ਗੁਰਸ਼ਰਨ ਸਿੰਘ ਅਤੇ ਉਸ ਦੇ ਦਰਸ਼ਕ
Posted on:- 23-09-2014
ਰੌਸ਼ਨ ਕੁੱਸਾ-
ਸਾਹਤਿਕ
ਇਤਿਹਾਸ ਵਿੱਚ ਕਿੰਨੇ ਇਨਾਮ ਸਨਮਾਨ ਹੋਣਗੇ, ਜਿਹੜੇ ਕਿੰਤੂ ਕਹਿਤ ਹੋਣ? ਤੇ ਇੱਕਵੀਂ ਸਦੀ
ਵਿੱਚ ਤਾਂ ਇਹ ਗੁੰਜਾਇਸ਼ ਹੋਰ ਵੀ ਘਟ ਜਾਂਦੀ ਹੈ। ਪਰ ਉਹ ਸਨਮਾਨ ਸੱਚਮੁੱਚ ਹੀ ਕਿੰਤੂ
ਰਹਿਤ ਸੀ। ਹਰ ਕੋਈ ਇਹੋ ਕਹਿ ਰਿਹਾ ਸੀ ਕਿ ''ਇਹ ਸਨਮਾਨ ਤਾਂ ਬਣਦਾ ਸੀ।'' ਹਜ਼ਾਰਾਂ
ਲੋਕਾਂ ਵੱਲੋਂ ਮਹੀਨਾ ਭਰ ਮੁਹਿੰਮ ਚਲਾ ਕੇ, ਇੱਕ ਬਹੁਤ ਵੱਡਾ ਸਮਾਗਮ ਰਚਾ ਕੇ ਕਿਸੇ
ਸਖਸ਼ੀਅਤ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੋਵੇ ਅਤੇ ਕਿਸੇ ਪਾਸੇ ਤੋਂ ਕੋਈ ਪ੍ਰਸ਼ਨ-ਚਿੰਨ•
ਨਾ ਉੱਠੇ, ਨਿਸ਼ਚੇ ਹੀ ਮੰਨਣਾ ਔਖਾ ਹੈ। ਕਿਉਂਕਿ ਵੱਡੀਆਂ ਤੋਂ ਵੱਡੀਆਂ ਅਕਾਦਮੀਆਂ ਤੋਂ ਲੈ
ਕੇ ਛੋਟੀਆਂ ਤੋਂ ਛੋਟੀਆਂ ਸਾਹਿਤ ਸਭਾਵਾਂ ਤੱਕ ਇਹ ਆਮ ਵਾਪਰਦਾ ਹੈ। ਪਰ ਇੱਥੇ ਨਹੀਂ ਸੀ।
ਤੇ ਇਹੀ ਇਸ ਸਨਮਾਨ ਸਮਾਰੋਹ ਦੀ ਕਾਮਯਾਬੀ ਦਾ ਰਾਜ ਸੀ।
11 ਜਨਵਰੀ 2006 ਨੂੰ
ਕੁੱਸਾ ਵਿਖੇ ਗੁਰਸ਼ਰਨ ਸਿੰਘ ਨੂੰ ਦਿੱਤਾ ਗਿਆ 'ਇਨਕਲਾਬੀ ਨਿਹਚਾ ਸਨਮਾਨ' ਪੰਜਾਬ ਦੀ
ਇਨਕਲਾਬੀ ਜਮਹੂਰੀ ਲਹਿਰ ਦੇ ਗੁਰਸ਼ਰਨ ਸਿੰਘ ਪ੍ਰਤੀ ਸਤਿਕਾਰ ਦਾ ਸਮੂਹਿਕ ਪ੍ਰਗਟਾਅ ਸੀ।
ਬਿਨਾ ਸ਼ੱਕ, ਇਹ ਸਨਮਾਨ ਇਤਿਹਾਸਕ ਸੀ, ਜਿਵੇਂ ਕਿ ਬਹੁਤ ਸਾਰੇ ਸਾਹਿਤਕਾਰਾਂ ਅਤੇ
ਕਲਾਕਾਰਾਂ ਨੇ ਕਿਹਾ। ਇਸ ਗੱਲ ਦਾ ਜੁਆਬ ਵੀ ਕੋਈ ਗੁੱਝਾ ਨਹੀਂ ਕਿ ਇਤਿਹਾਸ ਨੇ ਅਜਿਹੇ
ਸਨਮਾਨ ਲਈ ਗੁਰਸ਼ਰਨ ਸਿੰਘ ਦੀ ਚੋਣ ਹੀ ਕਿਉਂ ਕੀਤੀ? ਪਰ ਤਾਂ ਵੀ ਇਤਿਹਾਸ ਦੀ ਇਹ ਚੋਣ ਹੋਰ
ਵੱਧ ਚਰਚਾ ਕੀਤੇ ਜਾਣ ਦੀ ਮੰਗ ਕਰਦੀ ਹੈ।
ਗੁਰਸ਼ਰਨ ਸਿੰਘ ਦੀ ਕਲਾ ਪ੍ਰਤਿਭਾ ਅਤੇ
ਕਾਜ ਦੀ ਪ੍ਰਤੀਬੱਧਤਾ ਇੱਕ-ਦੂਜੇ 'ਚ ਇਸ ਕਦਰ ਗੁੰਦੇ ਹੋਏ ਸੀ ਕਿ ਇਸ ਦੀਆਂ ਬਾਰੀਕ ਤੰਦਾਂ
ਸਮਝੀਆਂ ਘੱਟ ਅਤੇ ਮਹਿਸੂਸ ਵਧੇਰੇ ਕੀਤੀਆਂ ਜਾ ਸਕਦੀਆਂ ਹਨ। ਇਸੇ ਤਰ•ਾਂ ਇਨਕਲਾਬੀ
