ਇਹ ਖ਼ੁਦਕੁਸ਼ੀ ਹੈ ਜਾਂ ਫਿਰ ਕਤਲ? -ਵਿਕਰਮ ਸਿੰਘ ਸੰਗਰੂਰ
Posted on:- 09-05-2014
ਇਸ ਸਾਲ ਦੇ ਦੂਜੇ ਮਹੀਨੇ ਦੀ ਅਖ਼ੀਰਲੀ ਤਾਰੀਖ਼ ਦੇ ਦਿਨ ਮੇਰੇ ਗ਼ਾਲਿਬ ਚਾਚਾ ਨੂੰ ਸਦਾ ਲਈ ਅੱਖਾਂ ਮੀਚਿਆਂ ਇੱਕ ਦਹਾਕਾ ਹੋ ਗਿਆ ਹੈ।ਮੇਰੇ ਗ਼ਾਲਿਬ ਚਾਚਾ ਉਹ ਮਿਰਜ਼ਾ ਗ਼ਾਲਿਬ ਨਹੀਂ, ਜਿਨ੍ਹਾਂ ਨੂੰ ਅੱਜ ਸਾਰਾ ਜਹਾਂ ਉਰਦੂ ਦੇ ਸ਼ਾਇਰ ਦੇ ਨਾਂ ਨਾਲ ਜਾਣਦਾ ਹੈ।ਹਾਂ ਇਹ ਸੱਚ ਹੈ ਕਿ ਮੇਰੇ ਚਾਚਾ ਵੀ ਇੱਕ ਸ਼ਾਇਰ ਸਨ, ਪਰ ਲੋਕਾਂ ਦੀਆਂ ਨਜ਼ਰਾਂ ’ਚ ਉਹ ਸਿਰਫ਼ ਇੱਕ ਪਾਗ਼ਲ ਮੋਚੀ ਦਾ ਅਕਸ ਛੱਡ ਕੇ ਦਮ ਤੋੜ ਗਏ।
ਅੱਜ ਵੀ ਜਦੋਂ ਕਦੀ ਕਿਤਾਬਾਂ ਖ਼ਰੀਦ ਕੇ ਦੁਕਾਨ ’ਚੋਂ ਬਾਹਰ ਆਉਂਦਾ ਹਾਂ ਤਾਂ ਮੇਰੇ ਕਦਮ ਮੱਲੋ-ਮੱਲੀ ਸੜਕ ਦੇ ਦੂਜੇ ਪਾਸੇ ਉਸ ਜਗ੍ਹਾ ਵੱਲ ਤੁਰ ਪੈਂਦੇ ਨੇ, ਜਿੱਥੇ ਕਦੀ ਗ਼ਾਲਿਬ ਚਾਚਾ ਜੁੱਤੇ ਗੰਢਣ ਦਾ ਕੰਮ ਕਰਦਾ ਸੀ। ਜਦੋਂ ਉੱਥੇ ਚਾਚਾ ਦਿਖਾਈ ਨਹੀਂ ਦਿੰਦਾ ਤਾਂ ਕਦਮ ਉਸ ਸੜਕ ਉੱਤੇ ਤੁਰਦੇ ਜਿੱਦਾਂ ਬੇਜਾਨ ਹੋ ਜਾਂਦੇ ਨੇ, ਜਿਸ ’ਤੇ ਕਦੀ ਚਾਚੇ ਦੀਆਂ ਦਿਲ ਨੂੰ ਪਸੀਜ ਕੇ ਰੱਖ ਦੇਣ ਵਾਲੀਆਂ ਗ਼ਜ਼ਲਾਂ ਦੇ ਵਰਕੇ ਪੁਰਜ਼ੇ-ਪੁਰਜ਼ੇ ਹੋਏ ਸਨ।ਦਿਲ ’ਚੋਂ ਓਦੋਂ ਇੱਕ ਕਸਕ ਜਿਹੀ ਉੱਠਦੀ ਹੈ, ਜਦੋਂ ਸਾਹਮਣੇ ਉਸ ਸੁੱਕੇ ਰੁੱਖ ਨੂੰ ਵੇਖਦਾਂ, ਜਿਸ ਥੱਲੇ ਹੁਣ ਵੀ ਲੋਕੀਂ ਸੁਬ੍ਹਾ ਸ਼ਾਮ ਵੰਨ-ਸੁਵੰਨੇ ਪਕਵਾਨ ਅਤੇ ਚਾਦਰਾਂ ਚੜ੍ਹਾਉਂਦੇ ਹਨ।
