ਨਵਾਂ ਸੰਸਦੀ ਮੈਂਬਰ ਭਗਵੰਤ ਮਾਨ ਜਿਵੇਂ ਸਹੁਰੇ ਘਰ ਆਈ ਨਵੀਂ ਨੂੰਹ - ਹਰਮਨਦੀਪ 'ਚੜ੍ਹਿੱਕ'
Posted on:- 27-05-2014
ਆਈ ਟੀ ਆਈ ਕਰਨ ਤੋਂ ਬਾਅਦ ਮੈਂ ਐਪਰੈਂਟਸਸ਼ਿਪ ਕਰਨ ਲਈ ਡੀਜਲ ਤੇ ਪੈਟਰੋਲ ਦੀ ਵਰਕਸ਼ਾਪ ਵਿੱਚ ਕੰਮ ਕਰਨ ਲਈ ਵਰਕਸ਼ਾਪ ਦੀ ਭਾਲ ਕਰਨ ਲੱਗਾ,ਮੈਂਨੂੰ ਸਰਕਾਰੀ ਬੱਸਾਂ ਦੀ ਵਰਕਸ਼ਾਪ ਵਿੱਚ ਕੰਮ ਸਿੱਖਣ ਦਾ ਮੌਕਾ ਮਿਲਿਆ, ਉਸਤੋਂ ਬਾਅਦ ਮੈਂ ਕਾਰਾਂ ਦੀ ਵਰਕਸ਼ਾਪ ਵਿੱਚ ਵੀ ਕੁਝ ਸਾਲ ਕੰਮ ਕੀਤਾ। ਮੈਂ ਕਾਮੇ ਦੇ ਤੌਰ 'ਤੇ ਪਹਿਲੀ ਵਾਰ ਬੱਸਾਂ ਦੀ ਵਰਕਸ਼ਾਪ ਵਿੱਚ ਗਿਆ ਸੀ। ਕੰਮ ਸਿੱਖਣ ਦਾ ਚਾਅ ਵੀ ਸੀ। ਜਿਹਨਾਂ ਕੋਲ ਕੰਮ ਕਰਨਾ ਸੀ, ਉਹ ਪਿਤਾ ਜੀ ਦੀ ਜਾਣ ਪਹਿਚਾਣ ਵਾਲੇ ਸਨ ਮੈਨੂੰ ਪਹਿਲੇ ਦਿਨ ਹੀ ਸਾਰਾ ਕੁਝ ਵਿਖਾ ਦਿੱਤਾ ਗਿਆ ਕਿ ਕਿਥੇ ਕਿਥੇ ਕਿਹੜਾ ਕਿਹੜਾ ਸੰਦ ਵਲੇਵਾਂ ਪਿਆ ਹੈ ਤੇ ਅਗਲੇ ਦਿਨ ਹੀ ਕੰਮ ਵਾਲੇ ਕੱਪੜੇ ਲੈ ਕੇ ਕੰਮ 'ਤੇ ਆਉਣ ਦੀ ਗੱਲ ਤਹਿ ਹੋ ਗਈ।
ਮੈਨੂੰ ਸ਼ੁਰੂਆਤੀ ਦਿਨਾਂ ਵਿੱਚ ਬੜੀ ਕਚਿਆਣ ਜਿਹੀ ਆਉਂਦੀ ਸੀ। ਹਰ ਪਾਸੇ ਗੰਦ ਹੀ ਗੰਦ ਪਿਆ ਸੀ। ਗਲੇ ਸੜੇ ਟਾਇਰਾਂ, ਗਰੀਸ ਤੇਲ, ਤੇਲ ਰਲ਼ ਚੁੱਕੇ ਪਾਣੀ ਦਾ ਮੁਸ਼ਕ ਹਰ ਕੋਨੇ ਵਿੱਚੋਂ ਆ ਰਿਹਾ ਸੀ। ਮਕੈਨਿਕ ਕਿਹੜੀਆਂ ਹਾਲਤਾਂ ਵਿੱਚ ਕੰਮ ਕਰਦਾ ਹੈ ਤੇ ਕਿੰਨਾਂ ਕਿੰਨਾਂ ਅਣਮਨੁੱਖੀ ਵਸਤਾਂ ਤੇ ਥਾਵਾਂ ਨੂੰ ਆਪਣਾ ਬਣਾ ਕੇ ਜਿਉਣ ਨੂੰ ਜ਼ਿੰਦਗੀ ਦੀ ਸਰਵ ਉਚਤਾ ਸਮਝ ਲੈਂਦਾ ਹੈ। ਇਹ ਗੱਲ ਉਸ ਵਕਤ ਹੱਡੀਂ ਹੰਢਾਈ! ਪਹਿਲਾਂ ਤਾਂ ਮੈਂ ਜਕਦਾ ਜਿਹਾ ਰਿਹਾ ਅਖੀਰ ਫੋਰਮੈਨ ਨੂੰ ਪੁੱਛ ਹੀ ਲਿਆ ਵੀ ਬਾਈ ਏਨਾ ਗੰਦ ਪਿਆ ਹੋਇਆ ਹੈ। ਮੁਸ਼ਕ ਵੀ ਮਾਰ ਰਿਹਾ ਦੂਰ ਦੂਰ ਤੱਕ ਇਹਨੂੰ ਕੋਈ ਸਾਫ ਕਰਨ ਦਾ ਉਦਮ ਕਿਉਂ ਨਹੀਂ ਕਰਦਾ!
