Thu, 21 November 2024
Your Visitor Number :-   7254162
SuhisaverSuhisaver Suhisaver

ਆ ਜਾ ਜਿਨਪਿੰਗ ਝੂਟ ਲੈ, ਪੀਂਘ ਹੁਲਾਰੇ ਖਾਂਦੀ ! -ਗੁਰਬਚਨ ਸਿੰਘ ਭੁੱਲਰ

Posted on:- 06-10-2014

suhisaver

ਦੁਨੀਆ ਦਾ ਇਕ ਦੇਸ ਭਾਰਤ ਹੈ, ਭਾਰਤ ਦਾ ਇਕ ਸੂਬਾ ਗੁਜਰਾਤ ਹੈ, ਗੁਜਰਾਤ ਦਾ ਇਕ ਸ਼ਹਿਰ ਅਹਿਮਦਾਬਾਦ ਹੈ ਤੇ ਅਹਿਮਦਾਬਾਦ ਦੇ ਵਿਚਕਾਰੋਂ ਇਕ ਨਦੀ ਲੰਘਦੀ ਹੈ, ਸਾਬਰਮਤੀ। ਨਦੀ ਵਿਚ ਬਾਹਰੋਂ ਪਾਇਆ ਨਿਰਮਲ ਪਾਣੀ ਭਰਪੂਰ ਵਗ ਰਿਹਾ ਹੈ। ਮਜ਼ਬੂਤ ਜੰਗਲਾ ਹੈ ਜਿਸਦੇ ਨਾਲ ਨਾਲ ਬੈਠਣ ਲਈ ਲੰਮਾ ਸੀਮਿੰਟੀ ਬੈਂਚ ਬਣਿਆ ਹੋਇਆ ਹੈ। ਰੌਸ਼ਨੀਆਂ ਨਾਲ ਸਜਾਏ ਪੱਕੇ ਖ਼ੂਬਸੂਰਤ ਕਿਨਾਰੇ ਹਨ ਜਿਨ੍ਹਾਂ ਉੱਤੇ ਬਿਰਛ ਲਾਏ ਹੋਏ ਹਨ।ਭਾਰਤ ਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਚੀਨ ਦਾ ਪ੍ਰਧਾਨ ਜਿਨਪਿੰਗ ਉਂਗਲਾਂ ਵਿਚ ਉਂਗਲਾਂ ਦੀ ਕੰਘੀ ਪਾਈਂ ਸਾਬਰਮਤੀ ਦੀ ਰੇਸ਼ਮੀ ਪਟੜੀ ਉੱਤੇ ਘੁੰਮ ਰਹੇ ਹਨ। ਮੇਰੇ ਮਨ ਦੇ ਮੰਚ ਉੱਤੇ ਬਿਰਾਜਮਾਨ ਹੋ ਕੇ ਅਚਾਨਕ ਮੰਨਾ ਡੇ ਤੇ ਆਸ਼ਾ ਭੋਂਸਲੇ ਮਜਰੂਹ ਸੁਲਤਾਨਪੁਰੀ ਦਾ ਅੱਧੀ ਸਦੀ ਤੋਂ ਵੱਧ ਪੁਰਾਣਾ ਗੀਤ ਗਾਉਣ ਲਗਦੇ ਹਨ: ‘‘ਯਿਹ ਹਵਾ ਯਿਹ ਨਦੀ ਕਾ ਕਿਨਾਰਾ, ਚਾਂਦ ਤਾਰੋਂ ਕਾ ਰੰਗੀਨ ਨਜ਼ਾਰਾ, ਕਹਿ ਰਹਾ ਹੈ ਬੇਖ਼ਬਰ, ਹੋ ਸਕੇ ਤੋ ਪਿਆਰ ਕਰ, ਯਿਹ ਸਮਾਂ ਮਿਲੇਗਾ ਫਿਰ ਨਾ ਦੋਬਾਰਾ!” ਜਿਨਪਿੰਗ ਇਸ ਸਭ ਕੁਝ ਤੋਂ ਪ੍ਰਭਾਵਿਤ ਹੋ ਕੇ ਆਖਦਾ ਹੈ, ਭਾਰਤ ਵਿਚ ਸੌ ਅਰਬ ਲਾਵਾਂਗਾ।



ਸਾਬਰਮਤੀ ਦਾ ਰੰਗਰੂਪ ਕੁਝ ਸਮਾਂ ਪਹਿਲਾਂ ਹੀ ਬਦਲਿਆ ਹੈ। ਪਹਿਲਾਂ ਇਹਦਾ ਇਤਿਹਾਸ ਦੇਖ ਲਈਏ। ਇਸ ਨਦੀ ਦੇ ਕਿਨਾਰੇ ਉਸ ਸਮੇਂ ਦੇ ਸ਼ਹਿਰੋਂ ਬਾਹਰ ਮਹਾਤਮਾ ਗਾਂਧੀ ਨੇ ਆਪਣਾ ‘ਸਾਬਰਮਤੀ ਆਸ਼ਰਮ’ ਬਣਾਇਆ। ਹੁਣ ਤਾਂ ਸ਼ਹਿਰ ਨੇ ਵਧ ਵਧ ਕੇ ਉਹਨੂੰ ਬੁੱਕਲ ਵਿਚ ਲੈ ਲਿਆ ਹੈ। ਗਾਂਧੀ ਜੀ ਦਾ ਦੇਸ ਨੂੰ ਆਜ਼ਾਦ ਕਰਵਾਉਣ ਵਿਚ ਬਹੁਤ ਵੱਡਾ ਹਿੱਸਾ ਰਿਹਾ। ਅਜਿਹੇ ਵੀ ਬਹੁਤ ਲੋਕ ਹਨ ਜੋ ਹੋਰ ਸਭ ਲਹਿਰਾਂ ਨੂੰ ਅੱਖੋਂ ਓਹਲੇ ਕਰ ਕੇ ਸਾਰਾ ਮਾਣ ਗਾਂਧੀ ਜੀ ਅਤੇ ਉਹਦੀ ਅਹਿੰਸਾ ਨੂੰ ਤੇ ਉਹਦੇ ਚਰਖੇ ਨੂੰ ਹੀ ਦੇ ਦਿੰਦੇ ਹਨ। ਖੈਰ, ਇਹ ਬਹਿਸ ਮੇਰੇ ਇਸ ਲੇਖ ਦੇ ਚੌਖਟੇ ਵਿਚ ਨਹੀਂ ਆਉਂਦੀ। ਇਹ ਨੂੰ ਕਿਸੇ ਹੋਰ ਸਮੇਂ ਲਈ ਛਡਦਿਆਂ ਮੈਂ ਇਥੇ ਸਿਰਫ਼ ਇਹ ਦੱਸਣਾ ਚਾਹੁੰਦਾ ਹਾਂ ਕਿ ਅਜਿਹੇ ਗਾਂਧੀ-ਭਗਤ ਇਸੇ ਸਾਬਰਮਤੀ ਨਦੀ ਸਦਕਾ ਗਾਉਂਦੇ ਹਨ: ‘‘ਲੇ ਦੀ ਹਮੇਂ ਆਜ਼ਾਦੀ ਬਿਨਾਂ ਖੜਗ ਬਿਨਾਂ ਢਾਲ। ਸਾਬਰਮਤੀ ਕੇ ਸੰਤ ਤੂ ਨੇ ਕਰ ਦੀਆ ਕਮਾਲ!”

ਬੇਟੀ ਉਥੇ ਰਹਿੰਦੀ ਹੋਣ ਕਾਰਨ ਮੈਂ ਅਹਿਮਦਾਬਾਦ ਜਾਂਦਾ ਰਹਿੰਦਾ ਹਾਂ। ਜਦੋਂ ਮੈਂ ਪਹਿਲੀ ਵਾਰ ਗਿਆ, ਉਹਦੀ ਇਤਿਹਾਸਿਕਤਾ ਸਦਕਾ ਹੋਰ ਸਭ ਥਾਂਵਾਂ ਤੋਂ ਪਹਿਲਾਂ ਸਾਬਰਮਤੀ ਆਸ਼ਰਮ ਹੀ ਦੇਖਣ ਗਿਆ। ਸੜਕ ਵਾਲੇ ਫਾਟਕ ਦੇ ਅੰਦਰ ਕਾਰ ਖੜ੍ਹੀ ਕਰ ਕੇ ਅੱਗੇ ਜੋ ਆਸ਼ਰਮ ਦਾ ਦੁਆਰ ਸੀ, ਉਹ ਗ਼ਜ਼ ਕੁ ਚੌੜਾ ਖੁੱਲ੍ਹਾ ਲਾਂਘਾ ਸੀ ਜਿਸ ਵਿਚਕਾਰ ਇਕ ਰੋਕ ਬਣੀ ਹੋਈ ਸੀ। ਇਹ ਰੋਕ ਪਸ਼ੂਆਂ ਨੂੰ ਬਾਹਰ ਰੱਖਣ ਲਈ ਸੀ, ਬੰਦੇ ਮੌਜ ਨਾਲ ਲੰਘ ਸਕਦੇ ਸਨ। ਜਿਥੋਂ ਬੰਦੇ ਲੰਘ ਸਕਦੇ ਹਨ, ਕੁੱਤੇ ਜ਼ਰੂਰ ਲੰਘਦੇ ਹਨ। ਕੁੱਤਾ ਤਾਂ ਯੁਧਿਸਟਰ ਨਾਲ ਸਵਰਗ ਵਿਚ ਵੀ ਜਾ ਪਹੁੰਚਿਆ ਸੀ।ਸਾਬਰਮਤੀ ਆਸ਼ਰਮ ਵਿਚ ਵੀ ਜਿਥੇ ਦਰਸ਼ਕ ਫਿਰਦੇ ਸਨ, ਉਥੇ ਲੰਡਰ ਕੁੱਤੇ ਵੀ ਘੁੰਮ ਰਹੇ ਸਨ। ਆਸ਼ਰਮ ਦੀ ਪਿਛਲੀ ਛੋਟੀ ਜਿਹੀ ਕੰਧ ਦੇ ਪਾਰ ਸਾਬਰਮਤੀ ਨਦੀ ਵਗਦੀ ਸੀ। ਅਸਲ ਵਿਚ ‘ਨਦੀ ਵਗਦੀ ਸੀ’ ਕਹਿਣਾ ਤਾਂ ਦਰੁਸਤ ਨਹੀਂ, ‘ਨਦੀ ਸੀ’ ਕਹਿਣਾ ਵਧੇਰੇ ਠੀਕ ਹੈ ਕਿਉਂਕਿ ਪਾਣੀ ਤਾਂ ਉਸ ਵਿਚ ਹੈ ਨਹੀਂ ਸੀ। ਸਾਡੇ ਮਹਾਨ ਦੇਸ ਦੀ ਪਰੰਪਰਾ ਅਨੁਸਾਰ ਉਸ ਵਿਚ ਕੂੜੇ-ਕਬਾੜ ਦੇ ਢੇਰ ਸਨ, ਪਲਾਸਟਿਕ ਦੇ ਲਫ਼ਾਫ਼ੇ ਉੱਡੇ ਫਿਰਦੇ ਸਨ ਅਤੇ ਵਿਚਕਾਰ ਖਾਈ ਜਿਹੀ ਵਿਚ ਮੈਲਾ ਪਾਣੀ ਸੀ ਜੋ ਸ਼ਾਇਦ ਕਿਤੋਂ ਪਿਛੋਂ ਨਹੀਂ ਸੀ ਆਇਆ, ਸਗੋਂ ਸ਼ਹਿਰ ਦਾ ਹੀ ਗੰਦ-ਮੰਦ ਸੀ।

