Thu, 21 November 2024
Your Visitor Number :-   7256395
SuhisaverSuhisaver Suhisaver

ਇਕ ਗ਼ੈਰ-ਰਵਾਇਤੀ ਸਿਖ ਦੇ ਵਲਵਲੇ -ਸੁਕੀਰਤ

Posted on:- 15-09-2014

suhisaver

ਮੇਰੇ ਨਾਂਅ ਤੋਂ ਮੇਰੀ ਕੋਈ ਧਾਰਮਕ ਜਾਂ ਜਾਤ-ਜਤਾਊ ਪਛਾਣ ਨਹੀਂ ਲਭਦੀ। ਪਰ ਜੇ ਤੁਸੀ ਪਾਸਪੋਰਟ ਵਿਚ ਦਰਜ ਮੇਰਾ ਪੂਰਾ ਨਾਂਅ ਦੇਖੋ ਤਾਂ ਪਤਾ ਲਗ ਜਾਂਦਾ ਹੈ ਕਿ ਮੈਂ ਪੰਜਾਬੀ ਖਤਰੀ ਸਿਖ ਹਾਂ। ਬੜੇ ਵਰ੍ਹੇ ਹੋਏ, ਫ਼ਿਰਕਿਆਂ ਅਤੇ ਜਾਤਾਂ ਵਿਚ ਵੰਡੇ ਹੋਏ ਆਪਣੇ ਦੇਸ ਅਤੇ ਸਮਾਜ ਵੱਲ ਨਿੱਜੀ ਉਪਰਾਮਤਾ ਦਾ ਪ੍ਰਗਟਾਵਾ ਕਰਨ ਲਈ ਮੈਂ ਆਪਣੇ ਜਨਤਕ ਨਾਂਅ ਵਿਚੋਂ ਇਹੋ ਜਿਹੀਆਂ ਪਛਾਣਾਂ ਖਾਰਜ ਕਰ ਦਿੱਤੀਆਂ ਸਨ। ਏਊਂ ਕਰਨਾ ਮੇਰੇ ਲਈ ਹੋਰ ਵੀ ਸੌਖਾ ਸੀ ਕਿਉਂਕਿ ਮੈਂ ਧਾਰਮਕ ਅਕੀਦਿਆਂ ਤੋਂ ਵਿਰਵਾ ਹਾਂ; ਹੋਰ ਤਾਂ ਹੋਰ, ਉਮਰ ਦੇ ਪਹਿਲੇ 17 ਵਰ੍ਹਿਆਂ ਤੋਂ ਬਾਅਦ ਮੇਰਾ ਸਰੂਪ ਵੀ ਸਿੱਖੀ ਵਾਲਾ ਨਹੀਂ ਰਿਹਾ। ਸੋ ਮੇਰਾ ਚਿਹਰਾ ਵੇਖਿਆਂ ਇਹ ਕਹਿ ਸਕਣਾ ਮੁਸ਼ਕਲ ਹੈ ਕਿ ਮੈਂ ਕਿਸ ਫ਼ਿਰਕੇ ਤੋਂ ਹਾਂ। ਮੈਂ ਸੋਹਣ ਲਾਲ ਵੀ ਹੋ ਸਕਦਾ ਹਾਂ, ਸਲੀਮ ਵੀ ( ਇਹ ਗੱਲ ਅੱਡਰੀ ਹੈ ਕਿ ’47 ਤੋਂ ਬਾਅਦ ਬਹੁਤੇ ਪੰਜਾਬੀ ਸਲੀਮ ਪਰਦੇਸੀ ਹੋ ਚੁੱਕੇ ਹਨ)।

ਪਰ ਇਸ ਦੇ ਬਾਵਜੂਦ ਕਦੀ ਕਦੀ ਜ਼ਿੰਦਗੀ ਵਿਚ ਅਜਿਹੇ ਮੌਕੇ ਜਾਂ ਦੌਰ ਜ਼ਰੂਰ ਆਏ ਹਨ ਜਦੋਂ ਮੈਂ ਆਪਣੇ ‘ਸਿਖ’ ਹੋਣ ਉਤੇ ਜ਼ੋਰ ਦਿੱਤਾ ਹੈ।

ਅਜਿਹਾ ਇਕ ਦੌਰ ਅੱਜ ਤੋਂ ਐਨ 30 ਵਰ੍ਹੇ ਪਹਿਲਾਂ ਆਇਆ ਸੀ। 1984 ਦਾ ਮੰਦਭਾਗਾ ਵਰ੍ਹਾ ਸ਼ੁਰੂ ਹੋਇਆ ਹੀ ਸੀ ਕਿ ਮੇਰੀ ਨੌਕਰੀ ਦਿੱਲੀ ਤੋਂ ਮਾਸਕੋ ਤਬਦੀਲ ਹੋ ਗਈ। ਜਿਸ ਭਾਰਤੀ ਵਪਾਰਕ ਕੰਪਨੀ ਦਾ ਮੈਂ ਨੁਮਾਇੰਦਾ ਸਾਂ, ਉਹ ਅੱਗੋਂ ਸੈਂਕੜੇ ਭਾਰਤੀ ਕੰਪਨੀਆਂ ਦੀ ਨੁਮਾਇੰਦਗੀ ਕਰਦੀ ਸੀ। ਸੋਵੀਅਤ ਸੰਘ ਦੀ ਵਿਸ਼ਾਲ ਮੰਡੀ ਵਿਚ ਆਪਣੀਆਂ ਵਸਤਾਂ ਵੇਚਣ ਲਈ ਇਨ੍ਹਾਂ ਕੰਪਨੀਆਂ ਦਾ ਕੋਈ ਨਾ ਕੋਈ ਅਫ਼ਸਰ ਮਾਸਕੋ ਆਇਆ ਹੀ ਰਹਿੰਦਾ ਸੀ: ਕੋਈ ਕਲਕੱਤਿਉਂ, ਕੋਈ ਬੰਗਲੌਰੋਂ, ਕੋਈ ਬੰਬਈ ਤੋਂ। ਭਾਰਤੀ ਭੋਜਨ ਨੂੰ ਭਾਲਦੇ, ਅਤੇ ਰੂਸੀ ਜ਼ਬਾਨ ਦੀ ਜਾਣਕਾਰੀ ਤੋਂ ਮਹਿਰੂਮ, ਥੋੜ੍ਹ ਚਿਰੀਆਂ ਵਪਾਰਕ ਫੇਰੀਆਂ ਲਈ ਮਾਸਕੋ ਆਣ ਵਾਲੇ ਇਹ ਲੋਕ ਆਮ ਤੌਰ ਤੇ ਸ਼ਾਮ ਨੂੰ ਵੀ ਮੇਰੇ ਕੋਲ ਹੀ ਆ ਜਾਂਦੇ ਸਨ।

