ਤੁਸੀਂ ਲਿਖਦੇ ਕਿਉੇਂ ਹੋ? -ਏਦੋਆਦਰੋ ਗਾਲੇਆਨੋ
Posted on:- 24-07-2014
ਅਨੁਵਾਦ : ਮਨਦੀਪ
ਸੰਪਰਕ: +91 98764 42052
ਜਦੋਂ ਕਿਸਾਨਾਂ-ਮਜ਼ਦੂਰਾਂ ਸਮੇਤ ਆਬਾਦੀ ਦੇ ਵੱਡੇ ਹਿੱਸੇ ਦੀ ਆਜ਼ਾਦੀ ਖਤਮ ਕੀਤੀ ਜਾ ਰਹੀ ਹੋਵੇ ਤਦ ਸਿਰਫ ਲੇਖਕਾਂ ਨੂੰ ਕੁਝ ਰਿਆਇਤਾਂ ਜਾਂ ਸਹੂਲਤਾਂ ਮਿਲਣ, ਇਸ ਗੱਲ ਨਾਲ ਮੈਂ ਸਹਿਮਤ ਨਹੀਂ ਹਾਂ। ਪ੍ਰਬੰਧ ‘ਚ ਵੱਡੀਆਂ ਤਬਦੀਲੀਆਂ ਨਾਲ ਹੀ ਸਾਡੀ ਆਵਾਜ਼ ਅਲੀਟ ਮਹਿਫਿਲਾਂ ‘ਚੋਂ ਨਿਕਲਕੇ ਖੁੱਲ੍ਹੇ ਅਤੇ ਲੁਕਵੇਂ ਸਾਰੀਆਂ ਰੋਕਾਂ ਨੂੰ ਖਤਮ ਕਰਕੇ ਉਨ੍ਹਾਂ ਲੋਕਾਂ ਤੱਕ ਪਹੁੰਚੇਗੀ ਜਿਨ੍ਹਾਂ ਨੂੰ ਸਾਡੀ ਜ਼ਰੂਰਤ ਹੈ ਅਤੇ ਜਿਸਦੀ ਲੜਾਈ ਦਾ ਅੰਗ ਅਸੀਂ ਬਣਨਾ ਹੈ। ਹੁਣ ਦੇ ਦੌਰ ‘ਚ ਤਾਂ ਸਾਹਿਤਨੂੰ ਇਸ ਗੁਲਾਮ ਸਮਾਜ ਦੀ ਆਜ਼ਾਦੀ ਦੀ ਲੜਾਈ ਦੀ ਉਮੀਦ ਹੀ ਬਣਨਾਹੈ।
ਇਸੇ ਤਰ੍ਹਾਂ, ਇਹ ਸੋਚਣਾ ਵੀ ਗਲਤ ਹੋਵੇਗਾ ਕਿ ਜਿਊਣ ਦੇ ਰੋਜ਼ ਦੇ ਸੰਘਰਸ਼ਾਂ ਨਾਲ ਜੂਝ ਰਹੀ ਬਦਹਾਲ ਜਨਤਾ ਸਿਰਫ ਕਲਾ ਅਤੇ ਸਾਹਿਤ ਦੇ ਸਾਧਨ ਨਾਲ ਆਪਣੀ ਖੋਹੀ ਜਾ ਚੁੱਕੀ ਸਿਰਜਣ ਸਮਰੱਥਾ ਨੂੰ ਦੁਬਾਰਾ ਪਾ ਸਕੇਗੀ। ਜ਼ਿੰਦਗੀ ਦੀਆਂ ਕੌੜੀਆਂ ਸੱਚਾਈਆਂ ਦੇ ਮਾਰੇ ਕਿੰਨੇ ਹੀ ਪ੍ਰਤਿਭਾਸ਼ਾਲੀ ਲੋਕ ਕੁਝ ਕਰਨ ਤੋਂ ਪਹਿਲਾਂ ਹੀ ਵਕਤ ਦੇ ਹਨੇਰੇ ‘ਚ ਗੁੰਮ ਜਾਂਦੇ ਹਨ। ਕਿੰਨੇ ਹੀ ਲੇਖਕਾਂ ਅਤੇ ਕਲਾਕਾਰਾਂ ਨੂੰ ਤਾਂ ਆਪਣੇ ਅੰਦਰ ਲੁਕੀ ਹੋਈ ਦੁਨੀਆਂ ਰਚਣ-ਘੜਨ ਦੀ ਤਾਕਤ ਦਾ ਅਹਿਸਾਸ ਹੀ ਨਹੀਂ ਹੋ ਪਾਉਂਦਾ।