ਐਨ ਉਹਨੀਂ ਦਿਨੀਂ ਨਰੇਂਦਰ ਮੋਦੀ, ਜੋ ਉਸ ਸਮੇਂ ਗੁਜਰਾਤ ਦਾ ਮੁੱਖ ਮੰਤਰੀ ਸੀ, ਦੀ ਅੱਖ ਦਿੱਲੀ ਦੀ ਪ੍ਰਧਾਨ ਮੰਤਰੀ ਦੀ ਗੱਦੀ ਉੱਤੇ ਟਿਕ ਗਈ। ਮਨਮੋਹਨ ਸਿੰਘ ਸਰਕਾਰ ਪਹਿਲੇ ਪੰਜ ਸਾਲ ਚੰਗਾ ਕੰਮ ਕਰ ਕੇ ਦੂਜੀ ਵਾਰੀ ਵਿਚ ਥੱਕ ਕੇ ਉਬਾਸੀਆਂ ਲੈ ਰਹੀ ਸੀ। ਕੋਈ ਹੁਸ਼ਿਆਰ ਬੰਦਾ ਚਾਹੀਦਾ ਸੀ ਜੋ ਕਹੇ, ‘‘ਡਾਕਟਰ ਸਾਹਿਬ, ਥੱਕ ਗਏ ਹੋ, ਹੁਣ ਤੁਸੀਂ ਆਰਾਮ ਕਰੋ।” ਉਹ ਸਾਊ-ਸ਼ਰੀਫ਼ ਮਹਾਂਪੁਰਸ਼ ਹੱਥ ਜੋੜ ਕੇ ‘‘ਆਉ ਜੀ, ਆਉ ਬੈਠੋ” ਆਖਦਿਆਂ ਖੜ੍ਹਾ ਹੋ ਜਾਣਾ ਸੀ। ਸੋ ਮੋਦੀ ਜਿੰਨੀਆਂ ਗਾਲ਼ਾਂ ਕਾਂਗਰਸ ਸਰਕਾਰ ਨੂੰ ਦਿੰਦਾ, ਬਰਾਬਰ ਦਾ ਰੌਲ਼ਾ ਵਿਕਾਸ ਦੇ ‘ਗੁਜਰਾਤ ਮਾਡਲ’ ਦਾ ਵੀ ਪਾਉਂਦਾ।ਪਰ ਵਿਰੋਧੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ, ‘‘ਕਿਹੜਾ ਗੁਜਰਾਤ ਮਾਡਲ? 42 ਫ਼ੀਸਦੀ ਬੱਚੇ ਤੇ ਔਰਤਾਂ ਅਪੌਸ਼ਟਿਕਤਾ ਦਾ ਸ਼ਿਕਾਰ ਹਨ। ਰੋਜ਼ਗਾਰ, ਖੇਤੀ, ਪੜ੍ਹਤਾ, ਸਿਹਤ-ਸੇਵਾਵਾਂ, ਭਾਈਚਾਰਕ ਏਕਤਾ, ਆਦਿ ਦੇ ਪੱਖੋਂ ਦੇਸ ਦੇ ਅਮਕੇ ਅਮਕੇ ਸੂਬੇ ਗੁਜਰਾਤ ਤੋਂ ਅੱਗੇ ਹਨ!”