ਪੰਜਾਬ ਵਿਚ ਦਹਿਸ਼ਤਗਰਦੀ ਦਾ ਦੌਰ ਸਿਖਰ ‘ਤੇ ਸੀ। ਹਿੰਦੂਆਂ ਨੂੰ ਬਸਾਂ ਵਿਚੋਂ ਕੱਢ-ਕੱਢ ਕੇ ਮਾਰਨ, ਪਿੰਡਾਂ ਵਿਚੋਂ ਉਨ੍ਹਾਂ ਨੂੰ ਖਦੇੜਨ ਦੀਆਂ ਖਬਰਾਂ ਦੇਸ ਭਰ ਦੀਆਂ ਅਖਬਾਰਾਂ ਵਿਚ ਫੈਲੀਆਂ ਲਭਦੀਆਂ ਸਨ। ਇਹ ਜਾਣਦਿਆਂ ਕਿ ਮੈਂ ਪੰਜਾਬੀ ਹਾਂ ਪਰ ਇਸ ਗੱਲ ਤੋਂ ਅਣਜਾਣ ਕਿ ਮੈਂ ਸਿਖ ਪਿਛੋਕੜ ਦਾ ਹਾਂ- ਮੇਰੇ ਕੋਲ ਆਣ ਵਾਲੇ ਗੈਰ-ਪੰਜਾਬੀ ਮਹਿਮਾਨਾਂ ਦੀ ਗੱਲਬਾਤ ਆਪਮੁਹਾਰੇ ਹੀ ਪੰਜਾਬ ਦੇ ਹਾਲਾਤ ਵੱਲ ਮੁੜ ਜਾਂਦੀ ਸੀ। ਭਿੰਡਰਾਂਵਾਲੇ ਦੀ ਜ਼ਹਿਰੀਲੀ ਬਿਆਨਬਾਜ਼ੀ ਅਤੇ ਪੰਜਾਬ ਵਿਚ ਹੋ ਰਹੀਆਂ ਵਾਰਦਾਤਾਂ ਨਾਲ ਅਖਬਾਰੀ ਤੌਰ ਤੇ ਵਾਕਫ਼ ਮੇਰੇ ਇਹ ਗੈਰ-ਪੰਜਾਬੀ ਮਹਿਮਾਨ ਮੇਰੇ ਨਾਲ ਹਮਦਰਦੀ ਤਾਂ ਜ਼ਾਹਰ ਕਰਦੇ ਹੀ ਸਨ, ਕਈ ਅਣਭੋਲ ਹੀ ‘ਸਿਰਫਿਰੀ ਸਿੱਖ ਕੌਮ’ ਨੂੰ ਪੁਣਨ ਬਹਿ ਜਾਂਦੇ ਸਨ। ਉਦੋਂ ਮੈਨੂੰ ਆਪਣੇ ਸਿਖ ਹੋਣ ਬਾਰੇ ਖੁਲ੍ਹ ਕੇ ਕਹਿਣ ਦੀ ਲੋੜ ਭਾਸਦੀ ਸੀ। ਆਪਣੇ ਸੁਹਿਰਦ ਪਰ ਘਟ-ਜਾਣਕਾਰ ਮਹਿਮਾਨਾਂ ਨੂੰ ਇਹ ਦਸਣ ਲਈ ਕਿ ਸਾਰੇ ਸਿਖ ਸਿਰਫਿਰੇ ਨਹੀਂ ਹੁੰਦੇ, ਅਤੇ ਇਹੋ ਜਿਹੇ ਸਿਰਫਿਰੇ ਲੋਕ ਸਿਰਫ਼ ਪੰਜਾਬੀ ਹਿੰਦੂਆਂ ਨੂੰ ਹੀ ਨਹੀਂ ਉਨ੍ਹਾਂ ਸਿਖਾਂ ਨੂੰ ਵੀ ‘ਸੋਧ’ ਰਹੇ ਸਨ ਜੋ ਉਨ੍ਹਾਂ ਦੇ ਸਿਰਫਿਰੇਪਣ ਨਾਲ ਸਹਿਮਤ ਨਹੀਂ ਸਨ। ਆਪਣੀ ਗੱਲ ਨੂੰ ਸਪਸ਼ਟ ਕਰਨ ਲਈ ਮੇਰੇ ਕੋਲ ਆਪਣੇ ਹੀ ਪਰਵਾਰ ਦੀਆਂ ਮਿਸਾਲਾਂ ਸਨ: ਫ਼ਰਵਰੀ 1984 ਵਿਚ ਪ੍ਰੀਤਨਗਰ ਦੀਆਂ ਬਰੂਹਾਂ ‘ਤੇ ਮੇਰੇ ਮਾਮੇ-ਪੁੱਤ ਭਰਾ ਸੁਮੀਤ ਸਿੰਘ, ਅਤੇ ਕੁਝ ਦਿਨਾਂ ਮਗਰੋਂ ਪ੍ਰੀਤਨਗਰ ਵਿਚ ਹੀ ਮੇਰੇ ਮਾਮੇ ਪਰਮਜੀਤ ਸਿੰਘ ਨੂੰ ਕਤਲ ਕੀਤਾ ਜਾ ਚੁੱਕਾ ਸੀ।

