Thu, 21 November 2024
Your Visitor Number :-   7255496
SuhisaverSuhisaver Suhisaver

ਬਾਦਲ ਸਾਹਿਬ ਨਾਲ ਜੁੜੀ ਇਹ ਪੁਰਾਣੀ ਯਾਦ -ਹਰਦੇਵ ਸਿੰਘ ਧਾਲੀਵਾਲ

Posted on:- 03-09-2014

ਮੈਂਵੇਹਲਾ ਬੈਠਾ ਹੋਵਾਂ, ਮੇਰੇ ਅੰਦਰੋਂ ਹੂਕ ਜੀ ਉੱਠਦੀ ਹੈ, ਲਿਖ ਕੁਝ ਲਿਖਾਂ, ਤੈਨੂੰ ਰੱਬ ਨੇ ਵਾਧੂ ਸਮਾਂ ਲਿਖਣ ਲਈ ਹੀ ਦਿੱਤਾ ਹੈ, ਵੇਹਲਾ ਬੈਠਣ ਲਈ ਨਹੀਂ।’’ 23 ਜੂਨ 1975 ਨੂੰ ਐਮਰਜੈਂਸੀ ਲੱਗ ਗਈ ਸੀ। ਮੈਨੂੰ ਜਥੇਦਾਰ ਜਗਦੇਵ ਸਿੰਘ ਖੁੱਡੀਆਂ, ਜੋ ਬਾਅਦ ਵਿੱਚ ਐਮ.ਪੀ. ਵੀ ਰਹੇ, ਨੇ ਦੱਸਿਆ ਕਿ ਸ੍ਰੀਮਤੀ ਇੰਦਰਾ ਗਾਂਧੀ ਨਾਲ ਅਕਾਲੀਆਂ ਦੇ ਸਮਝੌਤੇ ਦੀ ਗੱਲ ਹੋ ਗਈ ਹੈ, ਉਸ ਸਮੇਂ ਮੈਂ ਮੁੱਖ ਅਫਸਰ ਨਿਹਾਲ ਸਿੰਘ ਵਾਲਾ ਸੀ। ਕਈ ਕਹਿੰਦੇ ਸਨ ਕਿ ਇਸ ਸਮਝੌਤੇ ਨੂੰ ਤਾਰਪੀਡੋ ਕਰਨ ਲਈ, ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਪੰਜਾਬ ਰਾਤ ਸਮੇਂ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੇ ਘਰ ਜਾ ਕੇ ਮਿਲੇ, ਕਿਉਂਕਿ ਦੋਵੇਂ ਹੀ ਪਾਸੇ ਕਰ ਦਿੱਤੇ ਜਾਣੇ ਸਨ।

