ਰਿਸ਼ਤੇ ਨਰਮ, ਕਾਨੂੰਨ ਸਰਗਰਮ -ਨੀਲ
Posted on:- 12-10-2014
ਮੈਨੂੰ ਯਾਦ ਆਉਂਦੀ ਹੈ, ਭਾਰਤ ਦੇ ਇਕ ਮਹਾਨ ਕਹਾਣੀਕਾਰ ਦੀ ਉਹ ਕਹਾਣੀ ਜਿਸ ਵਿਚ ਇਕ ਵਿਅਕਤੀ ਆਪਣੇ ਗੁਆਂਢ ਦੇ ਇਕ ਘਰ ਵਿਚੋਂ ਨਿੱਤ ਆਉਂਦੀਆਂ ਆਵਾਜ਼ਾਂ ਤੋਂ ਬੜਾ ਵਿਚਲਿਤ ਹੁੰਦਾ ਰਹਿੰਦਾ ਹੈ, ਜਿਨ੍ਹਾਂ ਵਿਚ ਇਕ ਬਜ਼ੁਰਗ ਸੱਸ ਆਪਣੀ ਨੂੰਹ ਨੂੰ ਕੋਸਦੀ ਰਹਿੰਦੀ ਹੈ, ਉਸਨੂੰ ਗਾਲ੍ਹਾਂ ਕੱਢਦੀ ਰਹਿੰਦੀ ਹੈ ਅਤੇ ਉਸਦੇ ਪੇਕਿਆਂ ਨੂੰ ਪੁਣਦੀ ਰਹਿੰਦੀ ਹੈ। ਦੀਵਾਰ ਦੇ ਉਹਲਿਓਂ ਆਉਂਦੀਆਂ ਇਨ੍ਹਾਂ ਆਵਾਜ਼ਾਂ ਵਿਚ ਸਦਾ ਹੀ ਸੱਸ ਦੀਆਂ ਗਾਲ੍ਹਾਂ ਦੀਆਂ ਆਵਾਜ਼ਾਂ ਤਾਂ ਆਉਂਦੀਆਂ ਪਰ ਨੂੰਹ ਵੱਲੋਂ ਪਰਤ ਕੇ ਜਵਾਬ ਦੇਣ ਵਰਗੀ ਕੋਈ ਆਵਾਜ਼ ਸੁਣਾਈ ਨਹੀਂ ਦਿੰਦੀ। ਕਹਾਣੀ ਦਾ ਪਾਤਰ ਵਿਅਕਤੀ ਹਰ ਰੋਜ਼ ਇਹ ਆਵਾਜ਼ਾਂ ਸੁਣਦਾ ਤੇ ਬੜਾ ਵਿਚਲਿਤ ਹੁੰਦਾ ਅਤੇ ਸੋਚਦਾ ਕਿ ਕਿੰਨਾ ਅਤਿਆਚਾਰ ਹੋ ਰਿਹਾ ਹੈ ਬੜ੍ਹਬੋਲੀ ਸੱਸ ਵੱਲੋਂ ਅਤੇ ਕਿੰਨੀ ਸਿਆਣੀ ਅਤੇ ਸੁਸ਼ੀਲ ਹੈ ਨੂੰਹ ਜੋ ਆਪਣੀ ਸੱਸ ਦੀਆਂ ਗਾਲ੍ਹਾਂ ਦਾ ਪਰਤ ਕੇ ਜਵਾਬ ਤੱਕ ਨਹੀਂ ਦਿੰਦੀ ਅਤੇ ਚੁਪਚਾਪ ਸੱਭ-ਕੁੱਝ ਸਹਿ ਲੈਂਦੀ ਹੈ।