ਏਸੇ ਸਾਲ ਨੇ ਬਾਅਦ ਵਿਚ, ਜੂਨ ਦੇ ਮਹੀਨੇ ਹੋਈ ਨੀਲਾ-ਤਾਰਾ ਕਾਰਵਾਈ ਦੌਰਾਨ ਸਿਰਫ਼ ਭਿੰਡਰਾਂਵਾਲੇ ਨੂੰ ਹੀ ਨਹੀਂ ਸੀ ਮਾਰ ਮੁਕਾਉਣਾ, ਹਰਿਮੰਦਰ ਸਾਹਬ ਉਤੇ ਫੌਜੀ ਚੜ੍ਹਾਈ ਦੌਰਾਨ ਅਕਾਲ ਤਖਤ ਨੂੰ ਹੋਏ ਨੁਕਸਾਨ ਕਾਰਨ ਸਿਖ ਮਾਨਸਕਤਾ ਨੂੰ ਵੀ ਡੂੰਘਿਆਂ ਪੱਛ ਜਾਣਾ ਸੀ। ਏਸੇ ਸਾਲ, ਅਕਤੂਬਰ ਦੇ ਆਖਰੀ ਦਿਨ ਭਾਰਤ ਦੀ ਪ੍ਰਧਾਨ ਮੰਤਰੀ ਨੇ ਆਪਣੇ ਹੀ ਦੋ ਸਿਖ ਅੰਗ-ਰਖਿਅਕਾਂ ਰਾਹੀਂ ਕਤਲ ਹੋਣਾ ਸੀ, ਜਿਸਦਾ ਇਵਜ਼ਾਨਾ ਦਿੱਲੀ ਦੇ (ਅਤੇ ਕੁਝ ਹੋਰ ਥਾਂਵਾਂ ਦੇ ਵੀ) ਹਜ਼ਾਰਾਂ ਬੇਦੋਸੇ ਸਿਖਾਂ ਦੀਆਂ ਜਾਨਾਂ ਤਰੁੰਡ ਕੇ ਲਿਆ ਜਾਣਾ ਸੀ। ਇਹ ਫ਼ਿਰਕੂ ਜੁਨੂੰਨ ਦੇ, ਸਿਆਸੀ ਧਿਰਾਂ ਵੱਲੋਂ ਭੜਕਾਈਆਂ ਗਈਆਂ ਧਰਮ ਅਧਾਰਤ ਨਫ਼ਰਤਾਂ ਦੇ ਨੰਗੇ ਨਾਚ ਦੇ ਦਿਨ ਸਨ। ਹਿੰਦੂਆਂ ਅਤੇ ਸਿਖਾਂ ਵਿਚਕਾਰ ਪਾ ਦਿੱਤੀ ਗਈ ਦਰਾੜ ਦੇ ਡੂੰਘੇਰੇ ਹੁੰਦੇ ਜਾਣ ਦਾ ਸਮਾਂ।

ਇਨ੍ਹਾਂ ਦਿਨਾਂ ਵਿਚ ਮੈਨੂੰ ਆਪਣੀ ‘ਸਿਖ’ ਪਛਾਣ ਉਤੇ ਡਟ ਕੇ ਪਹਿਰਾ ਦੇਣ ਦੀ ਲੋੜ ਭਾਸੀ ਸੀ। ਇਸ ਪਛਾਣ ਨੂੰ ਲੁਕਾ ਕੇ ਰਖਣਾ, ਆਪਣੇ ਘੋਨੇ-ਮੋਨੇ ਰੂਪ ਰਾਹੀਂ ਹਿੰਦੂ ਬਹੁਗਿਣਤੀ ਵਿਚ ਘੁਲ ਜਾਣਾ ਤਾਂ ਨਿਰੋਲ ਨਿੱਜੀ ਕਾਇਰਤਾ ਹੀ ਹੁੰਦਾ: ਸਗੋਂ ਇਸ ਦਾ ਖੁਲ੍ਹ ਕੇ ਪ੍ਰਗਟਾਵਾ ਕਰਨਾ, ਸਿਖ ਧਰਮ ਦੇ ਪੈਰੋਕਾਰਾਂ ਬਾਰੇ ਉਸ ਸਮੇਂ ਬਾਕੀ ਭਾਰਤੀਆਂ ਦੇ ਮਨਾਂ ਵਿਚ ਫੈਲ ਗਏ ਤੁਅੱਸਬਾਂ ਨੂੰ ਮੇਟਣ ਲਈ ਮੇਰੇ ਲਈ ਕਾਟਵਾਂ ਅਤੇ ਕਾਰਗਰ ਪੈਂਤੜਾ ਬਣ ਗਿਆ। ਜੇ ਸਾਹਮਣੇ ਬੈਠੇ ਸੱਜਣ ਨੂੰ ਮੈਂ ਸੂਝ ਤੋਂ ਵਿਰਵਾ ਨਹੀਂ ਸਾਂ ਜਾਪਦਾ, ਤਾਂ ਮੇਰੇ ਵਰਗੇ ਹੋਰ ਸਿਖ ਵੀ ਤਾਂ ਹੁੰਦੇ ਹੀ ਹੋਣਗੇ।

ਉਹ ਮੰਦਭਾਗਾ ਦੌਰ ਆਇਆ, ਅਤੇ ਲੰਘ ਗਿਆ। ਬੜੀਆਂ ਸਾਰੀਆਂ ਜਾਨਾਂ ਅਜਾਈਂ ਗਈਆਂ, ਕਿੰਨੇ ਸਾਰੇ ਹਿਰਦੇ ਹਮੇਸ਼ਾ ਲਈ ਵਲੂੰਧਰੇ ਗਏ। ਪਰ ਅਜ, 30 ਵਰ੍ਹੇ ਬਾਅਦ, ਉਸ ਕਾਲੇ ਕੁਲਹਿਣੇ ਦੌਰ ਨੂੰ ਚੇਤੇ ਕਰਦਾ ਹਾਂ ਤਾਂ ਤਸੱਲੀ ਦੀ ਗੱਲ ਇਹ ਜਾਪਦੀ ਹੈ ਕਿ ਹੁਣ ਸਿਖ ਧਰਮ ਦੇ ਪੈਰੋਕਾਰਾਂ ਨੂੰ ਸਿਰਫਿਰੇ ਜਾਂ ਅੱਤਵਾਦੀ ਹੋਣ ਦੇ ਤੁੱਲ ਨਹੀਂ ਸਮਝਿਆ ਜਾਂਦਾ।

ਪਰ ਸਿਰਫ਼ ਅਜਿਹੇ ਨਾਮੁਰਾਦ ਸਮਿਆਂ ਵਿਚ ਹੀ ਨਹੀਂ, ਕਈ ਵੇਰ ਬਿਲਕੁਲ ਕੂਲੇ, ਸਹਿਜ ਅਤੇ ਸੁਖਾਵੇਂ ਮਾਹੌਲ ਵਿਚ ਵੀ ਮੈਂ ਆਪਣੇ ਸਿਖ ਹੋਣ ਨੂੰ ਨਸ਼ਰ ਕਰਨਾ ਆਪਣਾ ਫ਼ਰਜ਼ ਸਮਝਦਾ ਹਾਂ। ਬਹੁਤੀ ਵੇਰ ਇਹ ਮੌਕੇ ਕਿਸੇ ਪਰਦੇਸ ਫੇਰੀ ਦੌਰਾਨ ਆਂਦੇ ਹਨ।