ਸਨਮਾਨ ਸਮਾਰੋਹ ਗੁਰਸ਼ਰਨ ਸਿੰਘ ਦੇ ਦਰਸ਼ਕ ਅਤੇ ਪਾਤਰ ਦੀ ਇੱਕਮਿੱਕਤਾ ਨੂੰ ਸਮਝਣ ਦਾ ਸਬੱਬ
ਵੀ ਬਣਿਆ। ਇਸ ਹਵਾਲੇ ਨਾਲ ਵੀ ਇਹ ਤੰਦਾਂ ਫਰੋਲੀਆਂ ਜਾ ਸਕਦੀਆਂ ਹਨ। ਸਨਮਾਨ ਸਮਾਰੋਹ ਤੋਂ
ਲੈ ਕੇ ਸ਼ਰਧਾਂਜਲੀ ਸਮਾਗਮ ਤੱਕ ਅਤੇ ਉਸ ਤੋਂ ਵੀ ਅੱਗੇ, ਹੁਣ ਤੱਕ, ਇਸ ਦਾ ਪ੍ਰਭਾਵ
ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਸਮਾਰੋਹ ਨੇ ਜਿੱਥੇ ਪੰਜਾਬ ਦੀਆਂ ਰੰਗਮੰਚ ਟੋਲੀਆਂ ਨੂੰ
ਆਪਣੇ ਆਪੇ ਦੀ ਪਛਾਣ ਕਰਵਾਈ, ਉੱਥੇ ਇਨਕਲਾਬੀ ਜਮਹੂਰੀ ਲਹਿਰ ਨਾਲ ਜੁੜੇ ਲੋਕਾਂ ਦੇ
ਕਲਾ-ਸਾਹਿਤ ਪ੍ਰਤੀ ਨਜ਼ਰੀਏ ਵਿੱਚ ਵੀ ਸਪੱਸ਼ਟਤਾ ਲਿਆਂਦੀ। ਗੁਰਸ਼ਰਨ ਸਿੰਘ ਦੇ ਹਵਾਲੇ ਤੋਂ
ਬਿਨਾ ਪੰਜਾਬ ਵਿੱਚ ਕਲਾ ਅਤੇ ਲੋਕ ਲਹਿਰ ਦੇ ਰਿਸ਼ਤੇ ਦੀ ਗੱਲ ਨਹੀਂ ਕੀਤੀ ਜਾ ਸਕਦੀ। ਇਸੇ
ਪ੍ਰਸੰਗ ਵਿੱਚ ਹੀ ਗੱਲ ਕੀਤੀ ਜਾ ਸਕਦੀ ਹੈ ਕਿ ਗੁਰਸ਼ਰਨ ਸਿੰਘ ਆਪਣੇ ਦਰਸ਼ਕ ਲਈ ਕੀ ਸੀ। ਉਹ
ਕਿਸ ਕਦਰ ਆਪਣੇ ਦਰਸ਼ਕਾਂ (ਜੋ ਕਿ ਉਹਨਾਂ ਨੇ ਸੁਚੇਤ ਤੌਰ 'ਤੇ ਚੁਣੇ ਸਨ) ਦੀ ਕਲਪਨਾ
ਸ਼ਕਤੀ ਨੂੰ ਵਾਚਿਆ ਅਤੇ ਬਹੁਤ ਵਾਰ ਨਿਰੋਲ ਉਸੇ ਆਸਰੇ ਹੀ ਕਾਮਯਾਬ ਤੋਂ ਕਾਮਯਾਬ
ਪੇਸ਼ਕਾਰੀਆਂ ਕੀਤੀਆਂ। ਇਹ ਇੱਕ ਕਲਾਕਾਰ ਤੇ ਦਰਸ਼ਕਾਂ ਦੀ ਇੱਕਮਿਕਤਾ ਹੈ।
ਲੋਕ ਲਹਿਰ
ਦੀਆਂ ਮੁਢਲੀਆਂ ਸਫਾਂ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਕਾਰਕੁੰਨ ਗੁਰਸ਼ਰਨ ਸਿੰਘ ਨੂੰ ਲਹਿਰ
ਦਾ ਸਭ ਤੋਂ ਵੱਡਾ ਬੰਦਾ ਆਖਦੇ। ਕਿਸੇ ਨਾਟਕ ਮੇਲੇ ਵਿੱਚ ਗੁਰਸ਼ਰਨ ਸਿੰਘ ਦੀ ਆਮਦ ਇੱਕ
ਵਾਰ ਮੇਲੇ ਵਿੱਚ ਹਿਲਜੁਲ ਪੈਦਾ ਕਰ ਦਿੰਦੀ। ਮੇਰੇ ਪਿੰਡ ਵਿੱਚ ਖੇਤ ਮਜ਼ਦੂਰ ਯੂਨੀਅਨ ਦੇ
ਕਾਰਕੁੰਨ ਇਹ ਮਹਿਸੂਸ ਕਰ ਰਹੇ ਹੁੰਦੇ ਕਿ ਉਹਨਾਂ ਦੀ ਧਿਰ ਦਾ ਸਭ ਤੋਂ ਪ੍ਰਮੁੱਖ ਆਗੂ
ਉਹਨਾਂ ਦੇ ਵਿਚਕਾਰ ਹੈ ਅਤੇ ਹੁਣ ਸਮਾਗਮ ਦੀ ਕਾਮਯਾਬੀ ਪ੍ਰਤੀ ਕੋਈ ਸੰਸਾ ਨਹੀਂ। ਉਹ ਬੰਦੇ
ਜਿਹੜੇ ਸਮਾਜਿਕ ਤੌਰ 'ਤੇ ਪਿੰਡ ਵਿੱਚ ਸਭ ਤੋਂ ਵੱਧ ਦਬਾਏ ਹੋਏ ਹਨ, ਗਰੁਸ਼ਰਨ ਸਿੰਘ ਦੀ
