Thu, 21 November 2024
Your Visitor Number :-   7252588
SuhisaverSuhisaver Suhisaver

ਸਾਲ ਜਾਂ ਬੜਾ ਸਾਂਗ ਕੱਢਣ ਦੀ ਅਸਲ ਕਹਾਣੀ - ਸੁੱਚਾ ਸਿੰਘ ਨਰ

Posted on:- 16-08-2014

ਬਹੁਤ ਪਹਿਲੇ ਸਮਿਆਂ ਵਿੱਚ ਜਦ ਹਾਲੇ ਸਾਇੰਸ ਨੇ ਐਨੀ ਤਰੱਕੀ ਨਹੀ ਕੀਤੀ ਸੀ। ਉਦੋਂ ਭਾਰਤੀ ਲੋਕਾਂ ਕੋਲ ਮਨੋਰੰਜਨ ਦੇ ਸਾਧਨ ਬਹੁਤ ਘੱਟ ਸਨ। ਉਸ ਸਮੇਂ ਪਿੰਡਾਂ ਦੇ ਲੋਕ ਅਪਣੇ ਮਨੋਰੰਜਨ ਲਈ ਪਿੰਡਾਂ ਵਿੱਚ ਰਾਤ ਨੂੰ ਰਾਸ ਪਵਾਉਂਦੇ ਹੁੰਦੇ ਸਨ। ਜਿਸ ਵਿੱਚ ਸਾਰੀ ਰਾਤ ਗਾਉਣ ਵਜਾਉਣ ਹੀ ਚੱਲਦਾ ਸੀ। ਕੁੱਝ ਨਚਾਰ ਮੁੰਡਿਆਂ ਦੇ ਔਰਤਾਂ ਵਾਲੇ ਕੱਪੜੇ ਪਵਾਕੇ ਨਚਾਇਆ ਜਾਂਦਾ ਸੀ। ਫੇਰ ਉਨ੍ਹਾਂ ਦੇ ਇਸ ਕੰਮ ਤੋਂ ਖੁਸ਼ ਹੋਕੇ ਉਨ੍ਹਾਂ ਨੂੰ ਰੁਪਏ ਦਿੱਤੇ ਜਾਂਦੇ ਸਨ ਜਿਹਨਾਂ ਨੂੰ ਉਹ ਆਪਣੇ ਖੱਬੇ ਹੱਥ ਵਿੱਚ ਫੜ੍ਹਕੇ ਉਤਾਂਹ ਚੁੱਕਕੇ ਅਤੇ ਆਪਣਾ ਸੱਜਾ ਹੱਥ ਕੰਨ 'ਤੇ ਰੱਖਕੇ ਵੇਲ ਰੁਪਏ ਦੀ ਵੇਲ ਕਹਿਕੇ ਅਗਲੇ ਪੈਸੇ ਦੇਣ ਵਾਲੇ ਦਾ ਨਾਂ ਲਿਆ ਜਾਂਦਾ ਸੀ, ਕਿ ਇਸਨੇ ਪੈਸੇ ਦਿੱਤੇ ਹਨ ਇਸ ਦੀ ਵੇਲ ਵਧੇ ਇਸ ਦੀ ਕਮਾਈ ਵਿੱਚ ਵਾਧਾ ਹੋਵੇ। ਇਹ ਕੰਮ ਸਾਰੀ ਸਾਰੀ ਰਾਤ ਚੱਲਦਾ ਸੀ।
               