ਪਰਦੇਸ ਵਿਚ ਮੇਰੀ ਪਹਿਲੀ ਪਛਾਣ ਭਾਰਤੀ ਵਜੋਂ ਹੁੰਦੀ ਹੈ, ਅਤੇ ਦੂਜੇ ਪੱਧਰ ਦੀ ਪਛਾਣ ਧਾਰਮਕ ਪਿਛੋਕੜ ਦੀ । ਜਿਵੇਂ ਭਾਰਤ ਰਹਿੰਦਿਆਂ ਮੇਰੀ ਪਹਿਲੀ ਪਛਾਣ ਪੰਜਾਬੀ ਵਜੋਂ ਹੈ, ਅਤੇ ਧਾਰਮਕ ਪਿਛੋਕੜ ਦੀ ਵਾਰੀ ਇਸ ਤੋਂ ਪਿਛੋਂ ਆਂਦੀ ਹੈ। ਕਈ ਵਾਰ ਤਾਂ ਆਂਦੀ ਹੀ ਨਹੀਂ। ਭਾਰਤ ਦੇ ਹੋਰਨਾ- ਖਾਸਕਰ ਦੁਰੇਡਲੇ- ਸੂਬਿਆਂ ਵਿਚ ਘੁੰਮਦਿਆਂ ਕਿਸੇ ਦਾ ਇਹ ਪੁੱਛ ਲੈਣਾ ਸੁਭਾਵਕ ਹੈ ਕਿ ਤੁਸੀ ਕਿੱਥੋਂ ਆਏ ਹੋ। ਪੰਜਾਬ ਦਾ ਨਾਂਅ ਸੁਣਕੇ ਕਦੇ ਕਦਾਈਂ, ਕੋਈ ਵਿਰਲਾ ਸੱਜਣ ਇਹ ਵੀ ਪੁੱਛ ਲੈਂਦਾ ਹੈ ਕਿ ਤੁਸੀ ਹਿੰਦੂ ਹੋ ਜਾਂ ਸਿਖ। ਪਰ ਪਰਦੇਸ ਵਿਚ ਮੇਰੀ ਦੁਜੈਲੀ, ਯਾਨੀ ਧਾਰਮਕ ਪਛਾਣ ਬਾਰੇ ਜਿਗਿਆਸਾ ਕਿਤੇ ਵਧ ਲਭਦੀ ਹੈ। ਮੈਂ ਪੰਜਾਬੀ ਹਾਂ ਜਾਂ ਮਦਰਾਸੀ, ਇਸ ਨਾਲ ਪਰਦੇਸੀਆਂ ਨੂੰ ਸਰੋਕਾਰ ਘਟ ਹੀ ਹੁੰਦਾ ਹੈ; ਇਹ ਸਾਡੇ, ਭਾਰਤੀਆਂ ਦੇ, ਅੰਦਰੂਨੀ ਪਛਾਣ ਘੇਰੇ ਹਨ।

ਆਮ ਤੌਰ ਉਤੇ ਪਰਦੇਸ ਵਿਚ, ਇਹ ਜਾਣ ਕੇ ਕਿ ਮੈਂ ਭਾਰਤੀ ਹਾਂ ਫ਼ਰਜ਼ ਕਰ ਲਿਆ ਜਾਂਦਾ ਹੈ ਕਿ ਮੈਂ ਹਿੰਦੂ ਹਾਂ, ਪਰ ਕਈ ਥਾਂਈਂ ਇਹ ਵੀ ਪੁਛਿਆ ਗਿਆ ਹੈ ‘ਤੁਸੀ ਬੋਧੀ ਹੋ?’ ( ਵੀਅਤਨਾਮ ਵਿਚ, ਥਾਈਲੈਂਡ ਵਿਚ) ਜਾਂ ‘ਤੁਸੀ ਮੁਸਲਮਾਨ ਹੋ?’ (ਮਿਸਰ ਵਿਚ, ਇਰਾਕ ਵਿਚ, ਜੌਰਡਨ ਵਿਚ)। ਇਸਦਾ ਕਾਰਨ ਸ਼ਾਇਦ ਇਹ ਹੈ ਕਿ ਇਨ੍ਹਾਂ ਥਾਂਵਾਂ ਉਤੇ ਪਰਚੱਲਤ ਧਰਮਾਂ ਕਾਰਨ ਸਥਾਨਕ ਲੋਕਾਂ ਨੂੰ ਸੋਝੀ ਹੁੰਦੀ ਹੈ ਕਿ ਉਨ੍ਹਾਂ ਦੇ ਆਪਣੇ ਧਰਮ ਦੇ ਪੈਰੋਕਾਰ ਭਾਰਤ ਵਿਚ ਵੀ ਵਸਦੇ ਹਨ, ਅਤੇ ਪੁੱਛਣ ਵਾਲਾ ਤੁਹਾਡੇ ਨਾਲ ਕੋਈ ਸਾਂਝ ਦਾ ਸਿਰਾ ਭਾਲ ਰਿਹਾ ਹੁੰਦਾ ਹੈ। ਪੱਛਮੀ ਮੁਲਕਾਂ ਵਿਚ ਧਾਰਮਕ ਅਕੀਦੇ ਬਾਰੇ ਘਟ ਹੀ ਪੁਛਿਆ ਜਾਂਦਾ ਹੈ, ਜੇ ਕੋਈ ਵਿਰਲਾ ਟਾਂਵਾਂ ਪੁਛ ਵੀ ਲਵੇ ਤਾਂ ਸਵਾਲ ਇਹ ਹੁੰਦਾ ਹੈ ਕਿ ਤੁਸੀ ਕਿਸ ਚਰਚ ਨੂੰ ਮੰਨਦੇ ਹੋ, ਕਿਉਂਕਿ ਈਸਾਈ ਧਰਮ ਵਿਚ ਆਪਣੀਆਂ ਕਈ ਅੰਦਰੂਨੀ ਧਾਰਾਵਾਂ ਹਨ। ਅਜਿਹੇ ਮੌਕਿਆਂ ਉਤੇ ਮੈਂ ਹਮੇਸ਼ਾ ਇਹ ਸਪਸ਼ਟ ਕਰਦਾ ਹਾਂ ਕਿ ਮੈਂ ਹਿੰਦੂ (ਜਾਂ ਬੋਧੀ, ਜਾਂ ਮੁਸਲਮਾਨ ਜਾਂ ਈਸਾਈ ਜੋ ਵੀ ਮੈਨੂੰ ਸਮਝਿਆ ਜਾ ਰਿਹਾ ਹੋਵੇ) ਨਹੀਂ ਹਾਂ, ਸਗੋਂ ਸਿਖ ਪਰਵਾਰ ਵਿਚੋਂ ਹਾਂ।ਅਤੇ ਬਹੁਤ ਵਾਰ , ਜਦੋਂ ਸਵਾਲਕਰਤਾ ਲਈ ਸਿਖ ਧਰਮ ਓਪਰਾ ਨਾਂਅ ਹੋਵੇ, ਸਿਖੀ ਦੇ ਇਤਿਹਾਸ ਅਤੇ ਮੂਲ ਧਾਰਨਾਵਾਂ ਬਾਰੇ ਮੁੱਢਲੀ ਜਾਣਕਾਰੀ ਵੀ ਬਾਖੁਸ਼ੀ ਦੇਂਦਾ ਹਾਂ। ਭਾਂਵੇਂ ਇਹ ਕਹਿਣੋਂ ਵੀ ਨਹੀਂ ਉਕਦਾ ਕਿ ਮੈਂ ਧਾਰਮਕ ਵਿਸ਼ਵਾਸਾਂ ਦਾ ਧਾਰਨੀ ਨਹੀਂ।

ਕੀ ਫ਼ਰਕ ਪੈਂਦਾ ਹੈ ਜੇ ਕੋਈ ਪਰਦੇਸੀ ਮੈਨੂੰ ਹਿੰਦੂ (ਜਾਂ ਬੋਧੀ, ਜਾਂ ਮੁਸਲਮਾਨ ਜਾਂ ਈਸਾਈ) ਸਮਝ ਲਵੇ ? ਮੇਰੇ ਵਰਗਾ ਨਾਸਤਕ ਏਨੇ ਉਚੇਚ ਵਿਚ ਕਿਉਂ ਪੈਂਦਾ ਹੈ? ਆਪਣੇ ਆਪ ਨੂੰ ਸਿਖ ਦਰਸਾਉਣ ਲਈ ਏਡੀ ਖੇਚਲ ਕਿਉਂ ਕਰਦਾ ਹੈ? ਇਸਦਾ ਕਾਰਨ ਇਹ ਹੈ ਕਿ ਧਰਮ ਨਿਰੋਲ ਵਿਸ਼ਵਾਸਾਂ ਦੀ ਵਲਗਣ ਹੀ ਨਹੀਂ, ਸਭਿਆਚਾਰਕ ਪਸਾਰ ਵੀ ਹੁੰਦਾ ਹੈ। ਇਕ ਜੀਵਨ-ਜਾਚ ਵੀ ਹੁੰਦਾ ਹੈ, ਰਵਾਇਤਾਂ ਅਤੇ ਰਹੁ-ਰੀਤਾਂ ਦਾ ਵਿਰਸਾ ਵੀ ਹੁੰਦਾ ਹੈ। ਅਤੇ ਏਸੇ ਕਾਰਨ, ਖੁਸ਼ੀ ਦਾ ਮੌਕਾ ਹੋਵੇ ਜਾਂ ਗਮੀ ਦਾ , ਸਿਖ ਰਵਾਇਤਾਂ ਅਰਦਾਸਾਂ, ਲਾਂਵਾਂ-ਫੇਰੇ, ਕੀਰਤਨ- ਮੇਰੇ ਅੰਦਰੇ ਨਾਲ ਸੁਤੇ ਸਿਧ ਇਕ ਤਾਰ ਜੋੜ ਲੈਂਦੇ ਹਨ। ਮੈਨੂੰ ਅਜਿਹੇ ਮੌਕਿਆਂ ਉਤੇ ਕਦੇ ਵੀ ਓਪਰਾ ਮਹਿਸੂਸ ਨਹੀਂ ਹੁੰਦਾ। ਮੈਂ ਰਹੁ-ਰੀਤਾਂ ਤੋਂ ਮੁਕਤ ਹਾਂ, ਪਰ ਉਨ੍ਹਾਂ ਦੀ ਤਰਤੀਬ, ਉਨ੍ਹਾਂ ਪਿਛਲੀ ਭਾਵਨਾ ਮੈਨੂੰ ਵਿਰਸੇ ਵਿਚ ਮਿਲੇ ਹਨ ਜੋ ਮੇਰੇ ਚੇਤਨ ਹੀ ਨਹੀਂ, ਅਵਚੇਤਨ ਦਾ ਵੀ ਹਿੱਸਾ ਹਨ। ਮੈਂ ਇਸ ਵਿਰਸੇ ਵਿਚਲੀਆਂ ਵੇਲਾ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਨੂੰ ਤਾਂ ਛੰਡ ਸਕਦਾ ਹਾਂ, ਪਰ ਆਪਣੇ ਸਮੁੱਚੇ ਵਿਰਸੇ ਨੂੰ ਕਿਵੇਂ ਨਕਾਰ ਦਿਆਂ!! ਸੋ ਮੈਨੂੰ ਠੀਕ ਨਹੀਂ ਲਗਦਾ ਕਿ ਕੋਈ ਮੈਨੂੰ ਕਿਸੇ ਹੋਰ ਧਰਮ ਦਾ ਧਾਰਨੀ ਸਮਝ ਬੈਠੇ।