ਆਮਦ 'ਤੇ ਆਪਣੀ ਹੋਂਦ ਮਹਿਸੂਸ ਕਰਨ ਲੱਗਦੇ। ਉਹਨਾਂ ਲਈ ਇਹ ਚਾਅ ਦਾ ਸਬੱਬ ਬਣਦਾ ਕਿ ਅਸੀਂ
ਇਨਕਲਾਬੀ ਵੀ ਕਿਸੇ ਨੂੰ ਸਾਡਾ 'ਸਿਖਰਲਾ' ਬੰਦਾ ਕਹਿ ਸਕਦੇ ਹਾਂ। ਇਹ ਗੁਰਸ਼ਰਨ ਸਿੰਘ ਸੀ,
ਜੋ ਮਹਿਜ ਕਲਾਕਾਰ ਤੋਂ ਵਧਕੇ ਸੀ। ਗੁਰਸ਼ਰਨ ਸਿੰਘ ਵੱਲੋਂ ਲਿਆਂਦੀਆਂ ਕਿਤਾਬਾਂ-ਕੈਸਿਟਾਂ
ਨੂੰ ਇਉਂ ਖਰੀਦਦੇ-ਵੇਚਦੇ ਜਿਵੇਂ ਕਿ ਅਜਿਹਾ ਨਾ ਕਰਨਾ ਜਥੇਬੰਦਕ ਜਾਬਤੇ ਦੀ ਉਲੰਘਣਾ
ਹੋਵੇਗੀ। ਨਾਟਕ ਮੇਲੇ ਵਿੱਚ ਉਹਨਾਂ ਦੀ ਟੀਮ ਨੂੰ ਬੁਲਾਉਣਾ ਸਿਰਫ ਨਾਟਕ ਕਰਨਾ ਨਹੀਂ
ਹੁੰਦਾ ਸੀ। ਸਗੋਂ ਗੁਰਸ਼ਰਨ ਸਿੰਘ ਨੂੰ ਉਹ ਮੇਲਾ ਵਿਖਾਉਣਾ ਵੀ ਹੁੰਦਾ ਸੀ। ਉਹਨਾਂ ਤੋਂ
ਸ਼ਾਬਾਸ਼ ਦੀ ਤਵੱਕੋ ਵੀ ਕੀਤੀ ਜਾਂਦੀ ਅਤੇ ਉਹ ਇਹ ਆਸ ਪੂਰੀ ਵੀ ਕਰਦੇ।
ਸ਼ਾਇਦ ਗੁਰਸ਼ਰਨ
ਸਿੰਘ ਆਪਣੇ ਸਾਧਾਰਨ ਦਰਸ਼ਕਾਂ ਦੀ ਤਰ•ਾਂ ਹੀ ਸੋਚਦੇ ਸਨ। ਜਾਂ ਫਿਰ ਉਹਨਾਂ ਨੂੰ ਆਪਣੀ
ਤਰ•ਾਂ ਸੋਚਣ ਲਾ ਦਿੰਦੇ ਸਨ। ਮੈਂ ਤੇ ਮੇਰੇ ਕੁੱਝ ਦੋਸਤ ਜਦੋਂ ਅਸੀਂ ਨਵੇਂ ਨਵੇਂ ਕਾਲਜ
ਪੜ•ਨ ਲੱਗੇ ਤਾਂ ਅਸੀਂ ਸਵਰਾਜਬੀਰ, ਆਤਮਜੀਤ ਦੇ ਨਾਟਕਾਂ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ
ਗੁਰਸ਼ਰਨ ਸਿੰਘ ਦੇ ਨਾਟਕ ਸਾਨੂੰ 'ਸਾਧਾਰਨ' ਜਾਪਣ ਲੱਗੇ। ਗੁਰਸ਼ਰਨ ਸਿੰਘ ਦਾ ਨਾਟਕ ਹੈ
'ਪੰਜ ਕਲਿਆਣੀ'। ਉਹਦੇ ਵਿੱਚ ਇੱਕ ਪਾਤਰ ਕਰਜ਼ੇ ਤੋਂ ਪੀੜਤ ਇੱਕ ਮਜ਼ਦੂਰ ਨੂੰ ਇੱਕ ਕਸਰਤ
ਕਰਨ ਦੀ ਸਲਾਹ ਦਿੰਦਾ ਹੈ। ਕਸਰਤ ਹੈ ਕਿ ਮੁੱਕਾ ਵੱਟ ਕੇ ਸੂਦਖੋਰ ਵੱਲ ਉਲਾਰਨਾ ਅਤੇ ਨਾਲ
ਕਸਰਤ ਦੇ ਸਟੈੱਪ ਗਿਣਨਾ ਇੱਕ, ਦੋ, ਤਿੰਨ ਤੇ ਚਾਰ। ਉਸ ਦੌਰ ਵਿੱਚ ਜਦੋਂ ਨਵੇਂ ਨਵੇਂ
'ਵੱਡੇ' ਨਾਟਕ ਵੇਖਣ ਲੱਗੇ ਸੀ, ਹੱਸਦੇ ਕਿ 'ਇਹ ਕੀ ਗੱਲ ਬਣੀ।' ਪਰ ਕਿਸਾਨ ਯੂਨੀਅਨ ਦੇ
ਬਹੁਤ ਸਾਰੇ ਬੰਦੇ ਉਸ ਨਾਟਕ ਤੋਂ ਬਹੁਤ ਪ੍ਰਭਾਵਿਤ ਸਨ। ਉਹ ਅਕਸਰ ਤੁਰੇ ਫਿਰਦੇ ''ਮੁੱਕਾ
ਵੱਟ ਕੇ ਗੀਤ ਵਾਂਗ ਗੁਣਗੁਣਾਉਂਦੇ ਰਹਿੰਦੇ, ਇੱਕ, ਦੋ, ਤਿੰਨ ਤੇ ਚਾਰ। ਉਹਨਾਂ ਦੇ
