ਮਿੱਟੀ ਨਾ ਫਰੋਲ਼ ਜੋਗੀਆ-ਤਾਰਿਕ ਗੁੱਜਰ
Posted on:- 14-06-2014
(ਅਸ਼ੋਕ ਕੁਮਾਰ ਬੈਟਨ ਦੀ ਯਾਦ ਵਿਚ )
ਅਸ਼ੋਕ ਮੈਨੂੰ ਫ਼ੇਸਬੁੱਕ ਦੇ ਮੇਲੇ 'ਚੋਂ ਮਿਲਿਆ। ਮੈਂ ਟੁਰਿਆਂ ਜਾਂਦਿਆਂ ਨਜ਼ਰ ਮਾਰੀ ਤਾਂ ਮੈਨੂੰ ਉਸ ਦੀ ਮੂਰਤ ਚੋਂ ਆਪਣੇ ਪੁਰਖਾਂ ਦੇ ਮੁਹਾਂਦਰੇ ਦੀ ਦੱਸ ਪਈ।ਮੈਂ ਖਲੋ ਗਿਆ ਤੇ ਆਪਣੇ ਜੁੱਸੇ ਤੇ ਝਾਤੀ ਪਾ ਕੇ ਉਸ ਦੇ ਅੰਗ ਸੀਹਾਨਨ ਲੱਗ ਪਿਆ।ਅਗਲੇ ਦਿਨ ਮੈਨੂੰ ਇਸ ਦਾ ਸੁਨੇਹਾ ਆ ਗਿਆ,ਤਾਰਿਕ ਭਾ ਜੀ ।ਮੈਂ ਸੁਨੀਲ ਚੰਦਿਆਣਵੀ ਦਾ ਨਿੱਕਾ ਭਰਾ ਆਂ।ਉਹ ਤੇਰਾ ਭਲਾ ਹੋਵੇ,ਇਹ ਖ਼ੁਸ਼ਬੂ ਤਾਹੀਓਂ ਮੇਰਾ ਪੱਲਾ ਫੜ ਫੜ ਮੈਨੂੰ ਡੱਕਦੀ ਸੀ।ਏਸ ਮੁਹਾਂਦਰੇ ਤਾਂ ਈ ਮੇਰੇ ਪੈਰ ਫੜ ਲਏ ਸਨ।ਮੇਰੀ ਹਿੱਕ ਚੋਂ ਪਿਆਰ ਦੀ ਇਕ ਲਹਿਰ ਨਕਲੀ ਤੇ ਕੌੜੇ ਬਾਡਰਾਂ ਦੀ ਔਕਾਤ ਤੇ ਹੱਸਦੀ,ਫ਼ਰੀਦਕੋਟ,ਨਵਾਂ ਸ਼ਹਿਰ ਤੇ ਥਥਲਾਂ ਦੀਆਂ ਗਲੀਆਂ ਚ ਖਿਲਰ ਗਈ।ਕੋਈ ਬਾਰਾਂ ਸਾਲ ਪਹਿਲਾਂ ਮੈਂ ਮੋਗੇ ਦੇ ਪਿੰਡ ਢੁੱਡੀਕੇ ਚੋਂ ਤੁਰਿਆ ਸੀ ਤਾਂ ਉਸ ਦੇ ਭਰਾ ਸੁਨੀਲ ਚੰਦਿਆਣਵੀ ਤੋਂ-ਏ-ਵਿਛੜ ਦੀਆਂ ਮੇਰੇ ਮੂਹੋਂ ਇੰਜ ਦੇ ਬੋਲ ਨਿਕਲੇ ਸਨ।
ਜੇ ਰਿਸ਼ਤਿਆਂ ਨੂੰ ਨਾਂ ਦੇਣਾ ਏਨਾ ਈ ਜ਼ਰੂਰੀ ਏ
ਤਾਂ ਮੈਂ ਤੈਨੂੰ ਮਾਂ ਜਾਇਆ ਆਖਦਾਂ
ਮਾਲਵੇ ਤੇ ਦੋਆਬੇ ਵਾਲਿਆ
ਢੁੱਡੀ ਕੇ ਤੋਂ ਫ਼ਰੀਦਕੋਟ ,ਤੇ ਨਵਾਂ ਸ਼ਹਿਰ ਤੋਂ ਥਥਲਾਂ
ਨਾੜਾਂ ਵਿਚ ਫਿਰਦੇ ਲਹੂ ਦਾ ਪੰਧ ਏ
ਵਦਇਆ ਕਰਨ ਵਾਲੀਆ!
