ਉਨ੍ਹੀਂ ਦਿਨੀਂ ਸਕੱਤਰੇਤ ਦਾ ਪ੍ਰੈੱਸ ਰੂਮ ਤੇ ਮੀਡੀਆ ਅਡਵਾਈਜ਼ਰ ਦਾ ਦਫ਼ਤਰ ਪਹਿਲੀ ਮੰਜ਼ਿਲ ‘ਤੇ ਮੁੱਖ ਮੰਤਰੀ ਦੇ ਦਫ਼ਤਰ ਵਾਲੇ ਵਿੰਗ ਵਿੱਚ ਹੀ ਹੋਇਆ ਕਰਦੇ ਸਨ।ਇਸ ਲਈ ਮੁੱਖ ਮੰਤਰੀ ਨਾਲ ਨਿੱਕੀ-ਮੋਟੀ ਗੱਲਬਾਤ ਦਾ ਦਾਅ ਲਾ ਕੇ ਖ਼ਬਰ ਬਨਾਉਣ ਦੇ ਲਾਲਚ ‘ਚ ਪੱਤਰਕਾਰ ਜਾਂ ਤਾਂ ਪ੍ਰੈੱਸ ਰੂਮ ‘ਚ ਬੈਠੇ ਰਹਿੰਦੇ ਜਾਂ ਮੀਡੀਆ ਐਡਵਾਈਜ਼ਰ ਜਰਨੈਲ ਸਿੰਘ ਦੇ ਸੋਫ਼ੇ ਤੋੜਦੇ ਰਹਿੰਦੇ।ਜਦੋਂ ਹੀ ਕਿਸੇ ਸਰੋਤ ਤੋਂ ਮੁੱਖ ਮੰਤਰੀ ਦੇ ਦਫ਼ਤਰ ਵਿੱਚ ਬੈਠੇ ਹੋਣ ਦੀ ਸੂਹ ਲੱਗਦੀ ਤਾਂ ਉਹ ਲਾਮਡੋਰੀ ਬਣਾ ਅੰਦਰ ਜਾ ਹਾਜ਼ਰ ਹੁੰਦੇ ਤੇ ਬੇਅੰਤ ਸਿੰਘ ਆਪਣੇ ਖਾਸ ਅੰਦਾਜ਼ ਵਿੱਚ ਆਪਣੀ ਪੱਗ ਦੇ ਹੇਠਲੇ ਪੇਚਾਂ ਦੀਆਂ ਕੰਨੀਆਂ ਖਿੱਚਦਾ ‘ਆਓ ਜੀ .. ਆਓ ਜੀ' ਕਹਿੰਦਾ ਤੇ ਇੱਕ ਇੱਕ ਦਾ ਨਾਂਅ ਲੈ ਕੇ ‘ਹੋਰ ਫ਼ਿਰ..ਹੋਰ ਫ਼ਿਰ' ਕਹਿਣ ਲੱਗਦਾ ।ਉਸ ਦਿਨ ਵੀ ਇਵੇਂ ਹੀ ਹੋਇਆ ਸੀ। ਮੁੱਖ ਮੰਤਰੀ ਦੇ ਦਫ਼ਤਰ ਵਿੱਚ ਬੈਠੇ ਹੋਣ ਦਾ ਪਤਾ ਚੱਲਦਿਆ ਹੀ ਅਸੀਂ ਕੁਝ ਪੱਤਰਕਾਰ ਝੱਟ ਉਸ ਕੋਲ ਜਾ ਧਮਕੇ।