ਆਵਾਜ਼ਾਂ ਦਾ ਇਹ ਸਿਲਸਿਲਾ ਰੋਜ਼ ਚਲਦਾ ਅਤੇ ਇਨ੍ਹਾਂ ਆਵਾਜ਼ਾਂ ਪ੍ਰਤੀ ਆਪਣੀ ਮਾਨਸਿਕ ਪ੍ਰਤਿਕਿਰਿਆ ਨੂੰ ਸ਼ਾਬਦਿਕ ਰੂਪ ਦੇਣ ਲਈ ਉਹ ਵਿਅਕਤੀ ਆਪਣੇ ਘਰ ਦੀ ਬਾਰੀ ਦੇ ਲਾਗੇ ਪਏ ਕੁਰਸੀ-ਮੇਜ਼ ‘ਤੇ ਬਹਿ ਕੇ ਇਸ ਵਿਸ਼ੇ ਸਬੰਧੀ ਕੁਝ ਨਾ ਕੁਝ ਲਿਖਦਾ ਰਹਿੰਦਾ। ਇਸ ਲਿਖਤ ਦਾ ਅੰਤਿਮ ਪੜਾਅ ਨਜ਼ਦੀਕ ਆਉਣ ਤੇ ਇਕ ਦਿਨ ਲਿਖਦਿਆਂ ਲਿਖਦਿਆਂ ਉਸ ਵਿਅਕਤੀ ਦੇ ਕੰਨਾਂ ਵਿਚ ਹਰ ਰੋਜ਼ ਵਾਂਗ ਫਿਰ ਉਸ ਗੁਆਂਢਣ ਸੱਸ ਵੱਲੋਂ ਆਪਣੀ ਨੂੰਹ ਨੂੰ ਕੱਢੀਆਂ ਜਾ ਰਹੀਆਂ ਗਾਲ੍ਹਾਂ ਦੀਆਂ ਆਵਾਜ਼ਾਂ ਪੈਂਦੀਆਂ ਹਨ। ਪਰ ਇਸ ਵਾਰ ਉਸ ਵਿਅਕਤੀ ਦੇ ਮਨ ਦੀ ਉਤਸੁਕਤਾ ਇੰਨੀ ਤੀਬਰ ਹੋ ਜਾਂਦੀ ਹੈ ਕਿ ਉਹ ਆਪਣੇ ਅੱਖੀਂ ਵੇਖਣਾ ਅਤੇ ਜਾਣਨਾ ਚਾਹੁੰਦਾ ਹੈ ਕਿ ਆਖ਼ਿਰ ਇਕ ਨੂੰਹ ਆਪਣੀ ਸੱਸ ਦੀਆਂ ਨਿੱਤ ਦੀਆਂ ਗਾਲ੍ਹਾਂ ਨੂੰ ਚੁਪਚਾਪ ਕਿਉਂ ਸਹਿੰਦੀ ਜਾ ਰਹੀ ਹੈ ?
ਕਿਉਂ ਉਹ ਪਰਤ ਕੇ ਕੋਈ ਜਵਾਬ ਨਹੀਂ ਦਿੰਦੀ ? ਕਿਉਂ, ਕਿਉਂ ਅਤੇ ਆਖ਼ਿਰ ਕਿਉਂ? ਆਪਣੀ ਇਸ ਜਿਗਿਆਸਾ ਨੂੰ ਸ਼ਾਂਤ ਕਰਨ ਲਈ ਉਹ ਆਪਣੇ ਕਮਰੇ ਵਿੱਚੋਂ ਨਿਕਲ ਕੇ ਬਾਹਰ ਬੀਹੀ ਵਿਚ ਆਉਂਦਾ ਹੈ ਅਤੇ ਆਪਣੇ ਗੁਆਂਢ ਵਿਚ ਵੱਸਦੀਆਂ ਉਨ੍ਹਾਂ ਸੱਸ ਨੂੰਹ ਦੇ ਘਰ ਦੀ ਚਾਰਦੀਵਾਰੀ ਉੱਪਰ ਹੋ ਕੇ ਝਾਤੀ ਮਾਰਦਾ ਹੈ ਅਤੇ ਵੇਖ ਕੇ ਦੰਗ ਰਹਿ ਜਾਂਦਾ ਹੈ ਕਿ ਵਿਹੜੇ ਦੇ ਇਕ ਕੋਨੇ ਵਿਚ ਡਿੱਠੀ ਇਕ ਮੰਜੀ ਉਪਰ ਲੇਟੀ ਇਕ ਬੀਮਾਰ ਅਤੇ ਬਜ਼ੁਰਗ ਔਰਤ ਉਦੋਂ ਬੜੀ ਤਕਲੀਫ਼ ਮਹਿਸੂਸਦੀ ਹੈ, ਜਦੋਂ ਉਸਦੀ ਨੂੰਹ ਵਿਹੜੇ ਵਿਚ ਝਾੜੂ ਫੇਰਦਿਆਂ ਹੋਇਆਂ ਆਪਣੀ ਸੱਸ ਨੂੰ ਝਾੜੂ ਵਿਖਾਉਂਦੀ ਹੈ, ਉਸਨੂੰ ਚਿੜ੍ਹਾਉਣ ਵਾਲੇ ਮੂੰਹ ਬਣਾਉਂਦੀ ਹੈ ਅਤੇ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਕਰਦੀ ਹੈ ਜਿਨ੍ਹਾਂ ਨੂੰ ਵੇਖ ਕੇ ਬੀਮਾਰ ਅਤੇ ਬਜ਼ੁਰਗ ਸੱਸ ਨੂੰ ਖਿੱਝ ਚੜ੍ਹਦੀ ਹੈ ਅਤੇ ਉਹ ਆਪਣੀ ਨੂੰਹ ਨੂੰ ਬੇ-ਸ਼ੁਮਾਰ ਗਾਲ੍ਹਾਂ ਕੱਢਦੀ ਹੈ ਅਤੇ ਬੁਰਾ ਭਲਾ ਕਹਿੰਦੀ ਹੈ, ਜਿਨ੍ਹਾਂ ਦੇ ਜਵਾਬ ਵਿਚ ਉਹ ਨੂੰਹ, ਬਗ਼ੈਰ ਕੁਝ ਬੋਲਿਆਂ, ਉਸਨੂੰ ਹੋਰ ਵੀ ਜ਼ਿਆਦਾ ਖਿਝਾਉਂਦੀ ਹੈ ਅਤੇ ਸ਼ਰੀਰਕ ਤੌਰ ਤੇ ਬੀਮਾਰ ਅਤੇ ਲਾਚਾਰ ਸੱਸ ਅੱਗੋਂ ਹੋਰ ਵੀ ਜ਼ਿਆਦਾ ਗਾਲ੍ਹਾਂ ਕੱਢਦੀ ਹੈ।
ਘਰ ਦੇ ਬਾਕੀ ਜੀਆਂ ਦੀ ਗ਼ੈਰਹਾਜਰੀ ਵਿਚ ਰੋਜ਼ਾਨਾ ਹੋਣ ਵਾਲੀ ਇਸ ਪ੍ਰਕਿਰਿਆ ਵਿਚ ਇਕ ਪਾਸੇ ਉਹ ਸੱਸ ਆਪਣੀਆਂ ਗਾਲ੍ਹਾਂ ਦੀਆਂ ਆਵਾਜ਼ਾਂ ਕਾਰਨ ਮੁਹੱਲੇ ਵਿਚ ਨਸ਼ਰ ਹੋ ਜਾਂਦੀ ਹੈ ਅਤੇ ਚੁੱਪ ਰਹਿ ਕੇ ਡੱਸਣ ਵਾਲੀ ਮੀਸਣੀ ਨੂੰਹ ਦੀ ਚੁੱਪੀ ਉਸਦੇ ਪ੍ਰਤੀ ਉਸਦੇ ਸਜਾਖੇ ਅਤੇ ਸੂਝਵਾਨ ਗੁਆਂਢੀਆਂ ਦੀ ਹਮਦਰਦੀ ਦੀ ਖਿੱਚ ਦਾ ਕਾਰਨ ਬਣਦੀ ਹੈ।
