ਬਿਰਧ ਆਸ਼ਰਮਾਂ ’ਚ ਫਸੀ ਬਜ਼ੁਰਗੀ -ਕੁਲਮਿੰਦਰ ਕੌਰ
Posted on:- 11-10-2014
ਮੈਂ ਡਾਕਖਾਨੇ ’ਚ ਆਪਣੇ ਬੱਚਤ ਖ਼ਾਤੇ ’ਚੋਂ ਪੈਸੇ ਕਢਵਾਉਣ ਖ਼ਾਤਰ ਉਥੇ ਕਾਊਂਟਰ ਦੇ ਸਾਹਮਣੇ ਲਾਇਨ ’ਚ ਖੜੀ ਸੀ, ਤਦੇ ਇੱਕ ਵਿਅਕਤੀ ਨੇ ਆ ਕੇ ਪੁੱਛਿਆ ਕਿ ਇਥੇ ਸੀਨੀਅਰ ਸਿਟੀਜ਼ਨਜ਼ ਵਾਸਤੇ ਕਿਹੜੀ ਲਾਈਨ ਹੈ ਤਾਂ ਮੇਰੇ ਸਮੇਤ ਕਈ ਹੱਸ ਪਏ। ਸਾਡਾ ਇਹ ਰਵੱਈਆ ਵੇਖ ਕੇ ਉਹਨਾਂ ਦੇ ਚਿਹਰੇ ’ਤੇ ਅਜੇ ਰੰਜ਼ਿਸ਼ ਦੇ ਚਿੰਨ੍ਹ ਉਭਰਨ ਵਾਲੇ ਹੀ ਸਨ ਕਿ ਕਈਆਂ ਨੇ ਉਸ ਦੀ ਤਸੱਲੀ ਕਰਵਾਈ ਕਿ ਇਥੇ ਤਾਂ ਕਈ ਵੱਡੇ ਸਰਕਾਰੀ ਹਸਪਤਾਲਾਂ ’ਚ ਬਿਮਾਰੀ ਦੀ ਗੰਭੀਰਤਾ ਵਿੱਚ ਵੀ ਕੋਈ ਵੱਖਰੀ ਲਾਇਨ ਨਹੀਂ ਹੈ। ਦਰਅਸਲ ਉਹ ਭਲਾ-ਪੁਰਸ਼ ਕਈ ਵੱਡੇ ਬਾਹਰਲੇ ਮੁਲਕ ’ਚ ਰਹਿ ਕੇ ਆਇਆ ਸੀ, ਤਦੇ ਉਸ ਦਾ ਗਿਆਨ ਕੁੱਝ ਘੱਟ ਸੀ। ਮੈਂ ਵੀ ਉਨ੍ਹਾਂ ਦੀ ਵਾਰਤਾਲਾਪ ਦਾ ਹਿੱਸਾ ਬਣਦਿਆਂ ਚਾਨਣਾ ਪਾਇਆ ਕਿ ਮੈਂ ਬਿਜਲੀ ਦਾ ਬਿੱਲ ਜਮ੍ਹਾ ਕਰਾਉਣ ਗਈ ਅਤੇ ਆਪਣੇ ਲਈ ਬਣੀ ਵੱਖਰੀ ਲਾਇਨ ਦੀ ਭਾਲ ਕਰ ਰਹੀ ਸੀ ਤਾਂ ਕਿਸੇ ਨੇ ਸਾਹਮਣੇ ਲਟਕ ਰਹੇ ਨੋਟਿਸ ਵੱਲ ਇਸ਼ਾਰਾ ਕੀਤਾ, ਜਿਸ ’ਤੇ ਲਿਖਿਆ ਸੀ ਕਿ ਇਥੇ ਲੇਡੀਜ਼ ਤੇ ਸੀਨੀਅਰ ਸਿਟੀਜ਼ਨਜ਼ ਦੀ ਵੱਖਰੀ ਲਾਈਨ ਨਹੀਂ ਹੈ। ਉਸ ਦਿਨ ਮੇਰੀਆਂ ਯਾਦਾਂ ’ਚ ਇਕ ਵਾਕਿਆ ਉੱਭਰ ਕੇ ਸਾਹਮਣੇ ਆਇਆ।
ਮੈਂ ਆਪਣੀ ਬੇਟੀ ਕੋਲ ਉਸ ਦੀ ਪਹਿਲੀ ਬੇਟੀ ਦੇ ਜਨਮ ਵੇਲੇ, ਕਈ ਸਾਲ ਪਹਿਲਾਂ ਬਾਹਰਲੇ ਮੁਲਕ ਗਈ ਹੋਈ ਸੀ। ਉਥੇ ਇੱਕ ਦਿਨ ਮੈਂ ਮਾਰਕਿਟ ’ਚ ਵੇਖਿਆ ਕਿ ਇਥੋਂ ਦੇ ਸ਼ਾਂਤਮਈ ਵਾਤਾਵਰਣ ’ਚ ਅੱਜ ਬੜੀ ਗਹਿਮਾ-ਗਹਿਮੀ ਤੇ ਰੌਣਕਾਂ ਲੱਗੀਆਂ ਹੋਈਆਂ ਹਨ। ਫੁੱਲਾਂ ਦੇ ਗੁਲਦਸਤੇ ਤੇ ਤੋਹਫੇ ਵਾਲੀਆਂ ਦੁਕਾਨਾਂ ਦੀ ਦਿਲਕਸ਼ ਸਜਾਵਟ, ਮੇਰੇ ਸਾਹਮਣੇ ਸਾਵਲ ਖੜ੍ਹਾ ਕਰਦੀ ਸੀ ਕਿ ਪਤਾ ਨਹੀਂ ਇਨ੍ਹਾਂ ਦਾ ਕੀ ਤਿਉਹਾਰ ਜਾਂ ਮੇਲਾ ਹੋਵੇਗਾ ਇਥੋ ਦਾ। ਮੈਂ ਆਪਣੇ ਮਨ ਦੀ ਉਤਸੁਕਤਾ ਨੂੰ ਸ਼ਾਂਤ ਕਰਨ ਲਈ, ਖਰੀਦਦਾਰੀ ਕਰ ਰਹੇ ਉਥੇ ਦੇ ਇੱਕ ਵਸਨੀਕ ਤੋਂ ਪੁੱਛ ਹੀ ਲਿਆ, ਕਿ ਅੱਜ ਕੋਈ ਖਾਸ ਦਿਨ ਹੈ। ਉਸ ਨੇ ਮੈਨੂੰ ਦੱਸਿਆ ਕਿ ਅੱਜ ਸਾਡੇ ਬਜ਼ੁਰਗ ਦਿਵਸ ਹੈ, ਜੋ ਸਾਲ ’ਚ ਇੱਕ ਵਾਰ ਆਉਂਦਾ ਹੈ।
ਉਹ ਬੜੇ ਮਾਣ ਨਾਲ ਦੱਸ ਰਿਹਾ ਸੀ, ਕਿ ਅਸੀਂ ਸਾਲ ਵਿੱਚ ਇਕ ਦਿਨ ਆਪਣੇ ਬਜ਼ੁਰਗਾਂ ਨਾਲ ਬਿਤਾਉਂਦੇ ਹਨ, ਉਹ ਜਿੱਥੇ ਵੀ ਕਹਿੰਦੇ ਹਨ, ਉਥੇ ਜਾ ਕੇ ਅਸੀਂ ਤੋਹਫੇ ਭੇਟ ਕਰਦੇ ਹਾਂ ਤੇ ਸਾਰਾ ਦਿਨ ਉੁਹਨਾਂ ਨਾਲ ਹੱਸ-ਖੇਡ ਕੇ ਮਨ ਪਰਚਾਵਾ ਕਰਦੇ ਹਾਂ। ਉਸ ਨੇ ਮੈਨੂੰ ਪੁੱਛਿਆ, ਕੀ ਤੁਹਾਡੇ ਮੁਲਕ ਵਿੱਚ ਇਹ ਕੁੱਝ ਨਹੀਂ ਹੁੰਦਾ।’’ ਮੇਰੇ ਨਾਂਹ ਕਹਿਣ ’ਤੇ ਅਜੇ ਉਹ ਹਰਖ ਨਾਲ ਵੇਖਦੇ ਹੋਏ ਨੱਕ, ਮੂੰਹ ਸੰਕੋੜ ਰਿਹਾ ਸੀ ਭਾਵ, ਤੁਸੀਂ ਕਿਹੋ ਜਿਹੇ ਲੋਕ ਹੋ? ਤਾਂ ਮੈਂ ਉਸ ਨੂੰ ਦੱਸਿਆ ਕਿ ਸਾਡੇ ਬਜ਼ੁਰਗ ਤਾਂ ਸਾਡੇ ਨਾਲ ਰਹਿੰਦੇ ਹਨ ਤੇ ਉਥੇ ਹਰ ਦਿਨ ਬਜ਼ੁਰਗਾਂ ਲਈ ਹੁੰਦਾ ਹੈ। ਹਰ ਰੋਜ਼ ਉਨ੍ਹਾਂ ਨੂੰ ਨਤਮਸਤਕ ਹੋ ਕੇ, ਸਿਜਦਾ ਕਰਕੇ ਉਨ੍ਹਾਂ ਦਾ ਅਸ਼ੀਰਵਾਦ ਲੈਣਾ ਸਾਡੇ ਜੀਵਨ ਜਾਂਚ ’ਚ ਸ਼ਾਮਲ ਹੈ।
ਪਰ ਹੁਣ ਤਾਂ ਸਾਡੇ ਮੁਲਕ ’ਚ ਵੀ ਇੱਕ ਦਿਨ ਬਜ਼ੁਰਗਾਂ ਦੇ ਨਾਮ ਰਹਿ ਗਿਆ ਹੈ, ਕਿਉਂਕਿ ਗੁਆਂਢੀਆਂ ਦਾ ਰੂਪ ਨਹੀਂ ਤਾਂ ਮਤ ਜ਼ਰੂਰ ਆ ਜਾਂਦੀ ਹੈ। ਅਸੀਂ ਤਾਂ ਬਜ਼ੁਰਗ ਦਿਵਸ ਮਨਾਉਣ ’ਚ ਉਨ੍ਹਾਂ ਤੋਂ ਵੀ ਅੱਗੇ ਹੋਣਾ ਚਾਹੰੁਦੇ ਹਾਂ। ਸਕੂਲਾਂ ਕਾਲਜਾਂ ਦੇ ਬੱਚੇ ਵੀ ਉਸ ਦਿਨ ਹੱਥਾਂ ’ਚ ਫੁੱਲਾਂ ਦੇ ਗੁਲਦਸਤੇ ਤੇ ਤੋਹਫ਼ੇ ਫੜ੍ਹ ਕੇ ਬਜ਼ੁਰਗਾਂ ਨੂੰ ਲੱਭਦੇ ਹਨ ਤੇ ਫਿਰ ਵੱਡੇ ਸਮਾਗਮ ਤੇ ਸਮਾਰੋਹਾਂ ’ਚ ਆਪਣੇ ਬਜ਼ੁਰਗ ਜਾਂ ਬਿਰਧ ਆਸ਼ਰਮ ਤੇ ਘਰਾਂ ’ਚ ਰਹਿ ਰਹੇ ਕਿਸੇ ਵੀ ਬਜ਼ੁਰਗ ਨੂੰ ਨਾਨਾ ਨਾਨੀ, ਦਾਦ-ਦਾਦੀ ਕਹਿ ਕੇ ਉਨ੍ਹਾਂ ਨੂੰ ਤੋਹਫ਼ੇ ਤੇ ਗੁਲਦਸਤੇ ਭੇਟ ਕਰਕੇ ਗਲਵਕੜੀ ਪਾਉਂਦੇ ਤੇ ਫਿਰ ਉਨ੍ਹਾਂ ਨਾਲ ਰਲ ਕੇ ਨੱਚਦੇ ਟੱਪਦੇ ਹਨ। ਉਨ੍ਹਾਂ ਪ੍ਰਤੀ ਆਪਣਾ ਪਿਆਰ ਇਜ਼ਤ ਤੇ ਮੋਹ ਨਿਛਾਵਰ ਕਰਦੇ ਹਨ। ਬਜ਼ੁਰਗ ਵੀ ਉਸ ਦਿਨ ਉਨ੍ਹਾਂ ਲਮਹਿਆਂ ਨੂੰ ਯਾਦ ਕਰਦੇ ਹੋਣਗੇ, ਜਦੋਂ ਉਨ੍ਹਾਂ ਦੇ ਪੋਤੇ-ਪੋਤੀਆਂ ਨਿੱਕੇ ਹੁੰਦੇ ਉਨ੍ਹਾਂ ਨੂੰ ਤੰਗ ਕਰਦੇ, ਉਨ੍ਹਾਂ ਦੇ ਕੰਧਾੜੇ ਤੇ ਮੌਢਿਆਂ ’ਤੇ ਚੜ੍ਹ ਕੇ ਜਨੌਰਾਂ, ਭੂਤਾਂ ਪ੍ਰਰੇਤਾਂ, ਪਰੀਆਂ ਤੇ ਰਾਜਿਆਂ ਦੀਆਂ ਬਾਤਾਂ ਸੁਣਨ ਦੀ ਜ਼ਿੱਦ ਕਰਦੇ ਤੇ ਕਦੇ ਉਨ੍ਹਾਂ ਦੀ ਗੋਦ ’ਚ ਲੋਰੀਆਂ ਸੁਣਦੇ ਗੂੜੀ ਨੀਂਦ ਸੌਂਦੇ। ਪਰ ਹੁਣ ਉਹ ਵੀ ਵੱਡੇ ਹੋ ਗਏ ਹਨ ਤੇ ਆਪਣੇ ਮਾਂ-ਬਾਪ ਨਾਲ ਬਾਹਰਲੇ ਮੁਲਕ ’ਚ ਜਾਂ ਦੂਰ ਦੁਰਾਡੇ ਨੌਕਰੀਆਂ ਕਰਦੇ ਉਥੇ ਪਰਿਵਾਰ ਸਹਿਤ ਰਹਿ ਰਹੇ ਹੁੰਦੇ ਹਨ।
ਬਜ਼ੁਰਗ ਚਾਹੇ ਕਿੰਨਾ ਵੀ ਢਕਵੰਜ ਕਰਨ ਕਿ ਅਸੀਂ ਖੁਸ਼ ਹਾਂ, ਪਰ ਉਨ੍ਹਾਂ ਦੀ ਅੰਤਰ-ਆਤਮਾਂ ਤਾਂ ਅੱਜ ਵੀ ਆਪਣਿਆਂ ਨੂੰ ਹੀ ਲੱਭ ਰਹੀ ਹੁੰਦੀ ਹੈ, ਕਿ ਸਾਡੇ ਆਪਣੇ ਕਿੱਥੇ ਹਨ? ਉਨ੍ਹਾਂ ਨੂੰ ਗਲ ਲਾਉਣ ਨੂੰ ਲੋਚਦੇ ਹਨ। ਕਈ ਤਾਂ ਇਸ ਦਿਨ ਖੂਬ ਰੋਂਦੇ ਹਨ। ਪਤਾ ਨਹੀਂ ਖੁਸ਼ ਹੋ ਰਹੇ ਹੁੰਦੇ ਹਨ ਕਿ ਸਾਡੀ ਸਮਾਜ ’ਚ ਕਿੰਨੀ ਇੱਜ਼ਤ ਹੈ ਜਾਂ ਫਿਰ ਖੂਨ ਦੇ ਹੰਝੂ ਪੀਂਦੇ ਹਨ ਇਹ ਸੋਚ ਕਿ ਕੀ ਸਾਡੀ ਇਹੀ ਔਕਾਤ ਤੇ ਜਗ੍ਹਾ ਹੈ, ਜਿੱਥੇ ਅਸੀਂ ਰੈਣ ਬਸੇਰਾ ਕਰ ਰਹੇ ਹਾਂ ਤੇ ਇਥੋਂ ਹੀ ਅਸੀਂ ਕਿਸੇ ਅਗਿਆਤ ਸਫ਼ਰ ਵੱਲ ਇਸ ਫਾਨੀ-ਦੁਨੀਆ ਤੋਂ ਰੁਖਸਤ ਹੋ ਜਾਵਾਂਗੇ।
ਸੰਪਰਕ: +91 98156 52272