ਉਹ ਬੜੇ ਖੁਸ਼ ਮੂਡ ਵਿਚ ਸੀ ।ਚਾਹ ਪਾਣੀ ਨਾਲ ਏਧਰ ਓਧਰ ਦੀਆਂ ਗੱਲਾਂ ਚਲਦੀਆਂ ਰਹੀਆਂ ਪਰ ਉਨ੍ਹਾਂ ਵਿੱਚੋਂ ਕੋਈ ਵੀ ਖਬਰ ਬਨਣ ਦੇ ਯੋਗ ਨਹੀਂ ਸੀ ।ਅੰਤ ਸਾਡੀ ਟੋਲੀ ਬੇਅੰਤ ਸਿੰਘ ਦਾ ਸ਼ੁਕਰੀਆ ਕਰਕੇ ਉੱਠ ਆਈ। ਬਾਕੀ ਦਾ ਦਿਨ ਸਕੱਤਰੇਤ ‘ਚ ਬੈਠੇ ਹੋਰ ਵਜ਼ੀਰਾਂ ਤੇ ਅਹਿਲਕਾਰਾਂ ਕੋਲੋਂ ਖ਼ਬਰਾਂ ਸੁੰਘਣ ‘ਚ ਨਿਕਲ ਗਿਆ।ਸ਼ਾਮ ਦੇ ਚਾਰ ਕੁ ਵਜੇ ਸੰਜੀਵ ਗੌੜ ਬੇਅੰਤ ਸਿੰਘ ਨਾਲ ਮਿਥੀ ਮੁਲਾਕਾਤ ਕਰਨ ਲਈ ਮੁੱਖ਼ ਮੰਤਰੀ ਦੇ ਦਫ਼ਤਰ ਵਿੱਚ ਚਲਿਆ ਗਿਆ ਅਤੇ ਮੈਂ ਮੀਡੀਆਂ ਸਲਾਹਕਾਰ ਦੇ ਕਮਰੇ ਵਿੱਚ ਉਸ ਦੇ ਮੁੜਨ ਦੀ ਉਡੀਕ ਕਰਨ ਲਗਿਆ। ਉਸ ਨੇ ਮੇਰੇ ਨਾਲ ਹੀ ਜੋ ਵਾਪਸ ਜਾਣਾ ਸੀ ।ਕਰੀਬ ਪੌਣੇ ਕੁ ਪੰਜ ਵਜੇ ਸੰਜੀਵ ਵਾਪਸ ਆਇਆ ਤੇ ਅਸੀਂ ਕਾਰ ਵਿਚ ਵਾਪਸ ਚੱਲ ਪਏ।ਸੰਜੀਵ ਨੂੰ ਰਸਤੇ ਵਿੱਚ ਲਾਜਪਤ ਰਾਏ ਭਵਨ ਉਤਾਰ ਕੇ ਮੈਂ ਚੌਂਤੀ ਸੈਕਟਰ ਅੰਦਰਲੇ ਰੇਡੀਓ ਸਟੇਸ਼ਨ ਦੇ ਨਿਊਜ਼ ਰੂਮ ‘ਚ ਪਹੁੰਚਿਆ ਹੀ ਸੀ ਕਿ ਫ਼ੂਨ ਵਜਿਆ ਤੇ ਕੋਈ ਪੁੱਛ ਰਿਹਾ ਸੀ ਕਿ ਕੀ ਸਿਵਲ ਸਕੱਤਰੇਤ ਵਿਚ ਬੰਬ ਚਲ ਗਿਐ?
