ਜੇਠ-ਹਾੜ ਦਾ ਮਹੀਨਾ।ਸਿਖ਼ਰ ਦੁਪਹਿਰਾ।ਧੁੱਪ ਇੰਨੀ ਤਿੱਖੀ ਹੋਣੀ ਕਿ ਸੜਕਾਂ ਦੀ ਲੁੱਕ ਵੀ ਮੋਮ ਵਾਂਗ ਪਿਘਲ ਜਾਂਦੀ।ਮੁੜ੍ਹਕੇ ਨਾਲ ਭਿੱਜੇ ਹੋਏ ਰੁਲਦੂ ਰਾਮ ਦੇ ਸਾਇਕਲ ਦੀ ਚੀਂ-ਚੀਂ ਕਰਦੀ ਆਵਾਜ਼ ਨੂੰ ਸੁਣ, ਸੜਕ ਦੁਆਲੇ ਲੱਗੇ ਦਰਖ਼ਤਾਂ ਦੇ ਪੱਤੇ ਇਉਂ ਹਿਲਦੇ ਜਿਵੇਂ ਕੋਈ ਪੱਖੀਆਂ ਦੀ ਝਾਲਰ ਨਾਲ ਠੰਡੀ ਹਵਾ ਝੱਲ ਰਿਹਾ ਹੋਵੇ।ਕਿੰਨਾ ਸਤਿਕਾਰ ਸੀ ਪਿੰਡ ਦਿਆਂ ਦਰਖ਼ਤਾਂ ਦੀਆਂ ਪੱਤੀਆਂ ’ਚ ਵੀ ਉਸ ਲਈ।
ਛੋਟੇ ਹੁੰਦਿਆਂ ਰੁਲਦੂ ਰਾਮ ਦੇ ਜਿਸ ਸਾਇਕਲ ਦੀ ਚੀਂ ਚੀਂ ਕਰਦੀ ਆਵਾਜ਼ ਨੂੰ ਮੇਰੇ ਕੰਨ ਸੁਣਨ ਦੇ ਆਦੀ ਹੋ ਗਏ ਸਨ ਹੁਣ ਤਾਂ ਉਹ ਚੀਂ-ਚੀਂ ਦੀ ਆਵਾਜ਼ ਕਦੀ ਕਦੀ ਹੀ ਸੁਣਨ ਨੂੰ ਨਸੀਬ ਹੁੰਦੀ ਹੈ।ਉਸ ਦੇ ਸਾਇਕਲ ਦੁਆਲੇ ਲਮਕੇ ਝੋਲ੍ਹਿਆਂ ਨੂੰ ਦੇਖ, ਅਕਸਰ ਮੇਰੇ ਮਨ ’ਚ ਸਵਾਲਾਂ ਦੀਆਂ ਕਈ ਗੰਢਾਂ ਬੱਝ ਜਾਂਦੀਆਂ ਕਿ ਆਖ਼ਿਰ ਇਹ ਕਿਸ ਤਰ੍ਹਾਂ ਦਾ ਜਾਦੂਗਰ ਹੈ ਜੋ ਪਤਾ ਨਹੀਂ ਕਿਥੋਂ ਅਜਿਹੀ ਮਹਿਕਾਂ ਭਰੀ ਪੌਣ ਇਨ੍ਹਾਂ ਝੋਲਿਆਂ ’ਚ ਬੰਨ੍ਹ ਕੇ ਲਿਆਉਂਦੈ ਜੋ ਪਿੰਡ ਵਾਲਿਆਂ ਦੀਆਂ ਅੱਖਾਂ ਨੂੰ ਕਦੀ ਸਿੱਲ੍ਹਾ ਕਰ ਜਾਂਦੀ ਹੈ ਤੇ ਕਦੀਂ ਉਹਨਾਂ ਦੇ ਚਿਹਰਿਆਂ ਨੂੰ ਖ਼ੁਸ਼ੀਆਂ ਦਾ ਬੁੱਲ੍ਹਾ ਦੇ ਜਾਂਦੀ ਹੈ।