ਮੈਨੂੰ ਇਉਂ ਨਾ ਮਨੋਂ ਵਿਸਾਰ… -ਵਿਕਰਮ ਸਿੰਘ ਸੰਗਰੂਰ
Posted on:- 16-05-2012
‘ਹਾਏ ਓ ਰੱਬਾ’… ਕੰਧੋਂ ਉੱਚੀ ਸਾਰੀ ਛਾਲ ਮਾਰਨ ਮਗਰੋਂ ਜਦ ਪਤਲੀ ਜਿਹੀ ਆਵਾਜ਼ ਕੰਨੀਂ ਪਈ ਤਾਂ ਮੈਂ ਆਪਣੇ ਨਾਲ਼ ਵਾਲ਼ੇ ਸਾਥੀ ਦੇ ਮੂੰਹ ਵੱਲ ਨੂੰ ਝਾਕਣ ਲੱਗਾ ਤੇ ਉਹ ਮੇਰੇ ਮੂੰਹ ਵੱਲ। ਅਸੀਂ ਦੋਹਾਂ ਜਦ ਪਿੱਛੇ ਪਰਤ ਕੇ ਦੇਖਿਆ ਤਾਂ ਕਾਲੇ ਜਿਹੇ ਰੰਗ ਦੇ ਪਜਾਮੇ ਕੁੜਤੇ ਅਤੇ ਪੈਰੀਂ ਸੁਨਹਿਰੀ ਤਿਲੇ ਵਾਲੀ ਜੁੱਤੀ ਪਾਈ ਇੱਕ ਗੋਰੇ ਮੁੰਡੇ ਨੂੰ ਆਪਣੇ ਕੱਪੜੇ ਝਾੜਦਿਆਂ ਦੇਖ ਸਾਡੀਆਂ ਚਾਰੋਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਹੀ ਰਹਿ ਗਈਆਂ। ਇਸ ਤੋਂ ਪਹਿਲੋਂ ਕਿ ਅਸੀਂ ਆਪਣੇ ਜ਼ਿਹਨ ’ਤੇ ਪੰਜਾਬੀ ਤੋਂ ਅੰਗਰੇਜ਼ੀ ਤਰਜੁਮਾ ਕਰਨ ਦਾ ਭਾਰ ਪਾਉਣ ਦੀ ਸੋਚਦੇ, ਨਿੰਮ੍ਹਾ-ਨਿੰਮ੍ਹਾ ਮੁਸਕੁਰਾਉਂਦਾ ਹੋਇਆ ਉਹ ਗੋਰਾ ਮੁੰਡਾ ਆਪੇ ਹੀ ਪੰਜਾਬੀ ’ਚ ਬੋਲ ਪਿਆ, ‘ਕੀ ਹਾਲ ਹੈ ਦੋਸਤੋ? ਯੂਨੀਵਰਸਿਟੀ ਦਾ ਮੁੱਖ ਰਾਹ ਬੰਦ ਹੋਣ ਕਾਰਨ ਮੈਂ ਵੀ ਤੁਹਾਡੇ ਵਾਂਗ ਇਹ ਕੰਧ ਟੱਪ ਕੇ ਅੰਦਰ ਵੜ੍ਹਿਆਂ।’ ਇੰਨੀ ਸਰਲ ਤੇ ਸਪਸ਼ਟ ਪੰਜਾਬੀ ਪਹਿਲੀ ਵਾਰ ਕਿਸੇ ਗੋਰੇ ਦੇ ਮੂੰਹੋਂ ਸੁਣਕੇ ਸਾਡੇ ਦੋਹਾਂ ਦੇ ਚਿੱਤ ਯੂਨੀਵਰਸਿਟੀ ਦੇ ਸੈਮੀਨਾਰਾਂ ਦੌਰਾਨ ਸੁਣੀਆਂ ਵਿਦਵਾਨਾਂ ਦੀਆਂ ਉਹਨਾਂ ਗੱਲਾਂ ਨੂੰ ਚੇਤੇ ਕਰਨ ਲੱਗੇ ਜਿਹੜੇ ਭਵਿੱਖ ’ਚ ਪੰਜਾਬੀ ਜ਼ਬਾਨ ਦੇ ਖ਼ਤਮ ਹੋਣ ਦੀ ਉੱਚੀ-ਉੱਚੀ ‘ਦੁਹਾਈ’ ਪਾਉਂਦੇ ਸਨ। ਇਹ ‘ਸਟੀਵਨ ਗੂਛਾਰਦੀ’ ਨਾਲ਼ ਮੇਰੀ ਇਬਤਦਾਈ ਮਿਲਣੀ ਦਾ ਯਾਦਗਾਰੀ ਪਲ ਸੀ ਜੋ ਚੰਦ ਦਿਨਾਂ ’ਚ ਹੀ ਕਿਸੇ ਵਰ੍ਹਿਆਂ ਪੁਰਾਣੀ ਗੂੜ੍ਹੀ ਦੋਸਤੀ ’ਚ ਬਦਲ ਗਿਆ।
ਰੰਗ-ਬਿਰੰਗੇ ਮੈਪਲ ਦੇ ਪੱਤਿਆਂ ਦੀ ਖ਼ੂਬਸੂਰਤੀ ਨਾਲ਼ ਵਰੋਸਾਈ ਕੈਨੇਡਾ ਦੀ ਸਰਜ਼ਮੀਨ ’ਤੇ ਵੱਸੇ ਸਲੇਟੀ ਸ਼ਾਮ ਦੇ ਸ਼ਹਿਰ ਟੋਰਾਂਟੋ ਤੋਂ ਤਕਰੀਬਨ ਪੱਚੀ ਕਿਲੋਮੀਟਰ ਦੀ ਵਾਟ ’ਤੇ ਪੈਂਦੀ ਆਪਣੀ ਮਾਤ-ਭੂਮੀ ਮਿਸਿਸਾਗਾ ਤੋਂ ਉਹ ਦੋ ਵਰ੍ਹੇ ਪਹਿਲੋਂ ‘ਪੰਜਾਬੀ ਫ਼ਾਰ ਫ਼ੋਰਨਰਸ’ (Punjabi for foreigners) ਦਾ ਇੱਕ ਸਾਲਾ ਕੋਰਸ ਕਰਨ ਵਾਸਤੇ ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ ਆਇਆ ਸੀ। ਪਤਲੇ ਜਿਹੇ ਜੁੱਸੇ ਤੇ ਲੰਮੇ ਕੱਦ ਵਾਲੇ ਤੇਈ ਵਰ੍ਹਿਆਂ ਦੇ ਸਟੀਵਨ ਨੂੰ ਇੱਕ ਵੇਰ ਮੁਹੱਬਤ ਭਰੇ ਚੰਦ ਪੰਜਾਬੀ ਲਫ਼ਜ਼ਾਂ ਦਾ ਹਲੂਣਾ ਦੇਣ ਦੀ ਦੇਰ ਹੁੰਦੀ, ਬਸ ਫਿਰ ਤਾਂ ਜਿਵੇਂ ਉਹ ਆਪਸੀ ਸਾਂਝਾਂ ਦੇ ਫੁੱਲ ਹੀ ਕੇਰਨ ਬੈਠ ਜਾਂਦਾ। ਅੰਗਰੇਜ਼ੀ, ਇਤਾਲਵੀ, ਪੁਰਤਗਾਲੀ, ਉਰਦੂ, ਹਿੰਦੀ ਤੇ ਸੰਸਕ੍ਰਿਤ ਤਾਂ ਉਹ ਪਹਿਲੋਂ ਹੀ ਜਾਣਦਾ ਸੀ ਤੇ ਜਦ ਇੱਥੇ ਆਣ ਉਹ ਕੁਝ ਹੀ ਮਹੀਨਿਆਂ ’ਚ ਪੰਜਾਬੀ ਬੋਲਣ ਲੱਗਿਆ ਤਾਂ ਮੁੰਡੇ-ਕੁੜੀਆਂ ਦੀ ਢਾਣੀ ਉਹਨੂੰ ਪੰਜਾਬੀ ਬੋਲਦਿਆਂ ਦੇਖ ਅਕਸਰ ਹੀ ਮਖ਼ਿਆਲ਼ ਵਾਂਗਰ ਆਣ ਘੇਰਦੀ। ਅੰਗਰੇਜ਼ੀ ਵਿੱਚ ਬੋਲਦੇ ਕਈ ਪੰਜਾਬੀਆਂ ਦੀਆਂ ਗੱਲਾਂ ਦਾ ਜਵਾਬ ਉਹ ਸਹਿਜ ਸੁਭਾਅ ਹਮੇਸ਼ਾਂ ਪੰਜਾਬੀ ਵਿੱਚ ਹੀ ਦਿੰਦਾ ਤੇ ਜਦ ਕਦੀ-ਕਦਾਈਂ, ਪੰਜਾਬੀ ਬੋਲਦਿਆਂ ਉਹਦੇ ਮੂੰਹੋਂ ਭੁੱਲ-ਭੁਲੇਖੇ ਅੰਗਰੇਜ਼ੀ ਦਾ ਕੋਈ ਅੱਖਰ ਨਿਕਲ ਵੀ ਜਾਂਦਾ ਤਾਂ ਉਹ ‘ਮੁਆਫ਼ ਕਰਨਾ ਜੀ’ ਆਖ ਮੁੜ ਤੋਂ ਪੰਜਾਬੀ ’ਚ ਬੋਲਣ ਲੱਗਦਾ। ਇਸੇ ਤਰ੍ਹਾਂ ਇੱਕ ਰੋਜ਼ ਲੋਢੇ ਵੇਲੇ ਬਰਸਾਤ ਹੋਣ ਪਿੱਛੋਂ ਰੰਗਾਂ ’ਚ ਡੂੱਬੇ ਅਸਮਾਨ ਦੀ ਦਿਲਕਸ਼ ਤਸਵੀਰ ਦਾ ਲੁਤਫ਼ ਲੈਂਦਿਆਂ ਜਦ ਅਸੀਂ ਗੱਲਾਂ ਕਰਦੇ ਆਪਣੇ ਹੋਸਟਲ ਵੱਲ ਨੂੰ ਪਰਤ ਰਹੇ ਸਾਂ ਤਾਂ ਰਾਹ ’ਚ ਫੱਬੀ ਬੈਠੀ ‘ਪੰਜਾਬੀਆਂ ਦੀ ਮਹਿਫ਼ਲ’ ਨੇ ਸਟੀਵਨ ਨੂੰ ਘੇਰ ਉਹਦੇ ਮੁਹਰੇ ਆਪਣੇ ਸਵਾਲਾਤ ਦਾ ਲੰਮਾਂ ਚਿੱਠਾ ਕਰ ਦਿੱਤਾ। ‘ਹੈਲੋ, ਹਾਓ ਆਰ ਯੂ? ਹੈਪੀ ਟੁ ਸੀ ਯੁ ਸਪੀਕਿੰਗ ਪੰਜਾਬੀ। ਹਾਓ ਡਿੱਡ ਯੁ ਲਰਨ ਪੰਜਾਬੀ?, ਵਾਏ ਆਰ ਯੁ ਲਰਨਿੰਗ ਪੰਜਾਬੀ?’ ਓਦੋਂ ਬਿਨਾਂ ਕੁਝ ਬੋਲੇ ਸਟੀਵਨ ਨੇ ਸਿਰ ਨੀਵਾਂ ਕੀਤਾ ਤੇ ਆਪਣੀ ਖੱਬੀ ਬਾਂਹ ਦੀ ਕੁੰਡਲੀ ਮੇਰੀ ਗਰਦਨ ਦੁਆਲੇ ਮਾਰ ਉਹ ਅਗਾਂਹ ਵੱਲ ਨੂੰ ਤੁਰ ਪਿਆ। ਇਹ ਪਹਿਲੀ ਵਾਰ ਸੀ ਜਦ ਉਹਨੇ ਕਿਸੇ ਦੇ ਸੁਆਲਾਂ ਦਾ ਜੁਆਬ ਨਹੀਂ ਸੀ ਦਿੱਤਾ। ਕੁਝ ਦੂਰ ਜਾ ਕੇ ਉਦਾਸ ਜਿਹੀ ਆਵਾਜ਼ ’ਚ ਆਪਣੀ ਖ਼ਾਮੋਸ਼ੀ ਨੂੰ ਇੱਕਦਮ ਤੋੜਦੇ ਹੋਏ ਉਹ ਬੋਲਿਆ, ‘ਯਾਰ ਇਹਨਾਂ ਨੇ ਪੰਜਾਬੀ ਬੋਲਣੀ ਨਹੀਂ ਸਿੱਖੀ?’ ਉਸ ਸ਼ਾਮ ਮੈਂ ਉਹਦੇ ਉਦਾਸ ਚਿਹਰੇ ’ਤੇ ਹਾਸਾ ਲਿਆਉਣ ਦੇ ਮਾਰੇ ਨੇ ਇਹ ਆਖ ਦਿੱਤਾ, ‘ਆਪਾਂ ਏਦਾਂ ਕਰਦੇ ਆਂ ਬਈ ਇਹਨਾਂ ਸਾਰਿਆਂ ਨੂੰ ਇੱਕ ਦਿਨ ਵਾਸਤੇ ਤੇਰੇ ਕਮਰੇ ’ਚ ਬੰਦ ਕਰ ਦਈਏ, ਫਿਰ ਦੇਖੀਂ ਕਮਾਲ…” । ਪਰ ਉਹਦੇ ਚਿਹਰੇ ਦੀ ਉਦਾਸ ਲਾਲੀ ਦਾ ਰੰਗ ਭੋਰਾ ਵੀ ਫਿੱਕਾ ਨਾ ਪਿਆ।
ਸਟੀਵਨ ਦੇ ਹੋਸਟਲ ਦਾ ਕਮਰਾ, ਕਮਰਾ ਘੱਟ ਸੀ ਤੇ ਪੰਜਾਬੀ ਭਾਸ਼ਾ ਸਿੱਖਣ ਦੀ ਲਾਇਬਰੇਰੀ ਜ਼ਿਆਦਾ।ਉਹਦੇ ਕਮਰੇ ਦਾ ਬੂਹਾ ਖੋਲ੍ਹਣ ਵਾਲ਼ੇ ਦੀਆਂ ਨਿਗ਼ਾਹਾਂ ਨੂੰ ਜਿਹੜੀ ਛੈਅ ਦਾ ਦੀਦਾਰ ਸਭ ਤੋਂ ਪਹਿਲਾਂ ਹੁੰਦਾ, ਉਹ ਸੀ ਵੱਡਾ ਸਾਰਾ ਗੁਰਮੁਖੀ ਦੇ ਅੱਖਰਾਂ ਦਾ ਚਾਰਟ। ਪੰਜਾਬੀ ਸਿੱਖਣ ਵਾਲ਼ੀਆਂ ਕਿਤਾਬਾਂ ਦੇ ਜ਼ਖੀਰੇ ਤੋਂ ਬਗ਼ੈਰ ਪੰਜਾਬੀ ਦੇ ਕਈ ਸ਼ਬਦਕੋਸ਼ ਉਹਨੇ ਲੱਕੜ ਦੀਆਂ ਫੱਟੀਆਂ ਜੋੜ ਕੇ ਬਣਾਈ ਦੇਸੀ ਜਿਹੀ ਸੈਲਫ ’ਤੇ ਬੜੇ ਹੀ ਸਲੀਕੇ ਨਾਲ਼ ਜਚਾਏ ਹੋਏ ਸਨ।ਉਹਦੇ ਸੌਣ ਵਾਲੇ ਮੰਜੇ ਹੇਠ ਅਜਿਹੇ ਵਰਕੇ ਆਮ ਹੀ ਨਿਕਲਦੇ, ਜਿਹਨਾਂ ’ਤੇ ਗੁਰਮੁਖੀ ਦੇ ਅੱਖਰ ਕੱਚੀ ਪੈਂਸਿਲ ਨਾਲ਼ ਉਹਨੇ ਇਉਂ ਉੱਕਰੇ ਹੋਏ ਹੁੰਦੇ ਜਿਵੇਂ ਕਿਸੇ ਕਲਮਕਾਰ ਨੇ ਘੰਟਿਆਂ ਬੱਧੀ ਬੈਠ ਕੇ ਬੜੀ ਹੀ ਰੀਝ ਨਾਲ਼ ਚਿੱਤਰੇ ਹੋਣ।ਮੰਜੇ ਲਾਗੇ ਹੀ ਪਿਆ ਉਹਦਾ ਮੇਜ ਕੁਝ ਅੱਧ ਖੁੱਲ੍ਹੀਆਂ ਪੰਜਾਬੀ ਦੀਆਂ ਕਿਤਾਬਾਂ ਅਤੇ ਰੋਜ਼ਮਰ੍ਹਾ ਦੇ ਪੰਜਾਬੀ ਅਖ਼ਬਾਰਾਂ ਨਾਲ ਚੱਤੋ ਪਹਿਰ ਰੰਗਿਆ ਰਹਿੰਦਾ ਸੀ।
ਜਿਸ ਦਿਨ ਸਟੀਵਨ ਨੇ ਆਪਣੇ ਵਤਨ ਵਾਪਿਸ ਪਰਤਨਾ ਸੀ ਉਸ ਦਿਨ ਦੀ ਪਿਛਲੀ ਰਾਤ ਸੱਜਣਾ-ਮਿੱਤਰਾਂ ਨਾਲ਼ ਭਰਿਆ ਉਹਦਾ ਕਮਰਾ ਬੜਾ ਖਾਲੀ-ਖਾਲੀ ਜਿਹਾ ਮਹਿਸੂਸ ਹੋ ਰਿਹਾ ਸੀ। ਸਾਡਾ ਚਿੱਤ ਉਹਨੂੰ ਅਲਵਿਦਾ ਆਖਣ ਲਈ ਰਾਜ਼ੀ ਨਹੀਂ ਸੀ ਤੇ ਯੂਨੀਵਰਸਿਟੀ ਆਫ਼ ਟੋਰਾਂਟੋ ’ਚ ਉਹਦੀ ਬੀ.ਏ. ਆਨਰਜ਼ ਇੰਨ ਰਲੀਜਸ ਸਟੱਡੀਜ਼ ਐਂਡ ਸਾਊਥ ਏਸ਼ੀਆ ਸਟੱਡੀਜ਼ (Religious Studies and South Asian Studies) ਦੇ ਅਖੀਰਲੇ ਵਰ੍ਹੇ ਦੀਆਂ ਕਲਾਸਾਂ ਉਹਨੂੰ ਵਾਰ-ਵਾਰ ਨਾ ਚਾਹੁੰਦਿਆਂ ਹੋਇਆਂ ਵੀ ਸਾਨੂੰ ਇੱਕ ਦੂਜੇ ਤੋਂ ਨਿਖੇੜਨ ਲਈ ਮਜਬੂਰ ਸਨ।ਅਗਲੀ ਸਵੇਰ ਸੂਰਜ ਦੀਆਂ ਸੁਨਹਿਰੀ ਰਿਸ਼ਮਾਂ ਫੁੱਟਣ ਤੋਂ ਪਹਿਲੋਂ ਹੀ ਸਟੀਵਨ, ਜਿਹਦੇ ਦੋਹੇਂ ਮੋਢੇ ਪਿੱਠੂ ਬੈਗ ਦੀਆਂ ਤਣੀਆਂ ਨਾਲ਼ ਪੂਰੀ ਤਰ੍ਹਾਂ ਜਕੜੇ ਹੋਏ ਸਨ, ਆਪਣੇ ਹੋਮੀ ਭਾਭਾ ਹੋਸਟਲ ਦੇ ਕਮਰਾ ਨੰਬਰ 32-ਏ ਦੇ ਮੁਹਰੇ ਖਲੋਤਾ ਸੀ।ਕਮਰੇ ਦੇ ਬੂਹੇ ਨੂੰ ਸਟੀਵਨ ਨੇ ਕੁਝ ਪਲ ਖਲੋ ਕੇ ਇਉਂ ਤੱਕਿਆ ਜਿਵੇਂ ਉਹ ਚਿਰਾਂ ਤੋਂ ਗੁਆਚੀ ਕਿਸੇ ਚੀਜ਼ ਨੂੰ ਭਾਲ਼ ਰਿਹਾ ਹੋਵੇ।