ਇਸ ਤਰਾਂ ਹੀ ਕਰੀਬਨ ਬਹੁਤੇ ਪਿੰਡਾਂ ਵਿੱਚ ਇੱਕ ਸਾਲ ਦੀ ਰਸਮ ਕੀਤੀ ਜਾਂਦੀ ਸੀ; ਹਰ ਸਾਲ ਬਾਦ ਹੀ। ਪਰ ਹੁਣ ਰੁਝੇਵੇਂ ਵੱਧ ਜਾਣ ਕਾਰਣ ਇਹ ਹਰ ਤੀਜੇ ਸਾਲ ਕਰ ਦਿੱਤੀ ਹੈ। ਇਸ ਰਸਮ ਵਿੱਚ ਪਿੰਡ ਦੇ ਥੜ੍ਹੇ ਉੱਤੇ ਜੋ ਕਿ ਦਲਿਤਾਂ ਵਿੱਚੋਂ ਕਿਸੇ ਘਰ ਵਿੱਚ ਬਣਵਾਇਆ ਹੁੰਦਾ ਸੀ ਜਿਸਨੂੰ ਜਗ੍ਹਾ ਵੀ ਕਿਹਾ ਜਾਂਦਾ ਹੈ। ਉੱਥੇ ਕੁੱਝ ਦਿੱਨ ਪਹਿਲਾਂ ਇੱਕ ਪਿੰਡ ਦੇ ਰੱਖੇ ਹੋਏ ਚੇਲੇ ਵਲੋਂ ਸਾਰੇ ਪਿੰਡ ਵਿੱਚ ਇੱਕ ਪਾਣੀ ਦਾ ਸਿੱਟਾ ਦਿੱਤਾ ਜਾਂਦਾ ਸੀ ਘਰਾਂ ਅਤੇ ਹਵੇਲੀਆਂ ਨੂੰ ਪਵਿੱਤਰ ਕਰਨ ਲਈ। ਫੇਰ ਉਹ ਸਾਲ ਦੀ ਰਸਮ ਕੀਤੀ ਜਾਂਦੀ ਸੀ, ਜੋ ਹੁਣ ਵੀ ਹੈ।

ਇਸ ਵਿੱਚ ਸਾਰਾ ਗਾਉਣ ਵਜਾਉਣ ਵਾਲਾ ਪ੍ਰੋਗਰਾਮ ਉਪਰੋਕਤ ਲਿਖੀ ਰਾਸ ਵਾਲਾ ਹੀ ਹੁੰਦਾ ਸੀ ਸਿਰਫ ਇੱਕ ਗੱਲ ਵੱਖਰੀ ਹੁੰਦੀ ਹੈ: ਉਹ ਇਹ ਕਿ ਇੱਕ ਵੱਡਾ ਸਾਰਾ ਸਾਂਗ ਬਣਾਕੇ ( ਹਾਥੀ ਵਰਗਾ ) ਅੱਧੀ ਰਾਤ ਨੂੰ ਕੱਢਿਆ ਜਾਂਦਾ ਜਿਸਨੂੰ ਤਿੰਨ ਜਾਂ ਚਾਰ ਮੰਜੇ ਜੋੜਕੇ ਬਣਾਇਆ ਜਾਂਦਾ ਹੈ। ਅਤੇ ਉਸ ਉੱਪਰ ਚੇਲੇ ਨੂੰ ਬੈਠਾਕੇ ਪਿੰਡ ਦੇ ਥੜ੍ਹੇ ਤੋਂ ਲੈਕੇ ਪਿੰਡ ਦੇ ਵਸੀਮੇ ਤੱਕ ਲਿਜਾਇਆ ਜਾਂਦਾ ਹੈ। ਇਸ ਦਾ ਮਤਲਵ ਇਹ ਕੱਢਿਆ ਜਾਂਦਾ ਹੈ ਕਿ ਸਾਰੇ ਪਿੰਡ ਦੀ ਇੱਲ-ਬਲਾ ਉਸ ਪਿੰਡ ਵਿਚੋਂ ਕੱਢ ਦਿੱਤੀ ਗਈ ਹੈ।
        