ਦੂਜੇ ਪਾਸੇ, ਜਿੰਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਰਾਜਨੀਤਿਕ ਆਰਥਿਕ ਹੋਂਦ ਦੇ ਲਈ ਵਿਦੇਸ਼ੀਂ ਮਾਲਕਾਂ ਉਪਰ ਨਿਰਭਰ ਹਨ ਉਥੇ ਸੱਚਮੁੱਚ ਜ਼ਮੀਨੀ ਹਾਲਤਾਂ ਚੋਂ ਨਿਕਲੇ ਕਿਸੇ ‘ਰਾਸ਼ਟਰੀ ਸੱਭਿਆਚਾਰ’ ਦੀ ਸੰਭਾਵਨਾ ਹੈ ? ਜੇਕਰ ਇਵੇਂ ਨਹੀਂ ਹੈ ਤਾਂ ਫਿਰ ਲਿਖਣਾ ਕਿਉਂ ਅਤੇ ਕਿਸਦੇ ਲਈ ਹੋਵੇ ਕਿਉਂਕਿ ਜਿਸ ਤਰ੍ਹਾਂ ਹੁਣ ਤੱਕ ਦਾ ਇਤਿਹਾਸ ਆਪਣੇ ਪਿੱਛੇ ਦੀ ਤਮਾਮ ਸਾਰੀ ਰਾਜਨੀਤਿਕ-ਆਰਥਿਕ ਪ੍ਰਤੀਕਿਰਿਆਵਾਂ ਨੂੰ ਸਮੇਟਦਾ ਹੈ ਉਸੇ ਤਰ੍ਹਾਂ ਸੱਭਿਆਰਚਾਰ ਵੀ ਜ਼ਮੀਨੀ ਹਾਲਤਾਂ ਦੀ ਬੁਨਿਆਦ ਉਪਰ ਹੀ ਬਣਦਾ ਅਤੇ ਬਦਲਦਾ ਰਹਿੰਦਾ ਹੈ। ਜੇਕਰ ਅਸੀਂ ਇਹ ਮੰਨਦੇ ਹਾਂ ਕਿ ਸਮਾਜਿਕ ਵਿਕਾਸ ਦੇ ਅਲੱਗ-ਅਲੱਗ ਦੌਰ ‘ਚ ਬਣਦੇ-ਬਦਲਦੇ ਰਾਜਨੀਤਿਕ-ਆਰਥਿਕ ਹਾਲਤਾਂ ‘ਚ ਕੁੱਝ ਨਵੇਂ ਬੰਧਨ ਆਉਂਦੇ ਹਨ ਅਤੇ ਕੁਝ ਪੁਰਾਣੇ ਪੈ ਚੁੱਕੇ ਬੰਧਨ ਟੁੱਟਦੇ ਹਨ (ਜਿਵੇਂ ਕਿ ਜਗੀਰਦਾਰੀ ਤੋਂ ਪੂੰਜੀਵਾਦ ਦੇ ਦੌਰ ਦੇ ਮਨੁੱਖੀ ਸਫਰ ‘ਚ ਸਮਾਜਿਕ ਸਬੰਧਾਂ ਦੇ ਬਦਲਦੇ ਰੂਪਾਂ ‘ਚ ਵੇਖਣ ਨੂੰ ਮਿਲਦਾ ਹੈ) ਤਦ, ਮਨੁੱਖੀ ਗੌਰਵ ਦੁਬਾਰਾ ਜਿੱਤਣ ਦਾ ਸੰਘਰਸ਼ ਛੇੜਣ ਅਤੇ ਵਧਾਉਣ ਦੀ ਜ਼ਰੂਰਤ ਦਾ ਅਹਿਸਾਸ ਕਰਵਾਉਣ ‘ਚ ਸਾਹਿਤ ਦੀ ਇਨਕਲਾਬੀ ਭੂਮਿਕਾ ਸਵੀਕਾਰ ਕਰਨੀ ਹੋਵੇਗੀ। ਸਰਕਾਰ ‘ਚ ਬੈਠੇ ਲੋਕ ਹਾਸ਼ੀਏ ਤੇ ਖੜ੍ਹੇ ਲੋਕਾਂ ਨੂੰ ਟੀ.ਵੀ. ਅਤੇ ਸਰਕਾਰੀ ਫਾਇਲਾਂ ਦੁਆਰਾ ਪਰੋਸੀ ਜਾ ਰਹੀ ਸੁਪਨੀਲੀ ਅਤੇ ਲੁਭਾਵਨੀ ਦੁਨੀਆਂ ਦਾ ਧੋਖਾ ਹੀ ਪਰੋਸਦੇ ਹਨ। ਇਵੇਂ ਕਦੇ ਵੀ ਪੂਰਾ ਨਾ ਹੋਣ ਵਾਲੇ ਸੁਪਨਿਆਂ ਦੇ ਜਾਲ ‘ਚ ਫਸੀ ਅਤੇ ਆਪਣੇ ਆਲੇ-ਦੁਆਲੇ ਦੀਆਂ ਸੱਚਾਈਆਂ ਤੋਂ ਅਨਜਾਣ ਲੋਕ ਆਪਣੇ ਅਧਿਕਾਰਾਂ ਦੇ ਲਈ ਸੰਘਰਸ਼ ਦੀ ਜ਼ਰੂਰਤ ਖੁਦ ਹੀ ਸਮਝ ਜਾਣਗੇ, ਤਾਂ ਕੀ ਅਜਿਹੇ ‘ਚ ਲੋਕਾਂ ਨੂੰ ਲੜਨ ਦੀ ਜ਼ਰੂਰਤ ਦਾ ਅਹਿਸਾਸ, ਚਾਹੇ ਪ੍ਰਤੱਖ ਜਾਂ ਆਪ੍ਰਤੱਖ, ਸਾਹਿਤ ਨਹੀਂ ਕਰਾ ਸਕਦਾ ?
ਮੇਰੀ ਸਮਝ ਨਾਲ ਇਹ ਬਹੁਤ ਕੁਝ ਇਸ ਗੱਲ ਤੋਂ ਤੈਅ ਹੁੰਦਾ ਹੈ ਕਿ ਲੇਖਕ ਆਪਣੇ ਲੋਕਾਂ ਦੀ ਪਹਿਚਾਣ, ਉਨ੍ਹਾਂ ਦੇ ਕੰਮਕਾਰ ਅਤੇ ਉਨ੍ਹਾਂ ਦੀ ਕਿਸਮਤ ਨੂੰ ਬਣਾਉਣ ਬਦਲਣ ਵਾਲੇ ਹਾਲਾਤਾਂ ਦੇ ਨਾਲ ਕਿੰਨੀ ਗਹਿਰਾਈ ਨਾਲ ਜੁੜੇ ਹਨ। ਨਾਲ ਹੀ, ਸਾਹਿਤ ਦੀ ਇਹ ਭੂਮਿਕਾ ਪ੍ਰਬੰਧ ਦੁਆਰਾ ਥੋਪੇ ਗਏ ‘ਰਾਸ਼ਟਰੀ ਸੱਭਿਆਚਾਰ’ ਦੇ ਖਿਲਾਫ ਲੋਕਾਂ ਦੇ ਸੰਘਰਸ਼ ਅਤੇ ਅਰਮਾਨਾਂ ਨੂੰ ਆਵਾਜ਼ ਦਿੰਦੇ ਸੱਚੇ ਵਿਦਰੋਹ ਦੇ ਸੱਭਿਆਚਾਰ’ ਨੂੰ ਪਹਿਚਾਨਣ ਅਤੇ ਉਭਾਰਨ ਦੀ ਲੇਖਕਾਂ ਦੀ ਸਮਰੱਥਾ ਉੱਤੇ ਵੀ ਨਿਰਭਰ ਹੈ, ਕਿਉਂਕਿ ਹੁੰਦਾ ਇਹ ਹੈ ਕਿ ਜ਼ਿਆਦਾਤਰ ਮੌਕਿਆਂ ੳੱੁਤੇ ਸਰਕਾਰੀ ਸੱਭਿਆਚਾਰ ਦੇ ਵਿਰੁੱਧ ਆਕਾਰ ਲੈ ਰਹੇ ਬਗਾਵਤ ਦੇ ਸੱਭਿਆਚਾਰ ਨੂੰ ਅਸੱਭਿਆਚਾਰ ਦੱਸਕੇ ਖਾਰਜ ਕਰ ਦਿੱਤਾ ਜਾਂਦਾ ਹੈ ਕਿਉਂਕਿ ਨਾ ਤਾਂ ਇਸਦੇ ਕੋਲ ਬਾਜ਼ਾਰ ਅਤੇ ਟੀ.ਵੀ ਦੀ ਤਾਕਤ ਹੈ ਅਤੇ ਨਾ ਹੀ ਇਹ ਸਭ ਨੂੰ ਸੁਪਨੀਲੀ ਦੁਨੀਆਂ ਦੇ ਵਾਅਦੇ ਕਰਦਾ ਹੈ। ਇਸਨੂੰ ਅਕਸਰ ‘ਅਲੀਟ’ ਤਬਕੇ ਦੁਆਰਾ ਭੋਗੀ ਅਤੇ ਪ੍ਰਬੰਧ ਦੁਆਰਾ ਥੋਪੇ ਜਾ ਰਹੇ ਸੱਭਿਆਚਾਰ ਦਾ ਹੀ ਵਿਗੜਿਆ ਰੂਪ ਦੱਸਿਆ ਜਾਂਦਾ ਹੈ। ਪਰ, ਕਦੇ-ਕਦੇ ਆਮ ਲੋਕਾਂ ਦੀਆਂ ਯਾਦਾਂ ‘ਚ ਵਸਿਆ ਇਤਿਹਾਸ ਕਿਸੇ ਪੇਸ਼ਾਵਰ ਲੇਖਕ ਦੇ ਵੱਡੇ ਨਾਵਲ ਤੋਂ ਕਿਤੇ ਜ਼ਿਆਦਾ ਸੱਚ ਬਿਆਨ ਕਰਦਾ ਹੈ ਅਤੇ ਜ਼ਿੰਦਗੀ ਦੀ ਅਸਲੀ ਖੁਸ਼ਬੋ ਭਾਸ਼ਾ ਦੇ ਸਾਰੇ ‘ਨਿਯਮ’ ਉੱਤੇ ਖਰੀਆਂ ਉਤਰਨ ਦਾ ਦਾਅਵਾ ਕਰਨ ਵਾਲੀਆਂ ਕਵਿਤਾਵਾਂ ਤੋਂ ਜ਼ਿਆਦਾ ਕੁਝ ਬੇਨਾਮੀ ਲੋਕ ਗੀਤਾਂ ‘ਚ ਆਬਾਦ ਹੁੰਦੀ ਹੈ। ਇਸੇ ਤਰ੍ਹਾਂ ਦੁੱਖ-ਦਰਦ ਅਤੇ ਉਮੀਦ ਦੇ ਹਜ਼ਾਰਾਂ ਰੰਗ ਸਮੇਟੇ ਹੋਏ ਲੋਕਾਂ ਦੀ ਆਪ ਬੀਤੀ ‘ਲੋਕਾਂ’ ਦੇ ਨਾਮ ਉੱਤੇ ਲਿਖੀ ਗਈ ਕਿਸੇ ਵੀ ਕਿਤਾਬ ਤੋਂ ਜ਼ਿਆਦਾ ਅਸਰਦਾਰ ਹੁੰਦੀ ਹੈ।