ਐਮਰਜੈਂਸੀ ਲੱਗਣ ’ਤੇ ਕਿਸੇ ਅਕਾਲੀ ਦੀ ਗਿ੍ਰਫਤਾਰੀ ਨਹੀਂ ਸੀ ਹੋਈ। ਦੇਸ਼ ਵਿੱਚ ਬਾਕੀ ਸਭ ਜੇਲ੍ਹਾਂ ਵਿੱਚ ਭੇਜ ਦਿੱਤੇ ਸਨ। 5 ਜੁਲਾਈ ਨੂੰ ਅਕਾਲੀ ਦਲ ਦੇ ਜਨਰਲ ਹਾਊਸ ਦੀ ਮੀਟਿੰਗ ਅੰਮਿ੍ਰਤਸਰ ਵਿੱਚ ਹੋਣੀ ਸੀ, ਇਸ ਦੀ ਪ੍ਰਵਾਨਗੀ ਜਾਂ ਵਿਰੋਧਤਾ ਦਾ ਫੈਸਲਾ ਹੋਣਾ ਸੀ। 5 ਜੁਲਾਈ ਦੀ ਮੀਟਿੰਗ ਵਿੱਚ ਦੋਵੇਂ ਧੜੇ ਆਪਣੀ ਗੱਲ ਮੰਨਵਾਉਣੀ ਚਾਹੁੰਦੇ ਸਨ। ਮੈਨੂੰ ਸ੍ਰ. ਜਸਵੰਤ ਸਿੰਘ ਫਫੜੇ ਭਾਈਕੇ, ਸਾਬਕਾ ਡਿਪਟੀ ਸਪੀਕਰ ਨੇ ਦੱਸਿਆ ਸੀ ਕਿ ਮੀਟਿੰਗ ਵਿੱਚ ਸ੍ਰ. ਪ੍ਰਕਾਸ਼ ਸਿੰਘ ਬਾਦਲ ਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਸਮਝੌਤੇ ਦੀ ਡਟਵੀ ਵਿਰੋਧਤਾ ਕੀਤੀ, ਤੇ ਅੜ ਗਏ ਕਿ ਉਨ੍ਹਾਂ ਨੇ ਤਾਂ ਜੈ ਪ੍ਰਕਾਸ਼ ਨਰਾਇਣ ਦੇ ਨਾਲ ਹੀ ਜਾਣਾ ਹੈ। ਕੋਈ ਸਮਝੌਤਾ ਨਹੀਂ ਮੰਨਣਾ। ਫੇਰ ਸਰਬਸੰਮਤੀ ਨਾਲ ਸ੍ਰ. ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸ੍ਰ. ਆਤਮਾ ਸਿੰਘ ਤੇ ਸ੍ਰ. ਬਸੰਤ ਸਿੰਘ ਖਾਲਸਾ 5 ਲੀਡਰਾਂ ਨੇ ਐਮਰਜੈਂਸੀ ਵਿਰੁਧ ਗਿ੍ਰਫਤਾਰੀ ਦੇ ਦਿੱਤੀ ਤੇ ਅਕਾਲੀਆਂ ਦਾ ਮੋਰਚਾ ਸ਼ੁਰੂ ਹੋ ਗਿਆ।

ਸ਼ੁਰੂ ਵਿੱਚ ਮੋਰਚੇ ਦੇ ਡਿਕਟੇਟਰ ਜਥੇਦਾਰ ਮੋਹਨ ਸਿੰਘ ਤੁੜ ਸਨ, ਉਹ ਕੁਰਬਾਨੀ ਵਾਲੇ ਪੁਰਾਣੇ ਜਥੇਦਾਰਾਂ ਵਿੱਚੋਂ ਸੀ। ਮੋਰਚਾ ਕੁਝ ਢਿੱਲਾ ਰਿਹਾ ਤਾਂ ਸਾਰਿਆਂ ਦੀ ਰਾਇ ਨਾਲ ਉਨ੍ਹਾਂ ਨੇ ਗਿ੍ਰਫਤਾਰੀ ਦੇ ਦਿੱਤੀ ਤੇ ਮੋਰਚੇ ਦੀ ਕਮਾਂਡ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸਪੁਰਦ ਹੋ ਗਈ। ਜਿਹੜੇ ਕਿ ਜ਼ਿਲ੍ਹਾ ਸੰਗਰੂਰ ਦੇ ਜਥੇਦਾਰ ਸਨ। ਐਮਰਜੈਂਸੀ ਨੇ ਸੰਤ ਲੌਂਗੋਵਾਲ ਦੀ ਲੀਡਰਸ਼ਿੱਪ ਨੂੰ ਪਿਛਲੀ ਕਾਤਰ ਵਿੱਚੋਂ ਪਹਿਲੀ ਕਤਾਰ ਵਿੱਚ ਲੈ ਆਂਦਾ। ਉਹ ਪ੍ਰਸ਼ੰਸਾ ਦੇ ਪਾਤਰ ਬਣੇ ਤੇ ਮੋਰਚਾ ਮੁੱਕਣ ’ਤੇ ਪ੍ਰਧਾਨਗੀ ਜਥੇਦਾਰ ਤੁੜ ਦੇ ਸਪੁਰਦ ਕਰ ਦਿੱਤੀ।
ਜਨਵਰੀ ਮੁੱਢ ਵਿੱਚ ਐਮਰਜੈਂਸੀ ਉਠਾ ਦਿੱਤੀ ਗਈ, ਜੇਲ੍ਹਾਂ ਵਿੱਚ ਸਾਰੇ ਬੰਦ ਲੀਡਰ ਛੱਡ ਦਿੱਤੇ ਗਏ। ਅਕਾਲੀ ਦਲ ਦੀ ਲੀਡਰਸ਼ਿਪ ਫਿਰੋਜ਼ਪੁਰ ਜੇਲ੍ਹ ਵਿੱਚ ਸੀ। ਜੇਲ੍ਹ ਤੋਂ ਸਿੱਧੇ ਹੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਤਲਵੰਡੀ ਤੇ ਸਾਰੇ ਲੀਡਰ ਸਾਦਕ ਪੁੱਜੇ। ਧੁੱਪ ਦੇ ਬਾਵਜੂਦ ਠੰਢ ਪੂਰੇ ਜੋਰ ’ਤੇ ਸੀ।

ਸਾਦਕ ਚੌਂਕ ਵਿੱਚ ਹੀ ਸਟੇਜ ਲਾ ਦਿੱਤੀ ਗਈ। ਥੋੜੇ ਸਮੇਂ ਵਿੱਚ ਲੋਕਾਂ ਦਾ ਭਾਰੀ ਇਕੱਠ ਹੋ ਗਿਆ ਤੇ ਉਹ ਸਾਰੇ ਆਪਣੇ ਆਪ ਆਏ ਸਨ ਤੇ ਹਰੇਕ ਕੋਲ ਆਪਣਾ ਸਾਧਨ ਸੀ। ਟਰਾਲੀਆਂ ਤਾਂ ਬਹੁਤ ਹੀ ਜ਼ਿਆਦਾ ਸਨ। ਜੇਲ੍ਹ ਤੋਂ ਆਉਣ ਕਰਕੇ ਸਾਰੇ ਪੂਰੇ ਜੋਸ਼ ਨਾਂਲ ਕਾਂਗਰਸ ਸਰਕਾਰ ਨੂੰ ਕੋਸ ਰਹੇ ਸੀ। ਬਾਦਲ ਸਾਹਿਬ ਬੜੇ ਜੋਸ਼ ਤੇ ਗੁੱਸੇ ਭਰਪੂਰ ਸ਼ਬਦਾਂ ਵਿੱਚ ਬੋਲੇ, ਪੁਲਿਸ ਦੀ ਵੀ ਉਨ੍ਹਾਂ ਨੇ ਚੰਗੀ ਖੁੰਬ ਠੱਪੀ। ਮੈਂ ਸਾਰੀ ਜ਼ਿੰਦਗੀ ਬਾਦਲ ਸਾਹਿਬ ਦੀ ਅਜਿਹੀ ਤਕਰੀਰ ਨਹੀਂ ਸੁਣੀ। ਸਾਦਕ ਉਸ ਸਮੇਂ ਚੌਕੀ ਸੀ ਪਰ ਅਸੀਂ ਸਦਰ ਫਰੀਦਕੋਟ ਦੀ ਫੋਰਸ ਨਾਲ ਹੀ ਇਕੱਠ ਨਿਭਾ ਲਿਆ। ਸਾਦਕ ਤੋਂਚੱਲ ਕੇ ਬਾਦਲ ਸਾਹਿਬ ਮਹਿਮੂਆਣਾ ਰੁਕੇ, ਸਰਪੰਚ ਦਾ ਘਰ ਸੜਕ ਦੇ ਨਜ਼ਦੀਕ ਹੀ ਸੀ।