ਉਹ ਸਾਂਗ ਜਦੋਂ ਨਿੱਕਲਦਾ ਹੈ ਤਾਂ ਉਸਦੇ ਮੋਹਰੇ ਨਹੀਂ ਹੋਇਆ ਜਾਂਦਾ ਕਿਉਂਕਿ ਕਹਿੰਦੇ ਹਨ ਇਹ ਬਹੁਤ ਹੀ ਭਾਰਾ ਹੁੰਦਾ ਹੈ ਕਿਉਂਕਿ ਇਸ ਵਿੱਚ ਸਾਰੇ ਪਿੰਡ ਦੀ ਇੱਲ-ਬਲਾਅ ਇਕੱਠੀ ਕੀਤੀ ਹੁੰਦੀ ਹੈ। ਉਹ ਬਹੁਤ ਹੀ ਖਤਰਨਾਕ ਹੰਦੀ ਹੈ। ਇਸ ਉੱਤੇ ਬੈਠਾ ਚੇਲਾ ਕੋਈ ਮੰਤਰ ਪੜ੍ਹਦਾ ਜਾਂਦਾ ਹੈ ਜਿਸਨੇ ਚੰਗੀ ਸ਼ਰਾਬ ਪੀਤੀ ਹੰਦੀ ਹੈ। ਕਹਿੰਦੇ ਹਨ ਉਸ ਚੇਲੇ ਨੂੰ ਪਿੰਡ ਦੀਆਂ ਖਤਰਨਾਕ ਚੀਜ਼ਾਂ ਜੋ ਉਸ ਸਾਂਗ ਵਿੱਚ ਇਕੱਠੀਆਂ ਕਰਕੇ ਲਿਜਾਈਆਂ ਜਾ ਰਹੀਆਂ ਹੁੰਦੀਆਂ ਹਨ; ਉਹ ਬਹੁਤ ਹੀ ਤੰਗ ਕਰਦੀਆਂ ਹਨ। ਅਤੇ ਕਹਿੰਦੀਆਂ ਹਨ ਕਿ ਸਾਨੂੰ ਪਿੰਡੋਂ ਬਾਹਰ ਕਿਉਂ ਲੈਕੇ ਚੱਲਿਆਂ ਹੈਂ? ਇਸ ਕਰਕੇ ਅਸੀਂ ਤੇਰਾ ਭਸਣਾ-ਭੂਸ ਕਰ ਦੇਣਾ ਹੈ। ਇਸ ਗੱਲ ਦਾ ਦਿਖਾਵਾ ਉਹ ਉੱਚੀ ਉੱਚੀ ਬੋਲਕੇ ਕਰਦਾ ਹੈ।
 
ਇੱਕ ਵਾਰ ਮੇਰੇ ਇੱਕ ਮਿੱਤਰ ਨੇ ਦੱਸਿਆ ਕਿ ਇਸ ਤਰਾਂ ਉਨ੍ਹਾਂ ਦੇ ਪਿੰਡ ਇਹ ਸਾਂਗ ਨਿੱਕਲ ਰਿਹਾ ਸੀ ਜਦ ਪਿੰਡੋਂ ਬਾਹਰ ਲਿਜਾਉਣ ਲੱਗੇ ਜਿਸਨੂੰ ਚਾਰ ਬੰਦਿਆਂ ਨੇ ਚੁੱਕਣਾ ਸੀ ਉੱਪਰ ਚੇਲਾ ਜੀ ਨੂੰ ਬੈਠਾਕੇ ਤਾਂ ਇੱਕ ਆਕੜਖੋਰ ਪਿੰਡ ਦਾ ਬੰਦਾ ਕਹਿੰਦਾ ਮੈਂ ਵੀ ਨਾਲ ਚੁਕੂੰਗਾ ਨਾਲੇ ਦੇਖੂੰਗਾ ਕਿ ਇਹ ਮੈਂਨੂੰ ਕੀ ਕਰ ਦਿੰਦਾ ਹੈ? ਬੱਸ ਫੇਰ ਕੀ ਸੀ ਉਹ ਨਾਲ ਲੱਗ ਪਿਆ ਜਦ ਹਾਲੇ ਪਿੰਡ ਦਾ ਡਵਿੱਡਾ ਖੂਹ ਹੀ ਟੱਪੇ ਸਨ ਕਿ ਉਹ ਆਕੜਖੋਰ ਬੰਦਾ "ਮਰ ਗਿਆ ਉਏ!" "ਮਰ ਗਿਆ ਉਏ!"ਕਹਿਕੇ ਦੁਹਾਈਆਂ ਪਾਉਣ ਲੱਗ ਪਿਆ। ਬੱਸ ਫੇਰ ਕੀ ਸੀ ਉਸਨੂੰ ਦਬਾ ਸੱਟ ਹੋਰ ਬੰਦਾ ਉਸ ਦੀ ਥਾਂ ਬਦਲਕੇ ਘਰ ਨੂੰ ਭੇਜ ਦਿੱਤਾ। ਬਾਦ ਵਿੱਚ ਉਸ ਦੋਸਤ ਨੂੰ ਪਤਾ ਲੱਗਾ ਕਿ ਬਾਕੀ ਤਿੰਨਾਂ ਜਣਿਆਂ ਨੇ ਸਲਾਹ ਕਰਕੇ ਉਸ ਉੱਤੇ ਸਾਂਗ ਅਤੇ ਚੇਲਾ ਜੀ ਦਾ ਸਾਰਾ ਭਾਰ ਪਾ ਦਿੱਤਾ ਸੀ। ਨਹੀਂ ਤਾਂ ਇਸ ਰਸਮ ਦਾ ਪਰਦਾ ਫਾਸ਼ ਹੋ ਜਾਣਾ ਸੀ ਕਿ ਇਹ ਐਵੀਂ ਹੀ ਹੈ। ਉਸ ਮੇਰੇ ਦੋਸਤ ਨੇ ਇਹ ਗੱਲ ਮੈਂਨੂੰ ਹੌਲ਼ੀ ਦੇਣੀ ਮੇਰੇ ਕੰਨ ਕੋਲ ਆਪਣਾ ਮੂੰਹ ਕਰਕੇ ਦੱਸੀ ਸੀ ਅਤੇ ਕਿਹਾ ਸੀ ਕਿ ਮੈਂ ਇਹ ਅੱਗੇ ਕਿਸੇ ਹੋਰ ਨੂੰ ਨਾ ਦੱਸਾਂ। ਇਸ ਗੱਲ ਨੂੰ ਕੌਈ ਚਾਲ਼ੀ ਕੁ ਸਾਲ ਹੋਣ ਵਾਲੇ ਹਨ ਇਸ ਕਰਕੇ ਮੇਰੇ ਕੋਲੋਂ ਹੋਰ ਹੁਣ ਰਿਹਾ ਨਹੀਂ ਜਾਂਦਾ ਨਾਲ਼ੇ ਇਸ ਦੱਸਣ ਨਾਲ ਮੈਂ ਸਮਝਦਾ ਹਾਂ ਕਿ ਕੁੱਝ ਫਾਇਦਾ ਹੀ ਹੋਵੇਗਾ ਨੁਕਸਾਨ ਹੁਣ ਹੋਰ ਨਹੀਂ ਹੋਣ ਲੱਗਾ।
          