ਤੇ ਇਹੋ ਕਾਰਨ ਹੈ ਕਿ ਸੁਚੇਤ ਤੌਰ ਉਤੇ, ਆਪਣੀ ਮਰਜ਼ੀ ਨਾਲ, ਤਾਂ ਮੈਂ ਆਪਣੇ ਨਾਂਅ ਨਾਲੋਂ ‘ਸਿੰਘ’ ਹਟਾਉਣ ਦਾ ਫੈਸਲਾ ਲੈ ਸਕਦਾ ਹਾਂ, ਪਰ ਆਰ ਐਸ ਐਸ ਦੇ ਸੰਚਾਲਕ ਮੋਹਨ ਭਾਗਵਤ ਦੇ ਇਸ ਬਿਆਨ ਨੂੰ ਹਜ਼ਮ ਨਹੀਂ ਕਰ ਸਕਦਾ ਕਿ ਸਾਰੇ ਭਾਰਤੀ ਹਿੰਦੂ ਹਨ। ਹਿੰਦੂ ਧਰਮ ਅਤੇ ਇਸਦੇ ਪੈਰੋਕਾਰਾਂ ਬਾਰੇ ਮੇਰੇ ਮਨ ਅੰਦਰ ਕੋਈ ਦੁਰਭਾਵਨਾ ਨਹੀਂ। ਮੈਂ ਜਾਣਦਾ ਹਾਂ ਕਿ ਮੇਰੇ ਸਿਖ ਵੀਰਾਂ ਵਾਂਗ ਉਨ੍ਹਾਂ ਅੰਦਰ ਵੀ ਭਾਂਤ ਭਾਂਤ ਦੇ ਲੋਕ ਸ਼ਾਮਲ ਹਨ: ਸੁਹਿਰਦ ਵੀ, ਸਿਰਫਿਰੇ ਵੀ, ਸਿਆਣੇ ਵੀ ਤੇ ਕਮਲੇ ਵੀ। ਪਰ ਮੈਂ ਭਾਗਵਤ ਦੇ ਭਗਵੇਂਕਰਨ ਦੇ ਏਜੰਡੇ ਦੀ ਇਸ ਕੂਚੀ ਹੇਠ ਆਪਣੇ ਧਾਰਮਕ ਪਿਛੋਕੜ ਉਤੇ ਪੋਚਾ ਫੇਰਨ ਦੀ ਇਸ ਸਾਜ਼ਿਸ਼ ਤੋਂ ਇਨਕਾਰੀ ਹਾਂ। ਮੈਂ ਆਪਣੀ ਪਛਾਣ ਬਤੌਰ ਸਿਖ ਹੀ ਰਖਣਾ ਚਾਹੁੰਦਾ ਹਾਂ, ਦੋਇਮ ਦਰਜੇ ਦੇ ‘ਸਿਖ-ਹਿੰਦੂ’ ਦੀ ਨਹੀਂ। ਇਸ ਪਛਾਣ ਨੂੰ ਕਾਇਮ ਰਖਣ ਦਾ ਇਹ ਫੈਸਲਾ ਮੇਰਾ ਹੈ, ਮੇਰੇ ਵਿਰਸੇ ਵਿਚੋਂ ਉਪਜਿਆ ਹੈ ਅਤੇ ਕਿਸੇ ਹੋਰ ਕੋਲ ਇਸਨੂੰ ਬਦਲਣ ਜਾਂ ਮੇਟਣ ਦਾ ਅਧਿਕਾਰ ਨਹੀਂ। ਲੰਘੀਆਂ ਚੋਣਾਂ ਵਿਚ ਹੋਈ ਜਿੱਤ ਨੂੰ ਮੋਹਨ ਭਾਗਵਤ ( ਅਤੇ ਉਸ ਵਰਗੇ ਹੋਰ ਬੁਲਾਰੇ) ‘ਹਿੰਦੁੱਤਵ’ ਦੀ ਜਿੱਤ ਸਮਝ ਕੇ ਬਹੁਧਰਮੀ ਅਤੇ ਬਹੁ-ਵਿਰਸਿਆਂ ਵਾਲੇ ਭਾਰਤ ਨੂੰ ‘ਹਿੰਦੂਆਂ ਦਾ ਪਾਕਿਸਤਾਨ’ ਬਣਾਉਣ ਦੀ ਕੋਸ਼ਿਸ਼ ਨਾ ਕਰਨ।

Comments

sunny

Bahoot khub sir g

Harpreet Jhajj Gidri

Wah ji Wah

Raghbir Singh

ਬਹੁਤ ਖੂਬ। ਏਨੇ ਸਲੀਕੇ ਨਾਲ ਏਨੀ ਸਿਆਣਪ ਵਾਲੀ ਗੱਲ।

ਸ਼ਸ਼ੀ ਪਾਲ ਸਮੁੰਦਰਾ

ਸੁਕੀਰਤ ਜੀ ਤੋਂ ਏਸ ਤੋਂ ਘੱਟ ਦੀ ਉਮੀਦ ਵੀ ਨਹੀਂ ਕੀਤੀ ਜਾ ਸਕਦੀ ! ਇੱਕ ਪਾਰਦਰਸ਼ੀ ਸੋਚ-ਸਮਝ | ਪੜ੍ਹਣਾ ਦਿਲਚਸਪ ਲੱਗਾ | ਕੁਝ ਹੋਰ ਨਜ਼ਰੀਏ ਤੋਂ ਸੋਚਣ ਦਾ ਮੌਕਾ ਵੀ ਮਿਲਿਆ | ਧੰਨਵਾਦ | ਸ਼ਸ਼ੀ ਪਾਲ ਸਮੁੰਦਰਾ

Prem s Mann

He wrote a very good article. I liked it.

G M Sinhg Kahlon

ਕਈ ਕੁਝ ਯਾਦ ਕਰਵਾ ਦਿਤਾ ਤੁਸੀ, ਯਾਂਦਾਂ ਦੇ ਦਰਵਾਜੇ ਖੋਲਕੇ ੩੫-੪੦ ਸਾਲ ਪਿਛਾਂਹ ਲੈ ਗਏ ਜੀ ਤੁਸੀ

Balwinder Singh Dhadwal

Well said Waheguru aapji nu chardi kala vich rakhay

Pritpal Singh

Pritpal Singh Guru Nanak Sahib said "Dharma" is son of compassion. When people in any religion fail to avail the deep magical transformation by turning spiritual practices into mere rituals they become dogmatic. Like Aurang zeb the Mogul emperor who was very very religious and a true devout muslim but killed thousands of people every day without any thought of remorse or kindness. Same way this Bhagvat guy has proven to be ungrateful but dogmatic, ritualistic and non compassionate hindu. They have forgotten how sikh gurus created a khalsa fauj and sacrificed their children and hundreds of thousands of followers to save thousands of girls being kidnapped every day and sold in the bazaras or kabul and bhagdad. They saved not only the Tilak and Janju but the acient culture of Maharishis. Some on needs to send a big huge plaque to this head of RSS written by the most famous poet Shah Mohamad "Na Baat Abki Na Tabki Agar Na HOTE GURU GOBIND SINGH "SUNNAT" HOTI SABKI".

