Tue, 03 December 2024
Your Visitor Number :-   7273843
SuhisaverSuhisaver Suhisaver

ਸੂਖਮ ਭਾਵਨਾਵਾਂ ਦਾ ਪ੍ਰਤੀਕ ਲੋਕ ਸੰਗੀਤ - ਡਾ. ਰਵਿੰਦਰ ਕੌਰ ‘ਰਵੀ’

Posted on:- 11-07-2014

suhisaver

ਲੋਕ ਸੰਗੀਤ ਇੱਕ ਅਜਿਹੀ ਵਿਸ਼ਾਲ ਖੇਤਰ ਵਾਲੀ ਸਰਬਵਿਆਪੀ ਕਲਾ ਹੈ ਜਿਸ ਵਿੱਚੋਂ ਮਾਨਵੀ ਜੀਵਨ ਦੇ ਸਾਰੇ ਪੱਖਾਂ ਦੀ ਝਲਕ ਭਲੀ ਭਾਂਤ ਮਿਲਦੀ ਹੈ। ਸ਼ਾਸਤਰ ਦੇ ਨਿਯਮਾਂ ਅਨੁਸਾਰ ਨਿਯਮਾਂ, ਸਿਧਾਂਤਾਂ ਦੀ ਬੰਦਿਸ਼ ਵਿੱਚ ਰਹਿਣ ਵਾਲੇ ਸੰਗੀਤ ਨੂੰ ‘ਸ਼ਾਸਤਰੀ ਸੰਗੀਤ’ ਅਤੇ ਲੋਕ ਮਨਾਂ ਦੇ ਹਿਰਦੇ `ਚ ਆਪ ਮੁਹਾਰੇ ਪਰਗਟ ਹੋਣ ਵਾਲੇ ਸੰਗੀਤ ਨੂੰ ਲੋਕ ਸੰਗੀਤ ਕਿਹਾ ਜਾਂਦਾ ਹੈ।ਕੁਝ ਵਿਦਵਾਨ ਸ਼ਾਸਤਰੀ ਸੰਗੀਤ ਨੂੰ ‘ਮਾਰਗੀ ਸੰਗੀਤ’ ਅਤੇ ਲੋਕ ਸੰਗੀਤ ਨੂੰ ਦੇਸ਼ੀ ਸੰਗੀਤ ਵੀ ਕਹਿੰਦੇ ਹਨ, ਪਰ ਅਨੇਕ ਵਿਦਵਾਨਾਂ ਦਾ ਇਹ ਵੀ ਮੱਤ ਹੈ ਕਿ ਲੋਕ ਸੰਗੀਤ, ਸ਼ਾਸਤਰੀ ਸੰਗੀਤ ਦਾ ਬੀਜ ਰੂਪ ਹੈ।
    
ਡਾਕਟਰ ਸਰਬਪੱਲੀ ਰਾਧਾਕ੍ਰਿਸ਼ਨ ਅਨੁਸਾਰ, “ਲੋਕ ਸੰਗੀਤ ਰਾਹੀਂ ਸਮਾਜਕ ਜੀਵਨ ਦਾ ਖਜ਼ਾਨਾ ਇਕੱਤਰ ਹੋਇਆ ਹੈ। ਆਮ ਲੋਕਾਂ ਦੇ ਸੁਪਨੇ ਅਤੇ ਆਦਰਸ਼, ਉਦੇਸ਼ ਅਤੇ ਕਲਪਨਾ ਆਦਿ ਸਭ ਕੁਝ ਲੋਕ ਸੰਗੀਤ ਤੋਂ ਪਰਗਟ ਹੁੰਦੇ ਹਨ।”
    