ਇਸ ਸਾਲ ਦੀ ਸਮੱਗਰੀ ਜੋ ਦਾਣਾ/ਫੱਕਾ, ਰੁਪਿਆ ਧੇਲਾ ਇਕੱਠਾ ਹੁੰਦਾ ਹੈ ਉਹ ਚੇਲਾ ਜੀ ਨੂੰ ਦੇ ਦਿੱਤਾ ਜਾਂਦਾ ਹੈ ਕਿੰਨਾ ਉਸ ਵਿਚੋਂ ਰੱਖਿਆ ਜਾਂਦਾ ਹੈ ਇਹ ਉਸ ਸਾਲ ਕਰਾਉਣ ਵਾਲੇ ਪ੍ਰਬੰਧਕ ਹੀ ਜਾਣਦੇ ਹੋਣਗੇ। ਹੁਣ ਅਸੀਂ ਇਸ ਸਾਲ ਕਰਾਉਣ ਦੇ ਅਸਲ ਮਕਸਦ ਵੱਲ ਆਉਂਦੇ ਹਾਂ, ਉਹ ਇਸ ਤਰਾਂ ਹੈ ਕਿ ਪਿਛਲੇ ਸਮਿਆਂ ਵਿੱਚ ਜਾਣੀ ਪੰਜਾਹ/ਸੌ ਸਾਲ ਪਹਿਲਾਂ ਡਾਕਟਰੀ ਇਲਾਜ ਬਹੁਤ ਘੱਟ ਹੁੰਦਾ ਸੀ ਉਹ ਚਾਹੇ ਇਨਸਾਨਾਂ ਦਾ ਹੋਵੇ ਜਾਂ ਪਸ਼ੂਆਂ ਦਾ ਹੋਵੇ। ਕਈ ਵਾਰ ਇੱਕ ਬੀਮਾਰੀ ਪਸ਼ੂਆਂ ਵਿੱਚ ਫੈਲ ਜਾਂਦੀ ਸੀ ਉਸ ਨੂੰ ਮੂੰਹ ਖੁਰ ਦੀ ਬੀਮਾਰੀ ਕਹਿੰਦੇ ਹਨ। ਉਸ ਬੀਮਾਰੀ ਵਿੱਚ ਡੰਗਰ ਮੱਝ,ਗਾਂ,ਝੋਟਾ,ਬਲਦ ਅਤੇ ਬੱਕਰੀਆਂ ਆਦਿ ਵੀ ਇਸ ਵਿੱਚ ਹੀ ਆ ਜਾਂਦੀਆਂ ਸਨ ਘਾਹ/ਪੱਠੇ ਖਾਣੇ ਛੱਡ ਦਿੰਦਾ ਸੀ ਅਤੇ ਛੇਤੀਂ ਹੀਂ ਉਸਦੀ ਮੌਤ ਹੋ ਜਾਂਦੀ ਸੀ। ਇਹ ਇੱਕ ਛੂਤ ਦਾ ਰੋਗ ਕਿਹਾ ਜਾਂਦਾ ਹੈ ਜੋ ਬਹੁਤ ਹੀ ਜਲਦੀ ਸਾਰੇ ਪਿੰਡ ਦੇ ਪਸ਼ੂਆਂ ਵਿੱਚ ਫੈਲ ਜਾਂਦਾ ਹੈ ਅਤੇ ਬਹੁੱਤ ਸਾਰੇ ਡੰਗਰਾਂ ਦੀ ਮੌਤ ਹੋ ਜਾਂਦੀ ਹੈ।
           