ਉਹ ਦਿਨ ਅੱਜ ਵੀ ਮੇਰੇ ਚੇਤਿਆਂ ’ਚ ਹੈ, ਜਦੋਂ ਮਿਰਜ਼ਾ ਗ਼ਾਲਿਬ ਦੀ ਇੱਕ ਕਿਤਾਬ ਲੈ ਕੇ ਹਾਲੇ ਦੁਕਾਨ ’ਚੋਂ ਬਾਹਰ ਨਿਕਲਿਆ ਹੀ ਸੀ ਕਿ ਪੈਰੀਂ ਪਾਈ ਚੱਪਲ ਦੀ ਵੱਧਰ ਟੁੱਟ ਗਈ।ਸੜਕ ਦੇ ਦੂਜੇ ਪਾਸੇ ਭੁੰਜੇ ਬੈਠਾ ਇੱਕ ਟੋਪੀ ਵਾਲ਼ਾ ਮੋਚੀ ਨਜ਼ਰੀਂ ਪਿਆ।ਉਹਦੇ ਲਾਗੇ ਜਾ ਕੇ ਜਦੋਂ ਟੁੱਟੀ ਚੱਪਲ ਉਸ ਵੱਲ ਕੀਤੀ ਤਾਂ ਉਸ ਨੇ ਇੱਕ ਨਜ਼ਰ ਮੇਰੇ ਵੱਲ ਤੱਕਿਆ।ਉਸ ਦਾ ਹੁਲੀਆ ਵੇਖ ਮੈਨੂੰ ਇੱਕ ਵਾਰ ਤਾਂ ਆਪਣੇ ਹੱਥਾਂ ’ਚ ਫੜੀ ਕਿਤਾਬ ’ਤੇ ਛਪੀ ਮਿਰਜ਼ਾ ਗ਼ਾਲਿਬ ਦੀ ਤਸਵੀਰ ਦਾ ਭੁਲੇਖਾ ਪਿਆ।ਉਸ ਦੇ ਹੱਥ ਚੱਪਲ ਦੀ ਸਿਲਾਈ ਕਰ ਰਹੇ ਸਨ, ਪਰ ਅੱਖਾਂ ਮੇਰੇ ਹੱਥਾਂ ਵਿਚਲੀ ਕਿਤਾਬ ’ਤੇ ਛੱਪੀ ਫੋਟੋ ਨੂੰ ਦੇਖ ਰਹੀਆਂ ਸਨ।ਚੱਪਲ ਦੀ ਸਿਲਾਈ ਪਿੱਛੋਂ ਜਦੋਂ ਉਸ ਦੀ ਮਿਹਨਤ ਪੁੱਛੀ ਤਾਂ ਉਹਨੇ ਕਿਹਾ, ਕਾਕਾ ਕੀ ਤੂੰ ਮੈਨੂੰ ਇਹ ਕਿਤਾਬ ਇੱਕ ਰੋਜ਼ ਲਈ ਪੜ੍ਹਨ ਵਾਸਤੇ ਦੇ ਸਕਦੈ? ਉਸ ਵੇਲ਼ੇ ਮੇਰੇ ਕੰਨ ਇਹ ਸੁਣ ਕੇ ਸੁੰਨ ਹੋ ਗਏ ਅਤੇ ਮੈਂ ਬਿਨਾਂ ਕੋਈ ਸਵਾਲ ਕੀਤੇ ਕਿਤਾਬ ਉਸ ਨੂੰ ਦੇ ਦਿੱਤੀ।ਕਿਤਾਬ ’ਤੇ ਛਪੀ ਮਿਰਜ਼ਾ ਗ਼ਾਲਿਬ ਦੀ ਫੋਟੋ ਨੂੰ ਉਸ ਨੇ ਬੜੇ ਅਦਬ ਨਾਲ ਆਪਣੀਆਂ ਅੱਖਾਂ ਨੂੰ ਲਾਇਆ।