ਭਾਸ਼ਣਾਂ ਵਿੱਚ ਵੀ ਕਸਰਤ ਦਾ ਜ਼ਿਕਰ ਕਈ ਵਾਰ ਸੁਣਨ ਲਈ ਮਿਲਿਆ। ਤਿਰਲੋਕ ਸਿੰਘ ਹਿੰਮਤਪੁਰਾ
ਨੇ ਤਾਂ ਇੱਕ ਅਜਿਹੀ ਟੀਮ ਤੋਂ 'ਪੰਜ ਕਲਿਆਣੀ' ਖੇਡੇ ਜਾਣ ਦੀ ਮੰਗ ਕੀਤੀ ਜਿਸ ਕੋਲ ਇਹ
ਨਾਟਕ ਤਿਆਰ ਹੀ ਨਹੀਂ ਸੀ। ਅਸੀਂ ਹੈਰਾਨ ਸਾਂ ਕਿ ਅਜਿਹਾ ਨਾਟਕ ਵਿੱਚ ਕੀ ਹੈ, ਜੋ ਇਹ ਲੋਕ
ਇੰਨੇ ਪ੍ਰਭਾਵਿਤ ਹਨ। ਪਰ ਸਨਮਾਨ ਸਮਾਰੋਹ ਅਤੇ ਸ਼ਰਧਾਂਜਲੀ ਸਮਾਗਮ ਨੇ ਇਸ ਅਹਿਸਾਸ ਨੂੰ
ਸਮਝਣ ਵਿੱਚ ਮੱਦਦ ਕੀਤੀ ਕਿ ਗੁਰਸ਼ਰਨ ਸਿੰਘ ਆਪਣੇ 'ਲੋਗਾਂ' ਵਾਂਗੁੰ ਹੀ ਸੋਚਦੇ ਸਨ।
ਇਸੇ
ਤਰ•ਾਂ 'ਇਨਕਲਾਬੀ-ਸਨਮਾਨ-ਸਮਾਰੋਹ' ਦੇ ਅੰਤ 'ਤੇ ਗੁਰਸ਼ਰਨ ਸਿੰਘ ਭਾਸ਼ਣ ਦੇ ਰਹੇ ਸਨ ਕਿ
''ਮੈਂ ਜਿਹੜਾ ਨਾਟਕ ਅੱਜ ਕੱਲ• ਖੇਡ ਰਿਹਾਂ 'ਭੰਡ ਮਟਕਾ ਚੌਕ ਗਏ'........ਜੇ ਤੁਸੀਂ
ਕਹਿੰਦੇ ਤਾਂ ਅੱਜ ਵੀ ਮੈਂ ਉਹ ਖੇਡਣਾ ਸੀ............'' ਪੰਡਾਲ ਵਿੱਚੋਂ ਕੁੱਝ ਆਵਾਜ਼ਾਂ
ਆਉਂਦੀਆਂ ਹਨ, ''ਹਾਂ ਜੀ, ਖੇਡ ਦਿਓ..........।''
ਇਹ ਹੈ ਕਲਾਕਾਰ ਤੇ ਦਰਸ਼ਕ ਦੀ
ਇੱਕਮਿੱਕਤਾ। ਗੁਰਸ਼ਰਨ ਸਿੰਘ ਦਾ ਜੀਅ ਨਾਟਕ ਖੇਡਣ ਨੂੰ ਕਰ ਰਿਹਾ ਹੈ ਅਤੇ ਉਹਨਾਂ ਦੇ
ਲੋਕਾਂ ਦਾ ਜੀਅ ਨਾਟਕ ਵੇਖਣ ਨੂੰ ਕਰ ਰਿਹਾ ਹੈ। ਇਹ ਜੀਅ ਦੀ ਸਾਂਝ ਸੀ, ਜੋ ਸਾਰੀ ਉਮਰ
ਉਹਨਾਂ ਨੇ ਸਾਧਾਰਨ ਲੋਕਾਂ ਨਾਲ ਬਣਾਈ ਅਤੇ ਪੁਗਾਈ।
'ਇਨਕਲਾਬੀ ਸਨਮਾਨ ਸਮਾਰੋਹ'
ਦੌਰਾਨ ਸਾਨੂੰ ਇੱਕ ਬਜ਼ੁਰਗ ਮਿਲਿਆ। ਉਹਦੀ ਉਮਰ ਕੋਈ 75 ਸਾਲ ਹੋਵੇਗੀ। ਉਹਨੇ ਦੱਸਿਆ ਕਿ
ਉਹਦਾ ਪਿੰਡ ਮੰਡੀ ਕਲਾਂ ਹੈ, ਉਹ ਅੱਸੀ ਕਿਲੋਮੀਟਰ ਦਾ ਪੈਂਡਾ ਮਾਰ ਕੇ ਸਾਈਕਲ 'ਤੇ
ਪਹੁੰਚਿਆ ਸੀ। ਰਾਤ ਰਾਹ ਵਿੱਚ ਕੱਟੀ ਸੀ। ਦਿਲਚਸਪ ਗੱਲ ਇਹ ਹੈ ਕਿ ਅਤਰਜੀਤ ਤੋਂ ਬਿਨਾ ਉਹ
ਸਨਮਾਨ ਕਮੇਟੀ ਵਿੱਚੋਂ ਕਿਸੇ ਨੂੰ ਨਹੀਂ ਸੀ ਜਾਣਦਾ। ਅਤਰਜੀਤ ਨੂੰ ਵੀ ਤਾਂ ਕਿਉਂਕਿ
ਉਹਦਾ ਗਰਾਈਂ ਸੀ। ਉਹ ਸਿਰਫ ਪੋਸਟਰ ਵੇਖ ਕੇ ਸਮਾਗਮ ਵਿੱਚ ਆਇਆ ਸੀ ਅਤੇ ਦਾਅਵਾ ਕਰ ਰਿਹਾ