ਉਹ ਚਾਹ-ਪਾਣੀ ਤੇ ਰੋਟੀ ਲਈ ਪੁਲਿਸ ਦਾ ਸੇਵਾਦਰ ਵੀ ਸੀ। ਉਸ ਦੇ ਘਰ ਇਨ੍ਹਾਂ ਦਾ ਵੀ ਪ੍ਰਬੰਧ ਸੀ। ਮੈਂ ਆਦਤ ਅਨੁਸਾਰ ਪੁਰਾਣੇ ਲੀਡਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਸੀ। ਮੈਂ ਚਾਹ ਦੇ ਕੱਪ ਸਣੇ ਬਾਦਲ ਸਾਹਿਬ ਦੇ ਕੋਲ ਹੋ ਗਿਆ ਤਾਂ ਸਰਪੰਚ ਨੇ ਮੇਰੀ ਲੋੜ ਤੋਂ ਵੱਧ ਉਪਮਾ ਕੀਤੀ। ਮੈਂ ਕਿਹਾ, ‘‘ਬਾਦਲ ਸਾਹਿਬ ਅਸੀਂ, ਸਾਰੀ ਪੁਲਿਸ ਆਪਦੇ ਵਿਰੁਧ ਹਾਂ, ਕੀ ਪੁਲਿਸ ਦੇ ਸਬੰਧੀਆਂ ਦੀਆਂ ਵੋਟਾਂ ਨਹੀਂ?’’ ਉਨ੍ਹਾਂ ਨੇ ਕਿਹਾ, ‘‘ਤੇਰੀ ਗੱਲ ਠੀਕ ਹੈ, ਹੁਣ ਅੱਗੇ ਤੋਂ ਮੈਂ ਵਾਧਾ ਤੇ ਧੱਕਾ ਕਰਨ ਵਾਲੇ ਪੁਲਿਸ ਅਫਸਰ ਦਾ ਨਾਂ ਲੈ ਕੇ ਬੋਲਾਂਗਾ।’’ ਮੈਂ ਇੱਕ ਹੋਰ ਸਵਾਲ ਕਰ ਦਿੱਤਾ, ‘‘ਬਾਦਲ ਸਾਹਿਬ ਆਪਾ ਘੱਟ ਗਿਣਤੀ ਹਾਂ, ਘੱਟ ਗਿਣਤੀ ਨੂੰ ਸੁਰੱਖਿਆ ਦੀ ਲੋੜ ਹੁੰਦੀ ਹੈ। ਆਪਣੇ ਲਈ ਸ੍ਰੀਮਤੀ ਇੰਦਰਾ ਗਾਂਧੀ ਦੀ ਥਾਂ ਪ੍ਰਧਾਨ ਮੰਤਰੀ ਮੁਰਾਰਜੀ ਡੇਸਾਈ ਠੀਕ ਰਹੇਗਾ?’’ ਉਹ ਚਾਹ ਪੀਂਦੇ ਹੀ ਬੋਲੇ, ‘‘ਕਾਕਾ (ਮੈਂ ਉਸ ਸਮੇਂ 36 ਸਾਲ ਦਾ ਸੀ) ਤੈਨੂੰ ਪਤਾ ਨਹੀਂ ਪ੍ਰਧਾਨ ਮੰਤਰੀ ਕੌਣ ਬਣੇਗਾ, ਡੇਸਾਈ ਨਹੀਂ ਚੰਦਰ ਸ਼ੇਖ ਪ੍ਰਧਾਨ ਮੰਤਰੀ ਬਣਨਗੇ। ਮੈਂ ਚੁੱਪ ਕਰ ਗਿਆ ਪਰ ਬਾਅਦ ਵਿੱਚ ਗੱਲ ਮੇਰੀ ਠੀਕ ਸਾਬਤ ਹੋਈ।

ਮੈਨੂੰ ਮੇਰੇ ਐਸ.ਐਸ.ਪੀ ਜੇਜੀ ਸਾਹਿਬ ਪੁੱਛਣ ਲੱਗੇ, ਕਿ ਪਾਰਲੀਮੈਂਟ ਵਿੱਚ ਕਾਂਗਰਸ ਦਾ ਕਿਹੜਾ ਉਮੀਦਵਾਰ ਇਲੈਕਸ਼ਨ ਲੜ ਸਕੇਗਾ? ਮੈਂ ਕਿਹਾ, ‘‘ਸਰ, ਇਸ ਸੀਟ ’ਤੇ ਕਾਂਗਰਸ ਤਾਂ ਜਿੱਤ ਹੀ ਨਹੀਂ ਸਕਦੀ, ਜੇਕਰ ਹਰਚਰਨ ਸਿੰਘ ਬਰਾੜ ਆਪ ਖੁਦ ਚੋਣ ਲੜਨ ਤਾਂ ਕੁਝ ਮੁਕਾਬਲਾ ਹੋ ਸਕੇਗਾ। ਇਸ ਤੇ ਉਨ੍ਹਾਂ ਦੀ ਬਦਲੀ ਜ਼ਿਲ੍ਹਾ ਬਠਿੰਡਾ ਹੋ ਗਈ। ਕਿਉਂਕਿ ਰਾਜ ਕਰਦੀ ਪਾਰਟੀ ਚੋਣ ਸਮੇਂ ਵੱਡੇ ਅਫਸਰ ਮਰਜੀ ਦੇ ਭਾਲਦੀ ਹੈ, ਪਰ ਉਸ ਸਮੇਂ ਵੱਡੇ ਅਫਸਰ ਕਦੇ ਕਿਸੇ ਦੀ ਨਾਜਾਇਜ਼ ਮਦਦ ਨਹੀਂ ਸੀ ਕਰਦੇ। ਉਸ ਸਮੇਂ ਮੈਂ ਕਿਸੇ ਅਫਸਰ ਦੀ ਚੋਣ ਸਮੇਂ ਬਦਲੀ ਹੁੰਦੀ ਵੀ ਨਹੀਂ ਸੀ ਦੇਖੀ ਅਤੇ ਅਫਸਰ ਵੀ ਆਪਣੇ ਪ੍ਰਤਿਭਾ ਬਹਾਲ ਰੱਖਦੇ ਸਨ।

