ਪੰਜਾਬੀਆਂ ਦੀ ਸ਼ਾਨ ਕਿੰਨੀ ਕੁ ਵੱਖਰੀ ? -ਜੀ. ਐੱਸ. ਗੁਰਦਿੱਤ
Posted on:- 25-06-2014
ਸਾਡੇ ਇਤਿਹਾਸ ਵਿਚ ਅੰਗਰੇਜ਼ਾਂ ਨੂੰ ਰੱਜ ਕੇ ਨਿੰਦਿਆ ਗਿਆ ਹੈ ਕਿ ਉਹ ਸਾਡੇ ਦੇਸ਼ ਨੂੰ ਲੁੱਟ ਕੇ ਖਾ ਗਏ, ਸਾਡੇ ਉੱਤੇ ਜ਼ੁਲਮ ਕਰਦੇ ਰਹੇ , ਸਾਨੂੰ ਗੁਲਾਮ ਬਣਾਈ ਰਖਿਆ, ਸਾਡੇ ਦੇਸ਼ ਦੀ ਵੰਡ ਕਰਵਾ ਦਿੱਤੀ ਵਗੈਰਾ ਵਗੈਰਾ। ਪਰ ਕੀ ਅਸੀਂ ਕਦੇ ਆਪਣੀਆਂ ਗਲਤੀਆਂ ਵੀ ਸਵੀਕਾਰ ਕੀਤੀਆਂ ? ਅਸੀਂ ਛੋਟੀਆਂ ਤੇ ਨਿਗੂਣੀਆਂ ਗੱਲਾਂ ਲਈ ਆਪਸ ਵਿਚ ਲੜਦੇ- ਮਰਦੇ ਰਹੇ। ਸਾਡੇ ਰਾਜਿਆਂ ਨੇ ਲੋਕਾਂ ਦਾ ਜੀਵਨ ਪਧਰ ਬੁਰੀ ਤਰਾਂ ਨੀਵਾਂ ਕਰੀ ਰਖਿਆ।
ਬੰਗਾਲ ਦੇ ਗੱਦਾਰਾਂ ਨੇ ਨਿੱਜੀ ਹਿੱਤਾਂ ਲਈ ਦੇਸ਼ ਦੇ ਹਿੱਤ ਵੇਚ ਦਿੱਤੇ। ਮਰਾਠਿਆਂ ਤੇ ਨਿਜ਼ਾਮ ਨੇ ਔਖੇ ਵੇਲੇ ਟੀਪੂ ਸੁਲਤਾਨ ਦਾ ਸਾਥ ਨਾ ਦਿੱਤਾ। ਕਰਨਾਟਕ ਦੇ ਨਵਾਬ ਇੱਕ ਦੂਸਰੇ ਨੂੰ ਕਤਲ ਕਰਦੇ ਰਹੇ। ਮੁਗਲਾਂ ਨੇ ਦੇਸ਼ ਦੀ ਆਰਥਿਕਤਾ ਤਬਾਹ ਕਰ ਦਿੱਤੀ। ਮਹਾਰਾਜੇ ਰਣਜੀਤ ਸਿੰਘ ਨੇ ਏਨਾ ਵੱਡਾ ਰਾਜ ਤਾਂ ਖੜਾ ਕਰ ਲਿਆ ਪਰ ਆਪਣੇ ਇੱਕ ਵੀ ਲਾਡਲੇ ਨੂੰ ਇਸ ਕਾਬਲ ਨਾ ਬਣਾਇਆ ਕਿ ਉਸ ਰਾਜ ਨੂੰ ਸੰਭਾਲ ਸਕੇ। ਤਾਂ ਫਿਰ ਅੰਗਰੇਜ਼ਾਂ ਦਾ ਕੀ ਦਿਮਾਗ ਖਰਾਬ ਸੀ ਕਿ ਉਹ ਬਿੱਲੇ ਹੁੰਦੇ ਹੋਏ ਵੀ ਦੁੱਧ ਦੀ ਰਾਖੀ ਬੈਠਦੇ ?