Harvinder Singh

ਸਰਲ ਤੇ ਸਪਸ਼ਟ ਲੇਖ . 'ਹਮ ਹਿੰਦੂ ਨਹੀ ਹੈ 'ਵਰਗਾ ਹੋ ਕੇ ਵੀ ਓਸ੍ਤੋੰ ਵਖਰਾ .

Balwinder singh Khalsa

ਸ਼ੁਕਰ ਏ ਕਾਮਰੇਡਾਂ ਨੂੰ ਵੀ ਅਕਲ ਆਈ

Devinder Kaur Dhaliwal

Spirituality is the best karam or dharm,where ever is the truth there is dharam,don't know what color or race sticker Very interesting to read,jindgi kini bachiter hia , haraan ha

Pashaura Singh Dhillon

Truly from the bottom of the heart of a Sikh, eloquently express'd. That reminds me of Kabir's Shilok inscribed at the very top of the tall entrance of Darshni Deorhi at Tarn Taran Darbar Sahib from Amritsar Road. It is written so high up on the top of the gate that it escapes the eye of many a devotee even if he lives in Tarn Taran as it happened to one of my relatives when I brought it to his attention after 40 years he had been going there. It says,"ਕਬੀਰ ਜਿਸ ਦਰ ਆਵਤ ਜਾਤੀਅਹਿ ਹਟਕੇ ਨਾ ਹੀ ਕੋਏ, ਸੋ ਦਰ ਕੈਸਾ ਛੋਡੀਅਹਿ ਜੋ ਦਰ ਐਸਾ ਹੋਏ||"

Navchetan Singh

Very nice article and articulation - I remember reading khushwant singh when his son Rahul cut his hair , his articulation was not exact but similar....nice reading anyway!!

Shashi pal samundra

ਇੱਕ ਬੜਾ ਹੀ ਖਾਸ ਇਨਸਾਨ |ਸਹੀ ਸ਼ਬਦਾਂ ਵਿਚ ਇੱਕ " ਇਨਸਾਨ " |

Sukhpal Thind

ਇਹ ਲੇਖ ਦੇਰੀ ਨਾਲ ਪੜ੍ਹ ਸਕਿਆਂ ਹਾਂ। ਬਹੁਤ ਮਹੱਤਵਪੂਰਨ ਲੇਖ ਅਤੇ ਹਰ ਸਹੀ ਸੋਚ ਰੱਖਣ ਦਾ ਦਾਅਵਾ ਕਰਨ ਵਾਲੇ ਬੰਦੇ ਨੂੰ ਜ਼ਰੂਰ ਪੜ੍ਹਣਾ ਚਾਹੀਦਾ ਹੈ। ਖੱਬੇ ਪੱਖੀ ਸੋਚ ਵਿੱਚ ਧਰਮ ਦੀ ਕੀ ਭੂਮਿਕਾ ਹੋ ਸਕਦੀ ਹੈ ? ਧਰਮ ਨਾਲ ਬੰਦਾ ਕਿਵੇਂ ਜੁੜਿਆ ਹੁੰਦਾ ਹੈ ? ਧਰਮ ਕਿਵੇਂ ਨਾਸਤਿਕ ਅਖਵਾਉਣ ਵਾਲੇ ਬੰਦੇ ਦੇ ਚੇਤਨ / ਅਵਚੇਤਨ ਦਾ ਹਿੱਸਾ ਹੁੰਦਾ ਹੈ ? ਇਸ ਸਭ ਦੀ ਗੱਲ ਕਰਦਾ ਇਹ ਬਹੁਤ ਹੀ ਸਰਲ ਭਾਸ਼ਾ ਵਿੱਚ ਲਿਖਿਆ ਗਿਆ ਲੇਖ ਹੈ। ਜਿਹੜੇ ਦੋਸਤ ਇਸ ਨੂੰ ਪੜ੍ਹਣ ਤੋਂ ਵਿਰਵੇ ਰਹਿ ਗਏ ਹਨ ਮੈਂ ਉਨ੍ਹਾਂ ਸਭ ਨੂੰ ਇਹ ਪੜ੍ਹਣ ਦੀ ਪੁਰਜ਼ੋਰ ਸਿਫਾਰਸ਼ ਕਰਦਾ ਹਾਂ। ਇਸ ਲੇਖ ਤੇ ਉਸਾਰੂ ਚਰਚਾ ਹੋ ਸਕੇ ਤਾਂ ਹੋਰ ਵੀ ਵਧੀਆ ਗੱਲ ਹੋਵੇਗੀ।

Aaswant Singh Dhaliwal

Aaswant Singh Dhaliwal Being a liberal and rational person (atleast that is what i like to think of myself) many a times I come into conflict with many rituals, traditions and practices of my religion that not only are anachronistic but also seemingly devoid of logic or common sense. But still i cherish and long for the warmth of my religion's very same rituals, traditions, practices, proceedings, history and future. So who am I? An atheist or an emotional Sikh? This article titled "The churnings inside a non-traditional Sikh" penned by the very talented Punjabi writer Sukeerat grapples with similar emotions.

Arshdeep Brar

Bai I don't know kihne padhya kihne nahin, but gal bahut vadhiya likhi hai writer ne ki he can think of removing Singh from his name as he is not following Sikhism the way he should but he cannot agree to RSS that all Indians are Hindus. So ohde andar kite na kite Singh wasda hai.. Baaki I liked a comment over there which says "Shukar aa Kaamredaan nu vi akal aayi" haha

Manandeep Singh

Ashu Sian, coming to conflict with some rituals or practices is inevitable for any rational person. It is more so in a case when over a time period, a lot of futile practices have been made to appear a part of this faith, whose Gurus stood up against the same. More than anything else, it is important to keep that free thinking alive. Maan Sahab ne likhea, “main nahi mannda dharm bura hai, dharm da koi karm bura hai. Ilam padhe par amal kare na, oh banda besharm bada hai” eho haal Bhagwat warge da hai.