ਮੈਨੂੰ ਲਗਦਾ ਏ
ਵਾਹਗੇ ਨੂੰ ਟੱਪਣ ਲੱਗੀਆਂ
ਮੇਰੇ ਪੈਰ ਕੰਡਿਆਲੀਆਂ ਤਾਰਾਂ ਤੇ ਰਹਿ ਜਾਣੇ ਨੇਂ
(ਰੁੱਤ ਰੁਲੇ ਪਾਣੀ )
ਸੁਨੀਲ ਮੈਨੂੰ ਢੁੱਡੀਕੇ ਵਿਚ ਹੋਣ ਵਾਲੇ ਇਸ ਮੁਸ਼ਾਇਰੇ ਚ ਮਿਲਿਆ ਜਿਹੜਾ ਸਾਊਥ ਏਸ਼ੀਅਨ ਫ਼ਰਟੀਨੀਟੀ ਦੇ ੨੦੦੧ ਈ. ਵਾਲੇ ਕੈਂਪ ਚ ਹੋਇਆ।ਜਦੋਂ ਸਾਨੂੰ ਪਤਾ ਲੱਗਿਆ ਕਿ ਅਜ਼ੀਮ ਨਾਵਲਕਾਰ ਜਸਵੰਤ ਸਿੰਘ ਕੰਵਲ ਵੀ ਇਸੇ ਈ ਪਿੰਡ ਦੇ ਨੇਂ ਤਾਂ ਅਸੀਂ ਉਨ੍ਹਾਂ ਨੂੰ ਘਰੋਂ ਜਾ ਲਿਆਏ।ਮੈਂ ਨਜ਼ਮਾਂ ਪੜ੍ਹ ਕੇ ਤੇ ਕੰਵਲ ਜੀ ਦੇ ਇਨਾਮ ਚ ਦਿੱਤੇ ਸੌ ਰੁਪਏ ਜੰਨਤ ਦੀ ਸੌਗ਼ਾਤ ਤਰਾਂ ਪਕੜੀ ਸਟੇਜ ਤੋਂ ਲੱਥਾ ਤਾਂ ਸਾਂਵਲੇ ਰੰਗ ਦੇ ਇਸ ਜਵਾਨ ਨੇ ਜਿਹੜਾ ਪਿਛਲੇ ਕਈ ਦਿਨਾਂ ਤੋਂ ਮੋਚ ਆਏ ਪੈਰ ਨਾਲ਼ ਤੁਰਿਆ ਫਿਰ ਰਿਹਾ ਸੀ ਮੇਰੇ ਕੋਲ਼ ਨੂੰ ਹੁੰਦਿਆਂ ਪੁੱਛਿਆ ''ਤਾਰਿਕ ਬੀਰੇ ਤੁਸੀਂ ਗੁੱਜਰ ਓ''
''ਜੇ ਸਟੇਜ ਤੋਂ ਮੇਰੇ ਨਾਂ ਨਾਲ਼ ਗੁੱਜਰ ਬੋਲਿਆ ਗਿਆ ਏ ਤਾਂ ਮੈਂ ਗੁੱਜਰ ਈ ਹੋਵਾਂਗਾ ਯਾਰ''
''ਮੈਂ ਏਸ ਤੋਂ ਪੁੱਛਿਆ ਕਿ ਮੈਂ ਵੀ ਗੁੱਜਰ ਆਂ''
''ਕਿਹੜੇ ਗੋਜਰਾ ਵ ਤੁਸੀਂ''
''ਬੈਟਨ''
ਮੈਂ ਇਸ ਵੱਲ ਗ਼ੌਰ ਨਾਲ਼ ਵੇਖਿਆ ਤਾਂ ਉਸ ਚੋਂ ਆਪਣੇ ਉਨ੍ਹਾਂ ਕਈ ਚਾਚਿਆਂ ਦਾ ਮੁਹਾਂਦਰਾ ਝਲਕੀਆ ਜੋ ਮੇਰੇ ਅੱਬਾ ਜੀ ਦੇ ਕਜ਼ਨ ਤੇ ਮੇਰੇ ਹਾਣੀ ਸਨ ,ਸਾਂਵਲਾ ਰੰਗ,ਲੰਬਾ ਤਰਿੱਖਾ ਵਜੂਦ,ਮੁੱਖ ਤੇ ਸ਼ਾਂਤੀ ਤੇ ਅਜੀਬ ਜਿਹੀ ਬੇਪਰਵਾਹੀ।ਉਹ ਫ਼ਰੀਦਕੋਟ ਚੋਂ ਆਈ ਮੁੰਡਿਆਂ ਦੀ ਜੰਞ ਦਾ ਲਾੜਾ ਸੀ।