ਉਸ ਰਾਤ ਮੈਂ ਮੋਚੀ ਬਾਰੇ ਕਈ ਸਵਾਲਾਤ ਆਪਣੀਆਂ ਅੱਖਾਂ ’ਚ ਸਮੋ ਕੇ ਸੁੱਤਾ।ਅਗਲੇ ਦਿਨ
ਮੈਂ ਜਦੋਂ ਮੋਚੀ ਕੋਲ ਗਿਆ ਤਾਂ ਉਸ ਨੇ ਕਿਤਾਬ ਮੋੜਦਿਆਂ ਕਿਹਾ ਕਿ ਮੈਂ ਗ਼ਾਲਿਬ ਸਾਹਿਬ
ਦਾ ਦੀਵਾਨਾ ਹਾਂ ਅਤੇ ਉਰਦੂ ’ਚ ਸ਼ਾਇਰੀ ਵੀ ਲਿਖਦਾ ਹਾਂ।ਉਸ ਦਿਨ ਤੋਂ ਉਹ ਮੋਚੀ ਮੇਰੇ ਲਈ
ਗ਼ਾਲਿਬ ਚਾਚਾ ਬਣ ਗਿਆ।ਮੈਂ ਜਦੋਂ ਕਦੀ ਵੀ ਕਿਤਾਬਾਂ ਖ਼ਰੀਦਨ ਆਉਂਦਾ ਤਾਂ ਕੁਝ ਸਮਾਂ ਗ਼ਾਲਿਬ
ਚਾਚਾ ਕੋਲ ਗੁਜ਼ਾਰਦਾ।ਇਸ ਕੁਝ ਸਮੇਂ ’ਚ ਉਹ ਮੂੰਹ ਜ਼ਬਾਨੀ ਮਿਰਜ਼ਾ ਗ਼ਾਲਿਬ ਅਤੇ ਆਪਣੀਆਂ
ਅਣਗਿਣਤ ਗ਼ਜ਼ਲਾਂ ਸੁਣਾ ਦਿੰਦਾ।ਉਸ ਕੋਲ ਗ਼ਜ਼ਲ ਬਿਆਨ ਕਰਨ ਦਾ ਅਜਿਹਾ ਹੁਨਰ ਸੀ ਕਿ ਪਲਕ ਝਪਕਣ
ਨੂੰ ਵੀ ਚਿੱਤ ਨਹੀਂ ਸੀ ਕਰਦਾ।ਚਾਚਾ ਭਾਵੇਂ ਗ਼ੁਰਬਤ ਭਰੀ ਜ਼ਿੰਦਗੀ ਬਸਰ ਕਰਦਾ ਸੀ, ਪਰ ਉਸ
ਦੀ ਸੂਰਤ ’ਤੇ ਮੈਂ ਕਦੀ ਕਿਸੇ ਗ਼ਮ ਦੀ ਝਲਕ ਨਹੀਂ ਸੀ ਵੇਖੀ।ਜੇ ਕਦੀ ਉਹ ਉਦਾਸ ਗੱਲ ਵੀ
ਕਰਦਾ ਤਾਂ ਸ਼ਾਇਰੀ ਵਿੱਚ ਹੱਸ ਕੇ ਕਰਦਾ।ਇੱਕ ਰੋਜ਼ ਮੈਂ ਉਨ੍ਹਾਂ ਨੂੰ ਹਾਸੇ ’ਚ ਕਿਹਾ ਕਿ
ਤੁਸੀ ਕਦੀ ਉਦਾਸ ਵੀ ਹੋਏ ਹੋ? ਉਨ੍ਹਾਂ ਜੁੱਤੇ ਗੰਢਣ ਵਾਲੇ ਸਮਾਨ ਦੇ ਖੋਖੇ ’ਚੋਂ ਕੁਝ
ਵਰਕੇ ਕੱਢੇ, ਜਿਨ੍ਹਾਂ ਉੱਤੇ ਉਰਦੂ ’ਚ ਉਨ੍ਹਾਂ ਆਪਣੀਆਂ ਗ਼ਜ਼ਲਾਂ ਲਿਖੀਆਂ ਹੋਈਆਂ ਸਨ।ਚਾਚਾ
ਬੋਲਿਆ ਜਦੋਂ ਇਹ ਸੋਨਾ ਮੇਰੇ ਕੋਲ ਹੈ ਤਾਂ ਮੈਂ ਉਦਾਸ ਕਿੰਝ ਹੋ ਸਕਦਾਂ?