ਉਹ ਸੱਤ ਸਮੁੰਦਰ ਪਾਰ ਸਾਨੂੰ ਸ਼ਗਨ ਪਾਉਣ ਤਾਂ ਨਹੀਂ ਸੀ ਆਏ ? ਬਿੱਲੀਆਂ ਦੀ ਲੜਾਈ ਤੋਂ ਬਾਂਦਰਾਂ ਨੇ ਤਾਂ ਫਾਇਦਾ ਉਠਾਉਣਾ ਹੀ ਸੀ। ਜੇਕਰ ਅਸੀਂ ਸ਼ਰਾਬੀ ਹੋ ਕੇ ਗਲੀ ਵਿਚ ਡਿੱਗੇ ਪਏ ਹੋਈਏ , ਸਾਨੂੰ ਕੋਈ ਹੋਸ਼ ਨਾ ਹੋਵੇ, ਸਾਡੀ ਪੱਗ ਲਥੀ ਪਈ ਹੋਵੇ ਤਾਂ ਫਿਰ ਚੋਰਾਂ ਦਾ ਤਾਂ ਹੱਕ ਬਣਦਾ ਹੀ ਹੈ ਕਿ ਉਹ ਸਾਡੀਆਂ ਜੇਬਾਂ ਖਾਲੀ ਕਰ ਜਾਣ। ਨਾਲੇ ਦੁਸ਼ਮਨ ਤੋਂ ਵੀ ਕੁਝ ਸਿਖਣ ਨੂੰ ਮਿਲ ਜਾਵੇ ਤਾਂ ਦੁਸ਼ਮਨ ਸਮਝ ਕੇ ਨਿੰਦੀ ਹੀ ਨਹੀਂ ਜਾਈਦਾ।
ਅੰਗਰੇਜ਼ਾਂ ਦੇ ਝੰਡੇ ਪੂਰੀ ਦੁਨੀਆਂ ਵਿਚ ਜੇਕਰ ਝੂਲਦੇ ਹਨ ਤਾਂ ਇਹ ਉਹਨਾਂ ਦੇ ਪੁਰਖਿਆਂ ਦੀਆਂ ਕੁਰਬਾਨੀਆਂ ਦਾ ਨਤੀਜਾ ਹੈ। ਇੱਕ ਛੋਟਾ ਜਿਹਾ ਦੇਸ਼ ਅਧੀ ਦੁਨੀਆਂ ਤੇ ਰਾਜ ਐਵੇਂ ਨਹੀਂ ਕਰ ਗਿਆ ? ਜੇ ਉਹਨਾਂ ਦੇ ਰਾਜ ਵਿਚ ਕਦੇ ਸੂਰਜ ਨਹੀਂ ਡੁੱਬਦਾ ਸੀ ਤਾਂ ਇਹ ਉਹਨਾਂ ਦੀ ਚਲਾਕੀ, ਕੂਟਨੀਤੀ, ਦਲੇਰੀ, ਸੂਝ-ਬੂਝ , ਹੌਂਸਲੇ ਤੇ ਦ੍ਰਿੜਤਾ ਦਾ ਨਤੀਜਾ ਸੀ । ਸਾਡੇ ਵਾਲੇ ਰਾਜੇ ਮਹਾਰਾਜੇ ਤਾਂ ਆਪਸ ਵਿਚ ਹੀ ਲੜ- ਲੜ ਮਰਦੇ ਰਹੇ।
ਸਾਡੇ ਦੇਸ਼ ਦੀ ਆਜ਼ਾਦੀ ਦੀ ਖਾਤਰ ਜਾਨਾਂ ਵਾਰਨ ਵਾਲੇ ਯੋਧਿਆਂ ਨੂੰ ਲਖਾਂ ਵਾਰੀ ਸਲਾਮ ਹੈ। ਉਹਨਾਂ ਨੇ ਤਾਂ ਆਪਣੀ ਜ਼ਿੰਦਗੀ ਦੇ ਸਭ ਤੋਂ ਹੁਸੀਨ ਪਲ ਦੇਸ਼ ਲਈ ਕੁਰਬਾਨ ਕਰ ਦਿੱਤੇ। ਪਰ ਜਿਹੜੇ ਰਾਜਿਆਂ ਮਹਾਰਾਜਿਆਂ ਨੇ ਅੰਗਰੇਜ਼ਾਂ ਦੀ ਛਤਰੀ ਥੱਲੇ ਆਪਣੀਆਂ ਐਸ਼ ਪ੍ਰ੍ਸਤੀਆਂ ਹੀ ਕੀਤੀਆਂ, ਸੋਨੇ ਚਾਂਦੀ ਦੇ ਮਹਿਲ ਹੀ ਬਣਾਉਂਦੇ ਰਹੇ ਪਰ ਜਨਤਾ ਦੇ ਭਲੇ ਦਾ ਕੋਈ ਕੰਮ ਨਾ ਕੀਤਾ, ਉਹਨਾਂ ਨੂੰ ਬਰਾਬਰ ਦੀਆਂ ਲਾਹਨਤਾਂ ਵੀ ਪਾਉਂਦੇ ਰਹਿਣਾ ਚਾਹੀਦਾ ਹੈ।