ਸਾਡੀ ਅਸਲੀ ਪਹਿਚਾਣ ਇਤਿਹਾਸ ਤੋਂ ਜਨਮਦੀ ਅਤੇ ਅਕਾਰ ਲੈਂਦੀ ਹੈ ਅਤੇ ਜੋ ਪੱਥਰ ਤੇ ਪਏ ਪੈਰਾਂ ਦੇ ਗਹਿਰੇ ਨਿਸ਼ਾਨ ਦੀ ਤਰ੍ਹਾਂ ਸਮੇਂ ਦੇ ਅਲੱਗ-ਅਲੱਗ ਪੜਾਵਾਂ ਤੋਂ ਹੋ ਕੇ ਗੁਜ਼ਰੇ ਸਾਡੇ ਸਫਰ ਦਾ ਗਵਾਹ ਬਣੀ ਹੈ। ਪਰ, ਇਤਿਹਾਸ ਤੋਂ ਇਹ ਜੜ੍ਹ ਹੋਈਆਂ ਪੁਰਾਣੀਆਂ ਚੀਜ਼ਾਂ ਅਤੇ ਯਾਦਾਂ ਨਾਲ ਚਿੰਬੜੇ ਰਹਿਣਾ ਨਹੀਂ ਹੈ ਜੋ ਬੜੀ ਸੌਖ ਨਾਲ ਕੱਟੜਤਾ ਦਾ ਵੀ ਰੂਪ ਲੈ ਸਕਦਾ ਹੈ। ਇਸੇ ਤਰ੍ਹਾਂ ਇਹ ਵੀ ਤੈਅ ਹੈ ਕਿ ਹੁਣ ਤੱਕ ਦੱਬੀ ਹੋਈ ਪਹਿਚਾਣ ਕੁਝ ਖਾਸ ਤਰ੍ਹਾਂ ਦੇ ਕੱਪੜਿਆਂ, ਰੀਤੀ-ਰਿਵਾਜ਼ਾਂ ਅਤੇ ਚੀਜ਼ਾਂ ਤੋਂ ਸਾਡੇ ਦਿਖਾਵਟੀ ਮੋਹ ਨਾਲ ਵੀ ਜ਼ਾਹਿਰ ਨਹੀਂ ਹੁੰਦੀ।
ਇਹ ਸਭ ਤਾਂ ਵਿਕਾਸ ਦੀ ਦੌੜ ‘ਚ ਹਰਾ ਦਿੱਤੇ ਗਏ ਅਤੇ ਪਛਾੜੇ ਜਾ ਚੁੱਕੇ ਦੇਸ਼ਾਂ ਦੇ ਬਾਜ਼ਾਰਾਂ ‘ਚ ਵਿਦੇਸ਼ੀ ਯਾਤਰੀਆਂ ਨੂੰ ਲੁਭਾਉਣ ਦੇ ਕੰਮ ਹੀ ਆਉਂਦੇ ਹਨ। ਅਸੀਂ ਉਹੀ ਹਾਂ ਜੋ ਅਸੀਂ ਕਰਦੇ ਹਾਂ, ਖਾਸਕਰ ਅਸੀਂ ਜੋ ਹਾਂ ਉਸਨੂੰ ਬਦਲਣ ਲਈ ਜੋ ਕੁਝ ਕਰਦੇ ਹਾਂ। ਸਾਡੀ ਪਹਿਚਾਣ ਸਾਡੇ ਇਨ੍ਹਾਂ ਕੰਮਾਂ ਅਤੇ ਸੰਘਰਸ਼ਾਂ ਤੋਂ ਬਣਦੀ ਹੈ। ਇਸ ਲਈ ਪਹਿਚਾਣ ਦੀ ਇਹ ਲੜਾਈ ਪ੍ਰਬੰਧ ਦੇ ਉਨ੍ਹਾਂ ਸਾਰਿਆਂ ਰੂਪਾਂ ਨਾਲ ਲੋਹਾ ਲੈਣਾ ਹੈ ਜੋ ਸਾਨੂੰ ਸਿਰਫ ਇਕ ਆਗਿਆਕਾਰੀ ਕੰਮ ਕਰਤਾ ਅਤੇ ਖਰੀਦਦਾਰ ਬਣਾਉਂਦਾ ਹੈ। ਤਦ ਲੇਖਕ ਹੋਣ ਦਾ ਅਰਥ ਇਸ ਚੁਣੌਤੀ ਅਤੇ ਬਗਾਵਤ ਦੀ ਆਵਾਜ਼ ਬਣਨਾ ਹੀ ਹੈ।