ਦੋਸਤੀ ਦਾ ਰਿਸ਼ਤਾ ਹੀ ਸਭ ਤੋਂ ਵਧੀਆ ਹੁੰਦਾ ਹੈ - ਗੁਰਚਰਨ ਪੱਖੋਕਲਾਂ
Posted on:- 22-08-2014
ਭਾਵੇਂ ਸਮਾਜ ਵਿੱਚ ਰਹਿੰਦਿਆਂ ਪਰਿਵਾਰਕ ਰਿਸ਼ਤਿਆਂ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ, ਜਿਹਨਾਂ ਵਿੱਚ ਮਾਂ ਦੀ ਗੋਦ ਨੂੰ ਜੱਨਤ ਅਤੇ ਬਾਪ ਨੂੰ ਸਿਰ ਦੀ ਛਾਂ ਦਾ ਦਰਜਾ ਦਿੱਤਾ ਜਾਂਦਾ ਹੈ । ਭਰਾਵਾਂ ਦਾ ਰਿਸ਼ਤਾ ਬਾਹਾਂ ਦੇ ਬਰਾਬਰ ਦੱਸਿਆ ਜਾਂਦਾ ਹੈ । ਇਸ ਤਰਾਂ ਹੀ ਹੋਰ ਬਹੁਤ ਸਾਰੇ ਪਰਿਵਾਰਕ ਜਾਂ ਸਮਾਜਕ ਰਿਸ਼ਤਿਆਂ ਨੂੰ ਉੱਤਮ ਦਰਜੇ ਦਿੱਤੇ ਗਏ ਹਨ।
ਗੁਰੂ ਤੇਗ ਬਹਾਦਰ ਜੀ ਇਹਨਾਂ ਸਮਾਜਕ ਰਿਸ਼ਤਿਆਂ ਨੂੰ ਸਵਾਰਥ ਦੀ ਉਪਜ ਮੰਨਦੇ ਹਨ । ਮਾਤ ਪਿਤਾ ਸੁਤ ਬੰਧਪ ਭਾਈ । ਸਭ ਸੁਆਰਥ ਕੇ ਅਧਿਕਾਈ ਕਹਿਕੇ ਗੁਰੂ ਜੀ ਨੇ ਸਾਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ । ਦੋਸਤੀ ਦਾ ਰਿਸ਼ਤਾ ਇੱਕ ਇਹੋ ਜਿਹਾ ਰਿਸ਼ਤਾ ਹੈ ਜੋ ਨਿਸ਼ਕਾਮਤਾ ਵਿੱਚੋਂ ਉਪਜਦਾ ਹੈ ਅਤੇ ਇਸ ਰਿਸ਼ਤੇ ਵਿੱਚ ਸੁਆਰਥ ਦੀ ਥਾਂ ਵਿਚਾਰਾਂ ਦੀ ਸਾਂਝ ਤੇ ਹੀ ਇਸ ਦੀ ਨੀਂਹ ਰੱਖੀ ਜਾ ਸਕਦੀ ਹੈ।
ਗੁਰੂਆਂ ਪੀਰਾਂ ਫਕੀਰਾਂ ਵੱਲੋਂ ਪਰੇਮ ਦਾ ਰਿਸ਼ਤਾ ਰੱਬ ਤੱਕ ਪਹੁੰਚਣ ਦਾ ਰਸਤਾ ਮੰਨਿਆਂ ਜਾਂਦਾ ਹੈ। ਜਿਨ ਪਰੇਮ ਕੀਉ ਤਿਨ ਹੀ ਪ੍ਰਭ ਪਾਇਉ । ਆਮ ਹਾਲਤਾਂ ਦੇ ਵਿੱਚ ਸਮਾਜਕ ਰਿਸ਼ਤਿਆਂ ਦੇ ਮਹੱਤਵ ਨੂੰ ਨਕਾਰਿਆਂ ਨਹੀਂ ਜਾ ਸਕਦਾ ਪਰ ਮਨੁੱਖ ਦੀ ਹਾਉਮੈਂ ਨੂੰ ਸੱਟ ਵੱਜਣ ਤੇ ਸਮਾਜਕ ਰਿਸ਼ਤੇ ਕੱਚ ਵਾਂਗ ਟੁੱਟ ਜਾਂਦੇ ਹਨ । ਅੱਜ ਕੱਲ੍ਹ ਅਖਬਾਰਾਂ ਦੇ ਵਿੱਚ ਮਾਪਿਆਂ ਵੱਲੋਂ ਆਪਣੇ ਧੀਆਂ ਪੁੱਤਰਾਂ ਨੂੰ ਬੇਦਖਲ ਕਰਨ ਦੇ ਇਸ਼ਤਿਹਾਰ ਦੇਖਕੇ ਸਭ ਕੁਝ ਸਮਝ ਆ ਜਾਂਦਾ ਹੈ । ਭਰਾ ਦੁਨਿਆਵੀ ਜਾਇਦਾਦ ਵਾਸਤੇ ਭਰਾਵਾਂ ਨੂੰ ਆਦਿ ਕਾਲ ਤੋਂ ਕਤਲ ਤੱਕ ਕਰਦੇ ਤੁਰੇ ਆਉਂਦੇ ਹਨ ।
ਸਭ ਤੋਂ ਸੰਘਣੀ ਛਾਂ ਦਾ ਦਰਜਾ ਪਰਾਪਤ ਮਾਂਵਾਂ ਸਰੀਰਕ ਲੋੜਾਂ ਦੇ ਸਵਾਰਥ ਅਧੀਨ ਮਾਸੂਮ ਔਲਾਦ ਛੱਡ ਕੇ ਫਰਾਰ ਤੱਕ ਹੋ ਜਾਂਦੀਆਂ ਹਨ । ਜਨਮ ਦੇਣ ਵਾਲੇ ਮਾਪਿਆਂ ਵਿੱਚੋਂ ਘਰੇਲੂ ਝਗੜਿਆਂ ਕਾਰਨ ਕਿਹੜਾ ਕਦੋਂ ਔਲਾਦ ਅਤੇ ਜੀਵਨ ਸਾਥੀ ਤੋਂ ਬਾਗੀ ਹੋ ਜਾਵੇ ਕੋਈ ਨਹੀਂ ਜਾਣ ਸਕਦਾ । ਜਦ ਤੱਕ ਮਨੁੱਖ ਪੂਰਨਤਾ ਹਾਸਲ ਨਹੀਂ ਕਰਦਾ ਤਦ ਤੱਕ ਦੁਨਿਆਵੀ ਰਿਸ਼ਤਿਆਂ ਵਿੱਚ ਉਲਝਿਆ ਹੋਇਆ ਦੂਸਰਿਆਂ ਨਾਲ ਆਪਣੇ ਅਖਵਾਉਣ ਵਾਲਿਆਂ ਲਈ ਬੇਇਨਸਾਫੀਆਂ ਕਰਦਾ ਹੋਇਆ ਜੰਗ ਲੜਦਾ ਰਹਿੰਦਾ ਹੈ । ਲਾਲਚਾਂ ਸਵਾਰਥਾਂ ਤੇ ਟੇਕ ਰੱਖਣ ਵਾਲੇ ਆਪਣੇ ਜਦ ਆਪਣਾ ਅਸਲੀ ਰੂਪ ਦਿਖਾਉਂਦੇ ਹਨ ਤਦ ਸਮਾਜ ਵਿੱਚ ਬਹੁਤ ਸਾਰੀਆਂ ਦੁੱਖ ਭਰੀਆਂ ਚੀਕਾਂ ਸੁਣਾਈ ਦਿੰਦੀਆਂ ਹਨ।