ਜੇ ਸਾਡੇ ਰਾਜਿਆਂ ਮਹਾਰਾਜਿਆਂ ਨੇ ਵੀ ਉਹੀ ਗੁਣ ਕਮਾਏ ਹੁੰਦੇ ਜਿਹੜੇ ਅੰਗਰੇਜ਼ਾਂ ਨੇ ਕਮਾਏ ਸੀ ਤਾਂ ਸਾਡੇ ਰਾਜ ਦਾ ਵੀ ਕਦੇ ਸੂਰਜ ਨਾ ਡੁੱਬਿਆ ਹੁੰਦਾ। ਦੁਨੀਆ ਅੱਜ ਕਿਸੇ ਮੈਕਾਲੇ, ਡਲਹੌਜ਼ੀ , ਕਾਰਨਵਾਲਿਸ, ਹੇਸਟਿੰਗਜ ਜਾਂ ਕਰਜ਼ਨ ਨੂੰ ਨਾ ਜਾਣਦੀ ਹੁੰਦੀ ਬਲਕਿ ਕਈ 'ਸਿੰਘਾਂ' ਜਾਂ 'ਚੰਦਾਂ' ਨੂੰ ਜਾਣਦੀ ਹੁੰਦੀ। ਇਸੇ ਤਰਾਂ ਕਈਆਂ ਨੂੰ ਅੰਗਰੇਜ਼ੀ ਭਾਸ਼ਾ ਦੀ ਵਧ ਰਹੀ ਚੜ੍ਹਤ ਵੀ ਬੜੀ ਚੁਭਦੀ ਰਹਿੰਦੀ ਹੈ।
ਉਹਨਾਂ ਦੀ ਦਲੀਲ ਹੁੰਦੀ ਹੈ ਕਿ ਚੀਨ ਨੇ ਆਪਣਾ ਸਭ ਕੁਝ ਚੀਨੀ ਭਾਸ਼ਾ ਵਿਚ ਤੇ ਜਪਾਨ ਨੇ ਜਪਾਨੀ ਭਾਸ਼ਾ ਵਿਚ ਬਣਾ ਲਿਆ ਹੈ ਤਾਂ ਅਸੀਂ ਪੰਜਾਬੀ ਵਿਚ ਕਿਉਂ ਨਹੀਂ ਬਣਾ ਸਕਦੇ । ਆਪਣਾ ਤਕਨੀਕੀ ਸਿੱਖਿਆ ਦਾ ਸਿਲੇਬਸ ਤੇ ਕੰਪਿਊਟਰ ਗਿਆਨ ਵੀ ਪੰਜਾਬੀ ਵਿਚ ਹੀ ਬਣਾਇਆ ਜਾਣਾ ਚਾਹੀਦਾ ਹੈ ਵਗੈਰਾ ਵਗੈਰਾ। ਪਰ ਤੁਹਾਨੂੰ ਬਹੁਗਿਣਤੀ ਉਹਨਾਂ ਪੰਜਾਬੀਆਂ ਦੀ ਮਿਲੂਗੀ ਜਿਨਾ ਨੂੰ ਅਜੇ ਤੱਕ ਮੋਬਾਈਲ ਤੇ ਪੰਜਾਬੀ ਚਲਾਉਣੀ ਵੀ ਨਹੀਂ ਆਉਂਦੀ। ਕਾਰਨ ਸਿਰਫ ਇਹ ਹੈ ਕਿ ਉਹਨਾਂ ਨੇ ਕਦੇ ਸਿਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਬੱਸ ਪੰਜਾਬੀ ਸਿੰਗਰਾਂ ਦੀਆਂ ਫੁਕਰੀਆਂ ਸੁਣ ਕੇ ਖੁਸ਼ ਹੋਈ ਜਾਣਗੇ ਕਿ ਪੰਜਾਬੀਆਂ ਦੀ ਸ਼ਾਨ ਵਖਰੀ ਪੰਜਾਬੀਆਂ ਦੀ ਬੱਲੇ ਬੱਲੇ ਪੰਜਾਬੀਆਂ ਨੇ ਫੱਟੇ ਚੱਕ ਤੇ , ਵਗੈਰਾ ਵਗੈਰਾ।
ਤਕਨੀਕੀ ਖੇਤਰ ਵਿਚ ਵੀ ਬਹੁਤੀਆਂ ਮੱਲਾਂ ਯੂਰਪ ਤੇ ਅਮਰੀਕਾ ਵਾਲਿਆਂ ਨੇ ਹੀ ਮਾਰੀਆਂ ਹਨ। ਜਰਮਨ ਵਾਸੀ ਗੁਟਨਬਰਗ ਨੇ 1450 ਈਸਵੀ ਵਿਚ ਪ੍ਰਿੰਟਿੰਗ ਪ੍ਰੈੱਸ ਦੀ ਖੋਜ ਕਰ ਲਈ ਸੀ । 1452 ਵਿਚ ਪਹਿਲੀ ਬਾਈਬਲ ਪ੍ਰਿੰਟ ਕਰ ਦਿੱਤੀ ਗਈ ਸੀ। ਉਸ ਤੋਂ 100 ਸਾਲ ਬਾਅਦ 1556 ਈਸਵੀ ਵਿਚ ਪੁਰਤਗਾਲੀਆਂ ਨੇ ਪ੍ਰਿੰਟਿੰਗ ਪ੍ਰੈਸ ਭਾਰਤ ਵਿਚ ਗੋਆ ਵਿਚ ਲਗਾ ਦਿੱਤੀ ਸੀ । ਪਰ ਗੁਰੂ ਗਰੰਥ ਸਾਹਿਬ ਨੂੰ 1604 ਈਸਵੀ ਵਿਚ ਵੀ ਹਥੀਂ ਹੀ ਲਿਖਣਾ ਪਿਆ ਕਿਉਂਕਿ ਸ਼ਾਇਦ ਸਾਡੀ ਗੁਰਮੁਖੀ ਲਿਪੀ ਉਦੋਂ ਤਕ ਤਕਨੀਕੀ ਤੌਰ ਤੇ ਚੰਗੀ ਤਰਾਂ ਵਿਕਸਤ ਨਹੀਂ ਹੋਈ ਹੋਵੇਗੀ।
ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਨੇ 1710 -20 ਈਸਵੀ ਦੇ ਆਸ ਪਾਸ ਗੁਰੂ ਗਰੰਥ ਸਾਹਿਬ ਦੀਆਂ ਕਈ ਬੀੜਾਂ ਹਥੀਂ ਹੀ ਲਿਖੀਆਂ | ਮੰਨ ਲਿਆ ਕਿ ਸਿਖ ਤਾਂ ਉਦੋਂ ਘੱਲੂ- ਘਾਰਿਆਂ ਵਿਚ ਉਲਝੇ ਹੋਏ ਸੀ ਪਰ ਬਾਕੀ ਲੋਕ ਕੀ ਕਰ ਰਹੇ ਸੀ? ਇਤਿਹਾਸ ਵਿਚ ਇਸ ਗੱਲ ਦਾ ਕੋਈ ਵੀ ਹਵਾਲਾ ਨਹੀਂ ਮਿਲਦਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਅਮੀਰ ਸਾਮਰਾਜ ਵਿਚ ਵੀ ਕਦੇ ਗੁਰੂ ਗਰੰਥ ਸਾਹਿਬ ਨੂੰ ਪ੍ਰਿੰਟ ਕਰਵਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਉਸ ਦੀ ਤਾਂ ਅੰਗਰੇਜ਼ਾਂ ਤੇ ਫਰਾਂਸੀਸੀਆਂ ਨਾਲ ਯਾਰੀ ਵੀ ਚੰਗੀ ਸੀ। ਉਸ ਦੇ ਦਰਬਾਰ ਵਿਚ ਪਛਮ ਦੇ ਕਈ ਕਾਬਲ ਵਿਦਵਾਨ ਤੇ ਮਾਹਰ ਵੀ ਸਨ ।