ਮੋਦੀ ਨੇ ਸਾਡੇ ਪਿੰਡ ਦੇ ਗੜਵੇ ਵਾਲੇ ਟੱਬਰ ਜਿਹੀ ਚਾਲ ਚੱਲੀ। ਟੱਬਰ ਬਿਲਕੁਲ ਨੰਗ ਸੀ। ਇਕ ਵਾਰ ਪਿੰਡ ਦੇ ਬਾਹਰ ਪਿੱਪਲ ਹੇਠ ਕੋਈ ਸਾਧੂ ਬੜਾ ਨਿੱਗਰ ਤੇ ਸੁੰਦਰ, ਵੇਲ-ਬੂਟਿਆਂ ਨਾਲ ਚਿਤਰਿਆ ਹੋਇਆ ਗੜਵਾ ਭੁੱਲ ਗਿਆ ਜੋ ਇਹਨਾਂ ਦੇ ਮੁੰਡੇ ਦੇ ਹੱਥ ਲੱਗ ਗਿਆ। ਜਦੋਂ ਇਹ ਕਿਸੇ ਆਏ-ਗਏ ਨੂੰ ਚਿੱਬੀ ਕੌਲੀ ਵਿਚ ਪਤਲੀ ਦਾਲ ਦੇ ਕੇ ਰੋਟੀਆਂ ਹੱਥ ਉੱਤੇ ਰਖਦੇ, ਉਹਨੂੰ ਗੜਵਾ ਦਿਖਾ ਕੇ ਇਹ ਜ਼ਰੂਰ ਆਖਦੇ, ‘‘ਸਾਡੇ ਐਹ ਵਧੀਆ ਗੜਵਾ ਵੀ ਹੈਗਾ!” ਮੋਦੀ ਨੇ ਸੋਚਿਆ, ਵਿਰੋਧੀਆਂ ਨੂੰ ਮੂੰਹ-ਤੋੜ ਜਵਾਬ ਦੇਣ ਵਾਸਤੇ ਟੱਬਰ ਨੂੰ ਮਿਲੇ ਸਾਧ ਦੇ ਗੜਵੇ ਵਰਗੀ ਕੋਈ ਇਕ ਵਧੀਆ ਚੀਜ਼ ਜ਼ਰੂਰ ਹੋਣੀ ਚਾਹੀਦੀ ਹੈ ਜੋ ਚਿੱਬੀ ਕੌਲੀ ਤੇ ਬੁੱਕ ਵਿਚ ਰੱਖੀਆਂ ਰੋਟੀਆਂ ਉੱਤੇ ਪਰਦਾ ਪਾ ਸਕੇ। ਇਸ ਉਦੇਸ਼ ਨਾਲ ਉਹਨੇ ‘ਸਾਬਰਮਤੀ ਰਿਵਰਫ਼ਰੰਟ’ ਬਣਾਇਆ। ਜਦੋਂ ਕੋਈ ਬੇਰੁਜ਼ਗਾਰੀ, ਅਨਪੜ੍ਹਤਾ, ਸਿਹਤ, ਮੁਸਲਮਾਨਾਂ ਵਿਰੁੱਧ ਵਿਤਕਰੇ, ਆਦਿ ਦੀ ਗੱਲ ਕਰਦਾ, ਮੋਦੀ ਗੜਵਾ ਦਿਖਾਉਣ ਵਾਂਗ ਆਖਦਾ, ਦੇਖੋ ਮੇਰੀ ਸਾਬਰਮਤੀ!

ਖ਼ੈਰ, ਹੁਣ ਗੁਜਰਾਤ, ਅਹਿਮਦਾਬਾਦ ਤੇ ਸਾਬਰਮਤੀ ਰਿਵਰਫ਼ਰੰਟ ਤਾਂ ਉਹੋ ਹੈ, ਮੋਦੀ ਨਵਾਂ ਹੈ। ਉਹ ਗੁਜਰਾਤ ਦੇ ਮੁੱਖ ਮੰਤਰੀ ਦੀ ਥਾਂ ਭਾਰਤ ਦਾ ਪ੍ਰਧਾਨ ਮੰਤਰੀ ਬਣ ਗਿਆ ਹੈ। ਪਰ ਜਿਨਪਿੰਗ ਦਾ ਜਹਾਜ਼ ਦਿੱਲੀ ਉਤਾਰਨ ਦੀ ਥਾਂ ਉਹਨੇ ਸਾਬਰਮਤੀ ਦਾ ਗੜਵਾ ਦਿਖਾਉਣ ਵਾਸਤੇ ਅਹਿਮਦਾਬਾਦ ਵਿਚ ਉਤਾਰਿਆ। ਮੋਦੀ ਤੇ ਜਿਨਪਿੰਗ ਦੋਵੇਂ ਉਂਗਲਾਂ ਦੀ ਕੰਘੀ ਪਾਈਂ ਚਹਿਲਕਦਮੀ ਕਰ ਰਹੇ ਸਨ ਕਿ ਸੇਵਕਾਂ ਨੇ ਨਦੀ ਕਿਨਾਰੇ ਸ਼ਾਹੀ ਝੂਲਾ ਲਿਆ ਰੱਖਿਆ। ਮੋਦੀ ਰਾਜਾਸ਼ਾਹੀ ਝੂਲਾ ਦੇਖ ਕੇ ਜਿਨਪਿੰਗ ਵੱਲ ਮੁਸਕਰਾਇਆ। ਇਧਰ ਮੇਰੇ ਮਨ ਦੇ ਮੰਚ ਤੋਂ ਮੰਨਾ ਡੇ ਤੇ ਆਸ਼ਾ ਦਾ ਪ੍ਰੋਗਰਾਮ ਖ਼ਤਮ ਹੋਇਆ ਅਤੇ ਆਪਣੇ ਢਾਡੀ ਅਮਰ ਸਿੰਘ ਸ਼ੌਂਕੀ ਨੇ ਹੇਕ ਚੁੱਕ ਲਈ, ‘‘ਆ ਜਾ ਜਿਨਪਿੰਗ ਝੂਟ ਲੈ, ਪੀਂਘ ਹੁਲਾਰੇ ਲੈਂਦੀ!”