ਪਿੰਡ ਦੀਆਂ ਗਲੀਆਂ ’ਚ ਰੰਗ ਬਰੰਗੀਆਂ ਇਨ੍ਹਾਂ ਮਹਿਕਾਂ ਨੂੰ ਖਿਲਾਰਨ ਵਾਲਾ ਰੁਲਦੂ ਖੋਰੇ ਅੱਜ ਕਿਹੜੀ ਗੱਲੋਂ ਪਿੰਡ ਸਾਡੇ ਦੀਆਂ ਗਲੀਆਂ ਨਾਲ ਰੁੱਸ ਕੇ ਬਹਿ ਗਿਆ ਹੈ? ਪਿੰਡ ਦੀਆਂ ਗਲੀਆਂ ਦੀ ਧੂੜ ਉਡਾਉਂਦਿਆਂ ਰੁਲਦੂ ਨੂੰ ਭਾਵੇਂ ਕਈ ਵਰ੍ਹੇ ਬੀਤ ਗਏ ਨੇ ਪਰ ਉਸ ਦੇ ਸਾਇਕਲ ਦੀ ਚੀਂ-ਚੀਂ ਕਰਦੀ ਉਹ ਇਬਤਦਾਈ ਆਵਾਜ਼ ਅੱਜ ਵੀ ਮੇਰੇ ਚੇਤਿਆਂ ’ਚ ਗੂੰਜਦੀ ਹੈ।
ਅਕਸਰ ਹੀ, ਪਿੰਡ ’ਚ ਨਿਕਲਦਾ ਸੂਰਜ ਜਿਵੇਂ ਆਪਣੇ ਨਾਲ ਰੌਸ਼ਨੀ ਦੀਆਂ ਕਿਰਨਾਂ ਦੀ ਬਜਾਏ ਰੁਲਦੂ ‘ਡਾਕੀਏ’ ਦੇ ਇੰਤਜ਼ਾਰ ਦੀਆਂ ਕਿਰਨਾਂ ਲੈ ਕੇ ਨਿਕਲਦਾ ਸੀ।ਭਾਵੇਂ ਰੁਲਦੂ ਨੇ ਹਫ਼ਤੇ ਪਿੱਛੋਂ ਆਉਣਾ ਹੁੰਦਾ ਜਾਂ ਫਿਰ ਮਹੀਨੇ ਪਿੱਛੋਂ, ਪਰ ਹਰ ਸਵੇਰ ਪਿੰਡ ਮੇਰੇ ਦਿਆਂ ਲੋਕਾਂ ਦੇ ਅੱਡੀਆਂ ਚੁੱਕੇ ਸਰੀਰਾਂ ਦੀਆਂ ਅੱਖੀਆਂ ਪਿੰਡ ਦੀਆਂ ਬਰੂਹਾਂ ਨੂੰ ਹੀ ਤਕ ਦੀਆਂ ਰਹਿੰਦੀਆਂ।ਰੁਲਦੂ ਸਭ ਤੋਂ ਵੱਧ ਇੰਤਜ਼ਾਰ ਦਾ ਪਾਤਰ ਉਹਨਾਂ ਘਰਾਂ ਦਾ ਹੁੰਦਾ, ਜਿਨ੍ਹਾਂ ਦਾ ਕੋਈ ਜੀਅ ਘਰ ਦੀ ਮੰਦਹਾਲੀ ਹੱਥੋਂ ਬੇਵੱਸ ਹੋਇਆ ਪਰਦੇਸ ਗਿਆ ਹੁੰਦਾ ਜਾਂ ਫਿਰ ਉਹਨਾਂ ਮਾਵਾਂ ਦਾ ਜਿਨ੍ਹਾਂ ਦੇ ਪੁੱਤ ਵਤਨ ਦੀ ਹਿਫ਼ਾਜਤ ਲਈ ਵਰਦੀ ਪਹਿਣਕੇ ਸਰਹੱਦਾਂ ’ਤੇ ਬੈਠੇ ਹੁੰਦੇ।ਜਦ ਕਿਸੇ ਨੂੰ ਰੁਲਦੂ ਦੇ ਆਉਣ ਦੀ ਭਿਣਕ ਲੱਗ ਜਾਂਦੀ ਤਾਂ ਸਾਰੇ ਪਿੰਡ ’ਚ ਉਹ ਇਸ ਖ਼ਬਰ ਦਾ ਢੋਲ ਇੰਝ ਵਜਾਉਂਦਾ ਜਿਵੇਂ ਡਾਕੀਆ ਨਹੀਂ ਸਗੋਂ ਉਹਨਾਂ ਦੇ ਹਾਲ ਦਾ ਕੋਈ ਮਹਿਰਮ ਆ ਰਿਹਾ ਹੋਵੇ।ਜਿੰਨਾ ਸਮਾਂ ਰੁਲਦੂ ਪਿੰਡ ਦੀਆਂ ਗਲੀਆਂ ’ਚ ਘੁੰਮਦਾ ਓਨਾ ਸਮਾਂ ਪਿੰਡ ਦੇ ਛੋਟੇ ਨਿਆਣੇ ਕਿਸੇ ਮੰਤਰੀ ਦੇ ਅੰਗ-ਰੱਖਿਅਕਾਂ ਵਾਂਗ ਉਸ ਦੇ ਸਾਇਕਲ ਪਿੱਛੇ ਭੱਜਦੇ ਰਹਿੰਦੇ।ਅੱਖਰ ਪੜ੍ਹਨ ਤੋਂ ਸੱਖਣੇ ਲੋਕਾਂ ਦੇ ਚਿਹਰਿਆਂ ਦੀ ਖ਼ੁਸ਼ੀ ਤੇ ਉਦਾਸੀ ਦਾ ਰੰਗ ਜਿਵੇਂ ਪੜ੍ਹੇ-ਲਿਖੇ ਰੁਲਦੂ ਦੇ ਹੁਕਮ ਦਾ ਗ਼ੁਲਾਮ ਹੁੰਦਾ।ਪਿੰਡ ਦੀਆਂ ਉਹ ਮਾਵਾਂ ਜਿਨ੍ਹਾਂ ਨੂੰ ਲਿਖਣਾ ਨਹੀਂ ਸੀ ਆਉਂਦਾ, ਉਹ ਜਦ ਰੁਲਦੂ ਤੋਂ ਆਪਣੇ ਪਰਦੇਸੀਂ ਬੈਠੇ ਪੁੱਤ ਨੂੰ ਘਰ ਦਾ ਹਾਲ ਲਿਖਣ ਲਈ ਆਖਦੀਆਂ ਤਾਂ ਘਰ ਦਾ ‘ਬੇਹਾਲ’ ਲਿਖਦਾ-ਲਿਖਦਾ ਰੁਲਦੂ ਆਪਣੀ ਐਨਕ ਚੁੱਕ, ਉਸੇ ਹੱਥ ਦੀਆਂ ਉਂਗਲਾਂ ਨਾਲ ਕਈ ਵਾਰ ਅੱਖਾਂ ਦੇ ਹੰਝੂ ਪੂੰਝਦਾ ਜਿਨ੍ਹਾਂ ’ਚ ਉਸ ਦੀ ਕਲਮ ਫਸੀ ਹੁੰਦੀ।
ਪਿੰਡ ਦੇ ਖੂਹ ’ਤੇ ਜਦ ਸਾਉਣ ਦੀਆਂ ਤੀਆਂ ਲੱਗਦੀਆਂ ਜਾਂ ਫਿਰ ਕਿਸੇ ਘਰ ਜਦ ਵਿਆਹ ਦਾ ਮੌਕਾ ਹੋਣਾ ਤਾਂ ਸਾਰੇ ਪਿੰਡ ਦਾ ਮਾਹੌਲ ਰੱਬ ਦੇ ਘਰ ਵਿਆਹ ਆਏ ਜੀਆਂ ਵਰਗਾ ਹੁੰਦਾ।