Thu, 21 November 2024
Your Visitor Number :-   7255894
SuhisaverSuhisaver Suhisaver

ਭਾਰਤ ਦੀ ਨਿਰਤ ਕਲਾ:ਪਰੰਪਰਾ ਤੇ ਮਹੱਤਵ - ਡਾ. ਰਵਿੰਦਰ ਕੌਰ ‘ਰਵੀ’

Posted on:- 01-08-2014

suhisaver

ਨਿਰਤ ਕਲਾ ਏਨੀ ਹੀ ਪੁਰਾਤਨ ਹੈ, ਜਿਨਾ ਪੁਰਾਣਾ ਮਨੁੱਖ। ਜਦੋਂ ਤੋਂ ਮਨੁੱਖ ਨੇ ਆਪਣੇ ਭਾਵਾਂ ਨੂੰ ਅੰਗ ਸੰਚਾਲਨ ਦੁਆਰਾ ਪਰਗਟ ਕਰਨ ਦਾ ਯਤਨ ਕੀਤਾ, ਉਦੋਂ ਤੋਂ ਹੀ ਨਿਰਤ ਕਲਾ ਦਾ ਆਰੰਭ ਹੋਇਆ॥ ਭਾਰਤੀ ਸਾਹਿਤ ਵਿਚ ਵਰਣਿਤ ਚੌਦਾਂ ਵਿਦਿਆ ਅਤੇ ਚੌਂਠ ਕਲਾਵਾਂ ਵਿੱਚ ਨਿਰਤ ਕਲਾ ਵੀ ਸ਼ਾਮਲ ਹੈ। ‘ਸੰਗੀਤ’ ਸ਼ਬਦ ਦੇ ਅੰਤਰਗਤ ਗਾਇਨ, ਵਾਦਨ ਅਤੇ ਨਿਰਤ ਇਨ੍ਹਾਂ ਤਿੰਨਾਂ ਕਲਾਵਾਂ ਦਾ ਸਮਾਵੇਸ਼ ਹੁੰਦਾ ਹੈ। ਆਚਾਰੀਆ ਸਾਰੰਗ ਦੇਵ ਅਤੇ ਪੰਡਿਤ ਦਮੋਦਰ ਦਾ ਕਥਨ ਹੈ: ਗਾਇਨ, ਵਾਦਨ, ਨਿਰਤ ਤਿੰਨੋ ਕਲਾਵਾਂ ਦਾ ਸਮੂਹ ਵਾਚਕ ਨਾਮ ‘ਸੰਗੀਤ’ ਹੈ।ਪੰਡਿਤ ਵਿਸ਼ਨੂੰ ਨਾਰਾਇਣ ਭਾਤਖੰਡੇ ਅਨੁਸਾਰ, “ਸੀਮਤ ਅਰਥਾਂ ਵਿਚ ‘ਸੰਗੀਤ’ ਸ਼ਬਦ ਤੋਂ ਕੰਠ-ਸੰਗੀਤ (ਗਾਇਨ) ਦਾ ਹੀ ਬੋਧ ਹੁੰਦਾ ਹੈ ਫਿਰ ਵੀ ਹਿੰਦੂ-ਹਿਰਦੈ ਵਿਚ ਕੰਠ ਸੰਗੀਤ, ਸਾਜ਼ ਸੰਗੀਤ ਅਤੇ ਨ੍ਰਿਤ ਇੰਨੇ ਡੂੰਘੇ ਰੂਪ ਵਿਚ, ਇਕ ਦੂਜੇ ਨਾਲ ਸਬੰਧਤ ਰਹੇ ਹਨ ਕਿ ਪਰਾਚੀਨ ਲੇਖਕਾਂ ਨੇ ‘ਸੰਗੀਤ’ ਸ਼ਬਦ ਦਾ ਪ੍ਰਯੋਗ ਤਿੰਨਾਂ ਸਹਿਯੋਗੀ ਕਲਾਵਾਂ ਦੇ ਰੂਪ ਵਿਚ ਕੀਤਾ ਹੈ।” ਪੱਛਮੀ ਦੇਸ਼ਾਂ ਵਿਚ ਨਰਿਤ ਕਲਾ ਨੂੰ ਸੰਗੀਤ ਤੋਂ ਵੱਖਰੀ ਜਾਂ ਉਪ-ਕਲਾ ਮੰਨਿਆ ਜਾਂਦਾ ਹੈ।



