ਅਣਮਨੁੱਖੀ ਯੁੱਗ ਦੇ ਅੰਨ੍ਹੇ ਆਗੂ - ਪ੍ਰੋ. ਤਰਸਪਾਲ ਕੌਰ
Posted on:- 11-08-2014
ਸਮਾਜ ਦੇ ਹੋਂਦ ਵਿੱਚ ਆਉਣ ਨਾਲ ਹੀ ਸਮਾਜਿਕ ਅਗਵਾਈ ਕਰਨ ਵਾਲੇ ਆਗੂ ਦੀ ਵੀ ਲੋੜ ਪਈ। ਵੱਖੋ-ਵੱਖਰੇ ਸਮਾਜਿਕ ਤੇ ਰਾਜਨੀਤਿਕ ਪੜਾਵਾਂ ਵਿੱਚ ਵੱਖੋ-ਵੱਖਰੇ ਆਗੂਆਂ ਦੀ ਭੂਮਿਕਾ ਰਹੀ, ਪਰ ਇਹ ਆਦਿ ਕਾਲ ਤੋਂ ਹੀ ਸੁਣਦੇ ਆ ਰਹੇ ਹਾਂ ਕਿ ਫਲਾਣੇ ਰਾਜੇ ਜਾਂ ਆਗੂ ਨੇ ਪਰਜਾ ਦੇ ਹਿੱਤਾਂ ਨੂੰ ਅੱਖੋਂ ਪਰੋਖੇ ਕੀਤਾ ਜਾਂ ਰਾਜ ਗੱਦੀ ਹਥਿਆਉਣ ਲਈ ਜਾਨ-ਮਾਲ ਦਾ ਨੁਕਸਾਨ ਕੀਤਾ। ਇਸ ਦੇ ਨਾਲ ਹੀ ਲੋਕ ਨਾਇਕ ਵੀ ਉੱਭਰਦੇ ਰਹੇ ਤੇ ਜਨਤਾ ਦੇ ਹਿੱਤਾਂ ਲਈ ਅਜਿਹੇ ਹਾਕਮਾਂ ਨਾਲ ਲੜਦੇ ਵੀ ਰਹੇ।
ਕੁਝ ਵੀ ਹੋਵੇ ਇਹਨਾਂ ਆਗੂਆਂ ਨੇ ਹਰ ਯੁੱਗ ਵਿੱਚ ਕਿਤੇ ਨਾ ਕਿਤੇ ਆਪਣੀ ਤਾਕਤ ਨਾਲ ਆਪਣੇ ਲਈ ਲਾਹਾ ਲਿਆ ਹੈ। ਸੱਭਿਅਤਾ ਨੇ ਤਾਂ ਵਿਕਾਸ ਕਰਨਾ ਹੁੰਦਾ ਹੈ ਚਾਹੇ ਉਹ ਸਮਾਜਿਕ ਵਿਕਾਸ ਹੋਵੇ ਚਾਹੇ ਆਰਥਿਕ ਤੇ ਜਾਂ ਫਿਰ ਰਾਜਨੀਤਿਕ। ਬੜੇ ਅਫ਼ਸੋਸ ਦੀ ਗੱਲ ਹੈ ਕਿ ਅਸੀਂ 21ਵੀਂ ਸਦੀ ਵਿੱਚ ਤਾਂ ਆ ਗਏ ਹਾਂ ਪਰ ਸੱਭਿਅਤਾ ਵਿਕਸਿਤ ਹੋਣ ਦੀ ਥਾਂ ਪਛੜ ਗਈ ਹੈ। ਪਿਛਲੇ ਯੁੱਗਾਂ ਦੀ ਤੁਲਨਾ ਮਨੁੱਖੀ ਕਦਰਾਂ-ਕੀਮਤਾਂ ਨੂੰ ਕੁਚਲ ਦਿੱਤਾ ਗਿਆ ਹੈ। ਸੱਭਿਅਤਾ ਅਤੇ ਚੇਤੰਨਤਾ ਨੂੰ ਇਸ ਅਖੌਤੀ ਆਧੁਨਿਕ ਯੁੱਗ ਵਿੱਚ ਮਸਲਿਆ ਜਾ ਰਿਹਾ ਹੈ। ਸ਼ਾਇਦ ਇਹ ਮੁਲਕ ਦੀ ਬਦਕਿਸਮਤੀ ਹੀ ਹੈ ਕਿ ਆਜ਼ਾਦੀ ਦੇ 66 ਸਾਲ ਬੀਤ ਜਾਣ ’ਤੇ ਵੀ ਸਾਡੇ ਰਾਜਨੀਤਿਕ ਆਗੂਆਂ ਨੂੰ ‘ਕੁਰਸੀ’ ਤੇ ਰੰਗਰਲੀਆਂ ਤੋਂ ਸਿਵਾ, ਸਾਡੇ ਮੁਲਕ ਅੰਦਰ ਚਾਰ ਗੁਣਾ ਵਧੀ ਹੋਈ ਆਬਾਦੀ, ਬੇਰੁਜ਼ਗਾਰੀ, ਨਸ਼ਿਆਂ ’ਚ ਗਰਕੀ ਜਵਾਨੀ, ਭੁੱਖਮਰੀ, ਧੱਕੇ ਖਾਂਦੇ ਪੜ੍ਹੇ-ਲਿਖੇ ਤੇ ਬੇਸਹਾਰਾ ਮਨੁੱਖ ਨਜ਼ਰ ਨਹੀਂ ਆਉਂਦੇ।
ਦੇਸ਼ ਅਤਿਅੰਤ ਮਾੜੇ ਦੌਰ ’ਚੋਂ ਗੁਜ਼ਰ ਰਿਹਾ ਹੈ। ਕੀ ਸਾਡੇ ਸ਼ਾਸਨ, ਰਾਜਨੀਤੀ ਦਾ ਕਿਰਦਾਰ ਏਨਾ ਗਰਕ ਗਿਆ ਹੈ ਕਿ ਹਰੇਕ ਵਿਅਕਤੀ ਤਾਕਤ ਹਾਸਿਲ ਕਰਕੇ ਸਿਰਫ਼ ਤੇ ਸਿਰਫ਼ ਆਪਣੀਆਂ ਹੀ ਕੋਠੜੀਆਂ ਭਰਨਾ ਚਾਹੁੰਦਾ ਹੈ? ਇਹ ਇੱਕੋ ਹੀ ਸੁਆਲ ਨਹੀਂ, ਅਜਿਹੇ ਹਜ਼ਾਰਾਂ ਸੁਆਲ ਹਨ। ਅਸਲ ’ਚ ਇਹ 21ਵੀਂ ਸਦੀ ਦਾ ਆਧੁਨਿਕ ਯੁੱਗ ਨਹੀਂ ਬਲਕਿ ਅੰਨ੍ਹੇ ਆਗੂਆਂ ਦਾ ਅਣਮਨੁੱਖੀ ਯੁੱਗ ਬਣ ਚੁੱਕਿਆ ਹੈ।
ਰੋਜ਼ਾਨਾ ਅਖ਼ਬਾਰਾਂ ਤੇ ਨਿਊਜ਼ ਚੈਨਲਾਂ ਦਾ ਧੁਰਾ ਬਣੀਆਂ ਵਹਿਸ਼ੀਆਨਾ ਜ਼ੁਲਮ ਦੀਆਂ ਘਟਨਾਵਾਂ ਹਿਰਦਿਆਂ ਨੂੰ ਵਲੂੰਧਰ ਦਿੰਦੀਆਂ ਹਨ। ਕਿੰਨੀ ਦੁਖਦਾਇਕ ਤੇ ਸ਼ਰਮਨਾਕ ਸਥਿਤੀ ਹੈ ਕਿ ਸਾਡੀਆਂ ਧੀਆਂ, ਭੈਣਾਂ, ਮਾਵਾਂ ਆਪਣੀ ਹੀ ਧਰਤੀ ’ਤੇ ਆਪਣੇ ਹੀ ਮੁਲਕ ’ਚ ਸੁਰੱਖਿਅਤ ਨਹੀਂ ਹਨ। ਦਿੱਲੀ ਵਿੱਚ ਵਾਪਰਿਆ ਬਲਾਤਕਾਰ ਕਾਂਡ ਹੋਵੇ ਜਾਂ ਫਿਰ ਤੇਜ਼ਾਬ ਸੁੱਟ ਕੇ ਸਾੜਨ ਦੀਆਂ ਘਟਨਾਵਾਂ ਤੇ ਜਾਂ ਫਿਰ ਸੱਤਾ ਦੇ ਨਸ਼ੇ ਵਿੱਚ ਬੇਕਸੂਰ ਨਾਗਰਿਕਾਂ ਨੂੰ ਗੋਲੀ ਮਾਰ ਦੇਣੀ, ਇਹਨਾਂ ਸ਼ਰਮਨਾਕ ਤੇ ਦਰਦਨਾਕ ਸਥਿਤੀਆਂ ਤੇ ਸੋਚਣ ਦੀ ਬਜਾਏ, ਆਮ-ਲੋਕਾਂ ਨੂੰ ਰਾਹਤ ਪਹੁੰਚਾਉਣ ਦੀ ਬਜਾਏ ਇਹਨਾਂ ਵਿਸ਼ਿਆਂ ’ਤੇ ਰੱਜ ਕੇ ਰਾਜਨੀਤੀ ਕੀਤੀ ਜਾਂਦੀ ਹੈ। ਬਹਿਸ ਦੇ ਵਿਸ਼ਿਆਂ ਵਿੱਚ ਰਾਜਸੀ ਆਗੂਆਂ ਦੀਆਂ ਇੱਕ-ਦੂਜੇ ’ਤੇ ਲਾਈਆਂ ਤੁਹਮਤਾਂ ਹੀ ਹੁੰਦੀਆਂ ਹਨ, ਨਾ ਕਿ ਸੁਹਿਰਦਤਾ ਨਾਲ ਸਮਾਜ-ਹਿੱਤ ਦੀ ਗੱਲ ਕਰਕੇ ਯੋਗ ਕਦਮ ਉਠਾਏ ਜਾਂਦੇ ਹਨ। ਇਸ ਗੱਲ ਨੂੰ ਕਹਿਣ ਵਿੱਚ ਕੋਈ ਸੰਕੋਚ ਨਹੀਂ ਕਿ ਮੁਲਕ ਮਾਨਵੀ ਗੁਣਾਂ ਤੋਂ ਹੀ ਵਾਂਝਾ ਹੋ ਗਿਆ ਹੈ। ਰਾਜ ਸੱਤਾ ਵਿੱਚ ਨਸ਼ਿਆਏ ਸਾਡੇ ਆਗੂ ਲੋਕਾਂ ਲਈ ਜਾਂ ਕਿਸੇ ਲੋਕ ਭਲਾਈ ਕਰਨ ਲਈ ਚੋਣ ਨਹੀਂ ਲੜਦੇ ਬਲਕਿ ਆਪਣੀ ਕੁਰਸੀ ਨੂੰ ਪੱਕਾ ਕਰਕੇ ਆਪਣੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਹਰਾਮ ਦੀ ਕਮਾਈ ਇਕੱਠੀ ਕਰਕੇ ਦੇਣ ਲਈ ਅਤੇ ਆਪਣੀ ਅੱਯਾਸ਼ੀ ਤੇ ਸ਼ਕਤੀ ਵਧਾਉਣ ਲਈ ਚੋਣਾਂ ਲੜਦੇ ਹਨ। ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਤੇ ਮੀਡੀਆ ਇਹੀ ਦੁਹਾਈ ਵੀ ਪਾਉਂਦਾ ਹੈ ਕਿ ਆਖ਼ਿਰ ‘ਲੋਕ ਕਦੋਂ ਜਾਗਣਗੇ’? ਕਦੋ ਉਹ ਕਿਸੇ ਸਮਾਜਿਕ-ਰਾਜਨੀਤਿਕ ਬਦਲ ਲਈ ਤਿਆਰ ਹੋਣਗੇ?