ਕਹਿੰਦਾ ਬਹਿ ਜਾ , ਲੰਬੀ ਸਟੋਰੀ ਹੈ ਸੁਣਾਉਨਾ ਮੈਂ, ਕਿਉ ਇਹ ਮੁਸ਼ਕ ਮਾਰ ਰਿਹਾ ਹੈ .....ਮੈਂ ਸੋਚ ਰਿਹਾ ਸੀ ਵੀ ਇਹਦੇ ਪਿੱਛੇ ਕੀ ਸਟੋਰੀ ਹੋ ਸਕਦੀ ਹੈ।ਆਪਾਂ ਰਿਮ ਨੂੰ ਸੀਟ ਬਣਾ ਕੇ ਲਾ ਲਏ ਆਸਣ।ਕਰਤੀ ਬਾਈ ਨੇ ਸ਼ੁਰੂ। ਕਹਿੰਦਾ ਇਕ ਵਾਰ ਕੋਈ ਨਵੀਂ ਨਵੀਂ ਵਿਆਹੀ ਆਈ ਸੀ, ਜਿਹੜੇ ਵੀ ਅੰਦਰ ਜਾਂ ਕੋਨੇ ਚ ਜਾਵੇ ਨੱਕ ਢਕ ਕੇ ਜਾਇਆ ਕਰੇ ਨਾਲੇ ਕਰਦੀ ਫਿਰੇ ਬਾਪੂ ਜੀ ''ਗੰਦ ਬੜਾ ਪਿਆ ਹੋਇਆ, ਕਦੇ ਸਾਫ ਨਹੀਂ ਕੀਤਾ ਤੁਸੀਂ, ਕਿਵੇਂ ਮੁਸ਼ਕ ਮਾਰ ਰਹੀ ਹੈ ...?
ਬਾਪੂ ਕਹਿੰਦਾ' ਭਾਈ ਧੀਏ! ਸਾਨੂੰ ਤਾਂ ਨਹੀਂ ਲੱਗ ਰਿਹਾ, ਜੇ ਤੈਨੂੰ ਲਗਦੈ ਤਾਂ ਤੂੰ ਸਾਫ ਕਰਕੇ ਮਹਿਕਾਦੇ ਇਸ ਘਰ ਨੂੰ।
ਕਹਿੰਦੀ ''ਬਾਪੂ ਮੈਂ ਤਾਂ ਨਹੀਂ ਰਹਿ ਸਕਦੀ ਇਸ ਤਰਾਂ ਜਾਂ ਤਾਂ ਮੈਂ ਚਲੀ ਜਾਊਂ ਜਾਂ ਫਿਰ ਸਾਫ ਕਰਕੇ ਰਹੁੰ ''.....ਪੰਜ ਸੱਤ ਦਿਨ ਆਈਂ ਲੰਘ ਗਏ ਘਰ ਤੇ ਬਾਹਰ ਨੂੰ ਸੰਵਾਰਨ ਲਈ, ਘਰ ਸਭ ਕੁਝ ਸੀ ਪਸ਼ੂ ਵੀ ਸਨ। ਪਾਥੀਆਂ ਵੀ ਜਾਣੀ ਕਿ ਹਰ ਉਹ ਚੀਜ਼ ਜੋ ਪਿੰਡ ਦੇ ਛੋਟੇ ਕਿਸਾਨ ਦੇ ਘਰ ਹੁੰਦੀ ਹੈ ।
ਮਾਰ ਮੂਰ ਕੇ ਟੱਕਰਾਂ ਕਹਿੰਦੀ ''ਦੇਖਿਆ ਬਾਪੂ! ਹੁਣ ਆਉਣੋ ਹਟ ਗਿਆ ਨਾ ਮੁਸ਼ਕ, ਕਹਿੰਦੇ ਸੀ ਸਾਨੂੰ ਤਾਂ ਆਉਂਦਾ ਨਹੀਂ..,. ਬਾਪੂ ਕਹਿੰਦਾ ''ਨਹੀਂ ਧੀਏ ਘਰ ਬਾਹਰ ਤਾਂ ਉਵੇਂ ਹੀ ਹੈ, ਬਸ ਫਰਕ ਐਨਾ ਕੁ ਹੀ ਪਿਆ ਕਿ ਹੁਣ ਤੇਰਾ ਵੀ ਸਾਡੇ ਵਾਂਗ ਨੱਕ ਮਰ ਗਿਆ,'' ਫੋਰਮੈਨ ਕਹਿੰਦਾ ਵਰਕਸ਼ਾਪ ਤਾਂ ਆਏਂ ਹੀ ਹੁੰਦੀ ਹੈ, ਕੋਈ ਨੀਂ, ਨਵੀਂ ਆਈ ਬਹੂ ਵਾਂਗ ਹਰ ਕੋਈ ਕਰਦੈ, ਤੇਰਾ ਕਸੂਰ ਨਹੀਂ। ਸਬਰ ਕਰ ਤੇਰੇ ਵੀ ਨੱਕ ਨੂੰ ਆਦਤ ਪੈਜੂ।ਇਹੀ ਸਭ ਕੁਝ ਵਧੀਆ ਵਧੀਆ ਲੱਗਿਆ ਕਰੂ।ਬਾਈ ਸਹੀ ਹੀ ਕਹਿ ਰਿਹਾ ਸੀ। ਉਸ ਤੋਂ ਬਾਅਦ ਦੋ ਸਾਲ ਕਿਵੇਂ ਲੰਘ ਗਏ ਪਤਾ ਹੀ ਨਹੀਂ ਲੱਗਿਆ ।
