ਝੰਡਾ ਸਿੰਘ ਝੋਟਾ-ਕੁੱਟ - ਗੁਰਬਚਨ ਸਿੰਘ ਭੁੱਲਰ
Posted on:- 18-06-2012
ਮੇਰੇ ਜਮਾਤੀ ਖੜਕ ਸਿੰਘ ਦਾ ਫ਼ੋਨ ਆਇਆ ਤਾਂ ਮੈਂ ਹੈਰਾਨ ਹੀ ਰਹਿ ਗਿਆ। ਉਹਦਾ ਸੁੱਖ-ਸਾਂਦ ਦਾ ਫ਼ੋਨ ਤਾਂ ਅੱਗੇ ਵੀ ਆਉਂਦਾ ਰਹਿੰਦਾ ਸੀ ਪਰ ਅੱਜ ਉਹਨੇ ਵੱਖਰੀ ਹੀ ਗੱਲ ਕਰ ਦਿੱਤੀ ਸੀ। ਹਾਂ, ਜਮਾਤੀ ਤੋਂ ਇਹ ਮਤਲਬ ਨਾ ਲੈ ਲੈਣਾ ਕਿ ਉਹ ਕਾਲਜ ਜਾਂ ਯੂਨੀਵਰਸਿਟੀ ਵਿਚ ਮੇਰੇ ਨਾਲ ਪੜ੍ਹਦਾ ਹੁੰਦਾ ਸੀ। ਪਿੰਡ ਦੇ ਸਕੂਲ ਵਿਚ ਬਸ ਤਿੰਨ ਸਾਲ ਉਹ ਮੇਰਾ ਕਦੀ-ਕਦਾਈਂ ਹਾਜ਼ਰ ਹੋਣ ਵਾਲਾ ਸਾਥੀ ਰਿਹਾ ਸੀ। ਸਕੂਲ ਵਿਚ ਪਹਿਲੇ ਦਿਨੋਂ ਹੀ ਉਹਦਾ ਦਿਲ ਨਹੀਂ ਸੀ ਲਗਦਾ। ਸਾਡੇ ਕਮਰਿਆਂ ਦੇ ਪਿਛਲੇ ਪਾਸੇ ਬਾਹਰ ਵੱਲ ਖੁੱਲ੍ਹਦੀਆਂ ਖਿੜਕੀਆਂ ਸਨ ਜਿਨ੍ਹਾਂ ਦੇ ਹੇਠਲੇ ਅੱਧ ਵਿਚ ਸਰੀਏ ਸਨ ਤੇ ਉਤਲੇ ਅੱਧ ਖਾਲੀ ਸਨ। ਜਦੋਂ ਮਾਸਟਰ ਜੀ ਇਧਰ-ਉਧਰ ਹੁੰਦੇ, ਉਹ ਖਿੜਕੀ ਖੋਲ੍ਹਦਾ ਤੇ ਸਰੀਏ ਟੱਪ ਜਾਂਦਾ। ਉਹਦੇ ਭੱਜਣ ਸਮੇਂ ਅਸੀਂ ਸਾਰੇ ਇਕਸੁਰ ਵਿਚ ਗਾਉਂਦੇ, ਖਿੜਕੀਏ ਖੁੱਲ੍ਹ ਜਾ ਨੀ, ਖੜਕ ਸਿੰਘ ਨੇ ਜਾਣਾ!