ਇਸ ਬਾਰੇ ਤਾਂ, ਜਦੋਂ ਗੁਰੂ ਨਾਨਕ ਪਾਤਸ਼ਾਹ ਲਗਭਗ ਸਾਢੇ ਪੰਜ ਸਦੀਆਂ ਪਹਿਲਾਂ ਇਸ ਕਲਯੁਗ ਵਿੱਚ ਆਏ, ਉਹ ਵੀ ਲੋਕਾਂ ਨੂੰ ਜਗਾਉਣ ਲਈ ਅੰਨ੍ਹੇ ਆਗੂਆਂ ਨੂੰ ਭੰਢ ਕੇ ਉਹਨਾਂ ਦੀਆਂ ਕੁਰੀਤੀਆਂ ਦਾ ਖੁਲਾਸਾ ਕਰਨ ਲਈ ਅੱਗੇ ਆਏ। ਮੁਗ਼ਲਾਂ ਵਲੋਂ ਕੀਤੀ ਤਬਾਹੀ ਤੇ ਅਮਾਨਵੀ ਵਤੀਰੇ ਤੋਂ ਉਹ ਕਹਿ ਉੱਠਦੇ ਹਨ :-
ਪਾਪੁ ਕੀ ਜੰਝੁ ਲੇ ਕਾਬਲੁ ਧਾਇਆ
ਜ਼ੋਰੀਂ ਮੰਗੇ ਦਾਨ ਵੇ ਲਾਲੋ॥
ਸਰਮੁ ਧਰਮੁ ਦੁਇ ਛੁਪ ਖਲੋਇ,
ਕੂੜ ਫਿਰੇ ਪ੍ਰਧਾਨ ਵੇ ਲਾਲੋ॥
ਗੁਰੂ ਨਾਨਕ ਨੇ ਮਨੁੱਖ ਦੁਆਰਾ ਕੀਤੇ ਜਾ ਰਹੇ ਅਣਮਨੁੱਖੀ ਵਰਤਾਰੇ ’ਤੇ ਦੁੱਖ ਪ੍ਰਗਟ ਕੀਤਾ। ਉਹਨਾਂ ਨੇ ਵੀ ਸਮਾਜ ਲਈ ਚੰਗੇ ਆਗੂ ਦੀ ਮਹਾਨਤਾ ਦੱਸੀ ਹੈ ਕਿ ਜੇਕਰ ਆਗੂ ਹੀ ਅੰਨ੍ਹਾ ਹੋਵੇ ਜਾਂ ਅਮਾਨਵੀ ਹੋਵੇ ਤਾਂ ਉਹ ਜਨਤਾ ਨੂੰ ਰਾਹ ਕਿਵੇਂ ਦਿਖਾ ਸਕਦਾ ਹੈ? ਅਜਿਹੇ ਸਮਾਜ ਵਿੱਚ ਮਨੁੱਖ ਸੁਰੱਖਿਅਤ ਨਹੀਂ ਹੋਣਗੇ। ਗੁਰੂ-ਪੀਰਾਂ, ਪਰਮਪੁਰਸ਼ਾਂ ਨੇ ਸਮੇਂ-ਸਮੇਂ ਤੇ ਕਿਸੇ ਨਾ ਕਿਸੇ ਯੁੱਗ ਵਿੱਚ ਆ ਕੇ ਚੰਗੇ ਸਮਾਜ ਦੀ ਸਿਰਜਣਾ ਲਈ ਅਣਥੱਕ ਯਤਨ ਕਰਕੇ ਸਮੁੱਚਾ ਜੀਵਨ ਲੋਕ-ਹਿੱਤ ਦੇ ਲੇਖੇ ਲਾਇਆ। ਉਹ ਆਉਣ ਵਾਲੇ ਯੁੱਗਾਂ ਦੀਆਂ ਗੁੰਝਲਦਾਰ ਪ੍ਰਸਥਿਤੀਆਂ ਬਾਰੇ ਚੌਕੰਨਾ ਵੀ ਕਰ ਗਏ। ਅਫ਼ਸੋਸ ਦੀ ਗੱਲ ਇਹ ਹੈ ਇਸ ਯੁੱਗ ਦੇ ਮਾਇਆਵਾਦੀ ਵਰਤਾਰੇ ਨੇ ਚੰਗੇ-ਮਾੜੇ ਤੇ ਮਾਨਵੀ ਗੁਣਾਂ ਦੀ ਕਦਰ ਵੀ ਖਤਮ ਕਰ ਦਿੱਤੀ। ਸਾਨੂੰ ਨਾ ਹੀ ਉਹ ਗੁਰੂ-ਪੀਰ ਤੇ ਨਾ ਹੀ ਲੋਕ-ਨਾਇਕ ਯਾਦ ਰਹੇ।