ਸੀ ਕਿ ਉਸਨੇ ਗੁਰਸ਼ਰਨ ਸਿੰਘ ਦਾ ਕੋਈ ਵੀ ਨਾਟਕ ਨਹੀਂ ਛੱਡਿਆ। ਸਾਰੇ ਵੇਖੇ ਹੋਏ ਹਨ। ਫਿਰ
ਉਸਨੂੰ ਫੰਡ ਇਕੱਠਾ ਕਰਨ ਵਾਲੇ ਦਾ ਪਤਾ ਪੁੱਛਦੇ ਵੇਖਿਆ ਗਿਆ। ਉਹ ਬਜ਼ੁਰਗ ਸੁਰਜੀਤ ਪਾਤਰ
ਦੇ ਸ਼ਬਦਾਂ ਦੀ ਗਵਾਹੀ ਭਰ ਗਿਆ ਕਿ ''ਅੱਜ ਸਾਰੇ ਰਾਹ ਹੀ ਕੁੱਸੇ ਨੂੰ ਜਾ ਰਹੇ ਹਨ।''
ਏਦਾਂ ਦੇ ਬਾਬਿਆਂ ਦੇ ਅਹਿਸਾਸ ਦਾ ਪ੍ਰਗਟਾਅ ਇੱਕ ਵੱਡਾ ਸਮਾਗਮ ਹੀ ਬਣ ਸਕਦਾ ਸੀ। ਇੱਕ
ਕਾਗਜ਼ ਦਾ ਪੇਜ ਉਹਨਾਂ ਦੇ ਅਹਿਸਾਸਾਂ ਨੂੰ ਨਹੀਂ ਬਿਆਨ ਕਰ ਸਕਦਾ। ਕੋਈ ਵੀ ਵਿਅਕਤੀਗਤ
ਪੱਧਰ 'ਤੇ, ਲਿਖ ਕੇ ਜਾਂ ਭਾਸ਼ਣ ਦੇ ਕੇ ਆਪਣਾ ਸਤਿਕਾਰ ਦਰਜ ਕਰਵਾ ਸਕਦਾ ਹੈ। ਪਰ ਜਨ-ਸਮੂਹ
ਦੇ ਇਤਿਹਾਸ ਕੋਲ ਅਪਣੱਤ ਦਰਜ ਕਰਵਾਉਣ ਦੇ ਆਪਣੇ ਤਰੀਕੇ ਹੁੰਦੇ ਹਨ।
ਸਨਮਾਨ ਸਮਾਰੋਹ
ਵਿੱਚ ਇੱਕ ਕਿਸਾਨ ਨੇ ਆਪਣੀ ਜਥੇਬੰਦੀ ਦਾ ਬੈਜ ਆਪਣੀ ਪੱਗ ਦੀ ਨੋਕ 'ਤੇ ਲਾਇਆ ਹੋਇਆ ਸੀ,
ਠੀਕ ਉਵੇਂ ਜਿਵੇਂ ਨਿਹੰਗ ਸਿੰਘਾਂ ਨੇ ਆਪਣੀ ਪੱਗ 'ਤੇ ਖੰਡਾ ਲਾਇਆ ਹੁੰਦਾ ਹੈ। ਇਹ
ਗੁਰਸ਼ਰਨ ਸਿੰਘ ਦਾ 'ਕ੍ਰਾਂਤੀ-ਕ੍ਰਾਂਤੀ-ਕ੍ਰਾਂਤੀ' ਵਾਲਾ ਜਲੌਅ ਹੈ। ਇਹ ਜਲੌਅ, ਜਦੋਂ
ਗੁਰਸ਼ਰਨ ਸਿੰਘ ਨੂੰ ਬੌਡੇ ਤੋਂ ਕੁੱਸੇ ਤੱਕ ਫੁੱਲਾਂ ਨਾਲ ਸਜੀ ਟਰਾਲੀ 'ਤੇ ਲਿਆਂਦਾ ਜਾ
ਰਿਹਾ ਸੀ, ਉਸ ਸਮੇਂ ਵੱਜ ਰਹੇ ਨਗਾਰਿਆਂ 'ਚ ਗੂੰਜ ਰਿਹਾ ਸੀ। ਇਹ ਜਲੌਅ 'ਜੰਗੇ ਆਵਾਮੀ
ਸੇ' ਦੀ ਧੁਨ 'ਚ ਟੁਣਕ ਰਿਹਾ ਸੀ, ਜਿਹੜੀ ਸਨਮਾਨ ਦੇਣ ਮੌਕੇ ਵਜਾਈ ਗਈ। ਅਤੇ ਉਸ ਸਮਾਗਮ
ਦਾ 'ਥੀਮ ਸਾਂਗ' ਸੀ। ਇਹ ਉਸ ਅਹਿਦ ਦਾ ਜਲੌਅ ਸੀ, ਜਿਸ ਵਿੱਚ ਹਜ਼ਾਰਾਂ ਲੋਕਾਂ ਦਾ ਇਕੱਠ
ਕਹਿ ਰਿਹਾ ਸੀ ਕਿ ''ਸਾਡਾ ਗੁਰਸ਼ਰਨ ਸਿੰਘ ਸਦਾ ਸਦਾ ਲਈ ਸਾਡਾ ਹੈ।'' ਇਸੇ ਤਰ•ਾਂ ਦੇ
ਜਲੌਅ ਵਿੱਚ ਹੀ ਗੁਰਸ਼ਰਨ ਸਿੰਘ ਜੀਵੇ। ਇਨਕਲਾਬੀ ਸਨਮਾਨ ਸਮਾਰੋਹ ਤੋਂ ਬਾਅਦ ਲੋਕ ਲਹਿਰ
ਅਤੇ ਲੋਕ ਕਲਾ ਦੇ ਰਿਸ਼ਤੇ ਸਬੰਧੀ ਨਵੀਆਂ ਚਰਚਾਵਾਂ ਨੇ ਜਨਮ ਲਿਆ। ਪਿਛਲੇ ਸਮਿਆਂ ਵਿੱਚ
ਰਹੀਆਂ ਘਾਟਾਂ ਨੂੰ ਪੂਰਨ ਦੇ ਯਤਨ ਕੀਤੇ ਗਏ। ਲੋਕ ਲਹਿਰ ਦੇ ਕਾਰਕੁੰਨਾਂ ਅਤੇ ਕਲਾਕਾਰਾਂ