ਭਾਰਤ ਵਿਚ ਵੈਦਿਕ ਯੁੱਗ ਤੋਂ ਪਹਿਲਾਂ ਨਿਰਤ ਪਰੰਪਰਾ ਦੇ ਪ੍ਰਮਾਣ ਮਿਲਦੇ ਹਨ। ਮਿਥਿਹਾਸਿਕ ਪੱਖ ਤੋਂ ਭਾਰਤੀ ਪਰੰਪਰਾ ਵਿੱਚ ਭਗਵਾਨ ਸ਼ਿਵ ਨੂੰ ਨਿਰਤ ਕਲਾ ਦਾ ਮੋਢੀ ਮੰਨਿਆ ਜਾਂਦਾ ਹੈ। ਪਰਾਚੀਨ ਗ੍ਰੰਥਾਂ ਵਿੱਚ ਨਿਰਤ ਕਲਾ ਦੇ ਤਾਂਡਵ ਅਤੇ ਲਾਸਯ (ਸ਼ਿਵ ਦੀ ‘ਤਾਂਡਵ’ ਅਤੇ ਪਾਰਬਤੀ ਦੀ ‘ਲਾਸਯ’ ਨਿਰਤ ) ਦੋ ਮੁੱਖ ਭੇਦ ਲਿਖੇ ਮਿਲਦੇ ਹਨ। ਤੰਡ ਰਿਖੀ ਦੀ ਚਲਾਈ ਹੋਈ ਨੱਚਣ ਦੀ ਰੀਤਿ ‘ਤਾਂਡਵ’ ਹੈ। ਉਛਲਵਾਂ ਨਾਚ, ਕੁਦਾੜੀਆਂ ਮਾਰ ਕੇ ਨੱਚਣ ਦੀ ਕ੍ਰਿਆ ਦਾ ਨਾਮ ਤਾਂਡਵ ਹੈ। ਨਿਰਤ ਦਾ ਤੀਜਾ ਭੇਦ ‘ਤ੍ਰਿਭੰਗੀ’ ਹੈ। ਸ੍ਰੀ ਕ੍ਰਿਸ਼ਣ ਨੇ ਕਾਲਿਯ ਨਾਗ ਨੂੰ ਨੱਥ ਕੇ, ਉਸਦੇ ਫਨ ਉਪਰ ਜੋ ਨ੍ਰਿਤਯ ਕੀਤਾ, ਉਸਨੂੰ ‘ਤ੍ਰਿਭੰਗੀ’ ਨਿਰਤ ਕਿਹਾ ਗਿਆ ਹੈ॥ ਭਗਵਾਨ ਸ਼ਿਵ ਦੀ ਆਗਿਆ ਨਾਲ ਹੀ ਅੱਗੇ ਇਹ ਕਲਾ ਭਰਤਮੁਨੀ ਨੂੰ ਪ੍ਰਾਪਤ ਹੋਈ। ਭਰਤ ਦੇ ‘ਨਾਟਯ ਸ਼ਾਸਤ੍ਰ’ ਤੇ ਆਧਾਰਿਤ ਭਾਰਤੀ ਸ਼ਾਸਤਰੀ ਨਿਰਤ ਦੀ ਮੂਲ ਭਾਵਨਾ ਧਾਰਮਕ ਰਹੀ ਹੈ, ਪਰੰਤੂ ਸਮਾਂ ਬੀਤਣ ਨਾਲ ਭੋਗ ਵਿਲਾਸ ਪ੍ਰਵਿਰਤੀ ਦੇ ਲੋਕਾਂ ਨੇ ਇਸ ਕਲਾ ਨੂੰ ਇਸਦੇ ਮੁੱਖ ਪ੍ਰਯੋਜਨ ਤੋਂ ਦੂਰ ਕਰ ਦਿੱਤਾ।

ਸਿੰਧ ਘਾਟੀ ਦੀ ਸਭਿਅਤਾ ਦੀਆਂ ਪ੍ਰਾਪਤ ਕੁਝ ਨਿਰਤ ਸਬੰਧੀ ਮੂਰਤੀਆਂ ਇਸ ਗੱਲ ਦਾ ਪ੍ਰਮਾਣ ਹਨ, ਕਿ ਉਸ ਸਮੇਂ ਨਿਰਤ ਕਲਾ ਆਮ ਜਨਤਾ ਦੇ ਮੰਨੋਰੰਜਨ ਦਾ ਮਾਧਿਅਮ ਸੀ। ਵੈਦਿਕ ਯੁੱਗ ਵਿੱਚ ਅਧਿਆਤਮ ਉਦੇਸ਼ ਦੀ ਪ੍ਰਾਪਤੀ ਦੇ ਮਾਧਿਅਮ ਵਜੋਂ ਨਿਰਤ ਪੁਰਸ਼ਾਂ ਅਤੇ ਔਰਤਾਂ ਦੋਵਾਂ ਵੱਲੋਂ ਕੀਤਾ ਜਾਂਦਾ ਸੀ॥ ਪਰਾਚੀਨ ਕਾਲ ਤੋਂ ਹੀ ਭਾਰਤੀ ਸਮਾਜ ਵਿਚ ਨੱਚਣ-ਗਾਉਣ ਦੀ ਲਲਿਤ ਕਲਾ ਦਾ ਪਰਦਰਸ਼ਨ ਮੁੱਖ ਤੌਰ `ਤੇ ਇਸਤਰੀਆਂ ਦੁਆਰਾ ਹੀ ਹੰੁਦਾ ਰਿਹਾ ਹੈ॥ਵੈਦਿਕ ਸਾਹਿਤ ਅਤੇ ਪਰਾਚੀਨ ਮਿਸਰ ਦੀ ਸਭਿਅਤਾ ਵਿੱਚ ਵਿੱਚ ਦੈਵੀ ਨ੍ਰਤਕੀਆਂ ਦੇ ਰੂਪ ਵਿੱਚ ਅਪਸਰਾਵਾਂ ਦਾ ਉਲੇਖ ਮਿਲਦਾ ਹੈ। ਨਾਟਯ ਸ਼ਾਸਤਰ ਅਤੇ ਨਟਸੂਤ੍ਰ ਜਿਹੇ ਪਰਾਚੀਨ ਗ੍ਰੰਥਾਂ ਵਿੱਚ ਨਿਰਤ ਕਲਾ ਦਾ ਬਹੁਪੱਖੀ ਵਿਵਰਣ ਮਿਲਦਾ ਹੈ।