ਔਰਤ ਹਰ ਘਰ ਦੀ ਸ਼ਾਨ ਹੁੰਦੀ ਹੈ ਅਤੇ ਹਰ ਇਨਸਾਨ ਦੀ ਮਾਂ ਵੀ ਇਕ ਔਰਤ ਹੀ ਹੁੰਦੀ ਹੈ। ਸਾਰੀਆਂ ਔਰਤਾਂ ਗ਼ਲਤ ਨਹੀਂ ਹੁੰਦੀਆਂ। ਸਮਾਜ ਵਿਚ ਵਿਚਰਦੀਆਂ ਔਰਤਾਂ ਨਾਲ ਕੋਈ ਧੱਕਾ ਨਾ ਹੋਵੇ ਇਸ ਲਈ ਉਨ੍ਹਾਂ ਦੀ ਸਹੂਲਤ ਲਈ ਕਾਨੂੰਨ ਬਣਾਏ ਗਏ ਹਨ ਜੋ ਸਹੀ ਵੀ ਹਨ ਪਰ ਉਕਤ ਕਹਾਣੀ ਦੀ ਪਾਤਰ ਨੂੰਹ ਵਰਗੀਆਂ ਕੁਝ ਔਰਤਾਂ ਇਨ੍ਹਾ ਕਾਨੂੰਨਾ ਦਾ ਦੁਰਉਪਯੋਗ ਕਰਦਿਆਂ ਹੋਇਆਂ ਆਪਣੇ ਸੁਹਰੇ ਪ੍ਰੀਵਾਰ ਉਪਰ ਦਬਾਅ ਬਨਾਉਣ ਦੇ ਮਨਸੂਬਿਆਂ ਨਾਲ ਝੂਠ-ਸੱਚ ਬੋਲਦੀਆਂ, ਮਗਰਮੱਛਾਂ ਵਾਲੇ ਹੰਝੂ ਕੇਰਦੀਆਂ ਹਨ ਅਤੇ ਸਮਾਜ ਦੇ ਸਮਝਦਾਰ ਲੋਕ ਵੀ ਉਨ੍ਹਾਂ ਦੇ ਝੂਠਾਂ ਨੂੰ ਸੱਚ ਮੰਨ ਬੈਠਦੇ ਹਨ। ਪਰ ਕੋਈ ਕਿਸੇ ਨੂੰ ਕੀ ਕਹੇ ਜਦੋਂ ਆਪਣੇ ਘਰ ਵਿਆਹ ਕੇ ਲਿਆਉਂਦੀ ਨੂੰਹ ਹੀ ਸਹੀ ਨਾ ਹੋਵੇ। ਸ਼ਾਇਦ ਇਹੋ ਕਾਰਣ ਹੈ ਕਿ ਅੱਜਕੱਲ ਖਿੱਚਾ-ਤਾਣੀ ਭਰੇ ਵਿਆਹੁਤਾ-ਰਿਸ਼ਤੇ ਲੰਮੇਰੇ ਨਹੀਂ ਉੱਸਰਦੇ ਅਤੇ ਟੁੱਟਣ ਦੀ ਕਗ਼ਾਰ ‘ਤੇ ਪਹੁੰਚ ਜਾਂਦੇ ਹਨ ਜਾਂ ਫਿਰ, ਬਦਕਿਸਮਤੀ ਅਤੇ ਕਮਅਕਲੀ ਨਾਲ ਆਖ਼ਿਰ ਟੁੱਟ ਹੀ ਜਾਂਦੇ ਹਨ।
ਸਾਵਧਾਨ! ਅੱਜ-ਕੱਲ ਰਿਸ਼ਤੇ ਨਰਮ ਹਨ, ਕਿਉਂ ਜੋ ਕਾਨੂੰਨ ਸਰਗਰਮ ਹਨ।
ਸੰਪਰਕ: +91 94184 70707