ਇਹ ਵੀ ਸੱਚ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਆਏ ਬਾਹਰਲੇ ਹਮਲਾਵਾਰ ਧਾੜਵੀ ਤੇ ਫਿਰ ਅੰਗਰੇਜ਼ਾਂ ਦੇ ਭਾਰਤ ਵਿੱਚ ਪ੍ਰਵੇਸ਼ ਕਰਨ ਨਾਲ ਇਥੋਂ ਦਾ ਸਮਾਜਿਕ-ਰਾਜਨੀਤਿਕ ਮੁਹਾਂਦਰਾ ਹੀ ਬਦਲ ਗਿਆ। ਇਹਨਾਂ ਦੇ ਜ਼ੁਲਮਾਂ ਨੇ ਸਾਡੇ ਵਿਚਲੇ ਮਾਨਵੀ ਗੁਣਾਂ ਨੂੰ ਕੁਚਲ ਦਿੱਤਾ। ਇਹੀ ਕਾਰਨ ਹੈ ਕਿ ਜਦੋਂ ਸਾਡੇ ਸੁਭਾਓ ਵਿਚਲੇ ਗੁਣ ਹੀ ਨਸ਼ਟ ਹੋ ਜਾਣ ਤਾਂ ਉਹ ਕੌਮ ਹੀ ਲੰਮਾ ਸਮਾਂ ਗੁਲਾਮੀ ਭੋਗਦੀ ਹੈ ਪਰ ਇਸੇ ਸਾਮਰਾਜਵਾਦ ਦੇ ਵਿਰੋਧ ਵਿਚੋਂ ਹੀ ਸ੍ਰ. ਕਰਤਾਰ ਸਿੰਘ ਸਰਾਭਾ, ਮੰਗਲ ਪਾਂਡੇ, ਸ੍ਰ. ਭਗਤ ਸਿੰਘ, ਸ੍ਰ. ਊਧਮ ਸਿੰਘ, ਰਾਜਗੁਰੂ, ਸੁਖਦੇਵ, ਮਹਾਰਾਣੀ ਲਕਸ਼ਮੀ ਬਾਈ, ਟੀਪੂ ਸੁਲਤਾਨ ਵਰਗੇ ਵਿਚਾਰਵਾਨ ਵਿਅਕਤੀ ਵੀ ਪੈਦਾ ਹੋਏ। ਜਿਹੜੇ ਆਖ਼ਰੀ ਦਮ ਤੱਕ ਲੋਕ-ਹਿੱਤਾਂ ਲਈ ਲੜਦੇ ਹੋਏ ਸ਼ਹੀਦ ਹੋਏ। ਅਸਲ ਵਿੱਚ ਇਹੀ ਜਾਗਰੂਕਤਾ ਦੀ ਜਾਗ ਸੀ ਜੋ ਹੌਲੀ-ਹੌਲੀ ਮੁੜ ਮਾਨਵੀ ਵਰਤਾਰਿਆਂ ਦੇ ਗੁਣਾਂ ਵੱਲ ਪ੍ਰੇਰਿਤ ਹੋਣ ਲੱਗੀ ਤੇ ਇਸ ਲੰਮੇ ਸੰਘਰਸ਼ ਨੇ 1947 ਈ: ਵਿੱਚ ਵਿਦੇਸ਼ੀ ਤਾਕਤਾਂ ਤੋਂ ਮੁਕਤੀ ਦਿਵਾਈ। ਅੱਜ ਲੋੜ ਇਹ ਸੀ ਕਿ ਇਹਨਾਂ ਮਹਾਨ ਲੋਕ-ਆਗੂਆਂ ਨੂੰ ਯਾਦ ਰੱਖਿਆ ਜਾਂਦਾ ਤੇ ਇਹਨਾਂ ਦੀ ਲੀਹ ਤੇ ਹੀ ਅੱਜ ਦੇ ਲੋਕਤੰਤਰ ਦੇ ਆਗੂ ਮਨੁੱਖੀ ਗੁਣਾਂ ਨੂੰ ਪਹਿਲ ਦਿੰਦੇ ਹੋਏ, ਚੰਗਾ ਰਾਜਨੀਤਿਕ ਢਾਂਚਾ ਤਿਆਰ ਕਰਦੇ ਤੇ ਹਰ ਪੱਖੋਂ ਮੁਲਕ ਦੀ ਖੁਸ਼ਹਾਲੀ ਬਾਰੇ ਸੋਚਿਆ ਜਾਂਦਾ, ਪਰ ਹੋਇਆ ਇਸਦੇ ਬਿਲਕੁਲ ਉਲਟ ਹੈ। ਰਾਜਨੀਤੀ ਸਿਰਫ਼ ਤੇ ਸਿਰਫ਼ ਸ਼ਕਤੀ ਦਾ ਇੱਕ ਸਾਧਨ ਬਣ ਕੇ ਰਹਿ ਗਈ ਹੈ। ਹਾਲ ਹੀ ਵਿੱਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ਦੀ ਉਦਾਹਰਣ ਸਾਹਮਣੇ ਹੈ। ਗ਼ੈਰ-ਸਮਾਜਿਕ, ਅੱਯਾਸ਼ ਤੇ ਨਿਕੰਮੇ ਵਿਅਕਤੀਆਂ ਨੂੰ ਧਨ ਦੇ ਜ਼ੋਰ ਤੇ ਚੋਣ ਲੜਾਈ ਜਾਂਦੀ ਹੈ। ਮੇਰੇ ਹੀ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਸਰਪੰਚ ਤੇ ਪੰਚ ਦੀਆਂ ਸੀਟਾਂ ਲਈ ਉਮੀਦਵਾਰਾਂ ਨੇ ਕ੍ਰਮਵਾਰ ਸੱਤ ਲੱਖ ਤੇ ਛੇ ਲੱਖ ਦੀ ਸ਼ਰਾਬ ਲੋਕਾਂ ਵਿੱਚ ਵਰਤਾਈ। ਇਹੋ ਜਿਹੇ ਆਗੂਆਂ ਤੋਂ ਤੁਸੀਂ ਕਿਹੜੇ ਇਖ਼ਲਾਕ ਜਾਂ ਲੋਕ-ਭਲਾਈ ਦੀ ਉਮੀਦ ਕਰ ਸਕਦੇ ਹੋ। ਦੂਸਰੇ ਪਾਸੇ ਮੁਲਕ ਦੇ ਲੋਕਾਂ ਦਾ ਇਹ ਹਾਲ ਹੈ ਕਿ ਉਹ ਮਨੁੱਖੀ ਔਗੁਣਾਂ-ਗੁਣਾਂ ਦੀ ਪਰਖ-ਪੜਚੋਲ ਕਰਨ ਦੇ ਕਾਬਿਲ ਹੀ ਨਹੀਂ ਰਹੇ ਜਾਂ ਫਿਰ ਉਹਨਾਂ ਦੀ ਸੋਚ ਇਸ ਕਦਰ ਨਾਕਾਰਾ ਕਰ ਦਿੱਤੀ ਗਈ ਹੈ। ਕਿਉਂਕਿ ਚੇਤਨਤਾ, ਜਾਗਰੂਕਤਾ ਸਾਡੇ ਇਹਨਾਂ ਬਹੁ-ਭਾਂਤੇ ਰਾਜਸੀ ਆਗੂਆਂ ਨੂੰ ਫੁੱਟੀ ਅੱਖ ਵੀ ਨਹੀਂ ਭਾਉਂਦੀ।
ਗੁਲਾਮ ਰਹੀਆਂ ਕੌਮਾਂ ਦੀ ਪਰਜਾ ਅਕਸਰ ਆਪਣੀ ਸੂਝ-ਬੂਝ ਤੇ ਸੋਚ ਗਵਾ ਬਹਿੰਦੀ ਹੈ। ਸਾਡੇ ਮੁਲਕ ’ਚ ਵੀ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਰਹੀ ਜਿਹੜੀ ਗੁਲਾਮੀ ਨੂੰ ਕਿਸਮਤ ਸਮਝ ਕੇ ਭੋਗਦੀ ਰਹੀ। ਤੇ ਅੱਜ ਵੀ ਮੁਲਕ ਦੀ ਆਬਾਦੀ ਦਾ ਵੱਡਾ ਹਿੱਸਾ ਸੰਵਿਧਾਨਿਕ ਹੱਕਾਂ ਤੋਂ ਜਾਣੂ ਨਹੀਂ, ਨਾ ਹੀ ਦੇਸ਼ ਦੇ ਲੋਕਤੰਤਰ ਵਿੱਚ ਆਪਣੇ ਯੋਗਦਾਨ ਦਾ ਪਤਾ ਹੈ। ਜੇ ਜਾਗਰੂਕ ਲੋਕਾਂ ਦੀ ਕੁਝ ਗਿਣਤੀ ਨੇ ਸੁਤੰਤਰਤਾ ਸੰਗਰਾਮ ਆਰੰਭਿਆ ਤਾਂ ਸਿੱਟਾ ਵਜੋਂ ਮੁਲਕ ਆਖ਼ਿਰ ਆਜ਼ਾਦ ਵੀ ਹੋਇਆ। ਉਹ ਜਾਗਰੂਕਤਾ ਫੇਰ ਕਿਧਰੇ ਸਿਮਟ ਕੇ ਖ਼ਾਮੋਸ਼ ਹੋ ਗਈ ਕਿਉਂ ਜੋ ਇਹ ਵਿਸ਼ਵਾਸ ਹੋ ਗਿਆ ਕਿ ਹੁਣ ਸਾਡੇ ਆਗੂ ਆਪਣੇ ਮੁਲਕ ਦੇ ਹਨ ਪਰ ਨਤੀਜਾ ਸਾਡੇ ਸਭ ਦੇ ਸਾਹਮਣੇ ਹੈ। ਆਜ਼ਾਦੀ ਦੇ ਅਰਥ ਤਾਂ ਇਹੀ ਹਨ ਕਿ ਉਹ ਹੁਣ ਜਾਗ ਪਏ ਹਨ। ਇਹਨਾਂ ਜਾਗੇ ਹੋਏ ਲੋਕਾਂ ਨੂੰ ਚੰਗੇ ਅਤੇ ਸੁਯੋਗ ਅਗਵਾਈ ਵਾਲੇ ਨੇਕ ਆਗੂਆਂ ਨੇ ਹੀ ਅੱਗੇ ਲੈ ਕੇ ਜਾਣਾ ਸੀ ਪਰ ਸਾਡੇ ਇਸ ਯੁੱਗ ਦੇ ਆਗੂ ਤਾਕਤ ਅਤੇ ਲਾਲਚ ਨੇ ਅੰਨ੍ਹੇ ਕਰ ਦਿੱਤੇ ਹਨ ਤੇ ਇਹੋ ਜਿਹੇ ਅੰਨ੍ਹੇ ਆਗੂਆਂ ਦੀ ਰਹਿਨੁਮਾਈ ਹੇਠ ਸਿਰਫ਼ ਅਣਮਨੁੱਖੀ ਯੁੱਗ ਹੀ ਵਿਗਸੇਗਾ। ਇਹ ਬਹੁਤ ਸਾਰੇ ਸਵਾਲ ਸਾਡੇ ਸਾਰਿਆਂ ਦੇ ਸਨਮੁਖ ਹਨ। ਕੀ ਸਾਡਾ ਰਾਜਨੀਤਿਕ ਢਾਂਚਾ, ਸਮਾਜਿਕ-ਆਰਥਿਕ ਯੋਜਨਾਵਾਂ ਉਲੀਕਣ ਵਾਲੇ ਬੁੱਧੀਜੀਵੀ ਜਾਂ ਫਿਰ ਇਹ ਆਗੂ ਇਹਨਾਂ ਸਵਾਲਾਂ ਦਾ ਉੱਤਰ ਦੇਣ ਦੇ ਸਮਰੱਥ ਹਨ? ਕਿਸੇ ਵੀ ਵਿਅਕਤੀ ਲਈ ਮੁਲਕ ਦਾ ਮਸਲਾ ਪਹਿਲਾ ਅਤੇ ਇਖ਼ਲਾਕੀ ਤੌਰ ’ਤੇ ਜ਼ਰੂਰੀ ਹੋਣਾ ਚਾਹੀਦਾ ਹੈ। ਹੁਣ ਲੋੜ ਹੈ ਅਤਿਅੰਤ ਗੰਭੀਰਤਾ ਨਾਲ ਸੋਚਣ ਦੀ ਤੇ ਵਿਚਾਰਨ ਦੀ, ਕਿ ਸਾਡੇ ਆਗੂ ਕਿਹੋ ਜਿਹੇ ਹੋਣੇ ਚਾਹੀਦੇ ਹਨ।