ਭਾਰਤ ਦੇ ਵਿਭਿੰਨ ਪ੍ਰਦੇਸ਼ਾਂ ਵਿੱਚ ਅੱਜ ਨਿਰਤ ਦੀਆਂ ਅਨੇਕ ਸ਼ੈਲੀਆਂ ਪਾਈਆਂ ਜਾਂਦੀਆਂ ਹਨ। ਦੱਖਣ-ਭਾਰਤੀ ਮੰਦਿਰਾਂ ਵਿੱਚ ਦੇਵ ਆਰਧਨਾ ਲਈ ਪ੍ਰਸਤੁਤ ਕੀਤੇ ਜਾਣ ਵਾਲੇ ਨ੍ਰਿਤ-‘ਭਰਤਨਾਟਯਮ’ ਵਿਚ ਨਿਰਤ ਅਤੇ ਅਭਿਨੈ ਦੀ ਪ੍ਰਧਾਨਤਾ ਰਹਿੰਦੀ ਹੈ। ਆਰੰਭ ਵਿੱਚ ਇਹ ਦੇਵਦਾਸੀਆਂ ਦੁਆਰਾ ਮੰਦਿਰਾਂ ਦੀ ਚਾਰਦਵਾਰੀ ਤੱਕ ਸੀਮਤ ਸੀ ਅਤੇ ਇਸਨੂੰ ਦੇਵਦਾਸੀਅਟਮ ਕਿਹਾ ਜਾਂਦਾ ਸੀ, ਪਰੰਤੂ ਹੁਣ ਇਹ ਔਰਤਾਂ, ਪੁਰਸ਼ਾਂ ਵੱਲੋਂ ਸੁਤੰਤਰ ਪ੍ਰਚਾਰ ਵਿੱਚ ਹੈ।
ਦੱਖਣ ਭਾਰਤ ਦੇ ਕੇਰਲ ਪ੍ਰਦੇਸ਼ ਦਾ ਮੁੱਖ ਨਿਰਤ ‘ਕਥਕਲੀ’ ਹੈ। ‘ਕਥਾ’ ਦਾ ਅਰਥ ਹੈ ਕਹਾਣੀ ਅਤੇ ‘ਕਲੀ’ ਦਾ ਅਰਥ ਖੇਲ। ਕਿਸੇ ਕਹਾਣੀ ਦੀ ਵੱਡੇ ਵੱਡੇ ਮੁਖੌਟੇ ਲਗਾ ਕੇ ਸੰਗੀਤਮਈ ਪੇਸ਼ਕਾਰੀ ਦਾ ਨਾਮ ਕਥਕਲੀ ਹੈ।

ਭਾਰਤ ਦੇ ਆਸਾਮ ਪ੍ਰਦੇਸ਼ ਦਾ ਮੁੱਖ ਨਿਰਤ ‘ਮਣੀਪੁਰੀ’ ਨਾਮ ਨਾਲ ਜਾਣਿਆ ਜਾਂਦਾ ਹੈ, ਜਿਸਦਾ ਮੁੱਖ ਪ੍ਰਯੋਜਨ ਧਾਰਮਕ ਅਤੇ ਪੌਰਾਣਿਕ ਗਾਥਾਵਾਂ ਦਾ ਪ੍ਰਦਰਸ਼ਨ ਹੈ।