ਇੱਕ
ਰੋਜ਼ ਮੈਂ ਚਾਚੇ ਨੂੰ ਉੱਚੀ-ਉੱਚੀ ਹੱਸਦੇ ਹੋਏ ਸੁਣਿਆ।ਜਦੋਂ ਉਨ੍ਹਾਂ ਦੇ ਹਾਸੇ ਦਾ ਸਬੱਬ
ਪੁੱਛਿਆ ਤਾਂ ਉਹਨੇ ਦੱਸਿਆ ਕਿ ਰਾਤ ਚੋਰ ਜੁੱਤੇ ਗੰਢਣ ਵਾਲੇ ਉਨ੍ਹਾਂ ਦੇ ਸਭ ਔਜ਼ਾਰ ਲੈ
ਗਏ, ਪਰ ਗ਼ਜ਼ਲਾਂ ਵਾਲ਼ੇ ਵਰਕੇ ਛੱਡ ਗਏ।ਚਾਚਾ ਹਾਸਾ ਰੋਕ, ਹੌਲ਼ੀ ਜੇਹੀ ਮੇਰੇ ਕੰਨ ’ਚ ਬੋਲਿਆ
ਚੋਰ ਕੱਚੇ ਸਨ, ਜੋ ਸੋਨਾ ਛੱਡ ਲੋਹਾ ਲੈ ਗਏ।ਚਾਚੇ ਦੇ ਮਨ ’ਚ ਖੋਰੇ ਕੀ ਆਇਆ ਕਿ ਏਨਾ ਆਖ
ਉਨ੍ਹਾਂ ਦੀਆਂ ਅੱਖੀਆਂ ਹੰਝੂ ਕੇਰਨ ਲੱਗ ਪਈਆਂ। ਚਾਚੇ ਨੇ ਸਾਹਮਣੇ ਦਿਖਾਈ ਦੇ ਰਹੇ
ਸੁੱਕੇ ਰੁੱਖ ਵੱਲ ਇਸ਼ਾਰਾ ਕਰਕੇ ਕਿਹਾ ਕਿ ਮੈਥੋ ਚੰਗਾ ਤਾਂ ਇਹ ਹੈ, ਜਿਸ ਨੂੰ ਕਿਸੇ
ਅਜਿਹੀ ਸ਼ੈਅ ਦੇ ਚੋਰੀ ਹੋਣ ਦਾ ਡਰ ਤਾਂ ਨਹੀਂ, ਜੋ ਇਸਦਾ ਢਿੱਡ ਭਰ ਰਹੀ ਹੈ।
ਇਸ
ਪਿੱਛੋਂ ਸਰਦੀ ਦੀ ਇੱਕ ਰਾਤ ਤੇਜ਼ ਬਰਸਾਤ ਹੋਈ।ਸਵੇਰ ਹੁੰਦੇ ਹੀ ਜਦੋਂ ਮੈਨੂੰ ਚਾਚੇ ਦਾ
ਖ਼ਿਆਲ ਆਇਆ ਤਾਂ ਉਨ੍ਹਾਂ ਨੂੰ ਮਿਲਣ ਲਈ ਤੁਰ ਪਿਆ।ਜਦੋਂ ਉਨ੍ਹਾਂ ਕੋਲ ਪਹੁੰਚਿਆ ਤਾਂ ਉਹ
ਠੰਡ ’ਚ ਕੰਬਦੇ ਭੁੱਖ-ਭੁੱਖ ਕਰ ਰਹੇ ਸਨ। ਮੈਂ ਭੱਜ ਜੇ ਸਾਹਮਣੇ ਵਾਲ਼ੇ ਸੁੱਕੇ ਰੁੱਖ ਕੋਲ
ਪਏ ਪਕਵਾਨ ਅਤੇ ਚਾਦਰ ਨੂੰ ਚੁੱਕਣ ਲੱਗਾ, ਪਰ ਉੱਥੇ ਖੜ੍ਹੇ ਲੋਕਾਂ ਨੇ ਇਸ ਨੂੰ ਚੜ੍ਹਾਵਾ