ਜਦੋਂ ਉਹ ਕਿਸੇ ਦਿਨ ਫੇਰ ਸਕੂਲ ਆਉਂਦਾ, ਮਾਸਟਰ ਜੀ ਕੁਛ ਨਹੀਂ ਸਨ ਆਖਦੇ। ਇਮਤਿਹਾਨ ਵੇਲੇ ਹਰ ਵਾਰ ਉਹਦਾ ਬਾਪੂ ਝੰਡਾ ਸਿੰਘ ਘਰ ਦੇ ਘਿਉ ਦੀ ਪੀਪੀ ਤੇ ਕਣਕ ਦੀ ਵੱਡੀ ਬੋਰੀ ਪੁੱਜਦੀ ਕਰ ਦਿੰਦਾ ਸੀ। ਤੀਜੀ ਵਿਚੋਂ ਵੀ ਪਾਸ ਹੋ ਜਾਣ ਦੇ ਬਾਵਜੂਦ ਉਹਨੇ ਚੌਥੀ ਵਿਚ ਦਾਖ਼ਲ ਹੋਣ ਤੋਂ ਇਨਕਾਰ ਕਰ ਦਿੱਤਾ। ਤਾਏ ਨੇ ਜੁੱਤੀ ਫੜ ਲਈ, ਅਜੇ ਕੱਲ੍ਹ ਬੋਰੀ ਤੇ ਪੀਪੀ ਦੇ ਕੇ ਆਇਆਂ, ਤੂੰ ਹੁਣ ਸਕੂਲ ਨਹੀਂ ਜਾਣਾ! ਹਰ ਜੁੱਤੀ ਦੇ ਜਵਾਬ ਵਿਚ ਉਹ ਕਹੇ, ਬੱਸ ਇਕ ਵਾਰ ਕਹਿ ਦਿੱਤਾ ਸੋ ਕਹਿ ਦਿੱਤਾ, ਨਹੀਂ ਜਾਣਾ। ਜਦੋਂ ਗਿਣਤੀ ਸਤਾਰਾਂ ਹੋ ਗਈ, ਤਾਏ ਨੇ ਜੁੱਤੀ ਸਿੱਟ ਕੇ ਖੜਕ ਨੂੰ ਹਿੱਕ ਨਾਲ ਲਾ ਲਿਆ ਅਤੇ ਬੋਲਿਆ,‘‘ਪੁੱਤ ਮੇਰਾ ਹੀ ਹੈਂ! ਤੇਰਾ ਦਾਦਾ ਜਦੋਂ ਕਿਸੇ ਗੱਲੋਂ ਮੈਨੂੰ ਜੁੱਤੀਆਂ ਨਾਲ ਕੱੁਟਦਾ, ਮੈਂ ਆਬਦੀ ਗੱਲ ਉੱਤੇ ਇਉਂ ਹੀ ਅੜਿਆ ਰਹਿੰਦਾ। ਆਖ਼ਰ ਉਹ ਜੁੱਤੀ ਸਿੱਟ ਕੇ ਮੈਨੂੰ ਹਿੱਕ ਨਾਲ ਲਾ ਲੈਂਦਾ।… ਜਾਹ ਪੁੱਤਰਾ, ਅੱਜ ਤੋਂ ਤੂੰ ਆਜ਼ਾਦ ਪੰਛੀ, ਖੁੱਲ੍ਹੀਆਂ ਉਡਾਰੀਆਂ ਲਾ!’’
ਫ਼ੋਨ ਅਨੁਸਾਰ ਉਹਨੇ ਇਸ ਸਾਲ ਬਾਪੂ ਦਾ ਜਨਮ-ਦਿਨ ਮਨਾਉਣ ਦਾ ਫ਼ੈਸਲਾ ਕੀਤਾ ਸੀ ਅਤੇ ਉਹ ਚਾਹੁੰਦਾ ਸੀ, ਮੈਂ ਓਦੋਂ ਹਰ ਹਾਲਤ ਪਹੁੰਚਾਂ ਤੇ ਲੋਕਾਂ ਨੂੰ ਬਾਪੂ ਬਾਰੇ ਦੱਸ ਕੇ ਉਹਦਾ ਨਾਂ ਉਜਾਗਰ ਕਰ ਦੇਵਾਂ। ਉਹਦਾ ਬਾਪੂ ਮਰੇ ਨੂੰ ਅੱਧੀ ਸਦੀ ਹੋਣ ਲੱਗੀ ਹੈ, ਅੱਗੇ ਨਾ ਕਦੇ ਪਿੱਛੇ, ਹੁਣ ਜਨਮ-ਦਿਨ? ਮੈਂ ਪੁੱਛਿਆ, ਕਦੋਂ ਹੈ ਤਾਏ ਦਾ ਜਨਮ-ਦਿਨ? ਖੜਕ ਹੱਸਿਆ, ‘‘ਮੈਨੂੰ ਤਾਂ ਕੀ, ਇਹ ਤਾਂ ਬਾਪੂ ਨੂੰ ਵੀ ਪਤਾ ਨਹੀਂ ਹੋਣਾ, ਉਹ ਕਦੋਂ ਜੰਮਿਆ ਸੀ। ਇਕ ਗੱਲ ਪੱਕੀ ਐ, ਉਹ ਤਿੱਖੀ ਗਰਮੀ ਜਾਂ ਕੱਕਰ ਠੰਢ ਵਿਚ ਜੰਮਣਾ ਤਾਂ ਮੰਨਿਆ ਨਹੀਂ ਹੋਣਾ। ਅਕਤੂਬਰ ਵਿਚ ਜਿਹੜਾ ਦਿਨ ਤੈਨੂੰ ਸੂਤ ਰਹੂ, ਆਪਾਂ ਬਾਪੂ ਦਾ ਜਨਮ-ਦਿਨ ਆਖ ਦੇਵਾਂਗੇ।’’
ਤਾਏ ਦੇ ਕੌਤਕੀ ਜੀਵਨ ਨੂੰ ਚੇਤੇ ਕਰ ਕੇ ਇਕ ਵਾਰ ਤਾਂ ਮੈਂ ਸੋਚਿਆ, ਉਹਦੇ ਬਾਰੇ ਚੰਗੀ ਗੱਲ ਕਿਥੋਂ ਲੱਭੂ! ਫੇਰ ਸੋਚਿਆ, ਹੁਣ ਪਿੰਡ ਵਿਚ ਤਾਏ ਨੂੰ ਜਾਣਨ ਵਾਲੇ ਕਿੰਨੇ ਕੁ ਬਚੇ ਹੋਣਗੇ, ਜੋ ਮਰਜ਼ੀ ਬੋਲ ਦਿਆਂਗੇ। ਖੜਕ ਸਿੰਘ ਕੋਈ ਨਵੀਂ ਗੱਲ ਨਹੀਂ ਸੀ ਕਰ ਰਿਹਾ, ਹਰ ਕੋਈ ਚਾਹੁੰਦਾ ਹੈ, ਲੋਕ ਉਹਦੇ ਵਡੇਰਿਆਂ ਨੂੰ ਇੱਜ਼ਤ ਨਾਲ ਚੇਤੇ ਕਰਨ। ਅਰਥੀ-ਟੈਕਸ ਲਾਉਣ ਕਰਕੇ ਬਦਨਾਮ ਹੋਏ ਰਾਜੇ ਨੂੰ ਚੰਗਾ ਕਹਾਉਣ ਲਈ ਉਹਦੇ ਪੁੱਤਰ ਰਾਜੇ ਨੇ ਇਹ ਟੈਕਸ ਭਰਨ ਦੇ ਨਾਲ ਨਾਲ ਖੱਫਣ ਵੀ ਤੋਸਾਖਾਨੇ ਵਿਚ ਜਮ੍ਹਾਂ ਕਰਵਾਉਣ ਦਾ ਹੁਕਮ ਚਾੜ੍ਹ ਦਿੱਤਾ। ਲੋਕ ਆਖਣ, ਇਹਦੇ ਨਾਲੋਂ ਤਾਂ ਇਹਦਾ ਪਿਉ ਹੀ ਚੰਗਾ ਸੀ! ਉਹਦੇ ਮਰਨ ਮਗਰੋਂ ਉਹਨੂੰ ਚੰਗਾ ਕਹਾਉਣ ਦੇ ਇਰਾਦੇ ਨਾਲ ਉਹਦੇ ਪੁੱਤਰ ਰਾਜੇ ਨੇ ਅਗਲੇ ਜਹਾਨ ਦੇ ਰਾਹ ਵਿਚ ਖਰਚਣ ਵਾਸਤੇ ਮਰਨ ਵਾਲੇ ਦੇ ਮੂੰਹ ਵਿਚ ਪਾਈ ਜਾਂਦੀ ਮੋਹਰ ਕਢਵਾਉਣੀ ਸ਼ੁਰੂ ਕਰ ਦਿੱਤੀ। ਲੋਕ ਪਹਿਲੇ ਦੋਵਾਂ ਨੂੰ ਸਲਾਹੁਣ ਲੱਗੇ। ਅਸਲ ਪਰੇਸ਼ਾਨੀ ਰਾਜਾ ਬਣਨ ਮਗਰੋਂ ਉਹਦੇ ਪੁੱਤਰ ਨੂੰ ਆਈ। ਟੈਕਸ ਵਸੂਲਣ ਤੋਂ ਇਲਾਵਾ ਮੁਰਦਾ ਵੀ ਹੁਣ ਖੱਫਣ ਖੁਹਾ ਕੇ ਤੇ ਮੂੰਹੋਂ ਮੋਹਰ ਕਢਵਾ ਕੇ ਅਲਫ਼ ਨੰਗਾ ਤੇ ਸੁੱਧਾ ਨੰਗ ਹੋ ਚੁੱਕਿਆ ਸੀ। ਸੋਚ ਸੋਚ ਕੇ ਉਹਨੇ ਮੁਰਦਾ ਕਬਰ ਵਿਚ ਪਾਉਣ ਦੀ ਥਾਂ ਸਿਰ ਵਾਲੇ ਪਾਸਿਉਂ ਅੱਧਾ ਧਰਤੀ ਵਿਚ ਦੱਬਣ ਤੇ ਪੈਰਾਂ ਵਾਲੇ ਪਾਸਿਉਂ ਅੱਧਾ ਬਾਹਰ ਰੱਖਣ ਦਾ ਫ਼ਰਮਾਨ ਜਾਰੀ ਕਰ ਦਿੱਤਾ। ਤਰਾਹੀ ਤਰਾਹੀ ਕਰਦੇ ਲੋਕ ਪਹਿਲੇ ਤਿੰਨਾਂ ਰਾਜਿਆਂ ਨੂੰ ਧਰਮੀ ਰਾਜੇ ਆਖਣ ਲੱਗ ਪਏ। ਅਗਲੇ ਰਾਜੇ ਨੇ ਇਸ ਚੌਥੇ ਰਾਜੇ ਨੂੰ ਧਰਮੀ ਅਖਵਾਉਣ ਵਾਸਤੇ ਜੋ ਕਾਰਾ ਕੀਤਾ, ਸਾਊਪੁਣਾ ਇਥੇ ਲਿਖਣ ਦੀ ਆਗਿਆ ਨਹੀਂ ਦਿੰਦਾ।
ਤਾਏ ਝੰਡਾ ਸਿੰਘ ਦੀ ਜੀਵਨ ਗਾਥਾ ਬੜੀ ਦਿਲਚਸਪ ਅਤੇ ਰੰਗ-ਬਰੰਗੀ ਸੀ। ਉਹ ਸਰ੍ਹੋਂ ਦਾ ਤੇਲ ਪਿਆ ਪਿਆ ਕੇ ਮਜ਼ਬੂਤ ਤੇ ਅਟੁੱਟ ਬਣਾਈ ਹੋਈ ਸੰਮਾਂ ਵਾਲੀ ਡਾਂਗ ਅੰਦਰ-ਬਾਹਰ ਜਾਣ ਸਮੇਂ ਹਮੇਸ਼ਾ ਹੱਥ ਵਿਚ ਰੱਖਦਾ। ਇਕ ਦਿਨ ਕਿਧਰੇ ਜਾਂਦਿਆਂ ਇਕ ਪਿੰਡ ਦੇ ਲੋਕਾਂ ਨੇ ਕਿਹਾ, ਓ ਭਾਈ ਸਾਹਿਬ, ਅੱਗੇ ਨਾ ਜਾਈਂ, ਮਾਰਨਖੁੰਡਾ ਝੋਟਾ ਰਾਹ ਘੇਰੀਂ ਖੜ੍ਹਾ ਹੈ। ਉਹ ਮੁਸਕਰਾ ਕੇ ਤੁਰਿਆ ਗਿਆ। ਲੋਕਾਂ ਦੇ ਸਾਹ ਰੁਕ ਗਏ। ਝੋਟਾ ਕਹਿਰੀ ਨਜ਼ਰਾਂ ਨਾਲ ਦੇਖ ਕੇ ਪੂਰੇ ਬਲ ਨਾਲ ਤਾਏ ਵੱਲ ਭੱਜਿਆ। ਅੱਗੋਂ ਤਾਏ ਨੇ ਵੀ ਪੂਰੇ ਬਲ ਨਾਲ ਸੰਮਾਂ ਵਾਲੀ ਡਾਂਗ ਉਹਦੇ ਸਿੰਗਾਂ ਦੇ ਐਨ ਵਿਚਾਲੇ ਜੜ ਦਿੱਤੀ। ਇਸ ਅਚਾਨਕ ਟੁੱਟੇ ਕਹਿਰ ਨਾਲ ਭਮੱਤਰਿਆ ਤੇ ਬੌਂਦਲਿਆ ਝੋਟਾ ਪੁੱਠਾ ਮੁੜ ਕੇ ਆਉਣ ਵੇਲੇ ਨਾਲੋਂ ਦੁੱਗਣੀ ਰਫ਼ਤਾਰ ਨਾਲ ਭੱਜ ਤੁਰਿਆ। ਤਾਏ ਦੀ ਪੂਰੇ ਇਲਾਕੇ ਵਿਚ ਧੰਨ-ਧੰਨ ਹੋ ਗਈ ਅਤੇ ਉਸ ਦਿਨ ਤੋਂ ਉਹਦਾ ਨਾਂ ਝੋਟਾ-ਕੁੱਟ ਪੈ ਗਿਆ।
