੇ ਵਿਦਿਆਰਥੀ ਜੀਵਨ ਵਿੱਚ ਹੀ ਰਾਸ਼ਟਰ ਦੇ ਉਸ ਵਕਤ ਦੇ ਪ੍ਰਸਿੱਧ ਨੇਤਾਵਾਂ ਦੀਆਂ ਨਜ਼ਰਾਂ ਵਿੱਚ ਆਪਣੀ ਜਗਹ ਬਣਾ ਲਈ ਸੀ ਅਤੇ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਨਾਲ ਗੂੜ੍ਹੇ ਸਬੰਧ ਬਣਾ ਲਏ ਸਨ। ਵਿਦਿਆ ਵਿੱਚ ਬਹੁਤ ਹੁਸ਼ਿਆਰ ਹੋਣ ਕਰਕੇ, ਉਸ ਨੇ ਆਪਣੀ ਐਮ.ਏ (ਅਰਥ ਸ਼ਾਸਤਰ) ਦੀ ਪੜ੍ਹਾਈ ਤੋਂ ਬਾਅਦ ਇੰਗਲੈਂਡ ਦੀ ਯੂਨੀਵਰਸਿਟੀ ਵਿੱਚ ਪੀ ਐਚ ਡੀ ਦਾ ਦਾਖਲਾ ਲੈ ਲਿਆ ਪਰ ਇੰਗਲੈਂਡ ਦਾ ਮਾਹੌਲ ਉਸ ਨੂੰ ਰਾਸ ਨਾ ਆਇਆ ਤਾਂ ਉਸ ਨੇ ਜਰਮਨੀ ਦੀ ਬਰਲਿਨ ਯੂਨੀਵਰਸਿਟੀ ਵਿਖੇ ਡਾ ਜਿਰਦਾਰ, ਜੋ ਉਸ ਵਕਤ ਦਾ ਪ੍ਰਸਿੱਧ ਅਰਥ ਸ਼ਾਸਤਰੀ ਸੀ, ਦੇ ਅਧੀਨ ਪੀ ਐਚ ਡੀ ਕਰਨੀ ਸ਼ੁਰੂ ਕਰ ਦਿੱਤੀ। ਉਸ ਦਾ ਵਿਸ਼ਾ, ‘ਲੂਣ ਅਤੇ ਨਾਗਰਿਕ ਨਾਫੁਰਮਾਨੀ’ ਸੀ। 1932 ਵਿੱਚ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਭਾਰਤ ਆ ਕੇ ਉਸ ਨੇ ਕਿਤੇ ਨੌਕਰੀ ਕਰਨ ਦੀ ਬਜਾਏ ਲੋਕਾਂ ਦੀ ਆਰਥਿਕ ਹਾਲਤ ਸੁਧਾਰਨ ਅਤੇ ਰਾਜਨੀਤਕ ਸੁਤੰਤਰਤਾ ਲਈ ਕੰਮ ਕਰਨ ਨੂੰ ਤਰਜੀਹ ਦਿੱਤੀ।
ਉਸ ਨੂੰ ਕਾਂਗਰਸ ਜਰਨਲਿਜਮ ਰਸਾਲੇ ਦਾ ਐਡੀਟਰ ਬਣਾ ਦਿੱਤਾ ਗਿਆ। ਜਿਸ ਨਾਲ ਉਸ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਮਿਲ ਗਿਆ। ਪਰ ਉਸ ਦੀ ਜ਼ਿਆਦਾ ਦਿਲਚਸਪੀ ਵਿਚਾਰਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੰੁਚਾਉਣ ਦੀ ਸੀ, ਜਿਸ ਲਈ ਉਸ ਨੂੰ ਆਪ ਹੀ ਕਈ ਵਾਰ ਉਨ੍ਹਾਂ ਰਸਾਲਿਆ ਨੂੰ ਵੰਡਣ ਦਾ ਕੰਮ ਵੀ ਕਰਨਾ ਪੈਂਦਾ ਸੀ। ਇਸ ਸਮੇਂ ਉਸ ਨੇ ਬਹੁਤ ਸਾਰੀਆਂ ਛੋਟੀਆਂ ਪੁਸਤਕਾਂ ਲਿਖੀਆਂ ਅਤੇ ਉਨ੍ਹਾਂ ਨੂੰ ਭਾਰਤ ਦੇ ਹਰ ਹਿੱਸੇ ਵਿੱਚ ਵੰਡਿਆ। ਪਰ ਲੋਕਾਂ ਦੀ ਅਨਪੜ੍ਹਤਾ ਦਾ ਧਿਆਨ ਕਰਕੇ, ਉਸ ਨੇ ਮਹਿਸੂਸ ਕੀਤਾ ਕਿ ਰੇਡੀਓ ਹਰ ਵਿਅਕਤੀ ਤੱਕ ਆਸਾਨੀ ਨਾਲ ਪਹੁੰਚ ਸਕਦਾ ਹੈ। ਇਸ ਲਈ ਉਸ ਨੇ ਇਕ ਹੋਰ ਗੈਰਕਾਨੂੰਨੀ ਅੰਡਰ ਗਰਾਊਂਡ ਰੇਡੀਓ ਸਟੇਸ਼ਨ ਤਿਆਰ ਕਰ ਲਿਆ ਅਤੇ ਉਸ ਤੋਂ ਭਾਰਤ ਦੀ ਸੁਤੰਤਰਤਾ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਆਪਣਾ ਨਾਮ ‘ਬੰਠੀਆ ਸਾਹਿਬ’ ਰੱਖ ਲਿਆ ਅਤੇ ਜਦੋਂ ਵੀ ਉਸ ਨੇ ਭਾਸ਼ਣ ਦੇਣਾ ਹੁੰਦਾ ਸੀ ਰੇਡੀਓ ਤੋਂ ਐਲਾਨ ਕੀਤਾ ਜਾਂਦਾ ਕਿ ਹੁਣ ‘ਬੰਠੀਆ ਸਾਹਿਬ’ ਸੰਬੋਧਨ ਕਰਨਗੇ। ਉਹ ਆਪਣਾ ਅਤੇ ਆਪਣੇ ਰੇਡੀਓ ਸਟੇਸ਼ਨ ਦਾ ਸਥਾਨ ਬਦਲਦਾ ਰਹਿੰਦਾ ਸੀ। ਅੰਗਰੇਜ਼ ਸਰਕਾਰ ਸਾਹਮਣੇ ਉਸ ਨੂੰ ਫੜ੍ਹਣ ਦੀ ਇੱਕ ਵੱਡੀ ਚੁਣੌਤੀ ਸੀ। ਉਹ ਕਈ ਵਾਰ ਪੁਲਿਸ ਦੀ ਗਿ੍ਰਫਤ ਤੋਂ ਅਚਾਨਕ ਬਚ ਨਿਕਲਦਾ ਸੀ ਜਿਸ ਕਰਕੇ ਬਹੁਤ ਸਾਰੇ ਪੁਲਿਸ ਅਫਸਰਾਂ ਦੀ ਮੁਅੱਤਲੀ ਵੀ ਹੋਈ ਸੀ।
ਹੁਣ ਉਸ ਦੇ ਸਨੇਹੀਆਂ ਅਤੇ ਦੋਸਤਾਂ ਮਿੱਤਰਾਂ ਦਾ ਵੱਡਾ ਦਬਾਅ ਸੀ ਕਿ ਗਿ੍ਰਫਤਾਰੀ ਤੋਂ ਬਚਣ ਲਈ ਨੇਪਾਲ ਚਲਿਆ ਜਾਵੇ। ਪਰ ਨੇਪਾਲ ਵਿੱਚ ਉਸ ਸਮੇਂ ਭਾਰਤ ਦੇ ਹੋਰ ਵੀ ਕਈ ਸੁਤੰਤਰਤਾ ਸੈਨਾਨੀ ਰਹਿ ਰਹੇ ਸਨ ਅਤੇ ਨੇਪਾਲ ਸਰਕਾਰ, ਅੰਗਰੇਜ਼ਾਂ ਦੇ ਦਬਾਅ ਅਧੀਨ ਉਨ੍ਹਾਂ ਨੂੰ ਫੜ੍ਹ ਕੇ ਭਾਰਤ ਭੇਜਦੀ ਸੀ। ਕੁਝ ਦਿਨਾਂ ਬਾਅਦ ਡਾ. ਲੋਹੀਆ ਅਤੇ ਉਸ ਦੇ ਹੋਰ ਸਾਥੀ, ਨੇਪਾਲ ਵਿੱਚ ਗਿ੍ਰਫਤਾਰ ਹੋ ਗਏ ਅਤੇ ਜੇਲ੍ਹ ਵਿੱਚ ਡੱਕੇ ਗਏ। ਪਰ ਭਾਰਤੀ ਸੁਤੰਤਰਤਾ ਸੇਨਾਨੀਆਂ ਦੀ ਮਦਦ ਕਰਨ ਲਈ ਉਠੇ। ਇਕ ‘ਆਜ਼ਾਦ ਦਸਤਾ’ ਸੰਗਠਿਤ ਕੀਤਾ ਗਿਆ, ਜਿਸ ਦੀ ਅਗਵਾਈ ਸੂਰਜ ਪ੍ਰਕਾਸ਼ ਕਰ ਰਿਹਾ ਸੀ, ਇਸ ਦਸਤੇ ਨੇ ਇਕ ਦਿਨ ਰਾਤ ਨੂੰ ਹਥਿਆਰਬੰਦ ਹੋ ਕੇ ਜੇਲ੍ਹ ’ਤੇ ਹਮਲਾ ਕਰ ਦਿੱਤਾ ਅਤੇ ਲੋਹੀਆ ਸਮੇਤ ਹੋਰ ਨੇਤਾਵਾਂ ਨੂੰ ਆਜ਼ਾਦ ਕਰਵਾਇਆ ਗਿਆ ਅਤੇ ਬਾਅਦ ਵਿੱਚ ਡਾ. ਲੋਹੀਆ ਲੁਕਦਾ ਹੋਇਆ ਕਲਕੱਤੇ ਪਹੁੰਚ ਗਿਆ। ਪਰ ਇਥੇ ਉਸ ਨੇ ਇਹ ਗੱਲ ਮਹਿਸੂਸ ਕੀਤੀ ਕਿ ਉਸ ਦੇ ਜਾਨਣ ਵਾਲੇ ਅਤੇ ਦੋਸਤ ਮਿੱਤਰ ਉਸ ਤੋਂ ਕੰਨੀ ਕਤਰਾਉਂਦੇ ਸਨ ਅਤੇ ਕਈਆਂ ਨੇ ਤਾਂ ਉਸ ਨੂੰ ਪਹਿਚਾਨਣ ਤੋਂ ਵੀ ਨਾਂਹ ਕਰ ਦਿੱਤੀ। ਇਸ ਸਥਿਤੀ ਨੂੰ ਭਾਂਪਦਿਆਂ ਹੋਇਆਂ ਉਸ ਨੇ ਆਪ ਹੀ ਮਹਿਸੂਸ ਕਰ ਲਿਆ ਕਿ ਉਸ ਨੂੰ ਇਕੱਲੇ ਰਹਿਣਾ ਚਾਹੀਦਾ ਹੈ ਅਤੇ ਉਸ ਨੇ ਆਪਣਾ ਟਿਕਾਣਾ, ਬੰਬਈ ਦੀ ਇੱਕ ਤੰਗ ਗਲੀ ਵਿੱਚ ਬਣਾ ਲਿਆ। ਜਿਥੇ ਉਸ ਨੂੰ ਕੋਈ ਨਹੀਂ ਸੀ ਜਾਣਦਾ।
ਸਿਰਫ਼ ਇਕ ਵਾਰ ਉਸ ਦੇੇ ਬਾਪੂ ਨੇ ਡਾ. ਲੋਹੀਆ ਨੂੰ ਸ਼ਾਦੀ ਕਰਵਾਉਣ ਲਈ ਕਿਹਾ ਪਰ ਲੋਹੀਆ ਦਾ ਇਸ ਸਬੰਧੀ ਸਖ਼ਤ ਰੁਖ ਸੀ ਕਿਉਂ ਜੋ ਉਸ ਦਾ ਜੀਵਨ ਅਨਿਸ਼ਚਤ ਸੀ ਅਤੇ ਉਹ ਨਹੀਂ ਸੀ ਚਾਹੰੁਦਾ ਕਿ ਉਹ ਕਿਸੇ ਹੋਰ ਪਰਿਵਾਰ ਨੂੰ ਕਿਸੇ ਮੁਸੀਬਤ ਵਿੱਚ ਪਾਏ। ਬੰਬਈ ਵਿੱਚ ਵੀ ਉਹ ਸਾਰਾ ਦਿਨ ਕੰਮ ਕਰਦਾ। ਉਹ ਇਸ਼ਤਿਹਾਰ ਆਪ ਹੀ ਲਿਖਦਾ, ਆਪ ਹੀ ਛਪਵਾਉਂਦਾ ਤੇ ਫਿਰ ਆਪ ਹੀ ਵੰਡਦਾ ਅਤੇ ਇਸ ਲਈ ਉਸ ਨੂੰ ਪੈਸੇ ਦੀ ਵੀ ਵੱਡੀ ਮੁਸ਼ਕਿਲ ਬਣੀ ਰਹਿੰਦੀ। ਪਰ ਉਹ ਹਰ ਹੀਲੇ ਆਪਣੇ ਪ੍ਰਚਾਰ ਵਿੱਚ ਲੱਗਾ ਰਿਹਾ। ਪਰ ਇਕ ਦਿਨ ਫੜ੍ਹਿਆ ਗਿਆ ਅਤੇ ਲਾਹੌਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਗਿਆ। ਜਿੱਥੇ ਉਸ ਨਾਲ ਕੋਈ 4 ਮਹੀਨੇ ਵੱਡਾ ਤਸ਼ੱਦਦ ਹੁੰਦਾ ਰਿਹਾ ਪਰ ਬਾਹਰ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਉਹ ਕਿੱਥੇ ਹੈ? ਬਾਅਦ ਵਿੱਚ ਉਸ ਨੂੰ ਆਗਰੇ ਦੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਦੂਸਰੀ ਸੰਸਾਰ ਜੰਗ ਬੰਦ ਹੋਣ ਤੋਂ ਬਾਅਦ ਜਦੋਂ ਬਾਕੀ ਦੇ ਸਾਰੇ ਕੈਦੀ ਰਿਹਾਅ ਹੋ ਚੁੱਕੇ ਸਨ ਲੋਹੀਆ ਅਜੇ ਵੀ ਜੇਲ੍ਹ ਵਿੱਚ ਬੰਦ ਸੀ। ਇਕ ਵਾਰ ਜਦ ਉਸ ਦਾ ਬਾਪ ਉਸ ਨੂੰ ਮਿਲ ਕੇ ਵਾਪਿਸ ਮੁੜਿਆ ਤਾਂ ਉਹ ਦੇਰ ਤੱਕ ਬਾਪ ਦੀ ਪਿੱਠ ਵੱਲ ਵੇਖਦਾ ਰਿਹਾ ਅਤੇ ਉਹ ਮਹਿਸੂਸ ਕਰ ਰਿਹਾ ਸੀ ਕਿ ਉਸ ਦਾ ਬਾਪ ਬਹੁਤ ਕਮਜ਼ੋਰ ਹੋ ਚੁੱਕਾ ਹੈ ਅਤੇ ਜਦ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਦੀ ਮੌਤ ਹੋ ਗਈ ਤਾਂ ਡਾ. ਲੋਹੀਆ ਨੇ ਆਪਣੇ ਬਾਪ ਦੀ ਸਾਦਗੀ, ਇਮਾਨਦਾਰੀ, ਲੋਕਾਂ ਪ੍ਰਤੀ ਸਨੇਹ, ਦੇਸ਼ ਭਗਤੀ ਨੂੰ ਮਨ ਹੀ ਮਨ ਵਿੱਚ ਯਾਦ ਕੀਤਾ।
15 ਅਗਸਤ 1947 ਨੂੰ ਜਦੋਂ ਦੇਸ਼ ਦੇ ਰਾਜਨੀਤਕ ਨੇਤਾ ਸੁਤੰਤਰਤਾ ਦਾ ਦਿਨ ਮਨਾ ਰਹੇ ਸਨ ਡਾ. ਲੋਹੀਆ, ਕਲਕੱਤੇ ਅਤੇ ਨਾਲ ਦੇ ਖੇਤਰਾਂ ਵਿੱਚ ਹਿੰਦੂ ਮੁਸਲਿਮ ਏਕਤਾ ਲਈ ਜਾਨ ਨੂੰ ਜੋਖ਼ਿਮ ਵਿੱਚ ਪਾ ਕੇ ਕੰਮ ਕਰ ਰਿਹਾ ਸੀ। ਉਸ ਨੇ ਸ਼ੋੋਸ਼ਲਿਸਟ ਪਾਰਟੀ ਨੂੰ ਵਿਰੋਧੀ ਪਾਰਟੀ ਦੇ ਤੌਰ ’ਤੇ ਮਜ਼ਬੂਤ ਕੀਤਾ ਜਿਸ ਲਈ ਉਹ ਸੰਘਰਸ਼, ਚੋਣਾਂ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਪੂਰੀ ਤਰ੍ਹਾਂ ਰੁਝਾ ਹੋਇਆ ਸੀ। ਪਰ ਉਸ ਨੇ ਕਦੀ ਵੀ ਚੋਣ ਲੜ੍ਹਣ ਲਈ ਨਹੀਂ ਸੀ ਸੋਚਿਆ। ਪਰ ਫਿਰ ਵਿਰੋਧੀ ਪਾਰਟੀ ਦੇ ਨੇਤਾਵਾਂ ਦੇ ਦਬਾਅ ਅਧੀਨ ਉਹ 1962 ਵਿੱਚ ਜਵਾਹਰ ਲਾਲ ਨਹਿਰੂ ਦੇ ਖਿਲਾਫ਼ ਚੋਣ ਲੜਿਆ ਪਰ ਹਾਰ ਗਿਆ ਪਰ ਛੇਤੀ ਹੀ ਬਾਅਦ 1963 ਫਰੂਖਾਬਾਦ ਵਿੱਚ ਹੋਈ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਨੇਤਾ ਨੂੰ 68000 ਵੋਟਾਂ ਦੇ ਫਰਕ ਨਾਲ ਹਰਾ ਕੇ ਪਾਰਲੀਮੈਂਟ ਵਿੱਚ ਦਾਖ਼ਿਲ ਹੋਇਆ। ਪਾਰਲੀਮੈਂਟ ਦੀ 1967 ਦੀ ਚੋਣ ਉਹ ਫਿਰ ਜਿੱਤ ਗਿਆ। ਪਰ ਇਨ੍ਹਾਂ ਚਾਰ ਕੁ ਸਾਲਾਂ ਦੇ ਥੋੜ੍ਹੇ ਜਿਹੇ ਸਮੇਂ ਵਿੱਚ ਉਸ ਦੇ ਪਾਰਲੀਮੈਂਟ ਵਿੱਚ ਪਾਏ ਯੋਗਦਾਨ ਨੂੰ ਬਹੁਤ ਸਾਰੇ ਨੇਤਾਵਾਂ ਦੇ 40 ਸਾਲਾਂ ਦੇ ਸਮੇਂ ਦੇ ਯੋਗਦਾਨ ਤੋਂ ਵੀ ਕਿਤੇ ਵਧ ਸਮਝਿਆ ਜਾਂਦਾ ਹੈ। ਡਾ. ਲੋਹੀਆ ਸਮਾਜ ਦੇ ਜ਼ਮੀਨੀ ਮੁੱਦਿਆਂ ’ਤੇ ਕੰਮ ਕੀਤਾ। ਉਨ੍ਹਾਂ ਸਵਾਲ ਉਠਾਇਆ ਕਿ ਔਰਤਾਂ ਦੀ ਭੂਮਿਕਾ ਤੋਂ ਬਗੈਰ ਹਰ ਇਕ ਲਈ ਵਿਕਾਸ ਕਿਵੇਂ ਸੰਭਵ ਹੋ ਸਕਦਾ ਹੈ। ਉਹ ਕਿਸਾਨਾਂ ਅਤੇ ਕਿਰਤੀਆਂ ਦੇ ਹਿੱਤਾਂ ਲਈ ਵੱਡੇ ਯੋਗਦਾਨ ਪਾਉਣ ਲਈ ਹਰ ਇੱਕ ਦੀਆਂ ਨਜ਼ਰਾਂ ਵਿੱਚ ਸਨ ਪਰ ਅਚਾਨਕ 3 ਅਕਤੂਬਰ 1967 ਨੂੰ ਬਿਮਾਰ ਹੋ ਕੇ ਵਿਗ੍ਰਡਨ ਹਸਪਤਾਲ ਵਿੱਚ ਦਾਖਲ ਹੋਏ, ਜਿੱਥੇ 12 ਅਕਤੂਬਰ ਦੀ ਰਾਤ ਉਨ੍ਹਾਂ ਦੀ ਮੌਤ ਹੋ ਗਈ। ਇਸ ਦਿਨ ਤੇ ਇਸ ਮਹਾਨ ਸਮਾਜਵਾਦੀ ਨੇਤਾ ਨੂੰ ਸ਼ਰਧਾਂਜਲੀ ਭੇਟ ਕਰਨੀ ਅਤੇ ਯਾਦ ਕਰਨਾ ਸਾਡਾ ਫਰਜ਼ ਹੈ।