ਤਿੰਨ ਦਿਨ ਲਾਲਾ ਲਾਜਪਤ ਰਾਏ ਕਾਲਜ ਚ ਸੱਤਿਆ ਪਾਲ਼ ਹੋਰਾਂ ਦੇ ਸਜਾਏ ਸਾਊਥ ਐਸ਼ੀਇਨ ਯੂਥ ਮਿਲੇ ਚ ਰਹਿ ਕੇ ਜਦੋਂ ਚੜ੍ਹਦੇ ਪੰਜਾਬ ਦੇ ਨੌਜਵਾਨ ਤੁਰੇ ਤਾਂ ਲਹਿੰਦੇ ਵਾਲਿਆਂ ਦੇ ਗਲ ਲੱਗ ਕੇ ਰੱਜ ਰੋਏ।ਮੈਂ ਭੱਜੀਆਂ ਅੱਖਾਂ ਨਾਲ਼ ਸੁਨੀਲ ਤੋਂ ਵਿਦਾਅ ਹੋਇਆ ਤੇ ਦਿੱਲੀ ਜਾ ਕੇ ਕਈ ਦਿਨ ਪਨਾਹ ਉਦਾਸੀ ਦੀ ਕੈਫ਼ੀਅਤ ਚ ਰਿਹਾ।ਉਦਾਸੀ ਕਿਉਂ ਨਾ ਹੁੰਦੀ। ਮੈਂ ਥਥਲਾਂ ਦੇ ਕਾਬੇ ਨੂੰ ਸਜਦਾ ਕਰਨਾ ਸੀ, ਪਾਸਪੋਰਟ ਤੇ ਹਸ਼ਿਆਰਪੁਰ ਦਾ ਵੀਜ਼ਾ ਨਹੀਂ ਸੀ,ਗੁਜਰਾਲ ਸਾਹਿਬ ਤੇ ਅੰਮ੍ਰਿਤਾ ਪ੍ਰੀਤਮ ਦੀ ਕੋਸ਼ਿਸ਼ ਤੇ ਬਲਵੰਤ ਖਿੜੇ ਦੇ ਦਿਲਾਸਿਆਂ ਦੇ ਬਾਵਜੂਦ ਵੀਜ਼ਾ ਨਾ ਲੱਗਿਆ ਤਾਂ ਮੈਂ ਲਾਜਪਤ ਨਗਰ ਦੇ ਗਰਾਊਂਡ ਚ ਬਾ ਕੇ ਰੱਜ ਰੋਇਆ।ਜਦੋਂ ਦਿਲ ਕੁੱਝ ਹਲ਼ਕਾ ਹੋਇਆ ਤਾਂ ਸੁਨੀਲ ਨੂੰ ਮੁਖ਼ਾਤਿਬ ਕਰਕੇ ਨਜ਼ਮ ਲਿਖੀ।ਇਹ ਨਜ਼ਮ ਮਗਰੋਂ'' ਰੁੱਤ ਰੁਲੇ ਪਾਣੀ '' ਦਾ ਹਿੱਸਾ ਬਣੀ।
ਇਹ ਮੇਲ ਮੈਨੂੰ ਸਦਾ ਲਈ ਉਸ ਦੇ ਨੇੜੇ ਕਰ ਦੇਣ ਲਈ ਕਾਫ਼ੀ ਸੀ।ਇਸੇ ਨੇੜਤਾ ਸਦਕੇ ੨੦੦੭ ਦੇ ਸਤੰਬਰ ਵਿਚ ਵਾਹਗਾ ਟੱਪਣ ਤੋਂ ਪਹਿਲੇ ਈ ਮੈਂ ਸੁਨੀਲ ਨੂੰ ਫ਼ੋਨ ਕਰ ਦਿੱਤਾ।''