ਆਪਣੀਆਂ ਭੂਰੀਆਂ ਪਲਕਾਂ ਦਾ ਸਹਾਰਾ ਲੈਂਦਿਆਂ ਉਹਨੇ ਅੱਖਾਂ ’ਚੋਂ ਟਿਪ-ਟਿਪਾ ਰਹੇ ਹੰਝੂਆਂ ਨੂੰ ਬੰਨ੍ਹ ਮਾਰਿਆ ਤੇ ਅਜੀਬ ਜਿਹੇ, ਉਛਾਲਦੇ ਕਦਮ ਪੁੱਟਦਾ ਹੋਇਆ ਅਗਾਂਹ ਵੱਲ ਨੂੰ ਤੁਰ ਪਿਆ।ਦਿੱਲੀ ਵੱਲ ਨੂੰ ਜਾਣ ਵਾਲੀ ਬੱਸ ’ਚ ਬੈਠਣ ਲੱਗਿਆਂ ਉਹਨੇ ਆਪਣੀ ਕਮੀਜ਼ ਦੀ ਉਤਲੀ ਜੇਬ ’ਚੋਂ ਇੱਕ ਚਿੱਠੀ ਜਿਹੀ ਕੱਢ ਮੇਰੀ ਕਮੀਜ ਦੇ ਬੋਝੇ ’ਚ ਪਾ ਦਿੱਤੀ। ਬੱਸ ਅੱਗੇ ਵੱਲ ਨੂੰ ਤੁਰ ਪਈ ਪਰ ਸਟੀਵਨ ਦੀਆਂ ਨਮ ਨਿਗ਼ਾਹਾਂ ਬੱਸ ਦੀ ਤਾਕੀ ਥਾਣੀਂ ਦੂਰ ਤੀਕ ਪਿੱਛੇ ਵੱਲ ਨੂੰ ਤਕਦੀਆਂ ਰਹੀਆਂ। ਉਹਦੀ ਖ਼ਤ ਰੂਪੀ ਆਖ਼ਰੀ ਸੌਗ਼ਾਤ ਨੂੰ ਆਪਣੇ ਬੋਝੇ ’ਚੋਂ ਕੱਢ ਕੇ ਪੜ੍ਹਨ ਪਿੱਛੋਂ ਮੈਂ ਇਹ ਸੌਗ਼ਾਤ ਆਪਣੇ ਨਾਲ਼ ਦੇ ਸਾਥੀਆਂ ਨੂੰ ਫੜ੍ਹਾਉਂਦਿਆਂ ਹੋਇਆਂ ਇੰਨਾਂ ਆਖ ਆਪਣੇ ਸੱਖਣੇ ਹੋਏ ਹੋਸਟਲ ਦੇ ਕਮਰੇ ਵੱਲ ਨੂੰ ਪਰਤ ਗਿਆ, ‘ ਦੇਖੀਓ ਯਾਰੋ ਕਿਧਰੇ ਆਪਾਂ ਵੀ ਨਾ ਪਰਾਈ ਕਰ ਦਈਏ।’
ਉਹ ਜਾਂਦਾ-ਜਾਂਦਾ ਉਸ ਸ਼ਾਮ ਫੱਬੀ ਬੈਠੀ ‘ਪੰਜਾਬੀਆਂ ਦੀ ਮਹਿਫ਼ਲ’ ਦੇ ਸਵਾਲਾਤ ਵਾਲੇ ਲੰਮੇ ਚਿੱਠੇ ਦਾ ਜੁਆਬ ਕਲਮ ਦੀ ਸਿਆਹੀ ਦੀਆਂ ਸਿਰਫ਼ ਦੋ ਬੂੰਦਾਂ ਨਾਲ਼ ਹੀ ਲਿਖ ਗਿਆ ਸੀ :
“ ਮੈਨੂੰ ਇਉਂ ਨਾ ਮਨੋਂ ਵਿਸਾਰ
ਵੇ ਮੈਂ ਤੇਰੀ ਮਾਂ ਦੀ ਬੋਲੀ ਆਂ…”
jagtar
vikram ji kash sade punjabbi v goree to kuj sikh saknnm