ਏਨੇ ਨੂੰ ਮੇਰੇ ਇਕ ਸਹਿਕਰਮੀ ਨੇ ਟੈਲੀਪਰਿੰਟਰ ਤੋਂ ਖ਼ਬਰ ਏਜੰਸੀ ਪੀ ਟੀ ਆਈ ਦੀ ਇੱਕ-ਸੱਤਰੀ ਖਬਰ ( ਫ਼ਲੈਸ਼) ਪਾੜ ਕੇ ਲੈ ਆਂਦੀ ਜੋ ਕਹਿ ਰਹੀ ਸੀ ਕਿ ਪੰਜਾਬ ਸਿਵਲ ਸਕੱਤਰੇਤ ਦੇ ਬਾਹਰ ਹੋਏ ਬੰਬ ਹਮਲੇ ਵਿਚ ਬੇਅੰਤ ਸਿੰਘ ਵਾਲ ਵਾਲ ਬੱਚ ਗਿਆ ਹੈ।ਇਹ ਸੁਨਣਾ ਹੀ ਸੀ ਕਿ ਮੈਂ ਖ਼ਬਰ ਦੀ ਪੱਕੜ ਵਿੱਚ ਇਸ ਤਰ੍ਹਾਂ ਆ ਗਿਆ ਕੁਝ ਪਲਾਂ ਪਿਛੋਂ ਹੀ ਬਿਨਾਂ ਕੁਝ ਹੋਰ ਸੋਚੇ ਮੇਰੀ ਕਾਰ ਸਕੱਤਰੇਤ ਵਲ ਤੇਜ਼ੀ ਨਾਲ ਚੱਲਣ ਲਗੀ ।
ਸਕੱਤਰੇਤ ਦੇ ਜਨਰਲ ਗੇਟ ਸਾਹਵੇਂ ਜਿੱਥੋਂ ਦੀ ਅਫ਼ਸਰ ਤੇ ਪੱਤਰਕਾਰ ਦਾਖਲ ਹੁੰਦੇ ਹਨ , ਕੁਝ ਲੋਕ ਖੜੇ ਸਨ ਤੇ ਉਨ੍ਹਾਂ ਵਿੱਚੋਂ ਕੁਝ ਪੋਰਚ ਵਾਲੇ ਵੀ, ਵੀ. ਆਈ. ਪੀ. ਗੇਟ- ਜਿੱਥੋਂ ਦੀ ਮੁੱਖ ਮੰਤਰੀ ਤੇ ਮੰਤਰੀਆਂ ਦਾ ਦਾਖਲਾ ਸਕੱਤਰੇਤ ‘ਚ ਹੁੰਦਾ ਸੀ , ਵੱਲ ਇਸ਼ਾਰੇ ਕਰ ਕਰ ਗੱਲਾਂ ਕਰ ਰਹੇ ਸਨ।ਕੋਈ ਟਾਵਾਂ ਟਾਵਾਂ ਹੋਰ ਵੀ ਇਧਰ ਓਧਰ ਨਜ਼ਰ ਆ ਰਿਹਾ ਸੀ, ਪਰ ਉਂਜ ਛੀੜਾਂ ਪੈ ਚੁਕੀਆਂ ਸਨ। ਹਵਾ ਵਿੱਚ ਬਰੂਦ ਦੀ ਦੁਰਗੰਧ ਹਾਲੀ ਲਟਕ ਰਹੀ ਸੀ ।ਕੁਝ ਚਿਰ ਪਹਿਲਾਂ ਹੀ ਅੱਗ ਬੁਝਾਓ ਗੱਡੀਆਂ ਦੁਆਰਾ ਕੀਤੀ ਗਈ ਕਾਰਵਾਈ ਕਾਰਨ ਚਾਰ ਚੁਫ਼ੇਰੇ ਪਾਣੀ ਦਾ ਛਿੜਕਾ ਹੋਇਆ ਪਿਆ ਸੀ । ਕਾਰ ਪਾਰਕ ਕਰਕੇ ਮੈਂ ਘਟਨਾ ਵਾਲੀ ਥਾਂ ਵੱਲ ਵਧਿਆ।