ਬਾਬੇ ਬਾਦਲ ਦੇ ਰਾਜ ਦੀਏ ਬੱਤੀਏ, ਦਸ ਜੇਠ ਦਾ ਦੁਪਹਿਰਾ ਕਿੱਥੇ ਕੱਟੀਏ - ਕਰਨ ਬਰਾੜ
Posted on:- 21-06-2014
ਸੰਸਾਰ ਦੇ ਕਈ ਮੁਲਕਾਂ ਵਾਂਗ ਆਸਟ੍ਰੇਲੀਆ ਵੀ ਐਸਾ ਦੇਸ਼ ਹੈ, ਜਿੱਥੇ ਕਦੇ ਬਿਜਲੀ ਨਹੀਂ ਜਾਂਦੀ। ਇਥੇ ਚਾਰ ਸਾਲਾਂ ਵਿਚ ਮੈਂ ਇੱਕ ਦੋ ਵਾਰ ਹੀ ਬਿਜਲੀ ਜਾਂਦੀ ਦੇਖੀ ਹੈ। ਉਹ ਵੀ ਕੁਝ ਕੁ ਸਮੇਂ ਲਈ ਜਿਸ ਬਾਰੇ ਇਹ ਪਹਿਲਾਂ ਹੀ ਦੱਸ ਦਿੰਦੇ ਹਨ ਕਿ ਭਾਈ ਫਲਾਣੇ ਦਿਨ ਫਲਾਣੇ ਸਮੇਂ ਬਿਜਲੀ ਦਾ ਕੱਟ ਲੱਗੂ।
ਪਰ ਪਿਛਲੇ ਦਿਨੀਂ ਐਡੀਲੇਡ ਸ਼ਹਿਰ ਦੇ ਇੱਕ ਹਿੱਸੇ ਵਿਚ ਬਿਨਾਂ ਦੱਸੇ ਅਚਨਚੇਤ ਕੁਝ ਘੰਟਿਆਂ ਲਈ ਬਿਜਲੀ ਗਈ ਤਾਂ ਸਰਕਾਰ ਨੇ ਬਿਜਲੀ ਗਏ ਘਰਾਂ ਨੂੰ ਮਾਫ਼ੀ ਲਈ ਚਿੱਠੀਆਂ ਪਾਈਆਂ, ਜਿਨ੍ਹਾਂ ਵਿੱਚ ਕਿਹਾ ਗਿਆ ਕਿ ਅਸੀਂ ਤੁਹਾਡੇ ਸਭ ਤੋਂ ਮਾਫ਼ੀ ਮੰਗਦੇ ਹਾਂ ਕਿ ਤੁਸੀਂ ਕੁਝ ਘੰਟੇ ਬਿਜਲੀ ਤੋਂ ਵਾਂਝੇ ਰਹੇ ਜੋ ਤੁਹਾਨੂੰ ਇਸ ਸਮੇਂ ਤਕਲੀਫ਼ ਹੋਈ ਉਸਦੇ ਮੁਆਵਜ਼ੇ ਦੇ ਰੂਪ ਵਿਚ ਅਸੀਂ ਤੁਹਾਨੂੰ 350 ਡਾਲਰ (ਲਗਭਗ19,000 ਰੁ:) ਦਾ ਚੈੱਕ ਭੇਂਟ ਕਰਦੇ ਹਾਂ ਅਤੇ ਉਮੀਦ ਹੈ ਕਿ ਭਵਿੱਖ ਵਿਚ ਇਸ ਤਰ੍ਹਾਂ ਨਹੀਂ ਵਾਪਰੇਗਾ।
ਦੂਜੇ ਪਾਸੇ ਪੰਜਾਬ ਇਸ ਸਮੇਂ ਭੱਠ ਵਾਂਗ ਤਪ ਰਿਹਾ ਉੱਤੋਂ ਜੇ ਬਿਜਲੀ ਘੰਟਾ ਘੜੀ ਆ ਜਾਵੇ ਤਾਂ ਮੁਬਾਰਕਾਂ ਜੇ ਦੋ ਦੋ ਦਿਨ ਨਾ ਵੀ ਆਵੇ ਨਾ ਖ਼ੈਰ ਅੱਲ੍ਹਾ। ਜਵਾਕ ਛੱਤ ਵਾਲੇ ਪੱਖੇ ਨੂੰ ਡੰਡੇ ਨਾਲ ਘੁਮਾ ਕੇ ਬਿਜਲੀ ਆਲਾ ਝੱਸ ਪੂਰਾ ਕਰ ਲੈਂਦੇ ਹਨ। ਜਿਹੜਾ ਖੇਤ ਝੋਨਾ ਸੁੱਕਦਾ ਉਹ ਵੱਖਰਾ। ਉੱਤੋਂ ਛੋਟੇ ਬਾਦਲ ਸਾਹਬ ਬਿਆਨ ਦਿੰਦੇ ਨੇ ਕਿ ਪੰਜਾਬ ਦੇ ਵੱਡੇ ਸ਼ਹਿਰਾਂ ਵਿਚ ਮੈਟਰੋ ਚੱਲੂ, ਪੁੱਛਣ ਵਾਲਾ ਹੋਵੇ ਬਿਜਲੀ ਤਾਂ ਮੱਝਾਂ ਨਹਾਉਣ ਨੂੰ ਨੀ ਆਉਂਦੀ ਮੈਟਰੋ ਪਾਥੀਆਂ ਨਾਲ ਚਲਾਉਣੀ ਆ।
ਇਹਨਾਂ ਦਾ ਵੋਟਾਂ ਤੋਂ ਪਹਿਲਾਂ ਇੱਕ ਬਿਆਨ ਆਇਆ ਸੀ ਕਿ ਪੰਜਾਬ ਵਿਚ ਬਿਜਲੀ ਇੰਨੀ ਆਮ ਕਰ ਦੇਣੀ ਹੈ ਕਿ ਆਪਾਂ ਬਿਜਲੀ ਪਾਕਿਸਤਾਨ ਨੂੰ ਵੇਚਿਆ ਕਰਾਂਗੇ। ਹੁਣ ਸਾਡੀਆਂ ਬੀਬੀਆਂ ਤਾਂ ਦੁੱਧ ਰਿੜਕਣ ਨੂੰ ਬਿਜਲੀ ਉਡੀਕਦੀਆਂ ਰਹਿੰਦੀਆਂ ਤੇ ਇਹ ਪਾਕਿਸਤਾਨ ਨੂੰ ਵੇਚੀ ਜਾਂਦੇ ਹਨ। ਅੱਗੋਂ ਉਹ ਬਿਜਲੀ ਦੇ ਵੱਟੇ ਪੈਸਿਆਂ ਦੀ ਬਜਾਏ ਚਿੱਟੇ ਦੇ ਪੈਕਟ ਗੋਲੇ ਬੰਨ੍ਹ ਬੰਨ੍ਹ ਇੱਧਰ ਸੁੱਟੀ ਜਾਂਦੇ ਹਨ।
ਜੇ ਪੰਜਾਬ ਵਿਚ ਵੀ ਬਿਜਲੀ ਗਈ ਤੋਂ ਇਸ ਹਿਸਾਬ ਨਾਲ ਪੈਸੇ ਮਿਲਦੇ ਹੋਣ ਤਾਂ ਉਸ ਹਿਸਾਬ ਨਾਲ ਬਾਦਲ ਕੇ ਆਪਣੇ ਕਰੋੜਾਂ ਦੇ ਕਰਜ਼ਾਈ ਆ।
ਸੰਪਰਕ: +61430850045