ਸਾਰੀ ਉਮਰ ਤਾਏ ਨੇ ਕੰਮ ਦਾ ਡੱਕਾ ਭੰਨ ਕੇ ਦੂਹਰਾ ਨਹੀਂ ਸੀ ਕੀਤਾ ਅਤੇ ਭਲਾਈ ਤੋਂ ਬਿਨਾਂ ਹੋਰ ਕੋਈ ਕਸਰ ਨਹੀਂ ਸੀ ਛੱਡੀ! ਠਾਣੇ ਵਾਲਿਆਂ ਨਾਲ ਮਿਲ ਕੇ ਰੂੜੀ-ਮਾਰਕਾ ਦਾਰੂ ਕੱਢਦਾ ਤੇ ਰਾਜਸਥਾਨ ਤੋਂ ਘੋੜੀ ਉੱਤੇ ਫ਼ੀਮ ਦੀ ਬੋਰੀ ਲੱਦ ਲਿਆਉਂਦਾ। ਦਿਲ ਦਾ ਉਹ ਹੀਰਾ ਸੀ, ਦੋਸਤੀ ਸਭ ਨਾਲ, ਵੈਰ ਕਿਸੇ ਨਾਲ ਵੀ ਨਹੀਂ। ਉਹਦੀ ਇਕ ਬੈਠਕ ਵਿਚ ਭਗੌੜੇ ਡਾਕੂ-ਬਦਮਾਸ਼ ਦਾਰੂ ਪੀਂਦੇ ਰਹਿੰਦੇ ਤੇ ਦੂਜੀ ਵਿਚ ਪੁਲਸੀਏ। ਦੋਵਾਂ ਬੈਠਕਾਂ ਵਿਚ ਇਕੋ ਬੱਕਰੇ ਦੇ ਮਾਸ ਦੇ ਛੰਨੇ ਪਹੁੰਚਦੇ ਰਹਿੰਦੇ। ਤਾਇਆ ਦੋਵਾਂ ਨੂੰ ਇਕ ਦੂਜੇ ਦੀ ਸੋਅ ਤੱਕ ਨਾ ਲੱਗਣ ਦਿੰਦਾ। ਇਕ ਵਾਰ ਕਿਸੇ ਦੇ ਸੱਟਾਂ ਮਾਰਨ ਕਰਕੇ ਉਹਨੂੰ ਕੈਦ ਹੋ ਗਈ। ਜੇਲ੍ਹਰ ਨੇ ਚੱਕੀ ਪੀਹਣ ਲਾ ਦਿੱਤਾ। ਤਾਏ ਨੇ ਉਤਲਾ ਪੁੜ ਹੇਠਲੇ ਉੱਤੇ ਮਾਰ ਕੇ ਦੋਵੇਂ ਭੰਨ ਦਿੱਤੇ। ਨਵੀਂ ਮੁਸ਼ੱਕਤ ਕੈਦੀਆਂ ਦੇ ਲੰਗਰ ਵਿਚ ਕੰਮ ਕਰਨ ਦੀ ਮਿਲੀ। ਛੁੱਟਣ ਵਿਚ ਕੁਛ ਹੀ ਦਿਨ ਰਹਿੰਦੇ ਸਨ, ਤਾਏ ਨੇ ਆਪਣਾ ਚਿਰਾਂ ਦਾ ਗੁੱਸਾ ਕੱਢਣ ਲਈ ਲੰਗਰ ਦਾ ਦੌਰਾ ਕਰਨ ਆਏ ਜੇਲ੍ਹਰ ਦੇ ਮੌਰਾਂ ਵਿਚ ਖਰਪਾੜ ਮਾਰੀ। ਕੈਦ ਤਾਂ ਤਿੰਨ ਮਹੀਨੇ ਵਧ ਗਈ ਪਰ ਕੈਦੀਆਂ ਵਿਚ ਤਾਏ ਦੀ ਧੰਨ-ਧੰਨ ਹੋ ਗਈ।
ਜ਼ਿੰਦਗੀ ਵਿਚ ਤਾਇਆ ਬੱਸ ਇਕ ਵਾਰ, ਤਾਈ ਮਰੀ ਤੋਂ, ਨਿੰਮੋਝੂਣਾ ਹੋਇਆ। ਫੁੱਲ ਪਾਉਣ ਹਰਦੁਆਰ ਗਿਆ ਤਾਂ ਉਥੇ ਗੰਗਾ ਦੇ ਕਿਨਾਰੇ ਰੋਂਦੀ ਇਕ ਬੇਸਹਾਰਾ ਤੀਵੀਂ ਤਾਏ ਦੇ ਨਰਮ ਦਿਲ ਤੋਂ ਝੱਲੀ ਨਾ ਗਈ। ਘਰ ਆ ਕੇ ਨੂੰਹ ਨੂੰ ਕਹਿੰਦਾ, ਬਾਹਰ ਤੇਰੀ ਨਵੀਂ ਬੇਬੇ ਜੀ ਖੜ੍ਹੀ ਐ, ਜਾਹ ਪੁੱਤ ਉਹਨੂੰ ਪੂਰੇ ਆਦਰ-ਮਾਣ ਨਾਲ ਅੰਦਰ ਲਿਆ। ਜਦੋਂ ਘਰ-ਪਰਿਵਾਰ ਤੇ ਸਕੇ-ਸੰਬੰਧੀਆਂ ਨੇ ਬਖੇੜਾ ਖੜ੍ਹਾ ਕਰ ਦਿੱਤਾ, ਤਾਇਆ ਬਿਚਾਰਾ ਉਹਨੂੰ ਘਰੋਂ ਕੱਢਣ ਦੀ ਥਾਂ ਆਪਣੇ ਬਿਸ਼ਨਪੁਰੇ ਵਾਲੇ ਯਾਰ, ਮੁਕੰਦੇ ਛੜੇ ਦੇ ਲੜ ਲਾ ਕੇ ਵੱਟੇ ਵਿਚ ਸੱਜਰ ਸੂਈ ਮੱਝ ਲੈ ਆਇਆ।
ਤਾਏ ਦਾ ਨੇਕਨਾਮ ਜੀਵਨ ਮਨ ਦੀਆਂ ਅੱਖਾਂ ਅੱਗੋਂ ਲੰਘਿਆ ਤਾਂ ਮੈਥੋਂ ਪੁੱਛਿਆ ਹੀ ਗਿਆ, ‘‘ਛੋਟੇ ਵੀਰ, ਅੱਗੇ ਤਾਂ ਕਦੇ ਮਨਾਇਆ ਨਹੀਂ, ਹੁਣ ਅਚਾਨਕ ਤਾਏ ਦਾ ਜਨਮ-ਦਿਨ…?’’ ਉਹ ਮੇਰੀ ਗੱਲ ਕੱਟ ਕੇ ਬੋਲਿਆ, ‘‘ਗੱਲ ਇਹ ਐ, ਵੱਡੇ ਭਾਈ, ਆਪਣੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਐਲਾਨ ਕੀਤਾ ਹੈ, ਪ੍ਰਾਇਮਰੀ ਸਕੂਲ ਵਾਸਤੇ ਦਸ ਲੱਖ, ਮਿਡਲ ਵਾਸਤੇ ਵੀਹ ਲੱਖ, ਸੀਨੀਅਰ ਸੈਕੰਡਰੀ ਵਾਸਤੇ ਪੱਚੀ ਲੱਖ ਤੇ ਕਾਲਜ ਵਾਸਤੇ ਪਚੱਤਰ ਲੱਖ ਰੁਪਏ ਦਿਉ ਤੇ ਆਪਣੇ ਪੁਰਖੇ ਦਾ ਨਾਂ ਰਖਵਾਉ। ਪੱਚੀ ਲੱਖ ਦੇਵਾਂਗੇ, ਆਪਣੇ ਪਿੰਡ ਵਾਲੇ ਸਕੂਲ ਦਾ ਨਾਂ ਬਾਪੂ ਦੇ ਨਾਂ ਉੱਤੇ ਹੋ ਜਾਊ। ਬੱਸ ਆਪਾਂ ਸਾਰੇ ਪਿੰਡ ਉੱਤੇ ਬਾਪੂ ਦੀ ਝੰਡੀ ਕਰ ਦੇਣੀ ਐ!’’
ਮੈਂ ਹੈਰਾਨ ਹੋ ਕੇ ਪੁੱਛਿਆ, ‘‘ਪਰ ਯਾਰ ਖੜਕ, ਪੱਚੀ ਲੱਖ ਕੋਈ ਛੋਟੀ-ਮੋਟੀ ਰਕਮ ਨਹੀਂ। ਤੂੰ ਇਉਂ ਗੱਲ ਕਰ ਰਿਹਾ ਐਂ ਜਿਵੇਂ ਪੱਚੀ ਹਜ਼ਾਰ ਦਾ ਮਾਮਲਾ ਹੋਵੇ!’’ ਖੜਕ ਸਿੰਘ ਹੱਸਿਆ, ‘‘ਬਾਪੂ ਏਨਾਂ ਕੁਛ ਦੇ ਗਿਆ ਐ ਕਿ ਉਹਦਾ ਨਾਂ ਲੈ ਕੇ ਦਾਨ-ਪੁੰਨ ਕੀਤਿਆਂ ਵੀ ਘਟਣਾ ਨਹੀਂ। ਤੇਰੇ ਯਾਦ ਐ, ਬਾਪੂ ਨੇ ਪਿੰਡ ਦੀ ਸ਼ਾਮਲਾਟੀ ਜ਼ਮੀਨ ਧੱਕੇ ਨਾਲ ਦੱਬ ਕੇ ਆਬਦੇ ਨਾਂ ਕਰਵਾ ਲਈ ਸੀ? ਪਿੱਛੇ ਜਿਹੇ ਉਹਦੇ ਬਿਲਕੁਲ ਨੇੜਿਉਂ ਸੜਕ ਨਿਕਲ ਗਈ। ਹੁਣ ਉਥੇ ਦੋ-ਤਿੰਨ ਫ਼ੈਕਟਰੀਆਂ ਲੱਗ ਗਈਆਂ। ਪਤਾ ਐ, ਆਪਣੀ ਓਸ ਜ਼ਮੀਨ ਦਾ ਹੁਣ ਕੀ ਦਿੰਦੇ ਐ? ਕਿੱਲੇ ਦਾ ਪੰਜਾਹ ਲੱਖ! ਅੱਧਾ ਕਿੱਲਾ ਵੇਚ ਦਿਆਂਗੇ ਤੇ ਸਕੂਲ ਦੇ ਮੱਥੇ ਉੱਤੇ ਮੋਟਾ ਮੋਟਾ ਲਿਖਵਾ ਕੇ ਫੱਟਾ ਲਾਵਾਂਗੇ—ਸਮਾਜ-ਸੇਵਕ ਝੰਡਾ ਸਿੰਘ ਸਰਕਾਰੀ ਸਕੂਲ। ਵੱਡੇ ਭਾਈ, ਤੂੰ ਵੱਡੀਆਂ ਵੱਡੀਆਂ ਕਿਤਾਬਾਂ ਲਿਖਦਾ ਐਂ, ਵੱਡੇ ਵੱਡੇ ਇਕੱਠਾਂ ਵਿਚ ਬੋਲਦਾ ਐਂ। ਨਾਲੇ ਤਾਂ ਤੂੰ ਬਾਪੂ ਬਾਰੇ ਵਧੀਆ ਵਧੀਆ ਗੱਲਾਂ ਸੁਣਾ ਕੇ ਉਹਦਾ ਖ਼ੂਬ ਗੁੱਡਾ ਬੰਨ੍ਹੀਂ ਤੇ ਨਾਲੇ ਆਬਦੇ ਹੱਥ ਨਾਲ ਮਲੂਕਾ ਜੀ ਨੂੰ ਪੱਚੀ ਲੱਖ ਦਾ ਚੈੱਕ ਦੇ ਕੇ ਫੱਟੇ ਤੋਂ ਪਰਦਾ ਹਟਵਾਈਂ।’’
ਸਿੱਖਿਆ ਮੰਤਰੀ ਦੀ ਸੂਖ਼ਮ ਸੋਚ ਨੇ ਮੈਨੂੰ ਦੰਗ ਕਰ ਦਿੱਤਾ। ਸਕੂਲਾਂ ਲਈ ਮਾਇਆ ਹਾਸਲ ਕਰਨ ਦੀ ਵਿਉਂਤ ਕਾਹਦੀ ਸੀ, ਇਹ ਤਾਂ ਗੰਗਾ-ਮਈਆ ਸੀ ਜਿਸ ਵਿਚ ਅਸ਼ਨਾਨ ਕਰ ਕੇ ‘‘ਝੰਡਾ ਸਿੰਘ ਝੋਟਾ-ਕੁੱਟ’’ ਦੇਖਦਿਆਂ ਦੇਖਦਿਆਂ ‘‘ਸਮਾਜ-ਸੇਵਕ ਝੰਡਾ ਸਿੰਘ’’ ਬਣ ਬਣ ਨਿਕਲਣੇ ਸਨ!
ਅੱਜ ਵਾਲੇ ਇਹਨਾਂ ਆਗੂਆਂ ਦੀ ਹੀ ਸਰਕਾਰ ਦੀ ਜੁਲਾਈ 2011 ਵਾਲੀ ਅਧਿਆਪਕ ਯੋਗਤਾ ਪ੍ਰੀਖਿਆ ਦੇ ਕਰੀਬ ਢਾਈ ਲੱਖ ਉਮੀਦਵਾਰਾਂ ਵਿਚੋਂ ਪਾਸ ਹੋਏ ਲਗਭਗ ਨੌਂ ਹਜ਼ਾਰ ਬੇਰੁਜ਼ਗਾਰ ਅਧਿਆਪਕ, ਜਿਨ੍ਹਾਂ ਦੀ ਕੌਂਸਲਿੰਗ ਵੀ ਪਿਛਲਾ ਸਾਲ ਮੁੱਕਣ ਤੋਂ ਪਹਿਲਾਂ ਹੋ ਗਈ ਸੀ ਤੇ ਜਿਨ੍ਹਾਂ ਵਿਚੋਂ ਕਈ ਪੀ-ਐੱਚ.