ਪੈਰਾ ਮਿਲਟਰੀ ਫ਼ੋਰਸ ਦੇ ਕੁਝ ਜੁਆਨ ਪੋਰਚ ਦੇ ਆਲੇ ਦੂਆਲੇ ਇੱਕ ਮੋਕਲੇ ਘੇਰੇ ਵਿੱਚ ਖੜੇ ਸਨ ਪਰ ਉਨ੍ਹਾਂ ’ਚੋਂ ਕਿਸੇ ਨੇ ਵੀ ਮੈਨੂੰ ਅਗੇ ਵੱਧਣੋਂ ਨਹੀਂ ਰੋਕਿਆ , ਜਿਵੇਂ ਉਨ੍ਹਾਂ ਦੇ ਔਸਾਨ ਮਾਰੇ ਗਏ ਹੋਣ।ਇੱਥੋਂ ਤੱਕ ਕਿ ਮੈਂ ਪੋਰਚ ਵਿੱਚ ਬੰਬ ਨਾਲ ਥੁੱਤ-ਮੁਥ ਹੋਈ ਪਈ ਮੁੱਖ ਮੰਤਰੀ ਦੀ ਕਾਰ ਕੋਲ ਪਹੁੰਚ ਗਿਆ ।ਭਿਆਨਕ ਦ੍ਰਿਸ਼ ਸੀ । ਚਾਰ ਚੁਫ਼ੇਰੇ ਮਨੁੱਖੀ ਅੰਗ ਤੇ ਮਾਸ ਦੇ ਲੋਥੜੇ ਖਿੰਡੇ ਪਏ ਸਨ । ਏਨੇ ਨੂੰ ਖਬਰ ਏਜੰਸੀ ਯੂ.ਐੱਨ.ਆਈ ਦੇ ਚੰਡੀਗੜ੍ਹ ਬਿਊਰੋ ਦਾ ਮੁਖੀ ਐੱਮ ਐੱਲ ਸ਼ਰਮਾ ਵੀ ਪਹੁੰਚ ਗਿਆ ।ਅਸੀਂ ਦੋਵੇਂ ਮੌਕੇ ਤੇ ਖੜੇ ਸਿਪਾਹੀਆਂ ਤੇ ਹੋਰਨਾ ਤੋਂ ਪੁੱਛਣ ਲੱਗੇ ਕਿ ਮੁੱਖ ਮੰਤਰੀ ਦਾ ਕੀ ਬਣਿਆ। ਪਰ ਹਾਦਸੇ ਦੀ ਦਹਿਸ਼ਤ ਕਾਰਨ ਕੋਈ ਵੀ ਇਸ ਬਾਰੇ ਸਾਫ਼ ਨਹੀਂ ਬੋਲ ਰਿਹਾ ਸੀ ।ਕੁਝ ਕਹਿ ਰਹੇ ਸਨ ਕਿ ਬਲਾਸਟ ਸਮੇਂ ਮੁੱਖ ਮੰਤਰੀ ਕਾਰ ਵਿੱਚ ਨਹੀਂ ਸੀ ਕੁਝ ਹੋਰਨਾਂ ਦਾ ਕਹਿਣਾ ਸੀ ਕਿ ਬੇਅੰਤ ਸਿੰਘ ਮਾਰਿਆ ਗਿਐ । ਮੇਰੇ ਦਿਮਾਗ ਵਿੱਚ ਪੀ. ਟੀ. ਆਈ. ਦੀ ਖਬਰ ਵੀ ਭੰਬਲਭੁਸਾ ਪਾ ਰਹੀ ਸੀ ਕਿ ਬੰਬ ਹਮਲੇ ਵਿੱਚੋਂ ਬੇਅੰਤ ਸਿੰਘ ਵਾਲ ਵਾਲ ਬੱਚ ਗਏ ।