Kanwarnihal Singh Gill

So either u r or u aren't. .... everything in between is where your questions come from .... I belive sikhism is for the rational... logical.... and to some peoples surprise its very liberal ( liberates you from pakhand )

Karamjit Singh

ਸੁਕੀਰਤ ਨੇ ਬੜੀ ਸਮੇਂ ਸਿਰ ਗੱਲ ਕੀਤੀ ਹੈ। ਹਿੰਦੂਵਾਦੀਆਂ ਨੂੰ ਇਕ ਜਵਾਬ ਇਹ ਹੋ ਸਕਦਾ ਹੈ। ਪਰ ਮੈਂ ਇਸਦਾ ਜਵਾਬ ਮਾਨਵਵਾਦੀ ਨਜ਼ਰੀਏ ਤੋਂ ਦੇਣਾ ਚਾਹਾਂਗਾ। ਪਰ ਇਹ ਵੀ ਸੱਚ ਹੈ ਕਿ ਪੰਜਾਬੋਂ ਬਾਹਰ ਖਾਸ ਤੌਰ ਤੇ ਪਰਵਾਸ ਵਿਚ ਅਜਿਹੇ ਸਵਾਲਾਂ ਨਾਲ਼ ਆਮ ਵਾਹ ਪੈਂਦਾ ਹੈ। ਹਰਿਆਣੇ ਵਿਚ ਰਹਿੰਦਿਆਂ ਮੈਨੂੰ ਚਾਰ ਚਾਰ ਪਛਾਣਾਂ ਨਾਲ਼ ਦੋ ਚਾਰ ਹੋਣਾ ਪੈਂਦਾ ਰਿਹਾ ਹੈ। ਵੀ ਸੀ ਨੂੰ ਸ਼ਿਕਾਇਤ ਕਰਨੀ ਹੋਵੇ ਤਾਂ ਮੈਂ ਕਾਮਰੇਡ ਸਾਂ। ਕਿਉਂਕਿ ਉਹ ਮੈਨੂੰ ਵੱਡੇ ਅਹੁਦੇ ਤੇ ਜਾਣੋਂ ਰੋਕ ਸਕਦਾ ਸੀ ਤੇ ਸਰਕਾਰੀ ਤੰਤਰ ਵਿਚ ਮੈਨੂੰ ਟਾਰਗਿਟ ਕੀਤਾ ਜਾ ਸਕਦਾ ਸੀ। ਹਿੰਦੂ ਲਾਬੀ ਵਿਚ ਮੈਂ ਸਿੱਖ ਸਾਂ ਜਿਸਦੇ ਪੱਗ ਬੰਨ੍ਹੀ ਹੋਈ ਸੀ। ੮੪ ਦੇ ਦੰਗਿਆਂ ਵਿਚ ਕਾਮਰੇਡ ਵੀ ਇਹ ਕਹਿਣ ਲੱਗ ਪਏ ਕਿ ਪੱਗ ਦੀ ਕੀ ਜ਼ਰੂਰਤ ਹੈ? ਪਰ ਮੈਂ ਕਦੇ ਵੀ ਉਨ੍ਹਾਂ ਨਾਲ਼ ਸਹਿਮਤ ਨਹੀਂ ਹੋ ਸਕਿਆ। ਪੱਗ ਧਾਰਮਿਕ ਪਛਾਣ ਨਹੀਂ ਮੇਰੇ ਲਈ ਨਿੱਜੀ ਪਛਾਣ ਦਾ ਹਿੱਸਾ ਵੀ ਹੈ। ਜਦੋਂ ਕਿਤੇ ਇਲੈਕਸ਼ਨਾਂ ਵਿਚ ਖੜਾ ਹੁੰਦਾ ਤਾਂ ਮੈਂਨੂੰ ਜਾਤੀ ਵਿਰੋਧ ਝਲਣਾ ਪੈਂਦਾ। ਹਿੰਦੀ ਦਾ ਮਸਲਾ ਆਉਂਦਾ ਤਾਂ ਮੈਂ ਪੰਜਾਬੀ ਸਾਂ। ਇਹ ਮਾਨਸਿਕਤਾ ਬਹੁਤ ਧੁਰ ਅੰਦਰ ਤਕ ਧਸੀ ਹੋਈ ਹੈ। ਇਸ ਸਭ ਤੋਂ ਉੱਠ ਕੇ ਮਨੁੱਖ ਬਣੇ ਰਹਿਣਾ ਹੀ ਮੈਂ ਪਸੰਦ ਕੀਤਾ ਹੈ। ਮਾਰਕਸਵਾਦ ੯੫% ਲੋਕਾਂ ਨੂੰ ਇਕ ਜੁੱਟ ਕਰਨ ਦੀ ਵਿਚਾਰਧਾਰਾ ਹੈ। ਇਸ ਲਈ ਮਾਨਵਵਾਦ ਅਤੇ ਮਾਰਕਸਵਾਦ ਮੇਰੇ ਲਈ ਇਕ ਹਨ। ੫% ਜੋ ਸਾਰੇ ਸਾਧਨਾਂ ਤੇ ਕਾਬਜ ਹੋਣਾ ਚਾਹੁੰਦੇ ਹਨ ਉਨ੍ਹਾਂ ਨਾਲ਼ ਮੇਰੀ ਸੋਚ ਨਹੀਂ ਮਿਲ਼ ਸਕਦੀ। ਭਾਰਤੀ ਜਾਂ ਹਿੰਦੁਸਤਾਨੀ ਜਾਂ ਪੰਜਾਬੀ ਹੋਣਾ ਮੇਰੇ ਲਈ ਮਾਣ ਵਾਲ਼ੀ ਗੱਲ ਹੈ ਪਰ ਸੁਕੀਰਤ ਵਾਂਗ ਮੈਂ ਭਾਗਵਤ ਨਾਲ਼ ਕਦੇ ਵੀ ਸਹਿਮਤ ਨਹੀਂ ਹੋ ਸਕਦਾ।

Raj Singh

kurban .....karamjit singh ji ....shimt 100%

dilraj gill

sukirat, lafzaan ton pareh......ik zaheen lekh......ghutt ke japphi.....dher sara pyaar....

Narinder singh boparai

yes we can,t erase the early age expireance...learned taughted lessons...and above all our culture...roots....in our mind.....!

Charanjit Singh

Well said

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