ਮਗਰੋਂ ਮੋਦੀ ਨੂੰ ਪਤਾ ਲੱਗਿਆ, ਜਿਨਪਿੰਗ ਇਧਰ ਪੀਂਘ ਦੇ ਝੂਟੇ ਲੈਂਦਾ ਰਿਹਾ, ਉਧਰ ਫ਼ੌਜ ਨੂੰ ਸਾਡੇ ਇਲਾਕੇ ਦੇ ਡੂੰਘਾ ਅੰਦਰ ਵੜ ਜਾਣ ਲਈ ਕਹਿ ਆਇਆ! ਰੌਲ਼ਾ ਸੌ ਅਰਬ ਦੇ ਸਮਝੌਤਿਆਂ ਦਾ ਪਾਉਂਦਾ ਰਿਹਾ, ਸਮਝੌਤੇ ਵੀਹ ਅਰਬ ਦੇ ਹੋਏ। ਮੁੱਖ ਮੰਤਰੀ ਹੁੰਦਿਆਂ ਮੋਦੀ ਗੁਜਰਾਤ ਵਿਚ ਹਰ ਸਾਲ ਦੁਨੀਆ ਭਰ ਦੇ ਕਾਰੋਬਾਰੀਆਂ ਦਾ ਮੇਲਾ ਕਰ ਕੇ ਲੱਖਾਂ ਕਰੋੜ ਰੁਪਏ ਦੇ ਸਮਝੌਤੇ ਸਹੀਬੰਦ ਕਰਦਾ ਸੀ।ਜਦੋਂ ਗੱਲ ਅਮਲਾਂ ਦੀ ਆਉਂਦੀ, ਸਭ ਕੁਝ ਲੱਖਾਂ ਕਰੋੜਾਂ ਤੋਂ ਸਿਮਟ ਕੇ ਸੈਂਕੜੇ ਕਰੋੜਾਂ ਤੱਕ ਰਹਿ ਜਾਂਦਾ। ਮੋਦੀ ਜਾਣ ਗਿਆ, ਜਿਨਪਿੰਗ ਦੇ ਇਸ ਵੀਹ ਅਰਬ ਵਿਚੋਂ ਵੀ ਪੰਜੀ-ਛਿੱਕੀ ਹੀ ਪੱਲੇ ਪੈਣੀ ਹੈ!

ਪਹਿਲਾਂ ਅਜਿਹੀ ਲੰਗੜੀ ਹੀ ਨਵਾਜ਼ ਸ਼ਰੀਫ਼ ਨੇ ਮਾਰੀ।ਜੱਫੀਆਂ ਖ਼ੂਬ ਘੁੱਟ ਕੇ ਪਾਈਆਂ।ਪਰ ਜਾਂਦਿਆਂ ਹੀ ਕਸ਼ਮੀਰ ਦਾ ਰੌਲ਼ਾ ਪਾ ਦਿੱਤਾ।ਜਦੋਂ ਪੰਜਾਬ ਵਿਚ ਕਿਸੇ ਨੂੰ ਮਿਲਣ ਆਏ ਰਿਸ਼ਤੇਦਾਰ ਮੁੰਡੇ-ਕੁੜੀਆਂ ਨੂੰ ਖੇਸ ਤੇ ਝੱਗਾ-ਜਾਮਾ ਦੇਣ ਦਾ ਰਿਵਾਜ ਸੀ, ਜੇ ਕੋਈ ਰਿਸ਼ਤੇਦਾਰ ਆਪਣੇ ਵੇਲੇ ਕਿਸੇ ਨਾਲੋਂ ਮਾੜਾ ਲੀੜਾ-ਕੱਪੜਾ ਦੇ ਦਿੰਦਾ, ਰਿਸ਼ਤੇਦਾਰੀ ਟੁੱਟਣ ਦੀ ਨੌਬਤ ਆ ਜਾਂਦੀ। ਮਿਹਣਾ ਮਾਰਿਆ ਜਾਂਦਾ, ‘‘ਮੈਂ ਤਾਂ ਉਹਦੇ ਮੁੰਡੇ ਨੂੰ ਦਿੱਤਾ ਸੀ ਧੁੱਸੇ ਵਰਗਾ ਖੇਸ, ਉਹਨੇ ਮੇਰੇ ਪੁੱਤ ਦੇ ਮੱਥੇ ਐਹ ਜਾਲਖਾ ਮਾਰਿਆ!” ਤਾਈ ਕਿਸ਼ਨੋ ਨੇਮ ਨਾਲ ਟੀਵੀ ਦੇਖਦੀ ਹੈ। ਇਸ ਕਰਕੇ ਚੌਵੀ ਕੈਰਟ ਦੀ ਅਣਪੜ੍ਹ ਹੋਣ ਦੇ ਬਾਵਜੂਦ ਗਲੀ-ਮੁਹੱਲੇ ਜਾਂ ਨਗਰ ਪੰਚਾਇਤ ਦੀ ਰਾਜਨੀਤੀ ਨੂੰ ਹੀ ਨਹੀਂ, ਕੌਮਾਂਤਰੀ ਰਾਜਨੀਤੀ ਨੂੰ ਵੀ ਵਾਹਵਾ ਮੂੰਹ ਮਾਰਦੀ ਹੈ। ਮੈਨੂੰ ਕਹਿੰਦੀ, ‘‘ਵੇ ਪੁੱਤ ਗੁਰਬਚਨ ਸਿਆਂ, ਨਵਾਜ਼ ਐਨਾ ਔਖਾ ਹੋਇਆ ਫਿਰਦਾ ਐ, ਉਹ ਜਿਹੜੀ ਸ਼ਾਲ ਮੋਦੀ ਦੀ ਬੇਬੇ ਨੂੰ ਦੇ ਕੇ ਗਿਆ ਸੀ, ਕਿਤੇ ਏਸ ਨਿਕੰਮੇ ਨੇ ਉਹਦੀ ਬੇਬੇ ਨੂੰ ਉਹਦੇ ਨਾਲੋਂ ਸਸਤੀ ਤਾਂ ਨਹੀਂ ਦੇ ਦਿੱਤੀ?”
ਮੈਂ ਦੱਸਿਆ, ਉਤਾਈ, ਸ਼ਾਲ ਤਾਂ ਵਧੀਆ ਕਸ਼ਮੀਰੀ ਸੀ। ਆਪਣੇ ਮੋਦੀ ਨੇ ਸੋਚਿਆ ਸੀ, ਕਸ਼ਮੀਰੀ ਸ਼ਾਲ ਲੈ ਕੇ ਉਹ ਕਸ਼ਮੀਰ ਛੱਡ ਦੇਊ। ਪਰ ਉਹਨੇ ਤਾਂ ਜੋ ਰੌਲ਼ਾ ਪਾਇਆ ਸੋ ਪਾਇਆ, ਕੱਲ੍ਹ ਦਾ ਜੰਮਿਆ ਭੁੱਟੋ ਦਾ ਦੋਹਤਾ ਵੀ ਕਹਿੰਦਾ, ਅਸੀਂ ਇਕ ਇੰਚ ਵੀ ਕਸ਼ਮੀਰ ਨਹੀਂ ਛੱਡਣਾ।”