ਸੋ ਰੇਡੀਓ ਦੇ ਖਬਰਨਵੀਸ ਹੋਣ ਦੇ ਨਾਤੇ ਉਸ ਸਮੇਂ ਮੇਰਾ ਕੰਮ ਜਲਦੀ ਤੋਂ ਜਲਦੀ ਇਸ ਖਬਰ ਦੀ ਪੁਸ਼ਟੀ ਕਰਨਾ ਸੀ ਕਿ ਬੇਅੰਤ ਸਿੰਘ ਬਚ ਗਏ ਹਨ ਕਿ ਨਹੀਂ ।ਰੇਡੀਓ ਦਾ ਅੰਗਰੇਜ਼ੀ ਦਾ ਰਾਸ਼ਟਰੀ ਬੁਲਟਨ ਛੇ ਵਜੇ ਤੇ ਹਿੰਦੀ ਦਾ ਛੇ ਵੱਜ ਕੇ ਪੰਜ ਮਿੰਟ ਤੇ ਫ਼ਿਰ ਚੰਡੀਗੜ੍ਹ ਤੋਂ ਪ੍ਰਦੇਸ਼ਕ ਸਮਾਚਾਰ ਸ਼ੁਰੂ ਹੋ ਜਾਣੇ ਸਨ।ਸੋ ਮੇਰੇ ਲਈ ਇੱਕ ਇੱਕ ਸਕਿੰਟ ਕੀਮਤੀ ਹੋ ਗਿਆ ਸੀ।
ਆਖਰ ਮੈਂ ਤੇ ਯੂ ਐੱਨ ਆਈ ਦੇ ਸ਼ਰਮਾ ਜੀ ਨੇ ਸਕੱਤਰੇਤ ਵਿੱਚ ਦਾਖਲ ਹੋ ਕੇ ਕਿਸੇ ਅਧਿਕਾਰੀ ਤੋਂ ਖਬਰ ਦੀ ਪੁਸ਼ਟੀ ਕਰਨ ਦਾ ਫ਼ੈਸਲਾ ਕੀਤਾ ।ਪਹਿਲਾਂ ਅਸੀਂ ਪੰਜਾਬ ਪੁਲਸ ਦੇ ਕੰਟਰੋਲ ਰੂਮ ਵਿਚ ਪਹੁੰਚੇ ਜਿੱਥੇ ਮਿ: ਮਿਰਜ਼ਾ ਜੋ ਕੰਟਰੋਲ ਰੂਮ ਦੇ ਇੰਚਾਰਜ ਸੀ , ਆਪਣੇ ਦਫ਼ਤਰ ਵਿਚ ਹੀ ਮਿਲ ਗਿਆ ।ਪਰ ਸਾਡੇ ਸਿੱਧੇ ਸੁਆਲ ਦਾ ਪਹਿਲਾਂ ਤਾਂ ਉਨ੍ਹਾਂ ਕੋਈ ਜੁਆਬ ਹੀ ਨਾ ਦਿੱਤਾ। ਫ਼ਿਰ ਅਣਮੰਨੇ ਜਿਹੇ ਮਨ ਨਾਲ ਕਹਿਣ ਲਗੇ ਮੁੱਖ ਮੰਤਰੀ ਆਪਣੀ ਕੋਠੀ ਵਿਚ ਠੀਕ ਠਾਕ ਪਹੁੰਚ ਗਏ ਨੇ । ਪਰ ਮਿਰਜ਼ਾ ਦੀ ਜਿਸਮਾਨੀ ਭਾਸ਼ਾ ਕਹਿ ਰਹੀ ਸੀ ਕਿ ਉਹ ਸੱਚ ਨਹੀਂ ਬੋਲ ਰਹੇ। ਫ਼ਿਰ ਅਸੀਂ ਜਲਦੀ ਨਾਲ ਪੌੜੀਆਂ ਚੜ੍ਹ ਕੇ ਪੰਜਵੀਂ ਮੰਜ਼ਿਲ ਤੇ ਲੋਕ ਸੰਪਰਕ ਦੇ ਦਫ਼ਤਰ ਪੁੰਹਚੇ ਕਿ ਚਲੋ ਜੋ ਕੁਝ ਵੀ ਪਤਾ ਲੱਗਿਆ ਹੈ ਉਸ ਦੀ ਜਾਣਕਾਰੀ ਤਾਂ ਮੈਂ ਲੋਕ ਸੰਪਰਕ ਵਿਭਾਗ ਦਾ ਫ਼ੋਨ ਵਰਤ ਕੇ ਆਪਣੇ ਨਿਊਜ਼ ਰੂਮ ਨੂੰ ਦੇ ਦੇਵਾਂ ( ਉਦੋਂ ਹਾਲੀ ਮੋਬਾਇਲ ਨਹੀਂ ਸੀ ਆਏ)।ਤਦ ਤਕ ਛੇ ਵੱਜਣ ਵਾਲੇ ਹੋ ਗਏ ਸਨ।ਲੋਕ ਸੰਪਰਕ ਦੇ ਡਾਇਰੈਕਟਰ ਜਗਜੀਤ ਪੁਰੀ ਦੇ ਕਮਰੇ ਵਿੱਚ ਅਸੀਂ ਝਾਕੇ ਤਾਂ ਕਮਰਾ ਖਾਲੀ ਸੀ।ਨਾਲ ਦਾ ਕਮਰਾ ਵਿਭਾਗ ਦੇ ਸਕੱਤਰ ਐੱਸ ਐੱਸ ਡਾਵਰਾ ਦਾ ਸੀ ।ਦਰਵਾਜ਼ਾ ਧਕਿਆ ਤਾਂ ਅੰਦਰ ਡਾਵਰਾ ਤੇ ਪੁਰੀ ਦੋਨੋਂ ਖਾਮੋਸ਼ ਬੈਠੇ ਸਨ।ਮੈਂ ਪੈਂਦੀ ਸੱਟੇ ਹੀ ਦੋਵਾਂ ਨੂੰ ਸਾਂਝਾ ਸੁਆਲ ਕਰ ਦਿੱਤਾ ਕਿ ਮੇਰੇ ਬੁਲਟਿਨ ਸ਼ੁਰੂ ਹੋਣ ਵਿੱਚ ਕੁਝ ਛਿਣ ਹੀ ਬਾਕੀ ਹਨ ਇਸ ਲਈ ਬੇਅੰਤ ਸਿੰਘ ਦੇ ਬਚ ਜਾਣ ਜਾਂ ਧਮਾਕੇ ਵਿਚ ਮਾਰੇ ਜਾਣ ਵਾਲੇ ਸਥਿਤੀ ਸਪਸ਼ਟ ਕਰਨ। ਪੁਰੀ ਖਾਮੋਸ਼ ਰਹਿ ਕੇ ਡਾਵਰਾ ਵੱਲ ਵੇਖਣ ਲਗੇ।ਡਾਵਰਾ ਇਕ-ਅੱਧ ਪਲ ਮੇਰੇ ਵੱਲ ਇੱਕ ਟੱਕ ਵੇਖਦੇ ਰਹੇ ਫ਼ਿਰ ਅੰਗਰੇਜ਼ੀ ‘ਚ ਮਿਣੇ ਤੁਲੇ ਸ਼ਬਦਾਂ ‘ਚ ਬੋਲੇ, ‘ਹੀ ਇਜ਼ ਨੋ ਮੋਰ!'.