ਅਜਿਹੇ ਮੌਕਿਆਂ ’ਤੇ ਰੁਲਦੂ ਡਾਕੀਆ ਅਕਸਰ ਹੀ ਪਹੁੰਚ ਜਾਂਦਾ, ਗੀਤਾਂ, ਲੋਕ-ਗੀਤਾਂ ਤੇ ਬੋਲੀਆਂ ਦਾ ਨਾਇਕ ਬਣਕੇ।ਖ਼ੁਸ਼ੀ ਤੇ ਮਸਤੀ ’ਚ ਖੀਵਾ ਹੋਇਆ ਕੁੜੀਆਂ ਦਾ ਪਿੜ ਬੋਲੀਆਂ ਨੂੰ ਤਰੋੜ ਮਰੋੜ ਕੇ ਰੁਲਦੂ ਦਾ ਨਾਮ ਕਦੀਂ ‘ਪਰੀਆਂ’ ਦੀ ਥਾਂ ਵਰਤਦਾ ਤੇ ਕਦੀਂ ‘ਕਾਲੇ ਕਾਵਾਂ’ ਦੀ ਉਪਮਾ ਰੁਲਦੂ ਡਾਕੀਏ ਨਾਲ ਕਰਦਾ।
ਕੋਠੇ ਉੱਤੋਂ ਉੱਡ ਕੇ ‘ਰੁਲਦੂ’ ਤੂੰ ਜਾਹ।
ਭੈਣ ਮੇਰੀ ਦੇ ਘਰ ਜਾ ਚਿੱਠੀ ਦਈਂ ਫੜਾ।
***
ਦੱਸ ਤੂੰ ਵੇ ‘ਰੁਲਦੂ ਡਾਕੀਆ’, ਕਿਹੜਾ ਮਾਹੀ ਦਾ ਦੇਸ।
ਬਣ ਬਣ ਕੇ ਵਿਚ ਢੂੰਢਸਾਂ, ਕਰ ਜੋਗਨ ਦਾ ਵੇਸ।
ਪਿੰਡ ਦੇ ਬੁੱਢੇ ਬੋਹੜ ਹੇਠ ਜੁੜਨ ਵਾਲੀ ਸ਼ਾਮ-ਏ-ਮਹਿਫ਼ਲ ’ਚ ਅੱਜ ਵੀ ਜਦ ਰੁਲਦੂ ਡਾਕੀਏ ਦੀ ਗੱਲ ਤੁਰਦੀ ਹੈ ਤਾਂ ਬੇਬੇ ਅਮਰੋ ਦੀਆਂ ਗੱਲਾਂ ਨੂੰ ਚੇਤੇ ਕਰ ਕਰ ਕੇ ਬਜ਼ੁਰਗ ਸਾਰਾ ਦੁਆਲਾ ਹਾਸਿਆਂ ਨਾਲ ਭਰ ਦਿੰਦੇ ਹਨ।ਗੱਲ ਕੀ ਸੀ, ਬੇਬੇ ਅਮਰੋ ਦਾ ਪੁੱਤ ਫੌਜ ’ਚ ਸੀ।ਉਹ ਹਰ ਪੰਦਰਾਂ ਦਿਨਾਂ ਪਿੱਛੋਂ ਆਪਣੀ ਮਾਂ ਨੂੰ ਖ਼ਤ ਲਿਖਦਾ।ਇਕ ਵਾਰ ਰੁਲਦੂ ਡਾਕੀਆ ਮਹੀਨੇ ਪਿੱਛੋਂ ਪਿੰਡ ਆਇਆ ਤਾਂ ਬੇਬੇ ਅਮਰੋ ਰੁਲਦੂ ਨੂੰ ਦੇਖ ਭੁੱਬਾਂ ਮਾਰ ਕੇ ਰੋਣ ਲੱਗ ਪਈ।