ਤਾਈ ਬੋਲੀ, ‘‘ਮੈਨੂੰ ਅਨਪੜ੍ਹ ਨੂੰ ਬਹੁਤੀਆਂ ਬਰੀਕੀਆਂ ਦਾ ਤਾਂ ਪਤਾ ਨਹੀਂ, ਪਰ ਪੁੱਤ ਮੈਂ ਤਾਂ ਗੱਲ ਕਰੂੰ ਨਿਆਂ ਦੀ। ਇਹ ਤਾਂ ਆਪਣਿਆਂ ਦੀ ਕਮਲੀ ਗੱਲ ਸੀ, ਭਲਾਂ ਕੋਈ ਇਕ ਸ਼ਾਲ ਵੱਟੇ ਐਡਾ ਵੱਡਾ ਕਸ਼ਮੀਰ ਕਿਵੇਂ ਛਡ ਦੇਊ?”

ਹੁਣ ਮੋਦੀ ਜੀ ਅਮਰੀਕਾ ਗਏ। ਉਹਨਾਂ ਦੇ ਜਾਣ ਦਾ ਤੌਰ-ਤਰੀਕਾ ਇਉਂ ਸੀ ਜਿਵੇਂ ਕੋਲੰਬਸ ਤੋਂ ਮਗਰੋਂ ਬੱਸ ਉਹ ਹੀ ਨਵੀਂ ਦੁਨੀਆ ਦੀ ਧਰਤੀ ਉੱਤੇ ਪੈਰ ਰੱਖ ਰਹੇ ਦੂਜੇ ਵਿਅਕਤੀ ਹੋਣ। ਵਿਆਹ ਵਾਲੇ ਮੁੰਡੇ ਦੀ ਭਰਜਾਈ ਵਾਂਗੂੰ ਇਕ ਇਕ ਦਿਨ ਵਿਚ ਛੇ ਛੇ ਸੂਟ ਬਦਲੇ। ਅਮਰੀਕੀ ਅਜਿਹੇ ਅਣਭਿੱਜ ਨਿੱਕਲੇ ਕਿ ਪ੍ਰਸੰਸਾ ਕਰਨ ਦੀ ਥਾਂ ਹੈਰਾਨ ਹੁੰਦੇ ਰਹੇ, ‘‘ਇਹ ਭਾਰਤ ਦਾ ਪ੍ਰਧਾਨ ਮੰਤਰੀ ਸਰਕਾਰ ਨਾਲ ਤੇ ਕਾਰੋਬਾਰੀਆਂ ਨਾਲ ਗੰਭੀਰ ਗੱਲਬਾਤ ਕਰਨ ਆਇਆ ਹੈ ਕਿ ਜਾਰਜ ਕਲੂਨੀ ਨਾਲ ਫ਼ੈਸ਼ਨ ਤੇ ਪ੍ਰਸਨੈਲਿਟੀ ਦਾ ਮੁਕਾਬਲਾ ਕਰਨ ਆਇਆ ਹੈ?” ਨਤੀਜਾ ਇਹ ਹੋਇਆ ਕਿ ਅਮਰੀਕੀ ਕਹਿੰਦੇ, ‘‘ਜਨਾਬ, ਇਹ ਮੋਦੀ-ਮੋਦੀ ਦੇ ਨਾਅਰੇ ਤਾਂ ਪਰਵਾਸੀ ਗੁਜਰਾਤੀਆਂ ਤੋਂ ਸੁਣ ਕੇ ਖ਼ੁਸ਼ ਹੁੰਦੇ ਰਹੋ, ਪਰ ਜੇ ਸਾਡੇ ਨਾਲ ਲੈਣ-ਦੇਣ ਕਰਨਾ ਹੈ ਤਾਂ ਪਹਿਲਾਂ ਆਪਣੇ ਕਾਨੂੰਨ ਇਉਂ ਬਦਲੋ ਕਿ ਅਸੀਂ ਭਾਰਤ ਦੇ ਕਿਸਾਨਾਂ ਦੀਆਂ ਜ਼ਮੀਨਾਂ ਸਸਤੀਆਂ ਖੋਹ ਸਕੀਏ ਤੇ ਬਿਨਾਂ ਕਿਸੇ ਅਦਾਲਤੀ ਡਰ-ਭੈ ਤੋਂ ਤੁਹਾਡੇ ਮਜ਼ਦੂਰਾਂ ਨੂੰ ਢੱਗਿਆਂ ਵਾਂਗ ਵਾਹ ਸਕੀਏ!”