ਹਰਮੰਦਰ ਸਾਹਿਬ ਉੱਤੇ ਸੋਨਾ ਚੜਾਉਣ ਦਾ ਖਿਆਲ ਤਾਂ ਉਸਨੂੰ ਆ ਗਿਆ ਪਰ ਗਿਆਨ ਦੇ ਖਜ਼ਾਨੇ ਨੂੰ ਸਾਂਭਣ ਦਾ ਖਿਆਲ ਕਿਉਂ ਨਾ ਆਇਆ ? ਕਿਤੇ ਉਹ ਵੀ ਅੱਜ ਦੇ ਅਮੀਰ ਸਿਖਾਂ ਵਰਗਾ ਹੀ ਤਾਂ ਨਹੀਂ ਸੀ ਜਿਹੜੇ ਗੋਲਕਾਂ ਭਰਨ ਨੂੰ ਹੀ ਸਿਖੀ ਸਮਝੀ ਬੈਠੇ ਹਨ ? ਕਿਉਂਕਿ ਗੁਰੂ ਗਰੰਥ ਸਾਹਿਬ ਦੀ ਪਹਿਲੀ ਪ੍ਰਿੰਟਿੰਗ ਕਾਪੀ ਅੰਗਰੇਜ਼ਾਂ ਦੇ ਆਉਣ ਤੇ ਹੀ ,1864 ਵਿਚ ਛਾਪੀ ਗਈ। ਸੋਚ ਕੇ ਵੇਖੋ ਕਿ ਦੁਨੀਆਂ ਭਰ ਦੀਆਂ ਵਿਗਿਆਨਕ ਖੋਜਾਂ, ਜੇ ਸਾਡੇ ਪੰਜਾਬੀਆਂ ਨੇ ਕੀਤੀਆਂ ਹੁੰਦੀਆਂ ਤਾਂ ਹਰ ਤਰਾਂ ਦੀ ਪੜ੍ਹਾਈ ਦਾ ਸਿਲੇਬਸ ਅੱਜ ਪੰਜਾਬੀ ਵਿਚ ਹੀ ਹੁੰਦਾ। ਸਾਰੀ ਦੁਨੀਆਂ ਅੰਗਰੇਜੀ ਦੀ ਬਜਾਇ ਪੰਜਾਬੀ ਪੜ੍ਹ ਰਹੀ ਹੁੰਦੀ । ਅੱਜ ਅੰਗਰੇਜ਼ਾਂ ਨੂੰ ਇਹ ਫਿਕਰ ਪਿਆ ਹੁੰਦਾ ਕਿ ਉਹਨਾਂ ਦੀ ਨਵੀਂ ਪਨੀਰੀ ਆਪਣੀ ਮਾਂ-ਬੋਲੀ ਅੰਗਰੇਜੀ ਨੂੰ ਭੁੱਲ ਕੇ ਬੱਕਰੇ ਬੁਲਾਉਂਦੀ ਫਿਰਦੀ ਹੈ। ਪਰ ਖੋਜਾਂ ਵਾਲਾ ਸਾਡਾ ਸੁਭਾਅ ਹੀ ਨਹੀਂ ਸੀ। ਅਸੀਂ ਤਾਂ ਜੁਗਾੜ ਲਾਉਣੇ ਹੀ ਜਾਣਦੇ ਸਾਂ । ਇੱਕ ਦੂਜੇ ਦੀਆਂ ਲੱਤਾਂ ਖਿਚਣੀਆਂ ਹੀ ਆਉਂਦੀਆਂ ਸੀ ਸਾਨੂੰ। ਗੱਲਾਂ ਤਾਂ ਚੀਨ ਤੇ ਜਪਾਨ ਦੀਆਂ ਕਰ ਲੈਂਦੇ ਹਾਂ ਪਰ ਅਸੀਂ ਆਪਣੀ ਭਾਸ਼ਾ ਨੂੰ ਅੱਜ ਦੇ ਯੁਗ ਦੇ ਹਾਣ ਦੀ ਬਣਾਉਣ ਲਈ ਕੀਤਾ ਹੀ ਕੀ ਹੈ ?