ਵੱਲੋਂ ਸੁਚੇਤ-ਅਚੇਤ ਇਸ ਰਿਸ਼ਤੇ ਨੂੰ ਗੂੜ•ਾ ਕਰਨ ਲਈ ਕੀਤੇ ਜਾਂਦੇ ਵਿਅਕਤੀਗਤ ਯਤਨ ਵੀ
ਚਰਚਾ ਬਣਦੇ ਰਹੇ। ਪ੍ਰੋ. ਅਜਮੇਰ ਸਿੰਘ ਔਲਖ ਦੀ ਬਿਮਾਰੀ ਦੇ ਇਲਾਜ ਮੌਕੇ ਹਰ ਕਿਸੇ ਨੂੰ
ਸਪਸ਼ਟ ਸੀ ਉਹਨਾਂ ਨੇ ਕੀ ਕਰਨਾ ਹੈ। ਮੱਦਦ ਲਈ ਕਿਸੇ ਨੂੰ ਅਪੀਲ ਕਰਨ ਦੀ ਲੋੜ ਨਾ ਪਈ,
ਬਲਕਿ ਸੱਦੇ ਆਉਂਦੇ ਰਹੇ। ਸਨਮਾਨ ਕਮੇਟੀ ਵੱਲੋਂ ਪੁਰਾਣੇ ਪ੍ਰਗਤੀਵਾਦੀ ਸਾਹਿਤਕਾਰਾਂ ਦੀਆਂ
ਰਚਨਾਵਾਂ ਦਾ ਪ੍ਰਕਾਸ਼ਨ ਸ਼ੁਰੂ ਹੋਇਆ। ਸੰਤੋਖ ਸਿੰਘ ਧੀਰ ਦੇ ਦਿਹਾਂਤ ਮੌਕੇ ਭਾਰਤੀ ਕਿਸਾਨ
ਯੂਨੀਅਨ ਸਾਧੂ ਸਿੰਘ ਤਖਤੂਪੁਰਾ ਦੀ ਅਗਵਾਈ ਵਿੱਚ ਹਜ਼ਾਰਾਂ ਕਿਸਾਨਾਂ ਦਾ ਕਾਫਲਾ ਲੈ ਕੇ
ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਈ। ਸਾਧੂ ਸਿੰਘ ਤਖਤੂਪੁਰਾ ਦੀ ਸ਼ਹੀਦੀ ਮੌਕੇ ਸੰਤੋਖ
ਸਿੰਘ ਧੀਰ ਦੇ ਪਰਿਵਾਰ ਵੱਲੋਂ ਸ਼ਰਧਾਂਜਲੀ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ। ਸਮਾਗਮ ਵਿੱਚ
ਲੋਕ ਲਹਿਰ ਤੇ ਲੋਕ ਕਲਾ ਦੀ ਸਾਂਝੀ ਗੰਢ ਨੂੰ ਪੀਡੀ ਕਰਨ ਦੇ ਦਿੱਤੇ ਨਾਅਰੇ ਦਾ ਰੰਗ
ਪੰਜਾਬ ਦੀਆਂ ਰੰਗਮੰਚ ਟੋਲੀਆਂ 'ਤੇ ਚੜਿ•ਆ ਸਾਫ ਦਿਸ ਰਿਹਾ ਸੀ। ਜਿੱਥੇ ਕਿਤੇ ਇਹ ਭਾਵਨਾ
ਸੀ ਕਿ ''ਐਵੇਂ ਟੱਕਰਾਂ ਮਾਰ ਰਹੇ ਹਾਂ'' ਉਸ ਦੇ ਉਲਟ ਨਵੇਂ ਦਿਸਹੱਦਿਆਂ ਦੀ ਨਿਸ਼ਾਨਦੇਹੀ
ਹੋਈ। ਇਹ ਆਤਮ ਮੰਥਨ ਦਾ ਦੌਰ ਗੁਰਸ਼ਰਨ ਸਿੰਘ ਦੀ ਮੌਤ ਤੋਂ ਬਾਅਦ ਅੱਜ ਵੀ ਚੱਲ ਰਿਹਾ ਹੈ।
ਗੁਰਸ਼ਰਨ
ਸਿੰਘ ਦੀ ਮੌਤ ਤੋਂ ਬਾਅਦ ਚਰਚਾਵਾਂ ਵਿੱਚ ਬਦਲਾਅ ਵੀ ਮਹਿਸੂਸ ਕੀਤੇ ਗਏ। ਸਨਮਾਨ ਸਮਾਰੋਹ
ਤੋਂ ਬਾਅਦ, ਗ਼ਦਰੀ ਬਾਬਿਆਂ ਦੇ ਮੇਲੇ 'ਤੇ ਭਗਤ ਸਿੰਘ ਬਿਲਗਾ ਰੰਗ ਕਰਮੀਆਂ ਨੂੰ ਸੁਨੇਹੇ
ਦੇ ਰਹੇ ਸਨ, ''ਓਏ ਗੁਰਸ਼ਰਨ ਬਣੋ ਗੁਰਸ਼ਰਨ। ਸਿੱਧੇ ਸਾਦੇ ਨਾਟਕ ਕਰੋ, ਸਾਡੇ ਲੋਕਾਂ
ਵਾਸਤੇ।'' ਪਰ ਇਸ ਤੋਂ ਬਾਅਦ ਕਈ ਵਾਰ ਤਾਂ ਇਉਂ ਜਾਪਿਆ ਜਿਵੇਂ ਗੁਰਸ਼ਰਨ ਸਿੰਘ ਦੀ ਮੌਤ ਦੇ