ਮੋਦੀ ਦੇ ਅਮਰੀਕੀ ਦੌਰੇ ਦਾ ਅਜੇ ਮੈਨੂੰ ਤਾਈ ਕਿਸ਼ਨੋ ਦਾ ਵਿਸ਼ਲੇਸ਼ਣ ਜਾਣਨ ਦਾ ਮੌਕਾ ਤਾਂ ਨਹੀਂ ਮਿਲਿਆ ਪਰ ਪੜ੍ਹਾਕੂ ਨਾਂ ਦਾ ਮੁੰਡਾ ਜ਼ਰੂਰ ਯਾਦ ਆ ਗਿਆ।ਉਹ ਪੂਰੇ ਟੱਬਰ ਵਿਚੋਂ ਸਕੂਲ ਦਾ ਮੂੰਹ ਦੇਖਣ ਵਾਲਾ ਪਹਿਲਾ ਸੀ। ਸਕੂਲ ਛੱਡਣ ਤੋਂ ਪਹਿਲਾਂ ਤੀਜੀ ਜਮਾਤ ਦੀ ਡਿਗਰੀ ਲਈ ਹੋਣ ਕਰਕੇ ਲੋਕ ਉਹਦਾ ਅਸਲ ਨਾਂ ਭੁੱਲ ਗਏ, ਪੜ੍ਹਾਕੂ ਆਖਣ ਲੱਗ ਪਏ। ਇਹੋ ਉਹਦਾ ਨਾਂ ਬਣ ਗਿਆ। ਉਹ ਆਪਣੇ ਆਪ ਨੂੰ ਪੂਰੇ ਟੱਬਰ ਵਿਚੋਂ ਉਵੇਂ ਸਿਆਣਾ ਸਮਝਦਾ ਸੀ ਜਿਵੇਂ ਮੋਦੀ ਆਪਣੇ ਆਪ ਨੂੰ ਪੂਰੇ ਦੇਸ ਵਿਚੋਂ ਸਭ ਤੋਂ ਸਿਆਣਾ ਸਮਝਦਾ ਹੈ। ਇਕ ਦਿਨ ਪੜ੍ਹਾਕੂ ਅਣਪੜ੍ਹ ਮਾਤਾ-ਪਿਤਾ ਤੇ ਭਰਾ-ਭਰਜਾਈ ਨਾਲ ਨਦੀਉਂ ਪਾਰ ਕਿਤੇ ਜਾ ਰਿਹਾ ਸੀ। ਨਦੀ ਕੋਲ ਜਾ ਕੇ ਪਤਾ ਲੱਗਿਆ ਕਿ ਬੇੜੀ ਵਾਲਾ ਤਾਂ ਅੱਜ ਆਇਆ ਹੀ ਨਹੀਂ। ਪੜ੍ਹਾਕੂ ‘ਪੜ੍ਹਿਆ-ਲਿਖਿਆ’ ਹੋਣ ਕਰਕੇ ਤਰਨਾ ਸਿੱਖ ਗਿਆ ਸੀ, ਬਾਕੀ ਸਾਰੇ ਅਣਜਾਣ ਸਨ। ਉਹਨਾਂ ਦਾ ਘਬਰਾਉਣਾ ਕੁਦਰਤੀ ਸੀ। ਪੜ੍ਹਾਕੂ ਬੋਲਿਆ, ‘‘ਘਬਰਾਓ ਨਾ, ਮੈਨੂੰ ਹਿਸਾਬ ਲਾ ਲੈਣ ਦਿਉ। ਭਲਾਂ ਬਾਪੂ, ਨਦੀ ਡੂੰਘੀ ਕਿੰਨੀ ਹੋਊ?”