ਪਰ ਸਭ ਤੋਂ ਵੱਡਾ ਦੁਖ ਇਹ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਸੁਧਰੇ ਨਹੀਂ। ਅਸੀਂ ਆਪਣੀਆਂ ਤਾਰੀਫਾਂ ਆਪ ਹੀ ਕਰਕੇ ਬਲੈਡਰ ਫੁਲਾਈ ਫਿਰਦੇ ਹਾਂ। ਪਤਾ ਨਹੀਂ ਕਿਹੜੇ ਵਹਿਮ ਵਿਚ ਹਾਂ ਕਿ ਸਾਰੀ ਦੁਨੀਆਂ ਵਿਚ ਸਭ ਤੋਂ ਵਧ "ਘੈਂਟ" ਅਸੀਂ ਹੀ ਹਾਂ। ਜਦੋਂ ਕਿ ਅਸਲੀਅਤ ਇਹ ਹੈ ਕਿ ਜੇ ਦੁਨੀਆਂ ਦੇ ਮੋਹਰੀ ਬਣਨਾ ਹੈ ਤਾਂ ਗੱਲਾਂ ਨਾਲ ਹੀ ਨਹੀਂ ਬਣਿਆ ਜਾਣਾ। ਦੁਨੀਆਂ ਨੂੰ ਕੁਝ ਠੋਸ ਕੰਮ ਕਰ ਕੇ ਵਿਖਾਓ ਤਾਂ ਹੀ ਦੁਨੀਆਂ ਮੰਨੇਗੀ । ਆਪਣੇ ਘਰ ਵਿਚ ਆਪਣੇ ਹੀ ਸੋਹਲੇ ਗਾਈ ਜਾਣ ਨਾਲ, ਅੱਜ ਤੱਕ ਕਿਸੇ ਨੇ ਕੁਝ ਨਹੀਂ ਖੱਟਿਆ। ਸਾਡੀ ਸ਼ਾਨ ਉਦੋਂ ਹੀ ਵੱਖਰੀ ਮੰਨੀ ਜਾਏਗੀ ਜਦੋਂ ਇਹ ਗੱਲ ਦੁਨੀਆਂ ਦੇ ਉਹ ਲੋਕ ਵੀ ਮੰਨਣਗੇ ਜਿਨ੍ਹਾਂ ਦੇ ਦੇਸ਼ਾਂ ਵਿਚ ਜਾਣ ਲਈ ਅਸੀਂ ਸੌ -ਸੌ ਜੁਗਾੜ ਲਾਉਂਦੇ ਹਾਂ। ਜਦੋਂ ਉਹ ਵੀ ਸਾਡੀ ਧਰਤੀ ਦੀ ਇੱਕ ਝਲਕ ਵੇਖਣ ਲਈ ਸੁੱਖਾਂ ਸੁੱਖਿਆ ਕਰਨਗੇ। ਫਿਰ ਸਾਨੂੰ ਕਹਿਣ ਦੀ ਲੋੜ ਨਹੀਂ ਪਏਗੀ , ਬਲਕਿ ਉਹ ਹੀ ਕਿਹਾ ਕਰਨਗੇ ਕਿ ਪੰਜਾਬੀਆਂ ਦੀ ਸ਼ਾਨ ਵੱਖਰੀ!
Dr Rajinder Kaur Kapoor
. तीखे सवाल उठाए गए हैं लेख अपने लक्ष्य में पूरा उतरे...