ਡੀ. ਵੀ ਹਨ, ਇਕਰਾਰੀ ਹੋਈ ਨੌਕਰੀ ਪ੍ਰਾਪਤ ਕਰਨ ਵਾਸਤੇ ਅੱਜ-ਕੱਲ੍ਹ ਸਿੱਖਿਆ ਮੰਤਰੀ ਦੇ ਪਿੰਡ ਮਲੂਕਾ ਅਤੇ ਨਾਨਕੇ ਪਿੰਡ ਲਹਿਰਾ ਧੂਰਕੋਟ ਵੱਲ ਵਹੀਰਾਂ ਘੱਤ ਰਹੇ ਹਨ। ਮੰਤਰੀ ਜੀ ਦੀ ਪੁਲਿਸ ਉਹਨਾਂ ਨੂੰ ਡਾਂਗਾਂ ਦਾ ਪ੍ਰਸ਼ਾਦ-ਪਾਣੀ ਵਰਤਾ ਰਹੀ ਹੈ ਜਦੋਂ ਕਿ ਪਿੰਡਾਂ ਦੇ ਲੋਕ ਦਾਲੇ-ਪ੍ਰਸ਼ਾਦੇ ਤੇ ਚਾਹ-ਦੁੱਧ ਦਾ ਲੰਗਰ ਪਕਾ-ਵਰਤਾ ਰਹੇ ਹਨ। ਤਿੰਨ ਵਾਰ ਮੁੱਖ ਮੰਤਰੀ ਨੂੰ ਅਤੇ ਪੰਜ ਵਾਰ ਸਿੱਖਿਆ ਮੰਤਰੀ ਨੂੰ ਮਿਲ ਕੇ ਅਸਫਲ ਰਹਿਣ ਮਗਰੋਂ ਕਰੋਧ ਵਿਚ ਆਏ ਬੇਰੁਜ਼ਗਾਰ ਅਧਿਆਪਕਾਵਾਂ-ਅਧਿਆਪਕ ਹਿੱਕਾਂ ਪਿੱਟਦੇ ਹਨ, ਨਾਅਰੇ ਲਾਉਂਦੇ ਹਨ ਅਤੇ ਟੈਂਕੀਆਂ ਤੇ ਟਾਵਰਾਂ ਉੱਤੇ ਚੜ੍ਹਦੇ ਹਨ।
ਮੇਰਾ ਸੁਝਾਅ ਹੈ, ਸਿੱਖਿਆ ਮੰਤਰੀ ਨੂੰ ਆਪਣੀ ਉਤਲੀ ਵਿਉਂਤ ਹੀ ਇਥੇ ਵੀ ਲਾਗੂ ਕਰ ਦੇਣੀ ਚਾਹੀਦੀ ਹੈ। ਜਿਵੇਂ ਯੂਨੀਵਰਸਿਟੀਆਂ ਵਿਚ ਨਾਨਕ ਚੇਅਰ, ਕਬੀਰ ਚੇਅਰ, ਰਵਿਦਾਸ ਚੇਅਰ ਹੁੰਦੀਆਂ ਹਨ, ਸਕੂਲਾਂ ਵਿਚ ਮਜ਼ਮੂਨਾਂ ਦੇ ਨਾਂ ਸੰਬੰਧਿਤ ਅਧਿਆਪਕਾਂ ਦੀ ਤਨਖ਼ਾਹ ਨਿਸਚਿਤ ਸਮੇਂ ਤੱਕ ਦੇਣ ਵਾਲਿਆਂ ਦੇ ਪੁਰਖਿਆਂ ਦੇ ਨਾਂ ਉੱਤੇ ਰੱਖ ਦੇਣੇ ਚਾਹੀਦੇ ਹਨ। ਮਿਸਾਲ ਵਜੋਂ, ‘‘ਵੰਤਾ ਸਿੰਘ ਵਿਗਿਆਨ ਅਧਿਆਪਕ ਸ੍ਰੀ ਮੋਹਨ ਲਾਲ’’, ‘‘ਗੰਡਾ ਸਿੰਘ ਗਣਿਤ ਅਧਿਆਪਕ ਸ੍ਰੀ ਸੋਹਨ ਸਿੰਘ’’, ਵਗੈਰਾ ਵਗੈਰਾ। ਏਕ ਪੰਥ, ਦੋ ਕਾਜ! ਨਾਲੇ ਪੁੰਨ, ਨਾਲੇ ਫ਼ਲੀਆਂ!
ਸੰਪਰਕ: 011-65736868
Sarbjit Dhir
ਸ਼ਿਵਇੰਦਰ , ਜੇਕਰ ਕਿਸੇ ਨੂੰ ਪੜ੍ਹਨ ਦੀ ਆਦਤ ਪਾਉਣੀ ਹੋਵੇ ਤਾਂ ਉਸਨੂੰ ਗੁਰਬਚਨ ਭੁੱਲਰ ਦੀ ਵਾਰਤਕ ਪੜ੍ਹਨ ਲਈ ਦੇਣੀ ਚਾਹੀਦੀ ਹੈ ; ਜਿਸਨੇ ਲੋਕਾਂ ਨੂੰ ਅਖਬਾਰ ਦੀ ਸੰਪਾਦਕੀ ਪੜ੍ਹਨ ਲਾ ਦਿੱਤਾ ਸੀ । ਸੂਹੀ ਸਵੇਰ ਨਾਲ ਭੁੱਲਰ ਨੂੰ ਜੋੜਨਾ ਤੇਰੀ ਪ੍ਰਾਪਤੀ ਹੈ