ਹੁਣ ਇਹੀ ਕਹਾਣੀ ਬਾਈ ਭਗਵੰਤ ਨੂੰ ਸੁਣਾਓ ਜਿਸ ਨੂੰ ਕਾਹਲ ਹੈ ਕਿ ਕਦੋਂ ਸ਼ੈਸ਼ਨ ਚਾਲੂ ਹੋਵੇ ਤੇ ਮੈਂ ਆਪਣੀ ਗੱਲ ਜਾਂ ਸਮਾਜ ਵਿੱਚ ਚੱਲ ਰਹੀ ਹਫੜਾ ਦਫੜੀ, ਮਤਲਬ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ ਦੀ ਗੱਲ ਕਰਾਂ। ਵੀ ਭਲਿਆ ਲੋਕਾ ਇਹ ਕੰਮ ਤਾਂ ਖੱਬੀਆਂ ਪਾਰਟੀਆਂ ਦਹਾਕਿਆਂ ਤੋਂ ਕਰ ਰਹੀਆਂ ਹਨ। ਨਾਲੇ ਜਿਹਨਾਂ ਕੋਲ ਦੱਸਣ ਜਾ ਰਿਹਾ ਹੈ, ਉਹਨਾਂ ਨੂੰ ਕਿਹੜਾ ਪਤਾ ਨਹੀਂ ਕਿ ਇਹ ਸਭ ਜਹਾਲਤਾਂ ਵਿੱਚ ਸਮਾਜ ਡੁੱਬਿਆ ਪਿਆ!
ਮੈਂ ਕਮੇਡੀ ਦੇ ਤੌਰ 'ਤੇ ਕਮੇਡੀਅਨਾ ਚੋਂ ਭਗਵੰਤ ਮਾਨ ਨੂੰ ਬਹੁਤ ਵਧੀਆ ਮੰਨਦਾ ਹਾਂ, ਪਰ ਮੈਂ ਇਸ ਗੱਲ ਦੀ ਅਲੋਚਨਾ ਵੀ ਕਰਨਾ ਚਾਹੁੰਦਾ ਹਾਂ ਕਿ ਸਮਾਜਿਕ ਵਿਵਸਥਾ ਨੂੰ ਬਦਲਣ ਦਾ ਰਾਹ ਸੰਸਦ ਵਿੱਚ ਮੇਜ਼ ਥੱਪਥਪਾਉਣਾ ਨਹੀਂ ਹੈ! ਸਮਾਜਿਕ ਵਿਵਸਥਾ ਵਿੱਚ ਤਬਦੀਲੀ ਇਨਕਲਾਬੀ ਢੰਗ ਨਾਲ ਹੀ ਹੋ ਸਕਦੀ ਹੈ, ਜਿਸ ਦਾ ਮਤਲਬ ਪੈਦਾਵਾਰੀ ਸਾਧਨਾਂ ਦੀ ਮਾਲਕੀ ਜਨਤਕ ਹੱਥਾਂ ਵਿੱਚ ਦੇਣਾ ਹੈ, ਜੋ ਸਰਮਾਏ ਦੇ ਮਾਲਕ 'ਮਜ਼ਦੂਰ ਦੀ ਲੁੱਟ ਕਰਕੇ ਪਲਣ ਵਾਲੇ' ਸੌਖਿਆਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਸਨੂੰ ਸੰਭਵ ਬਣਾਉਣ ਲਈ ਪਹਿਲਾਂ ਲੋਕਾਂ ਦੀ ਚੇਤਨਾ ਦਾ ਪੱਧਰ ਉੱਚਾ ਚੁੱਕਣ ਦੀ ਲੋੜ ਹੈ , ਦਰਸ਼ਨ ਵਿੱਚ ਇਨਕਲਾਬ ਲਿਉਣ ਦੀ ਲੋੜ ਹੈ। ਜਿਹੜਾ ਇਨਕਲਾਬੀ ਢੰਗ ਰਾਹੀਂ ਮਜ਼ਦੂਰ ਪੱਖੀ ਸਮਾਜਿਕ ਵਿਵਸਥਾ ਲਈ ਮਿਹਨਤਕਸ਼ਾਂ ਨੂੰ ਲਾਮਬੰਦ ਕਰਨ ਲਈ ਆਗੂ ਰੋਲ ਅਦਾ ਕਰੇਗਾ.....!