ਰੁਲਦੂ ਨੇ ਫੌਜੀ ਪੁੱਤ ਦੇ ਖ਼ਤ ਫੜਾਉਂਦਿਆਂ ਬੇਬੇ ਤੋਂ ਹੰਝੂ ਕੇਰਨ ਦਾ ਕਾਰਣ ਪੁੱਛਿਆ।ਬੇਬੇ ਬੋਲੀ ‘ਵੇ ਪੁੱਤ ਤੂੰ ਮਹੀਨੇ ਪਿੱਛੋਂ ਮੇਰੇ ਲਾਲ ਦੀ ਸਾਰ ਲਿਆਇਐ, ਇਹ ਤਾਂ ਤੇਰੇ ਆਉਣ ਦੀ ਖ਼ੁਸ਼ੀ ’ਚ ਅੱਖਾਂ ਦੇ ਬੂਹੇ ’ਤੇ ਚੋਏ ਸਰ੍ਹੋਂ ਦੇ ਤੇਲ ਦੇ ਹੰਝੂ ਨੇ”।
ਅੱਜ ਰੁਲਦੂ ਦੇ ਸਤਿਕਾਰ ਲਈ ਕੋਈ ਸਰ੍ਹੋਂ ਦੇ ਤੇਲ ਦੇ ਹੰਝੂ ਨਹੀਂ ਚੋਂਦਾ, ਅੱਡੀ ਚੁੱਕੇ ਸਰੀਰਾਂ ਦੀਆਂ ਅੱਖਾਂ ਅੱਜ- ਕੱਲ੍ਹ ਮੋਬਾਇਲ ਫੋਨਾਂ ’ਚ ਮਸਰੂਫ਼ ਹਨ ਤੇ ਗੀਤਾਂ ’ਚ ਆਏ ਪੈਂਟ-ਕੋਟ ਪਹਿਨੇ ਈ-ਮੇਲ ਨਾਮ ਦੇ ਨਾਇਕ ਨੇ ਸਾਡੇ ਖ਼ਾਕੀ ਪਜਾਮੇ ਕੁੜਤੇ ਵਾਲੇ ਗੀਤਾਂ ਦੇ ਨਾਇਕ ਰੁਲਦੂ ਡਾਕੀਏ ਦੀ ਪਛਾਣ ਕਿਧਰੇ ਰੋਲ ਕੇ ਰੱਖ ਦਿੱਤੀ ਹੈ।ਕਾਸ਼! ਉਹ ਰੁਲਦੂ ਦੇ ਖ਼ਤਾਂ ਜਿਹਾ ਪਿਆਰ ਰੁਲਦੂ ਦੇ ਸਤਿਕਾਰ ਨਾਲ ਫਿਰ ਤੋਂ ਪਰਤ ਆਵੇ, ਜਿਨ੍ਹਾਂ ਨੂੰ ਲੋਕੀਂ ਉਮਰਾਂ ਤੀਕ ਸ਼ੀਸ਼ੇ ’ਚ ਜੜਾਕੇ ਤੇ ਕਾਲਜੇ ਨਾਲ ਲਾਕੇ ਰੱਖਦੇ ਸਨ।ਮੇਰੇ ਕੰਨ ਅੱਜ ਵੀ ਉਸ ਹੰਝੂਆਂ ਤੇ ਹਾਸਿਆਂ ਦੀ ਮਹਿਕਾਂ ਵੰਡਦੇ ਵਣਜਾਰੇ ਦੇ ਸਾਈਕਲ ਦੀ ਚੀਂ ਚੀਂ ਕਰਦੀ ਮਿੱਠੀ ਵੰਝਲੀ ਜਿਹੀ ਆਵਾਜ਼ ਨੂੰ ਸੁਣਨ ਲਈ ਨਿੱਤ ਤਰਸਦੇ ਰਹਿੰਦੇ ਹਨ।
ranbir
vikram i miss dakia uncle bapu darshan