ਮੈਂ ਮੁੱਖ ਅਫਸਰ ਸਦਰ ਫਰੀਦਕੋਟ ਸੀ, ਪਰ ਸਾਨੂੰ ਚਾਰ ਮੁੱਖ ਅਫਸਰਾਂ ਨੂੰ ਹਦਾਇਤ ਹੋ ਗਈ ਕਿ ਤੁਸੀਂ ਹੈਡ ਕੁਆਟਰ ਨਹੀ ਛੱਡਣਾ, ਮੇਰੀ ਉਥੇ ਕੋਈ ਬਹੁਤੀ ਵਾਕਫੀਅਤ ਤਾਂ ਨਹੀਂ ਸੀ, ਪਰ ਮੇਰੇ ਤੇ ਅਕਾਲੀ ਹੋਣ ਦਾ ਲੇਬਲ ਬਜ਼ੁਰਗਾਂ ਕਰਕੇ ਲੱਗ ਜਾਂਦਾ ਸੀ। 1977 ਵਿੱਚ ਜਨਤਾ ਪਾਰਟੀ ਨੂੰ ਬੜੀ ਵੱਡੀ ਜਿੱਤ ਪ੍ਰਾਪਤ ਹੋਈ। ਅਕਾਲੀ ਦਲ ਵੀ 9 ਸੀਟਾਂ ਜਿੱਤਿਆ। ਅਕਾਲੀ ਦਲ ਵੱਲੋਂ ਪਹਿਲਾਂ ਬਾਦਲ ਸਾਹਿਬ ਫੇਰ ਬਰਨਾਲਾ ਸਾਹਿਬ ਕੇਂਦਰ ਵਿੱਚ ਵਜੀਰ ਰਹੇ। ਸ੍ਰ. ਧੰਨਾ ਸਿੰਘ ਗੁਲਸ਼ਨ ਵੀ ਸਟੇਟ ਮਨਿਸਟਰ ਬਣ ਗਏ। ਪਰ 1980 ਵਿੱਚ ਪਾਸਾ ਹੀ ਪਲਟ ਗਿਆ। ਫੇਰ ਸ੍ਰੀਮਤੀ ਇੰਦਰਾ ਗਾਂਧੀ ਆ ਗਈ। ਉਸ ਸਮੇਂ ਪੰਜਾਬ ਦੀ ਮਾਲੀ ਹਾਲਤ ਬਹੁਤ ਤਕੜੀ ਸੀ ਅਤੇ ਅੱਗੇ ਵਧ ਰਿਹਾ ਸੀ, ਇਸ ਤੋਂ ਪਿੱਛੋਂ ਪੰਜਾਬ ਲੀਹੋ ਲਹਿ ਗਿਆ, ਅਜੇ ਤੱਕ ਲੀਹ ’ਤੇ ਨਹੀਂ ਪਿਆ। ਹੁਣ ਕੇਂਦਰ ਵਿੱਚ ਬੀ.ਜੇ.ਪੀ ਦੀ ਸਰਕਾਰ ਹੈ, ਅਕਾਲੀ ਦਲ ਭਾਈਵਾਲ ਹੈ। ਦੇਖੀਏ ਪੰਜਾਬ ਕੀ ਖੱਟਦਾ ਹੈ।

ਸੰਪਰਕ: +91 98150 37279

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