 ਜਦ ਇਸ ਰੋਗ ਦੇ ਫੈਲਣ ਦੀ ਸ਼ੱਕ ਪੈਂਦੀ ਸੀ ਨੱਗਰ ਨੀਵਾਸੀਆਂ ਨੂੰ ਤਾਂ ਉਹ ਸਾਰੇ ਹੀ ਇਹ ਅਹੁਰ ਪਹੁਰ ਕਰਨ ਲਈ ਜ਼ੋਰ ਪਾਉਂਦੇ ਸਨ। ਇੱਥੋਂ ਤੱਕ ਕਿਸਾਨ ਭਰਾ ਵੀ ਦਲਿਤਾਂ ਦੇ ਵਿਹੜੇ ਆਕੇ ਕਹਿੰਦੇ ਸਨ ਕਿ ਹੁਣ ਹੋਰ ਨਹੀਂ ਸਾਡੇ ਕੋਲੋਂ ਆਪਣੇ ਮਾਲ ਡੰਗਰ ਦਾ ਨੁਕਸਾਨ ਕਰਾ ਹੁੰਦਾ ਇਸ ਕਰਕੇ ਤੁਸੀਂ ਹੁਣ ਸੁੱਖ ਦਿਉ ਜਾਂ ਪੂਰੀ ਕਰੋ ਜਾਂਣੀ ਸਾਲ ਕਰਾਉ ਅਤੇ ਬੜਾ ਸਾਂਗ ਕੱਢੋ! ਇਸ ਕੰਮ ਲਈ ਉਹ ਪੈਸਾ ਧੇਲਾ ਵੀ ਦਿੱਲ ਖੋਹਲਕੇ ਦਿੰਦੇ ਸਨ। ਇਹ ਕਿਸੇ ਮਹਾਂਬਲੀ ਦੇ ਨਾਂ 'ਤੇ ਹੁੰਦਾ ਹੈ ਸੱਭ ਕੁੱਝ।
 