ਮੈਂ ਕੋਈ ਵੀ ਹੋਰ ਛਿਣ ਗੁਆਇਆ ਸਕੱਤਰ ਦੇ ਫ਼ੋਨ ਤੋਂ ਹੀ ਦਿੱਲੀ ਨਿਊਜ਼ ਰੂਮ ਵਿੱਚ ਲਾਇਨ ਮਿਲਾ ਕੇ ਖਬਰ ਦੇ ਦਿੱਤੀ, ‘ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਚੰਡੀਗੜ੍ਹ ਦੇ ਪੰਜਾਬ ਸਿਵਲ ਸਕੱਤਰੇਤ ਵਿਚ ਹੋਏ ਕਾਰ ਬੰਬ ਧਮਾਕੇ ਵਿੱਚ ਅੱਜ ਮਾਰੇ ਗਏ'।ਨਾਲ ਹੀ ਮੈਂ ਅੱਖੀਂ ਦੇਖੇ ਦ੍ਰਿਸ਼ ਦਾ ਵੀ ਸੰਖੇਪ ਵਰਨਣ ਕਰ ਦਿੱਤਾ ।
ਇੰਝ ਸਹਿਵਨ ਹੀ ਆਲ ਇੰਡੀਆ ਰੇਡੀਓ ਵਿੱਚ ਖਬਰਾਂ ਨਸ਼ਰ ਕਰਨ ਦਾ ਇੱਕ ਨਵਾਂ ਇਤਿਹਾਸ ਬਣ ਗਿਆ। ਕਿਉਂਕਿ ਇਸ ਤੋਂ ਪਹਿਲਾਂ ਕਿਸੇ ਵੀ ‘ਵੀ ਵੀ ਆਈ ਪੀ' ਦੀ ਮੌਤ ਦੀ ਖ਼ਬਰ ਰੇਡੀਓ ਸਰਕਾਰੀ ਤੌਰ ਤੇ ਪ੍ਰੈੱਸ ਨੋਟ ਜਾਂ ਲਿਖਤੀ ਆਦੇਸ਼ ਜਾਰੀ ਹੋਣ ਪਿੱਛੋਂ ਹੀ ਕਰਦਾ ਸੀ ਜਿਸ ਦੇ ਕਾਰਨ ਜਦੋਂ ਨੂੰ ਇਹ ਅਜਿਹੀ ਖ਼ਬਰ ਦਿੰਦਾ ਸੀ ਤਦ ਤਕ ਖਬਰ ਦੂਸਰੇ ਸਰੋਤਾਂ ਤੋਂ ਪਹਿਲਾਂ ਹੀ ਲੋਕਾਂ ਨੂੰ ਮਿਲ ਚੁੱਕੀ ਹੁੰਦੀ ਸੀ ।ਪਾਠਕਾਂ ਨੂੰ ਯਾਦ ਹੋਵੇਗਾ ਕਿ ਇੰਦਰਾਂ ਗਾਂਧੀ ਦੇ ਕਤਲ ਦੀ ਖ਼ਬਰ ਵੀ ਲੋਕਾਂ ਨੇ ਆਲ ਇੰਡੀਆਂ ਰਡੀਓ ਤੋਂ ਕਈ ਘੰਟੇ ਪਹਿਲਾਂ ਬੀਬੀਸੀ ਤੋਂ ਸੁਣ ਲਈ ਸੀ।ਪਰ ਬੇਅੰਤ ਸਿੰਘ ਦੇ ਕੇਸ ਵਿਚ ਉਲਟਾ ਹੋ ਗਿਆ ਸੀ । ਬੀ ਬੀ ਸੀ ਨੇ ਇਸ ਕਤਲ ਦੀ ਪਹਿਲੀ ਖ਼ਬਰ ਆਲ ਇੰਡੀਆ ਰੇਡੀਓ ਦੇ ਹਵਾਲੇ ਨਾਲ ਨਸ਼ਰ ਕੀਤੀ ਸੀ ।
( ਲੇਖਕ ਸੁਪ੍ਰਸਿੱਧ ਮੀਡੀਆ ਹਸਤੀ, ‘ਪੰਜਾਬੀ ਟ੍ਰਿਬਿਊਨ’ ਦੇ ਸਾਬਕਾ ਸੰਪਾਦਕ ਅਤੇ ‘ਸਾਡਾ ਚੈਨਲ’ ਦੇ ਸੀ.ਈ.ਓ ਹਨ।)
ਸੰਪਰਕ: 94170 13869
Avtar singh Billing
Full of curiosity unto the last .The reader is kept on the tenter hooks till the climax .Damdami Sahib is indeed every inch a media figure .Proud of him .