ਅੱਜ ਦੇ ਤਕਨੀਕੀ ਯੁੱਗ ਵਿੱਚ ਸਮਾਜਕ ਅਤੇ ਪਰਿਵਾਰਕ ਰਿਸ਼ਤਿਆਂ ਦੀ ਮੌਤ ਹੋ ਚੁੱਕੀ ਹੈ । ਧੀਆਂ ਪੁੱਤਰਾਂ ਵੱਲੋਂ ਵੀ ਮਾਂ ਬਾਪ ਦੀ ਕਦਰ ਕਰਨ ਨੂੰ ਤਿਲਾਂਜਲੀ ਦੇਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਭੈਣ ਭਰਾ ਇੱਕ ਦੂਜੇ ਵੱਲ ਸ਼ੱਕ ਭਰੀਆਂ ਨਿਗਾਹਾਂ ਨਾਲ ਦੇਖਦੇ ਹਨ । ਮਰੇ ਹੋਏ ਮਾਪਿਆਂ ਦੇ ਨਕਲੀ ਵਸੀਅਤਾ ਤੇ ਅੰਗੂਠੇ ਲਾਉਣ ਲਈ ਨੀਲੇ ਕੀਤੇ ਹੋਏ ਆਮ ਹੀ ਦਿਖਾਈ ਦਿੰਦੇ ਹਨ ਕਿਉਂਕਿ ਭੈਣਾਂ ਤੇ ਭਰਾਵਾਂ ਨੂੰ ਯਕੀਨ ਹੀ ਨਹੀਂ ਰਿਹਾ । ਸਕੇ ਮਾਂ ਬਾਪ ਜਿਉਂਦੇ ਹੋਏ ਹੀ ਅੱਧੀ ਔਲਾਦ ਨੂੰ ਬਿਨਾਂ ਦੱਸਿਆਂ ਚੋਰੀ ਚੋਰੀ ਵਸੀਅਤਾਂ ਆਮ ਹੀ ਕਰਵਾਉਂਦੇ ਹਨ । ਜਦ ਮਾਂ ਬਾਪ ਹੀ ਆਪਣੀ ਔਲਾਦ ਤੇ ਵਿਸ਼ਵਾਸ ਨਹੀਂ ਕਰ ਸਕਦਾ ਫਿਰ ਕਿਹੜੇ ਰਿਸ਼ਤੇ ਦੇ ਪੱਕੇ ਹੋਣ ਦਾ ਦਾਅਵਾ ਕੀਤਾ ਜਾ ਸਕਦਾ ਹੈ ।
ਪਤੀ ਪਤਨੀ ਦਾ ਰਿਸ਼ਤਾ ਜੋ ਭਾਰਤੀ ਸਮਾਜ ਦਾ ਵਿਸ਼ਵਾਸ ਤੇ ਟਿਕਿਆ ਹੋਇਆ ਹੈ ਅਤੇ ਇਸ ਵਿੱਚ ਪਤੀ ਨੂੰ ਪਰਮੇਸ਼ਰ ਤੱਕ ਬਣਾਕੇ ਪੇਸ਼ ਕੀਤਾ ਜਾਂਦਾ ਹੈ ਅਤੇ ਪਤਨੀ ਇਕ ਪੂਰਾ ਸੰਸਾਰ ਜਾਂ ਕੁਦਰਤ ਦਾ ਰੂਪ ਅਖਵਾਉਂਦੀ ਹੈ । ਆਦਿ ਕਾਲ ਤੋਂ ਪਤਾ ਨਹੀਂ ਕੁਦਰਤ ਰੂਪੀ ਪਤਨੀਆਂ ਨੇ ਕਿੰਨੀ ਵਾਰ ਨਵੇਂ ਪਰਮੇਸ਼ਰ ਪੈਦਾ ਕੀਤੇ ਹੋਣਗੇ ਅਤੇ ਇਸ ਤਰਾਂ ਪਤੀ ਰੂਪ ਪਰਮੇਸ਼ਰ ਨੇ ਅਸੰਖ ਵਾਰ ਨਵੀਆਂ ਕੁਦਰਤਾਂ ਭਾਲਣ ਤੋਂ ਗੁਰੇਜ਼ ਨਹੀਂ ਕੀਤਾ ।