ਡਾ. ਪੰਨਾ ਲਾਲ ਮਦਨ ਅਨੁਸਾਰ, “ਸ਼ਾਸਤ੍ਰੀ ਸੰਗੀਤ ਦੀ ਤਰ੍ਹਾਂ ਲੋਕ ਸੰਗੀਤ ਵਿੱਚ ਵੀ ਲੋਕ-ਗਾਇਨ, ਲੋਕ-ਵਾਦਨ ਅਤੇ ਲੋਕ-ਨਾਚ ਤਿੰਨੇ ਹੀ ਪਾਏ ਜਾਂਦੇ ਹਨ। ਇਨ੍ਹਾਂ ਦਾ ਪ੍ਰਯੋਗ ਉਤਸਵਾਂ ਦੇ ਸਮੇਂ ਅਨੁਸਾਰ ਕੀਤਾ ਜਾਂਦਾ ਹੈ। ਲੋਕ ਗਾਇਨ ਦੇ ਅੰਤਰਗਤ ਲੋਕ ਗੀਤ, ਲੋਕ ਵਾਦਨ ਦੇ ਅੰਤਰਗਤ ਲੋਕ ਧੁਨਾਂ ਅਤੇ ਲੋਕ ਨਾਚ ਦੇ ਅੰਤਰਗਤ ਮਰਦਾਨੇ ਅਤੇ ਜ਼ਨਾਨੇ ਨਾਚ ਸ਼ਾਮਲ ਹੁੰਦੇ ਹਨ।”

ਉੱਘੇ ਗਾਇਕ ਸ਼੍ਰੀ ਕੁਮਾਰ ਗੰਧਰਵ ਦਾ ਖਿਆਲ ਹੈ ਕਿ “ਇਹ ਗੱਲ ਸਭ ਜਾਣਦੇ ਹਨ ਕਿ ਸਾਡੇ ਸ਼ਾਸਤ੍ਰੀ ਸੰਗੀਤ ਦਾ ਜਨਮ ਲੋਕ ਸੰਗੀਤ ਤੋਂ ਹੀ ਹੋਇਆ ਹੈ, ਕਿਵੇਂ ਹੋਇਆ ਹੈ, ਇਸ ਬਾਰੇ ਅੱਜ ਤੱਕ ਕਿਸੇ ਨੇ ਵੀ ਚਾਨਣਾ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜੇ ਇਹ ਖੋਜ ਪੜਤਾਲ ਪਹਿਲੇ ਹੀ ਕੀਤੀ ਹੁੰਦੀ ਤਾਂ ਸੰਗੀਤ ਕਲਾ ਬਹੁਤ ਅੱਗੇ ਵੱਧ ਗਈ ਹੁੰਦੀ।”

ਭਾਰਤ ਦੇ ਸਮੂਹ ਰਾਜਾਂ ਵਿੱਚ ਹਰੇਕ ਦਾ ਆਪਣਾ ਲੋਕ ਸੰਗੀਤ, ਲੋਕ ਗੀਤ ਅਤੇ ਲੋਕ ਧੁਨਾਂ ਦਾ ਵਿਸ਼ਾਲ ਭੰਡਾਰ ਹੈ। ਹਰੇਕ ਰਾਜ ਦੀਆਂ ਆਪੋ ਆਪਣੇ ਸਭਿਆਚਾਰ ਅਨੁਸਾਰ ਅਨੇਕ ਗੀਤ ਸ਼ੈਲੀਆਂ ਅਤੇ ਨਿਰਤ ਸ਼ੈਲੀਆਂ ਹਨ ਜਿਵੇਂ ਕਿ ਗੀਤ-ਸ਼ੈਲੀਆਂ ਵਿਚ ਅਸਾਮ ਦੀ ਬਿਹੂ, ਕਰਮਾ, ਆਂਧਰਾ ਦੀ ਕੁੰਮੀ, ਉਤਰ ਪ੍ਰਦੇਸ਼ ਦੀ ਮਾਂਗਲ, ਹੋਲੀ, ਚੈਤੀ, ਲਾਵਨੀ, ਬੰਗਾਲ ਦੀ ਚਟਕਾ, ਬਾਊਲ, ਭਵਈਆ, ਭਟਿਆਲੀ, ਝੂਮਰ, ਗੁਜਰਾਤ ਦੀ ਗਰਬਾ ਅਤੇ ਪੰਜਾਬ ਦੀ ਟੱਪਾ, ਹੀਰ, ਜਿੰਦੂਆ ਆਦਿ।