ਮੈਂ ਆ ਰਹੀਆਂ ਤੇ ਥਥਲਾਂ ਜਾ ਕੇ ਆਨਾ ਏ'' ਅਗਲੀ ਸੁਬ੍ਹਾ ਉਹ ਤੇ ਉਸ ਦਾ ਮਿੱਤਰ ਗਾਈਕ ਜਸਬੀਰ ਜੱਸੀ ਗੁਰੂ ਨਾਨਕ ਯੂਨੀਵਰਸਿਟੀ ਪਹੁੰਚੇ ਤੇ ਮੇਰੀਆਂ ਬਾਹਵਾਂ ਬਣ ਕੇ ਨਾਲ਼ ਨਾਲ਼ ਚਲਦੇ ਰਹੇ ਵਾਪਸੀ ਤੇ ਮੈਂ ਕਿ ਜਿਸਦੀ ਇਕ ਅੱਖ ਥਥਲਾਂ ਚ ਈ ਰਹਿ ਗਈ ਸੀ ਗੁੰਮਸੁੰਮ ਅੰਬਰਸਰ ਸਟੇਸ਼ਨ ਤੇ ਖੜੀ ਸ਼ਤਾਬਦੀ ਐਕਸਪ੍ਰੈਸ ਚ ਬਹਿ ਗਿਆ।ਮੇਰਾ ਮੁਰਸ਼ਦ ਵੀਰ ਡਾਕਟਰ ਅਮਜਦ ਭੱਟੀ ਮੇਰੇ ਚਿਹਰੇ ਤੋਂ ਮੇਰੀਆਂ ਉਦਾਸੀਆਂ ਦੀ ਸੂਹ ਲਾਉਂਦਾ ਰਿਹਾ ਤੇ ਮੈਂ ਥਥਲਾਂ ਚ ਆਪਣੇ ਪੁਰਖਿਆਂ ਦੇ ਪੈਰਾਂ ਦੀ ਚਾਪ ਸੁਣਦਾ ਰਿਹਾ।
ਮੈਂ ਥਥਲਾਂ ਹੋ ਆਇਆ ਪਰ ਜਦੋਂ ਅਸ਼ੋਕ ਦੀ ਸ਼ਾਦੀ ਆਈ ਤਾਂ ਜਾਵਣ ਦੀ ਖ਼ੁਸ਼ੀ ਵਾਹਗੇ ਦੀਆਂ ਤਾਰਾਂ ਨਾਲ਼ ਲਪਟ ਰੋਈ। ਮੈਂ ਗੁਜਰਾਤ ਯੂਨੀਵਰਸਿਟੀ ਚ ਸਾਂ ਕਿ ਜਿਥੇ ਕੰਮ ਘੱਟ ਤੇ ਰੌਲੇ ਢੇਰ ਸਨ ,ਮੈਂ ਆਪਣੇ ਖ਼ਾਂਦਾਂ ਦੇ ਫ਼ੰਕਸ਼ਨਾਂ ਤੋਂ ਹਮੇਸ਼ਾ ਦੂਰ ਰਹਿੰਦਿਆਂ ਪਰ ਮੈਨੂੰ ਨਵਾਂ ਸ਼ਹਿਰ ਦੇ ਇਸ ਪਿੰਡ ਵਿਚ ਜਾਣ ਦੀ ਅਜੀਬ ਜਿਹੀ ਚਾਹਤ ਸੀ ਜਿਥੇ ਮੇਰੇ ਮਾਂ ਜਾਈਆਂ ਜਿਹੇ ਵੀਰ ਵਸਦੇ ਸਨ ਜਿਹਨਾਂ ਨੂੰ ਬਾਡਰ ਤੋਂ ਪਾਰ ਬੈਠਾ ਵੀ ਮੈਂ ਆਪਣੇ ਆਲ ਦੁਆਲੇ ਮਹਿਸੂਸ ਕਰ ਸਕਦਾ ਸੀ,ਜੋ ਮੇਰੇ ਵਰਗੇ ਸਨ,ਮੇਰੇ ਟੱਬਰ ਦੇ ਜੀਆਂ ਵਰਗੇ,ਮੇਰੇ ਹਾਣੀ ਚਾਚਿਆਂ ਰੰਗੇ,ਮੇਰੇ ਸੁੱਕੇ ਬੀਰੇ ਖ਼ਾਲਿਦ ਜਿਹੇ,ਅੱਜ ਉਨ੍ਹਾਂ ਦੋਹਾਂ ਚੋਂ ਇਕ ਚਲਾ ਗਿਆ ਏ ,ਮੇਰੀਆਂ ਮੋਹਡ਼ੀਆਂ ਨਾਲੋਂ ਲਗਦਾ ਏ ਕਿਸੇ ਨੇ ਇਕ ਬਾਂਹ ਲਾਹ ਲਈ ਏ।