ਨਿਰਤ ਦੀ ਇੱਕ ਹੋਰ ਭਾਵ ਪ੍ਰਧਾਨ ਸ਼ੈਲੀ ‘ਕਥਕ’ ਨਾਮ ਨਾਲ ਜਾਂਦੀ ਹੈ, ਭਾਵ ਪ੍ਰਧਾਨ ਨਿਰਤ ਕਥਕ ਵਿੱਚ ਤਾਲ ਦਾ ਵਿਸ਼ੇਸ਼ ਮਹੱਤਵ ਹੈ। ਇਸ ਵਿੱਚ ਤਿਹਾਈ ਦਾ ਪ੍ਰਯੋਗ ਵਿਸ਼ੇਸ਼ ਜਿਕਰਯੋਗ ਹੈ।

ਆਂਧਰਾ ਪ੍ਰਦੇਸ਼ ਦੇ ਪਰਮੁੱਖ ਨਿਰਤ ‘ਕੁਚੀਪੁੜੀ’ ਦਾ ਆਰੰਭ ਈਸਾ ਤੋਂ ਪਹਿਲਾ ਹੋਇਆ, ਜੋ ਮੂਲ ਰੂਪ ਵਿੱਚ ਵੈਸ਼ਨਵ ਭਗਤੀ ਭਾਵਨਾ ਵਾਲਾ ਹੈ। ਹਿੰਦੂ ਧਰਮ ਅਤੇ ਕਥਾਵਾਂ ਦੀ ਲੋਕਪ੍ਰਿਯਤਾ ਲਈ ਸਮਾਜ ਦੇ ਬ੍ਰਾਹਮਣ ਵਰਗ ਨੇ ਇਸਦੇ ਪ੍ਰਚਾਰ-ਪ੍ਰਸਾਰ ਲਈ ਵਿਸ਼ੇਸ਼ ਯੋਗਦਾਨ ਪਾਇਆ। ‘ਓੜੀਸੀ’ ਨਿਰਤ ਵੀ ਭਗਤੀ ਪ੍ਰਧਾਨ ਹੈ, ਜਿਸ ਵਿਚ ਜਯਦੇਵ ਦੀ ਅਸ਼ਟਪਦੀ ਦਾ ਗਾਇਨ ਉਚੇਚੇ ਤੌਰ `ਤੇ ਕੀਤਾ ਜਾਂਦਾ ਹੈ। ਸ਼ਿੰਗਾਰ ਰਸ ਪ੍ਰਧਾਨ ਨਿਰਤ ਸ਼ੈਲੀਆਂ ਵਿੱਚ ਇਸ ਦਾ ਪਰਮੁੱਖ ਸਥਾਨ ਹੈ।

ਕੇਰਲ ਪ੍ਰਦੇਸ਼ ਦੇ ਮੁੱਖ ਨਿਰਤ ‘ਮੋਹਿਨੀਅੱਟਮ’ ਵਿੱਚ ਦਰਬਾਰੀ ਗੀਤ ਸੰਗੀਤ ਦੀ ਪ੍ਰਧਾਨਤਾ ਰਹਿੰਦੀ ਹੈ, ਜਿਸ ਵਿੱਚ ਭਾਰਤ ਨਾਟਯਮ ਤੇ ਕਥਾਕਲੀ ਸ਼ੈਲੀਆਂ ਦਾ ਸਮਾਵੇਸ ਵੇਖਣ ਨੂੰ ਮਿਲਦਾ ਹੈ, ਅਤੇ ਸ਼ਿੰਗਾਰ ਰਸ ਪ੍ਰਧਾਨ ਹੈ। ਵਿਸ਼ੇਸ਼ ਭਗਵਾਨ ਵਿਸ਼ਨੂੰ ਦੇ ਮੋਹਿਨੀ ਰੂਪ ਨਾਲ ਸਬੰਧਤ ਹੈ। ਮਿਥਿਹਾਸਿਕ ਪੱਖ ਤੋਂ ‘ਵਿਸ਼ਨੂੰ’ ਦਾ ਇੱਕ ਅਵਤਾਰ, ਦੈਵ ਦੈਤਾਂ ਵਿੱਚ ਅੰਮ੍ਰਿਤ ਵੰਡਣ ਦਾ ਝਗੜਾ ਨਿਬੇੜਣ ਲਈ ‘ਮੋਹਿਨੀ’ ਇੱਕ ਸੁੰਦਰ ਇਸਤਰੀ ਦੇ ਰੂਪ ਵਿੱਚ ਪਰਗਟ ਹੋਇਆ ਸੀ।ਸਪੱਸ਼ਟ ਹੈ ਕਿ ਆਮ ਜਨਤਾ ਦੇ ਮੰਨੋਰੰਜਨ ਦੇ ਮਾਧਿਅਮ ‘ਨਿਰਤ’ ਦਾ ਅਧਿਆਤਮ ਨਾਲ ਵੀ ਗਹਿਰਾ ਸਬੰਧ ਹੈ।
       
ਸੰਪਰਕ: +91  84378 22296

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