 ਹੁਣ ਹਲਾਤ ਬਦਲ ਗਏ ਹਨ ਹਰ ਬੀਮਾਰੀ ਦੀਆਂ ਦੁਆਈਆਂ ਬਣ ਗਈਆਂ ਹਨ ਟੀਕੇ ਮਿਲਣ ਲੱਗ ਪਏ ਹਨ ਅਤੇ ਅੱਗੇ ਨਾਲੋਂ ਇਹ ਬੀਮਾਰੀ ਵੀ ਸ਼ਾਇਦ ਘੱਟ ਗਈ ਹੈ। ਪਰ ਸਾਲ ਉਸੇ ਤਰਾਂ ਹੀ ਹਾਲੇ ਕਈ ਪਿੰਡਾਂ ਵਲੋਂ ਕਰਵਾਇਆ ਜਾਂਦਾ ਹੈ ਜਾਣੀ ਸੁੱਖ ਦਿੱਤੀ ਜਾਂਦੀ ਹੈ। ਪਰ ਹੁਣ ਇਸ ਤੋਂ ਪਿੰਡਾਂ ਦੇ ਲੋਕਾਂ ਨੂੰ ਛੁਟਕਾਰਾ ਪਾ ਲੈਣਾ ਚਾਹੀਦਾ ਹੈ। ਜੇ ਹਾਲੇ ਵੀ ਨਹੀਂ ਹਟ ਹੁੰਦਾ ਤਾਂ ਇਸ ਸਾਲ ਦੀ ਥਾਂ ਕੋਈ ਅਗਾਂਹਵਧੂ ਨਾਟਕ ਕਰਵਾ ਲੈਣੇ ਚਾਹੀਦੇ ਹਨ। ਭਾਂਵੇਂ ਉਸ ਮਹਾਂਬਲੀ ਦੇ ਨਾਂ 'ਤੇ ਹੀ ਕਰਵਾ ਲਏ ਜਾਣ। ਸ਼ਹੀਦ ਭਗਤ ਸਿੰਘ ਜੀ ਨੇ ਕਿਹਾ ਸੀ ਕਿ ਦਲਿਤਾਂ ਕੋਲ ਆਪਣੇ ਕੋਲੋਂ ਗਵਾਉਣ ਲਈ ਕੁੱਝ ਨਹੀਂ ਹੈ ਪਰ ਜੇ ਇਹ ਜਾਗ ਜਾਣ ਤਾਂ ਇਹਨਾਂ ਦੇ ਪੱਲੇ ਬਹੁਤ ਕੁੱਝ ਪੈਣ ਲਈ ਹੈ। ਇਹ ਤਾਂ ਹੀ ਹੋ ਸਕਦਾ ਹੈ ਜੇਕਰ ਇਹ ਇਹਨਾਂ ਵਹਿਮਾਂ ਭਰਮਾਂ ਵਿੱਚੋਂ ਨਿੱਕਲਣ ਅਤੇ ਬਾਕੀ ਪਿੰਡ ਵਾਸੀਆਂ ਨੂੰ ਵੀ ਨਿੱਕਲਣ ਦੇਣ। ਇਹ ਜਾਦੂ, ਟੂਣੇ ਅਤੇ ਵਹਿਮ ਭਰਮ ਕੁੱਝ ਨਹੀਂ ਸੁਆਰਦੇ ਸਗੋਂ ਇਹਨਾਂ ਲੋਕਾਂ ਦੀ ਲੁੱਟ ਖਸੁੱਟ ਹੀ ਕਰਵਾਉਂਦੇ ਹਨ। ਜੇ ਭਾਰਤ ਦੇ ਲੋਕ ਜਾਗਰਿਤ ਹੋ ਜਾਣ ਤਾਂ ਉੱਪਰ ਬੈਠੇ ਸਾਈ ਬਾਬੇ ਵਰਗੇ ਜੋ ਜਾਦੂ ਦੀ ਕਲਾ ਦਿਖਾ ਦਿਖਾਕੇ ਕਿਰਤੀਆਂ ਦੀ ਲੁੱਟ ਕਰੀ ਜਾਂਦੇ ਹਨ ਉਹ ਬਹੁਤ ਛੇਤੀਂ ਹੀ ਹਟ ਜਾਣਗੇ। ਜਾਣੀ ਇਹ ਧੰਦਾ ਛੱਡ ਜਾਣਗੇ। ਭਾਰਤ ਦੇਸ਼ ਇੱਕ ਕਰਾਂਤੀ ਵੱਲ ਅੱਗੇ ਵਧੇਗਾ ਜਿਸ ਕਰਾਂਤੀ ਵਿੱਚ ਹਰ ਇਨਸਾਨ ਲਈ ਰੋਟੀ,ਕੱਪੜਾ ਮਕਾਨ ਅਤੇ ਰੁਜ਼ਗਾਰ ਦੀ ਗਰੰਟੀ ਹੋਵੇਗੀ।

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