ਝੰਜੋੜੇ ਨੇ ਧਰੁਵਾਂ ਦੇ ਪਾਸੇ ਬਦਲ ਦਿੱਤੇ ਹੋਣ। ਪੰਜਾਬ ਦੀਆਂ ਸੱਥਾਂ ਵਿੱਚ ਉਹ ਗੱਲ
ਚੱਲ ਰਹੀ ਸੀ ਜੋ ਕਦੇ ਯੂਨੀਵਰਸਿਟੀਆਂ ਦੇ ਹਾਲਾਂ ਵਿੱਚ ਹੁੰਦੀ ਸੀ ਅਤੇ ਯੂਨੀਵਰਸਿਟੀਆਂ
ਵਿੱਚ ਗੱਲਾਂ ਹੋਰ ਹੋ ਰਹੀਆਂ ਸਨ। ਕਿਸਾਨ-ਮਜ਼ਦੂਰ ਆਗੂ ਰੰਗਕਰਮੀਆਂ ਨੂੰ ਕਹਿ ਰਹੇ ਸਨ ਕਿ
ਜੇ ਕਿਤੇ ਵੀ ਕਲਾਤਮਕ ਪੱਧਰ 'ਤੇ ਘਾਟਾ ਰਹਿੰਦੀਆਂ ਹਨ, ਉਹ ਪੂਰ ਕੇ ਆਓ ਅਸੀਂ ਪਿੰਡਾਂ 'ਚ
ਉਹ ਨਾਟਕ ਕਰਾਵਾਂਗੇ। ਉਹ ਆਪਣੇ ਭਾਸ਼ਣਾਂ ਵਿੱਚ 'ਸਾਰਤਰ' ਦੇ ਨਾਟਕ ਦੀਆਂ ਮਿਸਾਲਾਂ
ਦਿੰਦੇ ਸੁਣੇ ਗਏ। ਪਰ ਪੰਜਾਬ ਯੂਨੀਵਰਸਿਟੀ ਦੇ ਇੱਕ ਸੈਮੀਨਾਰ ਵਿੱਚ ਡਾ. ਸਵਰਾਜਬੀਰ ਕਹਿ
ਰਹੇ ਸਨ, ''ਪ੍ਰਾਪੇਗੰਡਾ ਵੀ ਇੱਕ ਕਿਸਮ ਦੀ ਕਲਾ ਹੁੰਦੀ ਹੈ। ਇਸਦੀ ਆਪਣੀ ਸ਼ੈਲੀ ਹੈ।
ਦੁਨੀਆਂ ਦੇ ਨਾਮਵਰ ਨਾਟਕਕਾਰਾਂ ਨੇ ਕਿਸੇ ਨਾ ਕਿਸੇ ਦੌਰ ਵਿੱਚ ਇਹ ਸ਼ੈਲੀ ਅਪਣਾਈ।'' ਇਹ
ਸੀ ਗੁਰਸ਼ਰਨ ਸਿੰਘ ਦੀ ਮੌਤ ਦਾ ਝੰਜੋੜਾ।
ਗੁਰਸ਼ਰਨ ਸਿੰਘ ਸੰਸਾਰ ਸਾਹਿਤ ਦੇ ਗੰਭੀਰ
ਪਾਠਕ ਸਨ। ਉਹਨਾਂ ਨੇ ਸੰਸਾਰ ਦਾ ਬਹੁਤ ਸਾਰਾ ਨਾਟਕ ਅਤੇ ਅਲੋਚਨਾ ਪੜ•ੀ। ਪਰ ਉਹਨਾਂ ਨੇ
ਜ਼ਮੀਨ 'ਤੇ ਰਹਿੰਦੇ ਹੋਏ ਉਸ ਸਾਹਿਤ ਨੂੰ ਮਨੀਂ ਵਸਾਇਆ। ਇਸੇ ਲਈ ਉਹ ਪਿੰਡਾਂ 'ਚ ਗੋਰਕੀ,
ਆਰਥਰ ਮਿਲਰ ਅਤੇ ਸਾਰਤਰ ਦੇ ਨਾਟਕਾਂ ਦੀਆਂ ਸਫਲ ਪੇਸ਼ਕਾਰੀਆਂ ਕਰਨ ਵਿੱਚ ਕਾਮਯਾਬ ਹੋਏ। ਇਹ
ਕਲਾ ਪ੍ਰਤਿਭਾ ਅਤੇ ਪ੍ਰਤੀਬੱਧਤਾ ਦੀ ਏਕਤਾ ਤੋਂ ਬਿਨਾ ਸੰਭਵ ਨਹੀਂ ਸੀ।
ਇਹ ਗੁਰਸ਼ਰਨ
ਸਿੰਘ ਦੀ ਸਖਸ਼ੀਅਤ ਹੀ ਸੀ ਕਿ ਉਹਨਾਂ ਦੀ ਮੌਤ ਤੋਂ ਰੰਗਕਰਮੀਆਂ ਨੂੰ ਤਾਂ ਲੱਗਦਾ ਹੀ ਸੀ
ਸਾਧਾਰਨ ਲੋਕ ਵੀ ਇਹ ਮਹਿਸੂਸ ਕਰ ਰਹੇ ਸਨ ਕਿ ਉਹ ਗੁਰਸ਼ਰਨ ਦੇ ਬਹੁਤ ਕਰੀਬ ਸਨ। ਕਿੰਨੇ ਹੀ
ਛੋਟੇ-ਵੱਡੇ ਸਮਾਗਮਾਂ ਰਾਹੀਂ ਲੋਕਾਂ ਨੇ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀਆਂ ਦਿੱਤੀਆਂ। 27
ਸਤੰਬਰ ਨੂੰ 'ਇਨਕਲਾਬੀ ਰੰਗਮੰਚ ਦਿਵਸ' ਵਜੋਂ ਮਨਾਉਣ ਦਾ ਸੱਦਾ ਲੋਕ ਲਹਿਰ ਦੇ ਸਭਨਾਂ
ਹਿੱਸਿਆਂ ਵੱਲੋਂ ਕਬੂਲ ਕੀਤਾ ਗਿਆ। ਇੱਕ ਕਿਸਾਨ ਆਗੂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ
''ਰੰਗਕਰਮੀ ਵੀਰੋ ਤੁਸੀਂ ਗੱਜ ਵੱਜ ਕੇ ਮਨਾਓ, ਇਨਕਲਾਬੀ ਰੰਗਮੰਚ ਦਿਵਸ, ਅਸੀਂ ਤੁਹਾਡੇ
ਪੈਰਾਂ ਥੱਲੇ ਤਲੀਆਂ ਵਿਛਾ ਦਿਆਂਗੇ। ਕਿਸਾਨ ਮਜ਼ਦੂਰ ਕਹਿ ਰਹੇ ਸਨ ਕਿ ਅਸੀਂ ''ਬਾਬਾ ਵੱਡਾ
ਕਰਨਾ''। ਪਹਿਲੀ ਬਰਸੀ 'ਤੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਜਲੇਬੀਆਂ ਦਾ ਲੰਗਰ ਲਾਇਆ
ਗਿਆ। ਪਿੰਡ 'ਚੋਂ ਰਾਸ਼ਣ ਇਕੱਠਾ ਕੀਤਾ ਗਿਆ, ਹਫਤਾ ਪਹਿਲਾਂ ਲੱਗ ਕੇ ਬਰਨਾਲੇ ਜਲੇਬੀਆਂ
ਪਕਾਈਆਂ ਗਈਆਂ, ਟਰੱਕਾਂ 'ਚ ਲੱਦ ਕੇ ਚੰਡੀਗੜ• ਸਮਾਗਮ ਵਿੱਚ ਪਹੁੰਚਾਈਆਂ ਗਈਆਂ ਅਤੇ ਵੀਹ
ਹਜ਼ਾਰ ਦੇ ਇਕੱਠ ਨੂੰ ਵਰਤਾਈਆਂ ਗਈਆਂ। ਇਹ ਆਮ ਲੋਕਾਂ ਦਾ ਗੁਰਸ਼ਰਨ ਸਿੰਘ ਪ੍ਰਤੀ ਅਪਣੱਤ ਦਾ
ਇਜ਼ਹਾਰ ਸੀ, ਜੋ ਜਨ ਸਾਧਾਰਨ ਦੇ ਆਪਣੇ ਤਰੀਕਿਆਂ ਨਾਲ ਪ੍ਰਗਟ ਹੁੰਦਾ ਰਿਹਾ। ਪਰ ਇਸਦੀ
ਅਗਵਾਈ ਜਥੇਬੰਦ ਹੋ ਰਹੇ ਮਜ਼ਦੂਰ-ਕਿਸਾਨ ਹਿੱਸਿਆਂ ਨੇ ਕੀਤੀ।
ਅਸਲ ਵਿੱਚ ਇਹ ਕਰਵਟ ਲੈ
ਰਹੀ ਕਿਸਾਨ-ਮਜ਼ਦੂਰ ਜਨਤਾ ਹੀ ਸੀ ਜਿਸਨੇ ਸਨਮਾਨ ਸਮਾਰੋਹ ਤੋਂ ਲੈ ਕੇ ਅੱਜ ਤੱਕ, ਲੋਕ
ਕਲਾ ਅਤੇ ਲੋਕ ਲਹਿਰ ਦੇ ਰਿਸ਼ਤੇ ਨੂੰ ਗੂੜ•ਾ ਕਰਨ ਦੇ ਨਾਅਰੇ ਨੂੰ ਸਾਕਾਰ ਕਰਨ ਲਈ ਪਦਾਰਥਕ
ਆਧਾਰ ਮੁਹੱਈਆ ਕਰਵਾਇਆ। ਇਸ ਲੋਕ ਤਾਕਤ ਦੀ ਤਸਵੀਰ ਹੀ ਗੁਰਸ਼ਰਨ ਸਿੰਘ ਦੇ ਨਾਟਕਾਂ 'ਚੋਂ
ਪ੍ਰਗਟ ਹੁੰਦੀ ਸੀ। ਗੁਰਸ਼ਰਨ ਸਿੰਘ ਦੇ ਜਾਣ ਤੋਂ ਤਿੰਨ ਸਾਲ ਬਾਅਦ ਵੀ ਉਹ ਲੋਕ 'ਇਨਕਲਾਬੀ
ਰੰਗਮੰਚ ਦਿਵਸ' ਗੱਜਵੱਜ ਕੇ ਮਨਾ ਰਹੇ ਹਨ। ਆਪਣੇ ਸੰਘਰਸ਼ਾਂ ਅਤੇ ਕਲਾ ਨੂੰ ਨਾਲੋ ਨਾਲ ਲੈ
ਕੇ ਚੱਲਣ ਵਿੱਚ ਉਹ ਦਿਨੋਂ ਦਿਨ ਮੁਹਾਰਤ ਹਾਸਲ ਕਰਦੇ ਜਾ ਰਹੇ ਹਨ। ਗੁਰਸ਼ਰਨ ਸਿੰਘ ਦੇ ਜਾਣ
ਤੋਂ ਬਾਅਦ ਵੀ ਨਾਟਕ ਉਹਨਾਂ ਦੇ ਸੰਘਰਸ਼ਾਂ ਵਿੱਚ ਅਹਿਮ ਸਥਾਨ ਰੱਖਦਾ ਹੈ।
ਸੰਪਰਕ - 94170-80892