ਆਖ ਮੇਰੇ ਹੱਥਾਂ ਨੂੰ ਫੜ ਲਿਆ। ਬੌਂਦਲਿਆ ਹੋਇਆ ਮੈਂ ਘਰ ਗਿਆ ਅਤੇ ਜੋ ਵੀ ਖਾਣ ਲਈ ਅਤੇ
ਜਿਸਮ ਢੱਕਣ ਲਈ ਮਿਲਿਆ ਲੈ ਆਇਆ, ਪਰ ਮੇਰੇ ਪਰਤਨ ’ਚ ਦੇਰ ਹੋ ਗਈ।ਚਾਚੇ ਦੁਆਲ਼ੇ ਲੋਕਾਂ ਦੀ
ਭੀੜ ਵੇਖ ਮੈਂ ਸਮਝ ਗਿਆ ਕਿ ਉਹ ਦਮ ਤੋੜ ਚੁੱਕੇ ਹਨ।ਚਾਚੇ ਦੀ ਲਾਸ਼ ਕੋਲ ਉਨ੍ਹਾਂ ਦੀਆਂ
ਲਿਖੀਆਂ ਗ਼ਜ਼ਲਾਂ ਦੇ ਵਰਕੇ ਖਿੱਲਰੇ ਪਏ ਸਨ। ਲੋਕ ਇਨ੍ਹਾਂ ਨੂੰ ਪੈਰਾਂ ਥੱਲੇ ਮਧੋਲ ਕੇ ਲੰਘ
ਰਹੇ ਸਨ। ਮੈਂ ਕਦੀ ਲਾਸ਼ ਨੂੰ ਤੱਕ ਰਿਹਾ ਸੀ, ਕਦੀ ਸੜਕ ’ਤੇ ਖਿੱਲਰੇ ਵਰਕਿਆਂ ਨੂੰ ਅਤੇ
ਕਦੀ ਉਸ ਸੁੱਕੇ ਰੁੱਖ ਨੂੰ ਜਿਸ ਅੱਗੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਅਤੇ ਚਾਦਰਾਂ ਰੱਖੀਆਂ
ਹੋਈਆਂ ਸਨ।ਚਾਚੇ ਦੀ ਲਾਸ਼ ਲਾਗੋਂ ਲੰਘਦੇ ਕੁਝ ਲੋਕੀਂ ਆਖ ਰਹੇ ਸਨ ਕਿ ਪਾਗ਼ਲ ਬੁੱਢੇ ਨੇ
ਖ਼ੁਦਕੁਸ਼ੀ ਕਰ ਲਈ ਹੈ।
ਪਿਛਲੇ ਇੱਕ ਦਹਾਕੇ ਤੋਂ ਇਹ ਸਵਾਲ ਮੇਰੀਆਂ ਸੋਚਾਂ ਵਿੱਚ ਹੈ ਕਿ ਚਾਚੇ ਨੇ ਖ਼ੁਦਕੁਸ਼ੀ ਕੀਤੀ ਸੀ ਜਾਂ ਫਿਰ ਉਸ ਦਾ ਕਤਲ ਹੋਇਆ ਸੀ?
Jasvir Manguwal
In this system there are so many Galb chache me .sad story veere