ਦੇਵਿੰਦਰ ਸਤਿਆਰਥੀ ਅਨੁਸਾਰ, “ਮਨੁੱਖ ਨੇ ਸਭਿਅਤਾ ਦੇ ਪੈਂਡੇ ਉੱਤੇ ਭਾਵੇਂ ਅਨੇਕ ਪੜਾਓ ਪਾਰ ਕਰ ਲਏ ਹਨ, ਪਰ ਜਿੱਥੋਂ ਤੱਕ ਉਸਦੀਆਂ ਮੂਲ ਪ੍ਰਵਿਰਤੀਆਂ ਦਾ ਸਬੰਧ ਹੈ, ਉਹ ਸੁੱਤੇ-ਸਿੱਧ ਹੀ ਆਦਿ ਕਾਲੀਨ ਮਾਨਵ ਨਾਲ ਜਾ ਜੁੜਦੀਆਂ ਹਨ।... ਲੋਕ ਗੀਤ ਦੀ ਯਾਤਰਾ ਮਨੁੱਖ ਦੀਆਂ ਮੂਲ-ਪ੍ਰਵਿਰਤੀਆਂ ਦੀ ਹੀ ਵਿਕਾਸ-ਗਾਥਾ ਹੈ। ਕਿਸੇ ਵੀ ਜਾਤੀ ਦੇ ਮੂਲ ਵਿਚਾਰ ਉਸਦੀਆਂ ਪੁਰਾਤਨ ਪੱਧਰਾਂ ਉੱਤੇ ਅਨੇਕ ਸਹੰਸਰਾਬਦੀਆਂ ਤੇ ਸ਼ਤਾਬਦੀਆਂ ਲੰਘ ਜਾਣ ਮਗਰੋਂ ਵੀ ਕਿਸੇ ਨਾ ਕਿਸੇ ਰੂਪ ਵਿਚ ਸਥਿਰ ਰਹਿਣ ਦੀ ਘਾਲਣਾ ਕਰਦੇ ਜਾਪਦੇ ਹਨ।”

ਭਾਰਤੀ ਸੰਗੀਤ ਵਿੱਚ ਗਾਇਨ ਵਾਦਨ ਤੇ ਨਿਰਤ ਤਿੰਨੋਂ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਗਾਇਨ ਦਾ ਸਬੰਧ ਗਾਏ ਜਾਣ ਵਾਲੇ ਅਰਥਾਤ, ਗੀਤ ਨਾਲ ਹੈ। ਮਨੁੱਖ ਦੀ ਆਦਿ ਕਾਲ ਤੋਂ ਇਹੋ ਇੱਛਾ ਰਹੀ ਹੈ ਕਿ ਉਹ ਆਪਣੇ ਭਾਵ ਤੇ ਵਿਚਾਰ ਦੂਜੇ ਲੋਕਾਂ ਨਾਲ ਸਾਂਝੇ ਕਰ ਸਕੇ। ਸਵੈ ਪਰਗਟਾਵੇ ਲਈ ਮਨੁੱਖ ਨੇ ਹਜਾਰਾਂ ਭਾਸ਼ਾਵਾਂ ਦੀ ਸਿਰਜਣਾ ਕੀਤੀ ਅਤੇ ਆਪਣੇ ਧੁਰ ਅੰਦਰਲੇ ਸੱਚ ਜਾਂ ਅਨੁਭਵ ਦੀ ਅਭਿਵਿਅਕਤੀ ਉਸਨੇ ਸੰਗੀਤ, ਦਰਸ਼ਨ, ਧਰਮ ਅਤੇ ਸਾਹਿਤ ਦੁਆਰਾ ਕੀਤੀ। ਮਨੁੱਖ ਦੇ ਆਪੇ ਅਨੁਸਾਰ, ਸਾਹਿਤ ਦੇ ਦੋ ਰੂਪ ਉਘੜ ਕੇ ਸਾਹਮਣੇ ਆਏ। ਇੱਕ ਉਹ ਰੂਪ ਜਿਸ ਦਾ ਵਧੇਰੇ ਸਬੰਧ ਭਾਵਾਂ ਨਾਲ ਹੈ, ਪਦਯ ‘ਕਵਿਤਾ’ ਅਤੇ ਦੂਜਾ ਉਹ ਰੂਪ ਜਿਸਦਾ ਵਧੇਰੇ ਸਬੰਧ ਬੁੱਧੀ ਨਾਲ ਹੈ, ਗਦਯ ‘ਵਾਰਤਕ’ ਆਦਿ।

