ਸਾਨੂੰ ਖ਼ੁਦ ਜਾਗਣ ਅਤੇ ਲੋਕਾਂ ਨੂੰ ਜਗਾਉਣ ਦੀ ਲੋੜ ਹੈ - ਕਰਨ ਬਰਾੜ
Posted on:- 14-06-2014
ਇੱਕ ਸਾਧਾਰਨ ਇਨਸਾਨ ਤਰਨਦੀਪ ਦਿਉਲ ਗੰਦੇ ਸਿਸਟਮ ਵਿਰੁੱਧ ਲੜਿਆ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਜਿੱਤਿਆ ਵੀ।
ਗੱਲ ਇਉਂ ਹੋਈ ਕਿ ਇੱਕ ਸਾਧਾਰਨ ਪਰਿਵਾਰ ਦਾ ਹੋਣਹਾਰ ਪੁੱਤ ਜਦੋਂ ਆਪਣੇ ਦੋ ਸਾਲ ਪੁਰਾਣੇ ਵਿਆਹ ਦਾ ਸਰਟੀਫਿਕੇਟ ਬਣਾਉਣ ਕਚਹਿਰੀ ਗਿਆ ਅੱਗੋਂ ਬਾਬੂ ਸਾਹਬ ਕਹਿੰਦੇ ਕਿ ਜੇ ਮੁੰਡਿਆ ਸਰਕਾਰੀ ਕਾਗ਼ਜ਼ਾਂ ਚ ਵਿਆਹਿਆ ਵਰ੍ਹਿਆ ਅਖਵਾਉਣਾ ਤਾਂ ਦਸ ਹਜ਼ਾਰ ਲੱਗੂ। ਮੁੰਡਾ ਕਹਿੰਦਾ ਬਾਬੂ ਅਸੀਂ ਸੱਠ ਬੰਦੇ ਵਿਆਹੁਣ ਢੁੱਕੇ ਸੀ ਸਾਰੇ ਪਿੰਡ ਨੂੰ ਪਤਾ। ਆਹ ਫ਼ੋਟੋ ਮੂਵੀ ਵਿਆਹ ਦਾ ਕਾਰਡ ਵੇਖ ਲਓ। ਜੇ ਹੋਰ ਸਬੂਤ ਦੇਖਣਾ ਹੈ ਤਾਂ ਆਹ ਸਾਲ ਦਾ ਮੁੰਡਾ ਵੀ ਹੈਗਾ। ਜੇ ਇਹ ਵੀ ਨਹੀਂ ਜਚਦੇ ਤਾਂ ਵਿਆਹ ਵਾਲਾ ਪਾਠੀ ਸੱਦ ਲਿਆਉਣਾ। ਦਸ ਹਜ਼ਾਰ ਦਾ ਤਾਂ ਔਖਾ ਐਨੇ ਪੈਸੇ ਕਿਤੇ ਸੌਖੇ ਬਣਦੇ ਆ ਯਾਰ। ਜੇ ਸਹੀ ਕੰਮ ਕਰਵਾਉਣ ਦੇ ਪੈਸੇ ਹੀ ਦੇਣੇ ਆ ਤਾਂ ਇਮਾਨਦਾਰੀ ਅਤੇ ਏਨਾ ਪੜ੍ਹਨ ਦਾ ਕੀ ਫ਼ਾਇਦਾ ਘਰੇ ਰਹਿ ਕੇ ਬਾਪੂ ਦੇ ਡੰਗਰ ਨਹੀਂ ਸੀ ਚਾਰੇ ਜਾਂਦੇ। ਪਰ ਸਾਡਾ ਮੁਲਕ ਕਿੱਥੇ ਹਟਦਾ ਜਿਹਦੇ ਇੱਕ ਵਾਰ ਮੂੰਹ ਨੂੰ ਲਹੂ ਲੱਗ ਜੇ, ਸਾਡੇ ਦਫ਼ਤਰਾਂ ਚ ਤਾਂ ਬਾਬੂ ਪੈਸਿਆਂ ਬਿਨਾਂ ਥੜ੍ਹੇ ਨਹੀਂ ਚੜ੍ਹਨ ਦਿੰਦੇ।
ਫਿਰ ਜੱਟ ਅੜ ਗਿਆ ਜੈੱਕ ਵਾਂਗੂੰ। ਰਿਸ਼ਵਤੀ ਬਾਬੂਆਂ ਖ਼ਿਲਾਫ਼ ਧਾਰਨਾ ਲਾਇਆ ਭੁੱਖ ਹੜਤਾਲ ਤੇ
ਬੈਠੇ ਪਿੰਡ ਦੇ ਲੋਕਾਂ ਤੇ ਦੋਸਤਾਂ ਮਿੱਤਰਾਂ ਨੇ ਭਰਪੂਰ ਸਾਥ ਦਿੱਤਾ। ਦੂਜੇ ਦਿਨ ਹੀ
ਰਿਸ਼ਵਤੀ ਬਾਬੂਆਂ ਦੇ ਨਾਸੀ ਧੂੰਆਂ ਆ ਗਿਆ ਉਨ੍ਹਾਂ ਨਾ ਸਿਰਫ਼ ਮਾਫ਼ੀ ਹੀ ਮੰਗੀ ਸਗੋਂ ਜਾਇਜ਼
ਕੰਮ ਵੀ ਕਰ ਕੇ ਦਿੱਤਾ ਅਤੇ ਅੱਗੇ ਤੋਂ ਇਸ ਕੰਮ ਲਈ ਲੋਕਾਂ ਦਾ ਸਾਥ ਦੇਣ ਦਾ ਵਾਅਦਾ ਵੀ
ਕੀਤਾ। ਕੰਮ ਭਾਵੇਂ ਛੋਟਾ ਸੀ ਸੰਘਰਸ਼ ਵੀ ਛੋਟਾ ਸੀ ਪਰ ਅੱਗੇ ਤੋਂ ਕਈ ਲੋਕਾਂ ਨੂੰ ਇਹ ਵੇਖ
ਕੇ ਪ੍ਰੇਰਨਾ ਮਿਲੇਗੀ ਉਹ ਵੀ ਰਿਸ਼ਵਤੀ ਬਾਬੂਆਂ ਨੂੰ ਸਾਹਮਣਿਓਂ ਸਵਾਲ ਕਰਨਗੇ ਕਿ ਭਾਈ
ਤੁਸੀਂ ਢੇਕੇ ਲਗਦੇ ਹੋ ਸਾਡੀ ਹੱਕ ਸੱਚ ਦੀ ਕਮਾਈ ਖਾਣ ਵਾਲੇ। ਇਸੇ ਲਈ ਤਾਂ ਕਿਹਾ ਕਿ ਸਾਨੂੰ
ਖ਼ੁਦ ਜਾਗਣ ਅਤੇ ਲੋਕਾਂ ਨੂੰ ਜਗਾਉਣ ਦੀ ਲੋੜ ਹੈ। ਤਰਨ ਜਿਹੇ ਜੁਰਤ ਵਾਲੇ ਦੋਸਤ ਰੱਬ
ਸੱਭ ਨੂੰ ਦੇਵੇ।
ਸੰਪਰਕ: +61 430850045