ਅੰਤ ਵਿੱਚ ਸਿਰਫ ਇੱਕੋ ਇੱਕ ਰਿਸ਼ਤਾ ਦੋਸਤੀ ਦਾ ਹੈ ਜੋ ਪਰੇਮ ਵਿੱਚੋਂ ਅਤੇ ਵਿਚਾਰਾਂ ਦੀ ਸਾਂਝ ਵਿੱਚੋ ਉਪਜਣ ਵਾਲਾ ਹੁੰਦਾ ਹੈ ਹੀ ਦਿਖਾਈ ਦਿੰਦਾ ਹੈ । ਦੋਸਤੀ ਦਾ ਰਿਸ਼ਤਾ ਕਦੇ ਵੀ ਸੁਆਰਥ ਦੀ ਪੂਰਤੀ ਤੇ ਨਹੀਂ ਟਿਕਿਆ ਹੁੰਦਾ ਕਿਉਂਕਿ ਸਵਾਰਥ ਤੇ ਦੋਸਤੀ ਦਾ ਰਿਸ਼ਤਾ ਹੋ ਹੀ ਨਹੀਂ ਸਕਦਾ । ਦੋਸਤ ਹਮੇਸਾਂ ਔਖੇ ਸਮੇਂ ਕੰਮ ਆਉਂਦਾ ਹੈ । ਦੋਸਤ ਤੋਂ ਕਦੇ ਮੰਗਣ ਦੀ ਵੀ ਲੋੜ ਨਹੀਂ ਪੈਂਦੀ । ਦੋਸਤ ਨੂੰ ਤਾਂ ਸਿਰਫ ਦੁੱਖ ਦੱਸਣ ਦੀ ਹੀ ਲੋੜ ਹੁੰਦੀ ਹੈ ਬਾਕੀ ਸਭ ਕੁਝ ਤਾਂ ਆਪਣੇ ਆਪ ਹੀ ਸ਼ੁਰੂ ਹੋ ਜਾਂਦਾ ਹੈ ।
ਦੋਸਤੀ ਵਿੱਚ ਸਿਰਫ ਪਿਆਰ ਦਾ ਹੀ ਜਨਮ ਹੋ ਸਕਦਾ ਹੈ ਅਤੇ ਇਹ ਪਿਆਰ ਵੀ ਨਿਸ਼ਕਾਮ ਹੁੰਦਾ ਹੈ । ਇਸ ਪਿਆਰ ਵਿੱਚ ਸਿਰਫ ਤੇ ਸਿਰਫ ਕੁਰਬਾਨ ਹੋ ਜਾਣ ਦੀ ਭਾਵਨਾ ਹੀ ਰਹਿ ਜਾਂਦੀ ਹੈ । ਗੁਰੂ ਨਾਲ ਚੇਲਿਆਂ ਦਾ ਰਿਸ਼ਤਾ ਦੋਸਤੀ ਤੋਂ ਪਿਆਰ ਤੱਕ ਦਾ ਸਫਰ ਕਰਦਾ ਹੈ । ਗੁਰੂ ਗੋਬਿੰਦ ਸਿੰਘ ਵਰਗੇ ਯੋਧੇ ਜੰਗਜੂ ਪੁਰਸ ਨਾਲ ਜਦ ਆਮ ਲੋਕਾਂ ਦੀ ਮੁਹੱਬਤ ਅਤੇ ਦੋਸਤੀ ਦੀ ਕਹਾਣੀ ਸ਼ੁਰੂ ਹੋਈ ਫਿਰ ਅਨੇਕਾਂ ਮਿਸਾਲਾਂ ਪੈਦਾ ਹੋਈਆਂ, ਜਿਸ ਨਾਲ ਰਾਜਸੱਤਾਵਾਂ ਅਤੇ ਜ਼ੁਲਮ ਕਰਨ ਵਾਲਿਆਂ ਦੀਆਂ ਨੀਹਾਂ ਹਿੱਲ ਗਈਆਂ ਸਨ ।