ਉਪਰੋਕਤ ਦੱਸੇ ਸਾਹਿਤ ਦੇ ਦੋ ਭੇਦਾਂ ਵਿੱਚ ‘ਪਦਯ’ (ਪਦ) ਦਾ ਸਬੰਧ ‘ਕਵਿਤਾ’ ਨਾਲ ਹੈ। ਗਾਉਣ ਦੀ ਕਲਾ ਵਿੱਚ ਕਹੀ ਗਈ ‘ਕਵਿਤਾ’ ਹੀ ‘ਗੀਤ’ ਹੈ। ਗੀਤ ਉਹ ਕਵਿਤਾ ਹੈ ਜੋ ਗਾਉਣ ਦੇ ਲਹਿਜੇ ਵਿੱਚ ਉਚਾਰੀ ਜਾਵੇ।ਗਾਉਣਯੋਗ ਛੰਦ ਅਥਵਾ ਵਾਕ ਨੂੰ ਹੀ ਗੀਤ ਕਿਹਾ ਜਾਂਦਾ ਹੈ। ਵਿਦਵਾਨਾਂ ਨੇ ‘ਗੀਤ’ ਦੇ ਅਰਥ ਗਾਨ, ਵਡਾਈ ਤੇ ਯੱਸ਼ ਵੀ ਦੱਸੇ ਹਨ।ਸੰਗੀਤ ਸ਼ਾਸਤਰ ਦੇ ਗ੍ਰੰਥਾਂ ਵਿਚ ਗਾਂਧਰਵ ਅਤੇ ਗਾਨ ਦਾ ਜ਼ਿਕਰ ਮਿਲਦਾ ਹੈ। ਮਹੇਸ਼ ਨਾਰਾਇਣ ਸਕਸੈਨਾ ਅਨੁਸਾਰ ‘‘ਗਾਨ ਉਸ ਸੰਗੀਤ ਨੂੰ ਕਹਿੰਦੇ ਹਨ, ਜਿਸਨੂੰ ਸੰਗੀਤ ਦੇ ਵਿਦਵਾਨ ਭਿੰਨ ਭਿੰਨ ਦੇਸ਼ਾਂ ਦੀ ਰੁਚੀ ਦੇ ਅਨੁਕੂਲ ਦੇਸ਼ੀ ਰਾਗ ਆਦਿ ਵਿੱਚ ਬੰਨਦੇ ਸਨ ਤੇ ਜਿਸਦਾ ਮਨੋਰਥ ਲੋਕਰੰਜਨ ਸੀ। ਗਾਨ ਦਾ ਹੀ ਦੂਸਰਾ ਨਾਮ ਦੇਸ਼ੀ ਸੰਗੀਤ ਹੈ।’’
ਰਿਗਵੇਦ ਵਿੱਚ ਸਭ ਤੋਂ ਪਹਿਲਾਂ ‘ਗਾਥਾ’ ਸ਼ਬਦ ਦਾ ਪ੍ਰਯੋਗ ਪਾਇਆ ਜਾਂਦਾ ਹੈ। ਵਿਦਵਾਨਾਂ ਅਨੁਸਾਰ ‘ਗਾਥਾ’ ਉਹ ਲੋਕ ਗੀਤ ਹੈ ਜਿਸ ਵਿੱਚ ਕਿਸੇ ਕਥਾ ਦਾ ਵਰਣਨ ਕੀਤਾ ਜਾਂਦਾ ਹੈ।ਪੁਰਾਤਨ ਗ੍ਰੰਥਾਂ ਵਿੱਚ, ਸਤ੍ਰੋਤ੍ਰ ਉਸਤਤਿ ਦੇ ਗੀਤ ਲਈ ‘ਗਾਥ’ ਅਤੇ ਗਾਇਕ ਲਈ ‘ਗਾਥਕ’ ਸ਼ਬਦ ਦੀ ਵਰਤੋਂ ਕੀਤੀ ਮਿਲਦੀ ਹੈ।