ਅਸ਼ੋਕ ਯਾ ਰਤੀਰੇ ਨਾਲ਼ ਰਾਬਤਾ ਬਹੁਤ ਘੱਟ ਸੀ,ਤਾਅਲੁੱਕ ਬਹੁਤ ਗੂੜ੍ਹਾ ਸੀ,ਤੈਨੂੰ ਦੱਸਣ ਦਾ ਮੌਕਾ ਈ ਨਹੀਂ ਮਿਲ ਸਕਿਆ ਕਿ ਤੂੰ ਮੈਨੂੰ ਕੰਨਾਂ ਪਿਆਰਾ ਸੀਂ, ਅਜੇ ਤੇ ਮੇਨ ਤੈਨੂੰ ਦੱਸਣਾ ਸੀ ਕਿ ਤੇਰੇ ਬੁੱਤ ਦੇ ਕਿਹੜੇ ਕਿਹੜੇ ਨਕਸ਼ ਮੇਰੇ ਜੁੱਸੇ ਨਾਲ਼ ਸਾਂਝੇ ਨੀਂ,ਤੇਰੀ ਬੋਲੀ ਦੇ ਕਿਹੜੇ ਕਿਹੜੇ ਸ਼ਬਦ ਮੇਰੇ ਬੁੱਲ੍ਹਾਂ ਨੂੰ ਛੂਹੰਦੇ ਨੇਂ ਤੇ ਤੇਰੀ ਮੁਸਕਾਨ ਤੇ ਉਦਾਸੀ ਦਾ ਕਿਹੜਾ ਕਿਹੜਾ ਅੰਦਾਜ਼ ਮੇਰੇ ਬਾਲਾਂ ਦੇ ਚਿਹਰੇ ਚੋਂ ਝਾਕਦਾ ਏ ।ਤੂੰ ਤੇ ਮੌਕਾ ਈ ਨਹੀਨ ਦਿੱਤਾ ਯਾਰ।ਤੂੰ ਮੈਨੂੰ ਕੰਪਿਊਟਰ ਦੀ ਮਸ਼ੀਨ ਤੇ ਮਿਲਿਆ ਤੇ ਇਕ ਹੋਰ ਮਸ਼ੀਨ ਨਾਲ਼ ਝੋ ਲ੍ਹਦਾ ਹੋਇਆ ਓਥੇ ਜਾ ਪਹੁੰਚਿਆ ਜਿਥੋਂ ਗਿਆਂ ਨੂੰ ਮੋੜ ਲਿਆਉਣ ਲਈ ਦੁਨੀਆ ਸਦਾ ਸਹਿਕਦੀ ਰਹੀ ਏ। ਅਸ਼ੋਕ ਮੈਂ ਤੇਰੇ ਲਈ ਇੰਜ ਈ ਸਹਿਕ ਰਿਹਾਂ ਜਿਵੇਂ ਤੇਰੇ ਲਈ ਸੁਨੀਲ ਸਹਿਕਦਾ ਏ ਯਾ ਮੇਰੇ ਮਰਨ ਦੀ ਖ਼ਬਰ ਤੇ ਮੇਰੇ ਵੀਰ ਖ਼ਾਲਿਦ ਕਿਸਾਨਾ ਨੇ ਸਹਿਕਣਾ ਏ,ਸੁਨੀਲ ਨੇ ਤੇਰੇ ਲਈ ਜੋ ਸੁਪਨੇ ਸਜਾਏ ਸੀ ਉਨ੍ਹਾਂ ਦੀ ਤਾਬੀਰ ਤੂੰ ਨਾਲ਼ ਲੈ ਗਿਆਂ ਯਾਰ। ਬੱਸ ਖ਼ਾਲੀ ਅੱਖਾਂ ਲਈ ਬੇ ਚਸੇ ਮੰਜ਼ਰ ਚਾਰ ਫ਼ੇਰੇ ਖਿਲਰੇ ਪਏ ਨੇਂ।