ਗੁਰੂ ਰੂਪ ਦੋਸਤ ਦੀਆਂ ਖੁਸ਼ੀਆਂ ਹਾਸਲ ਕਰਨ ਲਈ ਰਫਲਾਂ ਦੇ ਨਿਸ਼ਾਨੇ ਪਰਖਣ ਲਈ ਹਿੱਕਾਂ ਅੱਗੇ ਕਰ ਲਈਆਂ ਗਈਆਂ ਸਨ । ਲੱਖਾ ਸਿਰ ਵਾਰਕੇ ਦੋਸਤੀ ਦੀਆਂ ਦਾਸਤਨਾਂ ਇਤਿਹਾਸ ਦੇ ਪੰਨਿਆਂ ਤੇ ਸੁਨਿਹਰੀ ਰੂਪ ਵਿੱਚ ਚਮਕਦੀਆਂ ਹਨ । ਇਹਨਾਂ ਪੰਨਿਆਂ ਤੇ ਦੁਨਿਆਵੀ ਰਿਸ਼ਤਿਆਂ ਵਿੱਚੋਂ ਕਿਧਰੇ ਵੀ ਕੁਰਬਾਨੀਆਂ ਦੀਆਂ ਦਾਸਤਾਨਾਂ ਕਿਉਂ ਨਹੀਂ ਲੱਭਦੀਆਂ ਕਿਉਂਕਿ ਜਿੰਨਾ ਚਿਰ ਦੁਨਿਆਵੀ ਰਿਸ਼ਤਿਆਂ ਵਿੱਚ ਦੋਸਤੀ ਦਾ ਨਿਸ਼ਕਾਮ ਵੇਗ ਨਹੀਂ ਹੁੰਦਾ ਕੁਰਬਾਨੀ ਕਿਵੇਂ ਹੋਵੇਗੀ ।
ਸਮਾਜਕ ਰਿਸ਼ਤਿਆਂ ਦੀ ਉਮਰ ਲੰਬੀ ਨਾ ਹੋਣ ਪਿੱਛੇ ਦੋਸਤੀ ਦਾ ਨਾ ਹੋਣਾ ਹੀ ਹੈ । ਸੋ ਦੋਸਤੀ ਦਿਲ ਵਿੱਚ ਪੈਦਾ ਹੋਣੀ ਚਾਹੀਦੀ ਹੈ, ਜੋ ਸਮਾਜਕ ਰਿਸ਼ਤਿਆਂ ਦੀ ਜਿੰਦ ਜਾਨ ਹੁੰਦੀ ਹੈ । ਪੇਸ਼ਾਵਰ ਸਮਾਜ ਦਿਲ ਦੀ ਥਾਂ ਦਿਮਾਗ ਨਾਲ ਤੁਰਦਾ ਹੈ । ਸੋ ਭਾਗਾਂ ਵਾਲੇ ਹੁੰਦੇ ਹਨ, ਉਹ ਲੋਕ ਜਿਹਨਾਂ ਨੇ ਸਮਾਜਕ ਰਿਸ਼ਤਿਆਂ ਵਿੱਚ ਦੋਸਤੀ ਨੂੰ ਵੀ ਸ਼ਾਮਲ ਕਰ ਲਿਆ ਹੁੰਦਾ ਹੈ, ਜਿਸ ਨਾਲ ਇਹ ਸਮਾਜਕ ਰਿਸ਼ਤੇ ਵੀ ਦੋਸਤੀ ਦੀ ਛਾ ਹੇਠ ਸਾਡੀ ਮੌਤ ਤੱਕ ਦਾ ਸਫਰ ਤੈਅ ਕਰ ਲੈਂਦੇ ਹਨ । ਜਿਹਨਾਂ ਲੋਕਾਂ ਕੋਲ ਮੌਤ ਦੀ ਸੇਜ ਤੇ ਸੌਣ ਵੇਲੇ ਦੋਸਤੀ ਦਾ ਸਿਰਹਾਣਾ ਹੋਵੇ ਉਹਨਾਂ ਦੀ ਮੌਤ ਵੀ ਸੁਖਾਲੀ ਹੋ ਜਾਂਦੀ ਹੈ । ਇਸ ਲਈ ਹੀ ਤਾਂ ਪੰਜਾਬੀ ਲੋਕ ਗੀਤ ਹੈ ਜਿੰਦ ਯਾਰ ਦੀ ਬੁੱਕਲ ਵਿੱਚ ਨਿਕਲੇ ਰੱਬਾ ਤੇਰੀ ਲੋੜ ਕੋਈ ਨਾ ।