ਵਿਅਕਤੀ ਦੇ ਜਨਮ ਤੋਂ ਲੈ ਕੇ ਮਰਨ ਤੱਕ ਦੇ ਅਨੇਕ ਅਨੁਭਵਾਂ ਦਾ ਸਾਰ ਲੋਕ ਸੰਗੀਤ ਵਿਚੋਂ ਲੱਭਿਆ ਜਾ ਸਕਦਾ ਹੈ। ਬਚਪਨ ਵਿੱਚ ਬੱਚਾ ਜਦੋਂ ਕਿਸੇ ਪੀੜ, ਦੁੱਖ ਦਾ ਰੋਕੇ ਪਰਗਟਾਵਾ ਕਰਦਾ ਹੈ, ਤਾਂ ਮਾਂ ਦੀ ਲੋਰੀ ਉਸਨੂੰ ਮੁੜ ਸ਼ਾਂਤ, ਸਹਿਜ ਅਵਸਥਾ ਵਿੱਚ ਲਿਆਉਂਦੀ ਹੈ। ਬਚਪਨ ਤੋਂ ਬਾਅਦ ਜਵਾਨੀ ਸਮੇਂ ਵਿਆਹ ਮਨੁੱਖ ਦੇ ਜੀਵਨ ਦਾ ਇਕ ਨਵਾਂ ਆਰੰਭ ਹੈ। ਖੁਸ਼ੀ, ਖੇੜਿਆਂ ਤੇ ਉਤਸਵ ਦੇ ਇਸ ਮੌਕੇ ਔਰਤਾਂ ਵੱਲੋਂ ਸਿੱਠਣੀਆਂ ਜਾਂ ਸਿੱਠਾਂ ਗਾਈਆਂ ਜਾਂਦੀਆਂ ਹਨ। ਬੇਸ਼ੱਕ ਅਜਿਹੇ ਗੀਤ ਅਸ਼ਲੀਲਤਾ ਪ੍ਰਧਾਨ ਹੁੰਦੇ ਹਨ, ਪਰ ਮਨੋਵਿਗਿਆਨਕ ਪੱਖੋਂ ਅਜਿਹੇ ਗਾਲੀ ਗਲੋਚ ਵਰਗੇ ਗੀਤਾਂ ਦਾ ਵੀ ਆਪਣਾ ਇੱਕ ਮਹੱਤਵ ਹੈ। ਲੋਕ ਸੰਗੀਤ ਦਾ ਘੇਰਾ ਇੰਨਾ ਵਿਸ਼ਾਲ ਹੈ ਕਿ ਉਪਰੋਕਤ ਲੋਰੀ (ਲਾਡ ਪਿਆਰ ਦੇ ਗੀਤ) ਦੀ ਤਰ੍ਹਾਂ ਹੀ ਮਨੁੱਖ ਦੇ ਅੰਤਿਮ ਸਮੇਂ ਮੌਤ ਦੇ ਮੌਕੇ ਵੀ ਅਲਾਹੁਣੀ ਰੂਪੀ ਗੀਤ ਰਾਹੀਂ, ਮਰੇ ਹੋਏ ਵਿਅਕਤੀ ਦੇ ਸ਼ੁਭ ਗੁਣਾਂ ਦਾ ਵਰਣਨ ਕੀਤਾ ਜਾਂਦਾ ਹੈ।

ਲੋਕ-ਕਾਵਿ ਅਤੇ ਲੋਕ ਸੰਗੀਤ ਅੰਗ ਨਾਲ ਗਾਏ ਜਾਣ ਵਾਲੇ ਕਾਵਿ ਰੂਪਾਂ ਦੀ ਗੁਰੂ ਸਾਹਿਬਾਨ ਨੇ ਵੀ ਰੱਬੀ ਬਾਣੀ ਦੇ ਸੰਦੇਸ਼ ਨੂੰ ਸੰਚਾਰਿਤ ਕਰਨ ਹਿਤ ਵਰਤੋਂ ਕੀਤੀ ਹੈ। ਜਿਵੇਂ ਕਿ ਅਲਾਹੁਣੀ, ਕਾਫ਼ੀ, ਘੋੜੀਆਂ, ਆਰਤੀ, ਅੰਜੁਲੀ, ਸਦ, ਸੋਹਿਲਾ, ਕਰਹਲੇ, ਚਉਬੋਲੇ, ਛੰਤ, ਡਖਣੇ, ਥਿਤੀ, ਦਿਨ ਰੈਣ, ਪਹਰੇ, ਪੱਟੀ, ਬਾਰਹਮਾਹਾ, ਬਾਵਨ ਅੱਖਰੀ, ਬਿਰਹੜੇ, ਮੰਗਲ, ਰੁਤੀ, ਵਣਜਾਰਾ, ਵਾਰ ਆਦਿ।