ਪੰਜ ਗ਼ਜ਼ ਸੁਣ ਕੇ ਧਰਤੀ ਉੱਤੇ ਬੈਠ ਗਿਆ ਅਤੇ ਉਂਗਲ ਨਾਲ ਰੇਤੇ ਉੱਤੇ ਪੰਜ ਨੂੰ ਪੰਜ ਨਾਲ ਵੰਡਿਆ। ਖ਼ੁਸ਼ ਹੋ ਕੇ ਬੋਲਿਆ, ‘‘ਚਲੋ ਬਈ, ਨਦੀ ਪਾਰ ਕਰੀਏ। ਸਾਰਿਆਂ ਨੂੰ ਇਕ ਇਕ ਗ਼ਜ਼ ਪਾਣੀ ਆਇਆ। ਬੱਸ ਹੇਠੋਂ ਹੇਠੋਂ ਭਿੱਜਾਂਗੇ।” ਜਦੋਂ ਉਹ ਚਾਰੇ ਗੋਤੇ ਖਾਣ ਲੱਗੇ, ਪੜ੍ਹਾਕੂ ਹੈਰਾਨ ਹੋਇਆ, ‘‘ਲੇਖਾ ਮੇਰਾ ਜਿਉਂ-ਦਾ-ਤਿਉਂ, ਅਣਪੜ੍ਹ ਟੱਬਰ ਡੁੱਬਿਆ ਕਿਉਂ!”

ਪਾਕਿਸਤਾਨ, ਚੀਨ ਤੇ ਅਮਰੀਕਾ ਨਾਲ ਸਿਖਰੀ ਮਿਲਣੀਆਂ ਮਗਰੋਂ ਮੋਦੀ ਜੀ ਵੀ ਪੜ੍ਹਾਕੂ ਵਾਂਗ ਹੈਰਾਨ ਹਨ, ਉਸ ਨੂੰ ਜੱਫੀਆਂ ਪਾਈਆਂ, ਸ਼ਾਲਾਂ ਵਟਾਈਆਂ, ਪੀਂਘਾਂ ਝੂਟੀਆਂ, ਇਕ ਇਕ ਦਿਨ ਵਿਚ ਛੇ ਛੇ ਸੂਟ ਬਦਲੇ, ਪਰਵਾਸੀ ਗੁਜਰਾਤੀਆਂ ਤੋਂ ਜੈ-ਜੈ ਕਰਵਾਈ, ਪਰ ਦੋਸਤੀ, ਸਹਿਮਤੀ, ਸਮਝੌਤੇ, ਵਪਾਰ-ਕਾਰੋਬਾਰ, ਮਾਇਆ, ਸਭ ਸਾਬਰਮਤੀ ਵਿਚ ਕਿਉਂ ਡੁਬਦਾ ਜਾਂਦਾ ਹੈ? ਲੇਖਾ ਤਾਂ ਮੇਰਾ ਜਿਉਂ-ਦਾ-ਤਿਉਂ ਸੀ!”

Comments

Balraj Cheema

ਗੁਰਬਚਨ ਸਿੰਘ ਦਾ ਇਹ ਲੇਖ ਮਾਮੂਲ ਵਾਂਗ ਦਲਸਚਪ, ਤਨਜ਼ ਤੇ ਤਮਾਚੇ ਵਾਲੇ ਪ੍ਰਭਾਵ ਨਾਲ ਪਰੋਸਿਆ ਹੋਇਆ ਏ। ਗੁਰਬਚਨ ਸਿੰਘ ਕੋਲ ਗੱਲ ਵੀ ਹੁੰਦੀ ਤੇ ਗੱਲ ਅੱਗੇ ਪਚਾਉਣ ਦੀ ਵਿਧੀ ਵੀ। ਉਹ ਖ਼ੁਸ਼ਕ ਮਸਲੇ ਨੂੰ ਵੀ ਪੜ੍ਹਣਯੋਗ ਤੇ ਮਆਨੀਖ਼ੇਜ਼ ਬਣਾ ਦਿੰਦਾ ਵੇ। ਟਿਪਣੀਆਂ ਨਾਲ ਲੇਸ ਇਹ ਸੰਖੇਪ ਰਚਨਾ ਅਰਥ ਤੇ ਵਿਅੰਗ ਨਾਲ ਰੱਜੀ ਪੇਸ਼ਕਸ਼ ਵੇ। ਮੋਦੀ ਬਾਰੇ ਹੂਪ-ਲਆ ਦੇ ਭੁਕਾਨੇ ਵਿੱਚ ਪਿੰਨ ਮਾਰਨ ਵਾਂਗ ਇਹ ਰਸਮੀ ਤੇ ਥੋਥੀ ਵਾਹ ਵਾਹ ਤੇ ਪਰਾਈ ਧਰਤੀ 'ਤੇ ਬੇਮਆਨੀ ਰਸਮਾਂ ਤੇ ਸਿਫ਼ਤਾਂ ਦੇ ਰੇਤ ਦੇ ਘਰ ਢਾਹ ਦਿੰਦਾ ਏ। ਸੱਚਮੁੱਚ ਗੁਰਬਚਨ ਸਿੰਘ ਪੰਜਾਬੀ ਵਾਰਤਕ ਦਾ ਵਰ ਸਾਬਤ ਹੁੰਦਾ ਏ।

Kirpal Singh Dardi

Takda veung hai

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