ਨਾਲ ਹੀ ਮੇਰੇ ਵੀਰ ਨੂੰ ਇਹ ਵੀ ਸਮਝਾਓ ਕਿ ਜਿਹੜੀ ਮੰਡਲੀ ਚ ਤੂੰ ਅੱਜ ਸ਼ਾਮਿਲ ਹੋਇਆਂ ਉਹਨਾਂ ਦਾ ਕੋਈ ਬਾਪ(ਭਗਵਾਨ) ਹੈ ਤੇ ਉਸ ਇਮਾਰਤ ਵਿੱਚ ਬੈਠ ਕੇ ਉਹਨਾਂ ਮਾਲਕਾਂ ਨੂੰ ਮੁਨਾਫਾ ਕਿਵੇਂ ਪਹੁੰਚਾਉਣਾ ਹੈ। ਇਸੇ ਵਿਸ਼ੇ ਨੂੰ ਮੁੱਖ ਮੰਨਿਆ ਜਾਂਦਾ ਹੈ! ਬਾਕੀ ਸਭ ਖੈਰਾਤ ਹੈ, ਦੇਣਾ ਜਾਂ ਨਾ ਦੇਣਾ ਮਾਲਕਾਂ ਦੀ ਜੁੰਡਲੀ ਤਹਿ ਕਰਦੀ ਹੈ! ਜਿਹੜੀ ਭਗਵੰਤ ਮਾਨ ਦੇ ਥੱਪ ਥਪਾਉਣ ਵਾਲੇ ਮੇਜਾਂ ਦੀ ਇਮਾਰਤ ਤੋਂ ਉੱਤੇ ਹੈ, ਇਸ ਲਈ ਲੜਾਈ ਸੰਸਦ ਦੇ ਟੇਬਲਾਂ ਤੋਂ ਨਹੀਂ ਲੜੀ ਜਾ ਸਕਦੀ ਉਹ ਸਿਰਫ ਇੱਕ ਢੌਂਗ ਹੋ ਸਕਦੈ। ਅਸਲ ਲੜਾਈ ਤਾਂ ਵੋਟ ਕਾਰੋਬਾਰ ਦੇ ਮਾਲਕਾਂ ਨਾਲ ਹੈ, ਜੋ ਪੂਰੇ ਦੇ ਪੂਰੇ ਪੈਦਾਵਾਰ ਸਬੰਧਾਂ ਦੇ ਮਾਲਕ ਮੁਫਤ ਵਿੱਚ ਬਣੇ ਬੈਠੇ ਹਨ ਤੇ ਵੋਟ ਵਰਗੀ ਪਰਚੀ ਨਾਲ ਸਿਰਫ ਇਹ ਤਹਿ ਕਰਦੇ ਹਨ ਕਿ ਅਗਲੀ ਟੀਮ ਕਿਹੜੀ ਹੋਣੀ ਚਾਹੀਦੀ ਹੈ, ਜੋ ਸਾਡੇ ਮੁਨਾਫੇ ਵਿੱਚ ਵਾਧਾ ਵੀ ਕਰੇ ਤੇ ਸਾਡੇ ਗੁਲਾਮਾਂ ਨੂੰ ਵੀ ਬੰਨ ਕੇ ਰੱਖੇ।
Jasvir Manguwal
You are right veer ji