ਪੰਜਾਬ ਦੇ ਕਈ ਲੋਕ-ਗੀਤ ਹੀਰ, ਮਿਰਜ਼ਾ, ਸੱਸੀ ਪੁਨੂੰ, ਪੂਰਣ ਭਗਤ....ਆਦਿ ਆਪਣੀਆਂ ਵਿਸ਼ੇਸ਼ ਸੁਰ ਸੰਗਤੀਆਂ ਅਤੇ ਧੁਨਾਂ ਕਾਰਣ ਭਾਰਤੀ ਸੰਗੀਤ ਦੇ ਇਤਿਹਾਸ ਵਿੱਚ ਆਪਣੀ ਨਿਵੇਕਲੀ ਪਹਿਚਾਨ ਰੱਖਦੇ ਹਨ।

ਡਾ. ਗੀਤਾ ਪੈਂਤਲ ਅਨੁਸਾਰ, “ਪ੍ਰਬੰਧਾਤਮਕ ਲੋਕ-ਗੀਤਾਂ ਵਿੱਚ ਬਹੁਤਾ ਕਰਕੇ ਪਿਆਰ ਦੀ ਕਵਿਤਾ ਗੀਤਾਂ ਦੇ ਰੂਪ ਵਿੱਚ ਗਾਈ ਜਾਂਦੀ ਹੈ। ਇਸ ਗਾਈ ਜਾਣ ਵਾਲੀ ਕਵਿਤਾ ਵਿੱਚ ਜਿਵੇਂ ਕਿ ਹੀਰ-ਰਾਂਝਾ, ਸੱਸੀ-ਪੁੰਨੂ, ਸੋਹਣੀ-ਮਾਹੀਵਾਲ, ਮਿਰਜ਼ਾ-ਸਾਹਿਬਾਂ, ਪੂਰਨ ਭਗਤ, ਯੂਸਫ ਯੂਲੈਖਾਂ ਆਦਿ ਦਾ ਵਿਸ਼ੇਸ਼ ਸਥਾਨ ਹੈ। ਪੰਜਾਬ ਦੀ ਹੀਰ ਆਪਣੀਆਂ ਵਿਸ਼ੇਸ਼ ਸੁਰ ਸੰਗਤੀਆਂ ਕਰਕੇ ਸਾਰੇ ਭਾਰਤ ਵਿੱਚ ਲੋਕ ਪਿਆਰੀ ਹੈ।” ਉਪਰੋਕਤ ਚਰਚਾ ਤੋਂ ਭਾਵ ਹੈ ਕਿ ਲੋਕ ਸੰਗੀਤ ਆਮ ਲੋਕਾਂ ਦੀਆਂ ਆਂਤਰਿਕ ਭਾਵਨਾਵਾਂ ਦਾ ਪ੍ਰਤੀਕ ਹੈ। ਆਦਿ ਕਾਲ ਤੋਂ ‘ਗਾਨ’ ਦੇ ਰੂਪ ਵਿੱਚ ਲੋਕ ਸੰਗੀਤ ਵੀ ਮਾਨਵ ਅਨੁਭੂਤੀਆਂ ਨੂੰ ਪ੍ਰਦਰਸ਼ਿਤ ਕਰਨ ਦਾ ਮਾਧਿਅਮ ਰਿਹਾ ਹੈ।

 (ਲੇਖਿਕਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੰਗੀਤ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਹਨ)

        
            
    ਸੰਪਰਕ: +91 84378 22296

Comments

Parkash Malhar 094668-18545

Sangeet bare dunghi jankari da saboot dita hai

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